ਕਦੇ ਪਿੰਡਾਂ ਦੀ ਰਸੋਈ ਦਾ ਅਹਿਮ ਅੰਗ ਹੁੰਦੀ ਸੀ ਕਾੜ੍ਹਨੀ
ਇਹ ਸਿਰਫ਼ ਦੁੱਧ ਕਾੜ੍ਹਨ ਦੇ ਹੀ ਨਹੀਂ ਸਗੋਂ ਖੀਰ ਬਣਾਉਣ ਦੇ ਵੀ ਕੰਮ ਆਉਂਦੀ ਹੈ। ਪਰ ਅੱਜਕੱਲ੍ਹ ਇਹ ਕਾੜ੍ਹਨੀ ਸਾਡੇ ਤੋਂ ਲਗਪਗ ਖੁੱਸ ਚੁੱਕੀ ਹੈ। ਹਾਲਾਂਕਿ ਕੁਝ ਲੋਕ ਹਾਲੇ ਵੀ ਇਸ ਨੂੰ ਵਿਰਾਸਤ ਦੇ ਚਿੰਨ੍ਹ ਦੇ ਰੂਪ ਵਿਚ ਆਪਣੇ ਘਰਾਂ ਵਿਚ ਵਰਤਦੇ ਹਨ।
Publish Date: Sun, 01 Dec 2024 02:50 PM (IST)
Updated Date: Sun, 01 Dec 2024 02:54 PM (IST)
ਪਹਿਲੇ ਸਮਿਆਂ ਵਿਚ ਜ਼ਿਆਦਾਤਰ ਭਾਂਡੇ ਮਿੱਟੀ ਦੇ ਹੀ ਹੁੰਦੇ ਸਨ। ਕੁਝ ਪਿੱਤਲ ਅਤੇ ਕਾਂਸੀ ਦੇ ਵੀ ਹੁੰਦੇ ਸਨ। ਮਿੱਟੀ ਦੇ ਭਾਂਡਿਆਂ ਨੂੰ ਹੀ ਸਾਰੇ ਕਾਰਜਾਂ ਲਈ ਵਰਤਿਆ ਜਾਂਦਾ ਸੀ। ਇਨ੍ਹਾਂ ਭਾਂਡਿਆਂ ਵਿੱਚੋਂ ਹੀ ਇਕ ਭਾਂਡਾ ਹੈ ਕਾੜ੍ਹਨੀ। ਕਾੜ੍ਹਨੀ ਅਸਲ ਵਿਚ ਉਸ ਭਾਂਡੇ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਦੁੱਧ ਨੂੰ ਉਬਾਲਿਆ ਜਾਂਦਾ ਹੈ।
ਸਾਰਾ ਦਿਨ ਇਸ ’ਤੇ ਪਿਆ ਦੁੱਧ ਉਬਲਦਾ ਭਾਵ ਕੜ੍ਹਦਾ ਰਹਿੰਦਾ ਹੈ, ਇਸ ਲਈ ਇਸ ਨੂੰ ਕਾੜ੍ਹਨੀ ਕਿਹਾ ਜਾਂਦਾ ਹੈ। ਚੀਕਣੀ ਮਿੱਟੀ ਦੀ ਬਣੀ ਇਹ ਕਾੜ੍ਹਨੀ ਅਸਲ ਵਿਚ ਘੜੇ ਵਰਗਾ ਹੀ ਇਕ ਮੋਟੇ ਤਲੇ ਵਾਲਾ ਬਰਤਨ ਹੁੰਦਾ ਹੈ। ਕਾੜ੍ਹਨੀ ਦਾ ਮੂੰਹ ਚਾਟੀ ਦੇ ਮੂੰਹ ਨਾਲੋਂ ਥੋੜ੍ਹਾ ਜਿਹਾ ਛੋਟਾ ਹੁੰਦਾ ਹੈ। ਇਸ ਵਿਚ ਲਗਪਗ 10-12 ਕਿਲੋ (ਅਸਲ ’ਚ ਲਿਟਰ) ਦੁੱਧ ਆ ਜਾਂਦਾ ਹੈ। ਪਹਿਲਾਂ ਇਹ ਲਗਪਗ ਹਰੇਕ ਘਰ ਵਿਚ ਹੀ ਹੁੰਦੀ ਸੀ। ਪਰ ਹਰੇਕ ਟੱਬਰ ਆਪਣੇ ਹਿਸਾਬ ਸਿਰ ’ਤੇ ਆਪਣੇ ਦੁੱਧ ਦੀ ਵਰਤੋਂ ਦੇ ਹਿਸਾਬ ਨਾਲ ਇਸ ਨੂੰ ਵੱਡਾ ਤੇ ਛੋਟਾ ਰੱਖਦਾ ਸੀ।
