ਪਰਿਵਾਰ ਇਕ ਅਜਿਹੀ ਸਮਾਜਿਕ ਸੰਸਥਾ ਹੈ ਜੋ ਆਪਸੀ ਸਹਿਯੋਗ ਅਤੇ ਸੰਯੋਗ ਨਾਲ ਅੱਗੇ ਵਧਦੀ ਹੈ। ਜਿਸ ਪਰਿਵਾਰ ਦੇ ਸਾਰੇ ਮੈਂਬਰ ਆਪਸ ਵਿਚ ਮਿਲ ਕੇ ਆਪਣੀ ਜ਼ਿੰਦਗੀ ਪਿਆਰ ਅਤੇ ਸੁਨੇਹ ਨਾਲ ਗੁਜ਼ਾਰਦੇ ਹਨ ਉਹ ਪਰਿਵਾਰ ਕਿਸੇ ਜੰਨਤ ਤੋਂ ਘੱਟ ਨਹੀ ਹੁੰਦਾ। ਪਰਿਵਾਰ ਦੀ ਮਰਿਯਾਦਾ ਅਤੇ ਅਨੁਸ਼ਾਸਨ ਵਿਚ ਰਹਿਕੇ ਹਰ ਇਕ ਨੂੰ ਸਨਮਾਨ ਅਤੇ ਇੱਜ਼ਤ ਦੇਣਾ ਸੁਖੀ ਅਤੇ ਖੁ਼ਸ਼ਹਾਲ ਪਰਿਵਾਰ ਦੇ ਗੁਣ ਹੁੰਦੇ ਹਨ।

ਹਰ ਇਨਸਾਨ ਪਰਿਵਾਰ ਬਿਨਾਂ ਅਧੂਰਾ ਹੈ। ਜੀਵਨ ਵਿਚ ਭਾਵੇ ਕੋਈ ਕਿੰਨਾ ਵੀ ਸਫਲ ਹੋਵੇ ਜਾਂ ਪੜ੍ਹਿਆ-ਲਿਖਿਆ ਹੋਵੇ ਪਰ ਜੇਕਰ ਉਸ ਕੋਲ ਪਰਿਵਾਰ ਨਹੀਂ ਹੈ ਤਾਂ ਉਹ ਇਕੱਲਾ ਹੈ ਅਤੇ ਇਕੱਲਿਆਂ ਜ਼ਿੰਦਗੀ ਕੱਟਣੀ ਆਸਾਨ ਨਹੀਂ ਹੁੰਦੀ। ਪਰਿਵਾਰ ਵਿਚ ਰਹਿਣ ਵਾਲਾ ਇਨਸਾਨ ਆਪਣੀਆਂ ਖ਼ੁਸ਼ੀਆਂ ਅਤੇ ਦਰਦ ਨੂੰ ਵੰਡਣਾ ਜਾਣਦਾ ਹੈ। ਅਜੋਕੇ ਸਮੇਂ ਦੌਰਾਨ ਸੰਯੁਕਤ ਪਰਿਵਾਰਾਂ ਦਾ ਟੁੱਟਣਾ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ। ਦੁਨੀਆ ਭਰ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਜੋੜਕੇ ਰੱਖਣ, ਸਮਾਜ ਵਿਚ ਇਸ ਪ੍ਰਤੀ ਜਾਗਰੂਕਤਾ ਫੈਲਾਉਣ, ਪਰਿਵਾਰ ਦੇ ਮਹੱਤਵ ਅਤੇ ਉਸ ਦੀ ਯੋਗਤਾ ਨੂੰ ਪ੍ਰਗਟ ਕਰਨ ਦੇ ਉਦੇਸ਼ ਨਾਲ ਹੀ ਹਰ ਸਾਲ 15 ਮਈ ਦਾ ਦਿਨ ਪੂਰੀ ਦੁਨੀਆ ਵਿਚ ਕੌਮਾਂਤਰੀ ਪਰਿਵਾਰ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਪਰਿਵਾਰ ਦਿਵਸ ਮਨਾਉਣ ਦੀ ਭਾਵਨਾ ਦੇ ਪਿੱਛੇ ਆਪਸ ਵਿਚ ਵੈਰ-ਵਿਰੋਧ, ਕੜਵਾਹਟ, ਦੁਸ਼ਮਣੀ ਅਤੇ ਨਫ਼ਰਤ ਨੂੰ ਘੱਟ ਕਰਨਾ ਹੈ।
