ਉਹ ਇਕ ਮਹਾਨ ਗ਼ਜ਼ਲਗੋ ਸੀ। ਛੋਟੀਆਂ ਕਵਿਤਾਵਾਂ ਵਿਚ ਉਹ ਵੱਡੀ ਗੱਲ ਕਹਿ ਜਾਂਦਾ। ਮੋਗੇ ਦੇ ਵਿਅੰਗ ਲੇਖਕਾਂ ਦੀ ਇਕ ਟੋਲੀ ਸੀ ਜਿਸ ਵਿਚ ਉਹ ਸਭ ਤੋਂ ਛੋਟੀ ਉਮਰ ਦਾ ਪਰ ਵੱਡੀ ਕਲਾਕਾਰੀ ਦਾ ਮਾਲਕ ਸੀ। ਸ਼ੇਰ ਜੰਗ ਜਾਂਗਲੀ, ਦਲੀਪ ਸਿੰਘ ਭੁਪਾਲ, ਪ੍ਰਿੰਸੀਪਲ ਕਨ੍ਹਈਆ ਲਾਲ ਕਪੂਰ, ਕੇ. ਐੱਲ. ਗਰਗ ਆਦਿ ਦਰਜਨਾਂ ਲੇਖਕ ਉਸ ਦੇ ਪਿਆਰੇ ਮਿੱਤਰ ਸਨ। ਉਸ ਦੇ ਤੁਰ ਜਾਣ ’ਤੇ ਸਾਰਾ ਮੋਗਾ ਰੋਇਆ।

ਹਰਚੰਦ ਸਿੰਘ ਖ਼ੁਸ਼ਦਿਲ ਬਹੁਪੱਖੀ ਅਤੇ ਬਹੁਵਿਧਾਵੀ ਕਲਾਕਾਰ, ਸਾਹਿਤਕਾਰ ਅਤੇ ਚਿਤਰਕਾਰ ਸੀ।ਉਹ ਬਰਨਾਲਾ ਦੇ ਸ਼ੇਰਪੁਰ ਨੇੜਲੇ ਪਿੰਡ ਖੇੜੀ ਕਲਾਂ ਵਿਚ ਜਨਮਿਆ ਸੀ ਪਰ ਕਰਮ ਭੂਮੀ ਮੰਡੀ ਡਬਵਾਲੀ ਸੀ। ਛੋਟੀ ਉਮਰ ਵਿਚ ਹੀ ਹਰਚੰਦ ਸਿੰਘ ਖ਼ੁਸ਼ਦਿਲ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਸਰਵਿਸ ਮਿਲ ਗਈ। ਉਸ ਦੀ ਨਿਯੁਕਤੀ ਨਾਲ ਮੋਗੇ ਸ਼ਹਿਰ ਦੇ ਸਾਹਿਤਕ ਹਲਕਿਆਂ ਵਿਚ ਉਸ ਨੂੰ ਵੱਡੀ ਮਾਨਤਾ ਮਿਲੀ ਸੀ ਪਰ ਉਹ ਕੇਵਲ 38 ਸਾਲ ਦੀ ਉਮਰ ’ਚ ਹੀ ਪੇਟ ਦੀ ਅਨੋਖੀ ਜਿਹੀ ਬਿਮਾਰੀ ਨਾਲ ਲੜਦਾ ਜ਼ਿੰਦਗੀ ਤੋਂ ਹਾਰ ਗਿਆ
ਹਰਚੰਦ ਸਿੰਘ ਖ਼ੁਸ਼ਦਿਲ ਦੀ ਪੁਸਤਕ ਸ਼ਬਦਾਂ ਦਾ ਇਕ ਨਿਕਾ ਜਿਹਾ ਮੇਲ ਹੈ ‘ਸਾਡਾ ਲੁੱਟਿਆ ਸ਼ਹਿਰ ਭੰਬੋਰ।’ ਇਹ ਪੰਜਾਬ ਤੋਂ ਦੂਰ ਵਾਲਾ ਇਤਿਹਾਸ ਦੀ ਨਿਘੀ ਗੋਦ ਵਿਚ ਸੁੱਤਾ ਪਿਆ ਸ਼ਹਿਰ ਹੈ। ਹੁਣ ਖੰਡਰ ਹੈ ਜੋ ਐੱਨ.5 ਹਾਈਵੇ ਲਾਗੇ ਕਰਾਚੀ ਦੇ ਪੂਰਬ ਵੱਲ ਵੇਖਿਆ ਜਾ ਸਕਦਾ ਹੈ। 