ਭਾਵ ਕਈਆਂ ਕੋਲ ਕਾੜ੍ਹਨੀ ਛੋਟੀ ਅਤੇ ਕਈਆਂ ਕੋਲ ਜ਼ਿਆਦਾ ਵੱਡੀ ਵੀ ਹੁੰਦੀ ਸੀ। ਸਵੇਰੇ ਦੁੱਧ ਨੂੰ ਚੋ ਕੇ ਕਾੜ੍ਹਨੀ ਵਿਚ ਪਾ ਕੇ ਹਾਰੇ ਵਿਚ ਧਰ ਦਿੱਤਾ ਜਾਂਦਾ ਸੀ। ਹਾਰੇ ਦੇ ਨਿੰਮੇ-ਨਿੰਮੇ ਸੇਕ ’ਤੇ ਇਹ ਦੁੱਧ ਹੌਲੀ-ਹੌਲੀ ਉਬਲਦਾ-ਕੜ੍ਹਦਾ ਰਹਿੰਦਾ ਹੈ। ਹੌਲੀ ਰਫ਼ਤਾਰ ਨਾਲ ਗਰਮ ਹੋ ਕੇ ਉਬਲਣ ਕਾਰਨ ਦੁੱਧ ਦੇ ਪੋਸ਼ਕ ਤੱਤ ਉਸ ਵਿਚ ਪੂਰੀ ਤਰ੍ਹਾਂ ਮੌਜੂਦ ਰਹਿੰਦੇ ਹਨ ਤੇ ਜ਼ਿਆਦਾ ਕੜ੍ਹਨ ਨਾਲ ਇਹ ਦੁੱਧ ਕਾੜ੍ਹਨੀ ਦੇ ਰੰਗ ਵਰਗਾ ਥੋੜ੍ਹਾ ਜਿਹਾ ਲਾਲੀ ’ਤੇ ਹੋ ਜਾਂਦਾ ਹੈ। ਜਿਹੜਾ ਪੀਣ ਲਈ ਬਹੁਤ ਸੁਆਦਲਾ ਲੱਗਦਾ ਹੈ।
ਇਹ ਸਿਰਫ਼ ਦੁੱਧ ਕਾੜ੍ਹਨ ਦੇ ਹੀ ਨਹੀਂ ਸਗੋਂ ਖੀਰ ਬਣਾਉਣ ਦੇ ਵੀ ਕੰਮ ਆਉਂਦੀ ਹੈ। ਪਰ ਅੱਜਕੱਲ੍ਹ ਇਹ ਕਾੜ੍ਹਨੀ ਸਾਡੇ ਤੋਂ ਲਗਪਗ ਖੁੱਸ ਚੁੱਕੀ ਹੈ। ਹਾਲਾਂਕਿ ਕੁਝ ਲੋਕ ਹਾਲੇ ਵੀ ਇਸ ਨੂੰ ਵਿਰਾਸਤ ਦੇ ਚਿੰਨ੍ਹ ਦੇ ਰੂਪ ਵਿਚ ਆਪਣੇ ਘਰਾਂ ਵਿਚ ਵਰਤਦੇ ਹਨ। ਪਰ ਇਹ ਲੋਕ ਥੋੜ੍ਹੇ ਹਨ। ਜਾਂ ਇੰਞ ਕਹਿ ਲਓ ਅੱਜ-ਕੱਲ੍ਹ ਦੇ ਬੱਚੇ ਇਸ ਨੂੰ ਘੜਾ ਕਹਿ ਕੇ ਹੀ ਸਾਰ ਦਿੰਦੇ ਹਨ। ਹਾਲਾਂਕਿ ਇਹ ਘੜੇ ਤੋਂ ਵੱਖਰੀ ਹੁੰਦੀ ਹੈ। ਇਸ ਦਾ ਤਲਾ ਮੋਟਾ ਹੁੰਦਾ ਹੈ ਕਿਉਂਕਿ ਤਲੇ ਨੇ ਹਮੇਸ਼ਾ ਸੇਕ ਸਹਿਣਾ ਹੁੰਦਾ ਹੈ। •
-ਸੰਜੀਵ ਝਾਂਜੀ, ਜਗਰਾਉਂ
8004910000