ਪਰਿਵਾਰ ਇਕ ਅਜਿਹੀ ਸਮਾਜਿਕ ਸੰਸਥਾ ਹੈ ਜੋ ਆਪਸੀ ਸਹਿਯੋਗ ਅਤੇ ਸੰਯੋਗ ਨਾਲ ਅੱਗੇ ਵਧਦੀ ਹੈ। ਜਿਸ ਪਰਿਵਾਰ ਦੇ ਸਾਰੇ ਮੈਂਬਰ ਆਪਸ ਵਿਚ ਮਿਲ ਕੇ ਆਪਣੀ ਜ਼ਿੰਦਗੀ ਪਿਆਰ ਅਤੇ ਸੁਨੇਹ ਨਾਲ ਗੁਜ਼ਾਰਦੇ ਹਨ ਉਹ ਪਰਿਵਾਰ ਕਿਸੇ ਜੰਨਤ ਤੋਂ ਘੱਟ ਨਹੀ ਹੁੰਦਾ। ਪਰਿਵਾਰ ਦੀ ਮਰਿਯਾਦਾ ਅਤੇ ਅਨੁਸ਼ਾਸਨ ਵਿਚ ਰਹਿਕੇ ਹਰ ਇਕ ਨੂੰ ਸਨਮਾਨ ਅਤੇ ਇੱਜ਼ਤ ਦੇਣਾ ਸੁਖੀ ਅਤੇ ਖੁ਼ਸ਼ਹਾਲ ਪਰਿਵਾਰ ਦੇ ਗੁਣ ਹੁੰਦੇ ਹਨ। ਕਿਸੇ ਵੀ ਪਰਿਵਾਰ ਦੇ ਗੁਣ ਅਤੇ ਔਗੁਣ ਹੀ ਆਦਮੀ ਦੀ ਪਛਾਣ ਹੁੰਦੇ ਹਨ। ਸੁੱਖ ਅਤੇ ਦੁੱਖ ਜ਼ਿੰਦਗੀ ਦੇ ਪਹਿਲੂ ਹਨ ਪਰ ਦੁੱਖ ਦੇ ਸਮੇਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਅਤੇ ਅਜਿਹੇ ਮੌਕੇ ਇਕ ਦੂਜੇ ਨੂੰ ਹੌਸਲਾ ਦੇ ਕੇ ਸਹਾਰਾ ਬਣਨ ਵਾਲੇ ਪਰਿਵਾਰ ਜਿੱਥੇ ਸਮਾਜ ਲਈ ਉਦਾਹਰਣ ਬਣਦੇ ਹਨ ਉੱਥੇ ਹੀ ਅਜਿਹੇ ਪਰਿਵਾਰਾਂ ਵਿਚ ਦੁੱਖ ਵੀ ਜ਼ਿਆਦਾ ਸਮੇਂ ਤੱਕ ਨਹੀਂ ਠਹਿਰਦੇ। ਅਜਿਹੇ ਪਰਿਵਾਰ ਆਪਸੀ ਭਾਈਚਾਰੇ ਅਤੇ ਸਹਿਨਸ਼ੀਲਤਾ ਨਾਲ ਆਪਣੀ ਜ਼ਿੰਦਗੀ ਵਿੱਚੋਂ ਦੁੱਖ ਨੂੰ ਦੂਰ ਭਜਾਉਣ ਲਈ ਮਿਸਾਲ ਬਣਦੇ ਹਨ ਪਰ ਇਸ ਦੇ ਨਾਲ ਹੀ ਅੱਜ ਇਕੱਲਤਾ ਭਰੀ ਜ਼ਿੰਦਗੀ ਜਿਊਣ ਵਾਲੇ ਲੋਕ ਵੱਡੇ ਪੱਧਰ ਦੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਆਖਿਆ ਜਾ ਸਕਦਾ ਹੈ ਕਿ ਖੁ਼ਸ਼ਹਾਲ ਜ਼ਿੰਦਗੀ ਜਿਊਣ ਵਿਚ ਸੰਯੁਕਤ ਪਰਿਵਾਰ ਦਾ ਵੱਡਾ ਹੱਥ ਹੁੰਦਾ ਹੈ।