13ਵੀਂ ਸਦੀ ਤਕ ਇਹ ਮੁਸਲਮਾਨਾਂ ਦੇ ਕਬਜ਼ੇ ਵਿਚ ਰਿਹਾ। ਇਸ ਸ਼ਹਿਰ ਦਾ ਪੰਜਾਬੀ ਉਚਾਰਨ ਭੰਬੋਰ ਅਤੇ ਪੰਜਾਬੀ ਕਹਾਵਤਾਂ, ਮੁਹਾਵਰਿਆਂ ਵਿਚ ਬੜੇ ਡੂੰਘੇ ਅਰਥਾਂ ਨਾਲ ਪੇਸ਼ ਹੁੰਦਾ ਹੈ। ਇਸ ਸ਼ਹਿਰ ਨਾਲ ਸੱਸੀ ਤੇ ਪੰਨੂੰ ਦੀ ਮਾਰਮਿਕ ਗਾਥਾ ਜੁੜੀ ਹੋਈ ਹੈ। ਸੱਸੀ ਇਸ ਸ਼ਹਿਰ ਦੇ ਇਕ ਨੇਕ ਬਖਤ ਬਾਦਸ਼ਾਹ ‘ਆਦਿਮ’ ਦੀ ਸੁੱਖਣਾ ਸੁਖ ਕੇ ਲਈ ਧੀ ਸੀ। ਰਾਜੇ ਨੂੰ ਨਜੂਮੀਏ ਨੇ ਕਿਹਾ ਸੀ ਕਿ ਇਹ ਸੱਸੀ ਇਕ ਮਨਚਲੇ ਗੱਭਰੂ ਨਾਲ ਪਿਆਰ ਕਰੇਗੀ ਤੇ ਉਸ ਦੇ ਵਿਯੋਗ ਵਿਚ ਤਪਦੇ ਥਲਾਂ ਵਿਚ ਭੁੱਜ ਕੇ ਮਰ ਜਾਵੇਗੀ।
ਬਾਦਸ਼ਾਹ ਨੇ ਬਦਨਾਮੀ ਤੋਂ ਡਰਦਿਆਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਉਪਰੰਤ ਉਸ ਨੂੰ ਇਕ ਸੰਦੂਕ ਵਿਚ ਬੰਦ ਕਰਕੇ ਦਰਿਆ ਸਿੰਧ ਵਿਚ ਰੋੜ੍ਹ ਦਿੱਤਾ ਜਿਸ ਨੂੰ ਅੱਤੇ ਧੋਬੀ ਨੇ ਫੜ ਲਿਆ। ਧੋਬੀ ਵੀ ਭੰਬੋਰ ਦੇ ਲਾਗੇ ਦਾ ਸੀ। ਸੱਸੀ ਦੀ ਮੌਤ ਨਾਲ ਪੰਜਾਬੀ ਜਨ ਮਾਨਸ ਦੇ ਧੁਰ ਅੰਦਰਲੇ ਨਾਲ ਜੁੜੀ ਹੋਈ ਹੈ। ਲੋਕ ਪੁੱਛਦੇ ਨੇ, ਇਕ ਹੋਰ ਕਹਾਣੀ ਵੀ ਲੋਕਾਚਾਰ ਵਿਚ ਹੈ ਕਿ ਸੱਸੀ ਦੀ ਬਾਦਸ਼ਾਹ ਆਦਿਮ ਨੂੰ ਸੂਹ ਮਿਲੀ ਸੀ ਤੇ ਉਹ ਸੱਸੀ ਨੂੰ ਆਪਣੇ ਮਹਿਲਾਂ ਵਿਚ ਲਿਜਾਣ ਆਇਆ ਸੀ ਪਰ ਸੱਸੀ ਮਹੱਲਾਂ ਵਿਚ ਨਹੀਂ ਗਈ। ਧੋਬੀਆਂ ਦੀਆਂ ਨਿਮਾਣੀਆਂ ਕੁੱਲੀਆਂ ਵਿਚ ਹੀ ਰਹੀ। ਹੁਣ ਤਕ ਪੰਜਾਬਣਾਂ ਆਪਣੇ ਲੰਮੇ ਗੀਤਾਂ ਵਿਚ ਗਾਉਂਦੀਆਂ ਹਨ-
ਮਰਨ ਕਲਾਲ ਜਗ ਹੋਵਣ ਥੋਹੜੇ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੰਨੂੰ ਲੰਘ ਗਿਆ ਚੁੱਪ ਚੁਪੀਤਾ
ਇਕ ਅਫਸੋਸ ਰਹਿ ਗਿਆ ਦਿਲ ਵਿਚ ਮੇਰੇ
ਅਸਾਂ ਹੱਥੀਂ ਯਾਰ ਵਿਦਾ ਨਾ ਕੀਤਾ।