ਸਿਆਣਿਆ ਦਾ ਕਥਨ ਹੈ ਕਿ ਸਾਂਝੇ ਪਰਿਵਾਰ ਤੋਂ ਵੱਡਾ ਕੋਈ ਪੈਸਾ ਨਹੀਂ ਹੁੰਦਾ। ਪਿਤਾ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਹੁੰਦਾ। ਮਾਂ ਦੀ ਅਸੀਸ ਤੋਂ ਵੱਡੀ ਕੋਈ ਦੁਨੀਆ ਨਹੀਂ ਹੁੰਦੀ। ਭਰਾ ਤੋਂ ਚੰਗਾ ਕੋਈ ਸਾਂਝੀਵਾਲ ਨਹੀਂ ਹੁੰਦਾ। ਭੈਣ ਤੋਂ ਵੱਡਾ ਕੋਈ ਸ਼ੁਭਚਿੰਤਕ ਨਹੀਂ ਹੁੰਦਾ। ਇਸ ਲਈ ਜੇਕਰ ਅਸੀ ਇਕਹਿਰੇ ਪਰਿਵਾਰ ਵਿਚ ਰਹਿੰਦੇ ਹਾਂ ਤਾਂ ਉਪਰੋਕਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਹੁੰਦੇ ਹਾਂ। ਸਾਂਝੇ ਪਰਿਵਾਰ ਤੋਂ ਬਿਨਾਂ ਖੁ਼ਸ਼ਹਾਲ ਜੀਵਨ ਦੀ ਕਲਪਨਾ ਕਰਨਾ ਔਖਾ ਹੈ। ਇਕ ਸਦਗੁਣੀ ਪਰਿਵਾਰ ਬੱਚੇ ਦੇ ਚਰਿੱਤਰ ਨਿਰਮਾਣ ਤੋਂ ਲੈ ਕੇ ਵਿਅਕਤੀ ਦੀ ਸਫ਼ਲਤਾ ਤੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਭਾਵੇ ਪ੍ਰਾਣੀ ਜਗਤ ਵਿਚ ਪਰਿਵਾਰ ਇਕ ਛੋਟੀ ਇਕਾਈ ਹੈ ਪਰ ਇਸ ਦੀ ਮਜਬੂਤੀ ਸਾਨੂੰ ਹਰ ਵੱਡੀ ਤੋਂ ਵੱਡੀ ਮੁਸੀਬਤ ਤੋਂ ਬਚਾਉਣ ਵਿਚ ਸਹਾਈ ਹੁੰਦੀ ਹੈ। ਪਰਿਵਾਰ ਕਿਸੇ ਵੀ ਰਾਸ਼ਟਰ ਦੀ ਮੁੱਢਲੀ ਇਕਾਈ ਵੀ ਹੈ। ਸੁਚੱਜੇ ਪਰਿਵਾਰ ਨਾਲ ਹੀ ਚੰਗੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਇਸ ਲਈ ਸੰਪੂਰਨ ਪਰਿਵਾਰ ਦਾ ਰਾਸ਼ਟਰ ਦੀ ਤਰੱਕੀ ਵਿਚ ਅਹਿਮ ਯੋਗਦਾਨ ਹੁੰਦਾ ਹੈ।
ਪਰਿਵਾਰ ਇਨਸਾਨ ਦਾ ਪਹਿਲਾ ਸਕੂਲ ਹੈ। ਉਹ ਜੋ ਕੁਝ ਵੀ ਚੰਗਾ ਜਾਂ ਬੁਰਾ ਸਿੱਖਦਾ ਹੈ ਆਪਣੇ ਪਰਿਵਾਰ ਵਿੱਚੋਂ ਹੀ ਸਿੱਖਦਾ ਹੈ। ਮਨੋਵਿਗਿਆਨੀ ਵੀ ਜਦੋਂ ਕਿਸੇ ਪਰਿਵਾਰ ਦੀ ਸਮੱਸਿਆ ਨੂੰ ਹੱਲ ਕਰਦੇ ਹਨ ਤਾਂ ਸਭ ਤੋਂ ਜ਼ਿਆਦਾ ਤਵੱਜੋ ਪਰਿਵਾਰ ਦੀ ਵਿਚਾਰਧਾਰਾ ਨੂੰ ਹੀ ਦਿੰਦੇ ਹਨ। ਪਰਿਵਾਰ ਸਾਡੀ ਨੀਂਹ ਵਿਚ, ਚਾਲ ਚੱਲਣ ਵਿਚ ਅਤੇ ਫਿਰ ਸਾਡੇ ਪੂਰੇ ਜੀਵਨ ਵਿਚ ਝਲਕਦਾ ਅਤੇ ਛਲਕਦਾ ਹੈ। ਪਰਿਵਾਰ ਇਕ ਵਿਚਾਰ ਹੈ। ਸੁਰੱਖਿਆ ਅਤੇ ਜੀਵਨਸ਼ੈਲੀ ਹੈ। ਇਸ ਵਿੱਚ ਰਹਿਣ ਦਾ ਤਰੀਕਾ ਹੈ ਜਿਸ ਨੂੰ ਅਸੀਂ ਪਰਿਵਾਰਕ ਸੰਸਕਾਰ ਕਹਿੰਦੇ ਹਾਂ।
ਭਾਰਤ ਵਿਚ ਪ੍ਰਾਚੀਨ ਕਾਲ ਤੋਂ ਹੀ ਸਾਂਝੇ ਪਰਿਵਾਰਾਂ ਦੀ ਪ੍ਰੰਪਰਾ ਰਹੀ ਹੈ। ਸੰਯੁਕਤ ਪਰਿਵਾਰ ਵਿਚ ਬਜ਼ੁਰਗਾਂ ਦੇ ਅਨੁਭਵ ਤੋਂ ਨਵੀਂ ਪੀੜ੍ਹੀ ਨੂੰ ਵੱਡਮੁੱਲਾ ਗਿਆਨ ਹਾਸਲ ਹੁੰਦਾ ਹੈ। ਸਾਂਝੀ ਪੂੰਜੀ, ਸਾਂਝੇ ਰਹਿਣ-ਸਹਿਣ ਅਤੇ ਸਾਂਝੀ ਜ਼ਿੰਮੇਵਾਰੀ ਕਾਰਨ ਪਰਿਵਾਰ ਵਿਚ ਅਨੁਸ਼ਾਸਨ ਅਤੇ ਇੱਜ਼ਤ ਦਾ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਅਜੋਕੇ ਬਦਲਦੇ ਸਮੇਂ ਵਿਚ ਸ਼ਹਿਰੀਕਰਨ ਅਤੇ ਆਧੁਨਿਕਤਾ ਨੇ ਸਾਂਝੇ ਪਰਿਵਾਰਾਂ ਦੀ ਪ੍ਰੰਪਰਾ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ ਜਿਸ ਨਾਲ ਸੰਯੁਕਤ ਪਰਿਵਾਰ ਇਕਹਿਰੀ ਪਰਿਵਾਰ ਪ੍ਰਣਾਲੀ ਵਿਚ ਤੇਜ਼ੀ ਨਾਲ ਬਦਲ ਰਹੇ ਹਨ।
ਅਜੋਕੇ ਇਕਹਿਰੇ ਪਰਿਵਾਰ ਦੀ ਜੀਵਨਸ਼ੈਲੀ ਨੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਗੋਦ ਵਿਚ ਖੇਡਣ ਅਤੇ ਲੋਰੀ ਸੁਣਨ ਵਾਲੇ ਬੱਚਿਆਂ ਦਾ ਬਚਪਨ ਖੋਹ ਕੇ ਉਨ੍ਹਾਂ ਨੂੰ ਮੋਬਾਇਲ ਦੇ ਆਦੀ ਬਣਾ ਦਿੱਤਾ ਹੈ। ਹੁਣ ਲਾਲਚ ਭਰੀ ਮਾਨਸਿਕਤਾ, ਉਪਭੋਗਤਾਵਾਦੀ ਸੱਭਿਆਚਾਰ ਅਤੇ ਸਹਿਨਸ਼ੀਲਤਾ ਦੀ ਕਮੀ ਕਾਰਨ ਸਾਂਝੇ ਪਰਿਵਾਰ ਟੁੱਟਣ ਲੱਗੇ ਹਨ।
ਪਿੰਡਾਂ ਵਿਚ ਰੁਜ਼ਗਾਰ ਦੀ ਅਣਹੋਂਦ ਦੇ ਕਾਰਨ ਅਕਸਰ ਵੱਡੀ ਆਬਾਦੀ ਦਾ ਸ਼ਹਿਰਾਂ ਵੱਲ ਨੂੰ ਮੁਹਾਣ ਹੋਣ ਲੱਗਾ ਹੈ। ਇਸ ਤੋਂ ਇਲਾਵਾ ਪੱਛਮੀ ਸੰਸਕ੍ਰਿਤੀ ਦਾ ਪ੍ਰਭਾਵ ਵਧਣ ਕਾਰਨ ਆਧੁਨਿਕ ਪੀੜ੍ਹੀ ਦਾ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਪ੍ਰਤੀ ਇੱਜ਼ਤ ਅਤੇ ਸਨਮਾਨ ਘੱਟ ਹੋਣ ਲੱਗਾ ਹੈ। ਬੁਢੇਪੇ ਵਿਚ ਜ਼ਿਆਦਾਤਰ ਬਿਮਾਰ ਰਹਿਣ ਵਾਲੇ ਮਾਤਾ-ਪਿਤਾ ਹੁਣ ਦੀ ਪੀੜ੍ਹੀ ਨੂੰ ਬੋਝ ਲੱਗਣ ਲੱਗੇ ਹਨ। ਇਕਹਿਰੀ ਪਰਿਵਾਰ ਪ੍ਰਣਾਲੀ ਵਿਚ ਪਲਿਆ ਕੋਈ ਵੀ ਬੱਚਾ ਆਪਣੇ ਫ਼ਰਜ਼ ਪ੍ਰਤੀ ਜਾਗਰੂਕ ਨਹੀਂ ਹੁੰਦਾ। ਇਸ ਲਈ ਅਜਿਹੇ ਬੱਚੇ ਅਲੱਗ ਰਹਿਣ ਨੂੰ ਹੀ ਆਪਣੇ ਜੀਵਨ ਦੀ ਸਭ ਤੋਂ ਵੱਡੀ ਖੁ਼ਸ਼ੀ ਮੰਨ ਲੈਦੇ ਹਨ।
ਭਾਰਤ ਵਿਚ ਵਿਚ ਬਿਰਧ ਆਸ਼ਰਮਾਂ ਦੀ ਨਿਰੰਤਰ ਵਧਦੀ ਗਿਣਤੀ ਇਸ਼ਾਰਾ ਕਰ ਰਹੀ ਹੈ ਕਿ ਹੁਣ ਸੰਯੁਕਤ ਪਰਿਵਾਰਾਂ ਨੂੰ ਬਚਾਉਣ ਲਈ ਇਕ ਤੰਦਰੁਸਤ ਸਮਾਜਿਕ ਪ੍ਰਣਾਲੀ ਦੀ ਲੋੜ ਹੈ।
ਬਜ਼ੁਰਗਾਂ ਅਤੇ ਆਧੁਨਿਕ ਪੀੜ੍ਹੀ ਦੇ ਵਿਚਾਰਾਂ ਵਿਚ ਆ ਰਿਹਾ ਵੱਡਾ ਫ਼ਰਕ ਸਾਂਝੇ ਪਰਿਵਾਰਾਂ ਨੂੰ ਤੋੜ ਰਿਹਾ ਹੈ ਪਰ ਅਨੁਭਵ ਦਾ ਖ਼ਜ਼ਾਨਾ ਕਹੇ ਜਾਣ ਵਾਲੇ ਬਜ਼ੁਰਗਾਂ ਦੀ ਅਸਲੀ ਜਗ੍ਹਾਂ ਬਿਰਧ ਆਸ਼ਰਮ ਨਹੀਂ ਸਗੋਂ ਘਰ ਹਨ ਕਿਉਕਿ ਅਜੋਕੇ ਸਮੇਂ ਵਿਚ ਦਿਸ਼ਾਹੀਣ ਹੋ ਰਹੀ ਨੌਜਵਾਨ ਪੀੜੀ ਨੂੰ ਬਜ਼ੁਰਗਾਂ ਦੇ ਅਨੁਭਵ ਦੀ ਵੱਡੀ ਲੋੜ ਹੈ। ਇਸ ਲਈ ਸਾਂਝੇ ਪਰਿਵਾਰ ਵਿਚ ਬਜ਼ੁਰਗਾਂ ਦੀ ਹਰ ਗੱਲ ਨੂੰ ਅਹਿਮੀਅਤ ਦੇਣੀ ਅਤਿ ਜ਼ਰੂਰੀ ਹੈ। ਜਿਹੜੇ ਪਰਿਵਾਰ ਅੱਜ ਵੀ ਬਜ਼ੁਰਗਾਂ ਨੂੰ ਮਾਣ-ਸਨਮਾਨ ਦੇ ਕੇ ਉਨ੍ਹਾਂ ਦੀ ਰਹਿਨੁਮਾਈ ਹੇਠ ਆਪਣਾ ਜੀਵਨ ਜਿਉਂ ਰਹੇ ਹਨ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਵਿਚ ਚੰਗੇ ਨਾਗਰਿਕ ਬਣਨ ਦੇ ਗੁਣ ਆਪਣੇ-ਆਪ ਪੈਂਦਾ ਹੋ ਰਹੇ ਹਨ। ਇਸ ਲਈ ਅੱਜ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਨੂੰ ਸਮਝਣ ਦੀ ਬਹੁਤ ਲੋੜ ਹੈ।
-ਜਗਤਾਰ ਸਮਾਲਸਰ
94670-95953