‘ਸਾਡਾ ਲੁੱਟਿਆ ਸ਼ਹਿਰ ਭੰਬੋਰ’ ਜਸਟਿਸ ਹਰਚੰਦ ਸਿੰਘ ਖ਼ੁਸ਼ਦਿਲ ਦੀ ਕਵਿਤਾਵਾਂ ਦੀ ਕਿਤਾਬ ਹੈ। ਕਿਤਾਬ ਦੇ ਸੰਪਾਦਕ ਜਸਟਿਸ ਜਗਦੀਸ਼ ਸਿੰਘ ਖ਼ੁਸ਼ਦਿਲ ਤੇ ਲੇਖਕ ਆਪਸ ਵਿਚ ਸ਼ਾਗਿਰਦ ਅਤੇ ਗੁਰੂ ਦਾ ਰਿਸ਼ਤਾ ਰੱਖਦੇ ਹਨ। ਪੁਸਤਕ ਦਾ ਸੰਪਾਦਕ ਉਸ ਸ਼ਖ਼ਸੀਅਤ ਦਾ ਕੇਵਲ ਸ਼ਾਗਿਰਦ ਹੀ ਨਹੀਂ ਸਗੋਂ ਭਾਣਜਾ ਵੀ ਹੈ। ਜਗਦੀਸ਼ ਸਿੰਘ ਖ਼ੁਸ਼ਦਿਲ ਨੇ ਸ਼ਾਗਿਰਦੀ ਦੇ ਫ਼ਰਜ਼ ਬਹੁਤ ਤਨਦੇਹੀ ਨਾਲ ਨਿਭਾਏ ਹਨ। ਹਰਚੰਦ ਸਿੰਘ ਖ਼ੁਸ਼ਦਿਲ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿਚ ਸਾਹਿਤਕ ਹਲਕਿਆਂ ਵਿਚ ਸਰਪਟ ਚਾਲੇ ਸੀ। ਉਹ ਸਿਰਜਦਾ ਸੀ ਤੇ ਭੁੱਲ ਜਾਂਦਾ ਸੀ। ਜੇਕਰ ਪੁਸਤਕ ਸੰਪਾਦਕ ਉਨ੍ਹਾਂ ਦੀਆਂ ਖਿੱਲਰੀਆਂ ਹੋਈਆਂ ਸੁਨਹਿਰੀ ਕਾਤਰਾਂ ਇਕੱਠੀਆਂ ਕਰ ਕੇ ਨਾ ਸਾਂਭਦਾ ਤਾਂ ਹੱਥਲੀ ਪੁਸਤਕ ਹੋਂਦ ’ਚ ਨਹੀਂ ਸੀ ਆ ਸਕਣੀ। ਹਰਚੰਦ ਸਿੰਘ ਖ਼ੁਸ਼ਦਿਲ ਦੀਆਂ ਯਾਦਾਂ ਅਤੇ ਚਿੱਤਰਕਾਰੀ ਦੀਆਂ ਮਹਾਨ ਕਿਰਤਾਂ ਸਨ ਪਰ ਠੀਕ ਥਾਂ ਤੇ ਪੇਸ਼ ਕਰਨਾ ਵੀ ਇਕ ਵੱਡੀ ਚੁਣੌਤੀ ਸੀ ਜਿਸ ਨੂੰ ਸ਼ਾਗਿਰਦ ਨੇ ਧਾਰਮਿਕ ਲਹਿਜੇ ਨਾਲ ਪੂਰਨ ਕੀਤਾ।
ਹਰਚੰਦ ਸਿੰਘ ਖ਼ੁਸ਼ਦਿਲ ਪਹਿਲੇ ਦਰਜੇ ਦੇ ਚਿੱਤਰਕਾਰ ਤਾਂ ਸਨ ਹੀ ਉੱਚ ਕੋਟੀ ਦੇ ਗ਼ਜ਼ਲਕਾਰ ਵੀ ਸਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹ ਤਬਲਾ ਬੜਾ ਸ਼ਾਨਦਾਰ ਵਜਾਉਂਦੇ ਸਨ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਕਿ ਉਹ ਇਕ ਸੱਚੀ ਮੁੱਚੀ ਦੇ ਜਾਦੂਗਰ ਸਨ। ਜਾਦੂ ਦੇ ਕਰਮ ਨੂੰ ਤੇ ਕਲਾ ਨੂੰ ਉਹ ਵੱਡੇ-ਵੱਡੇ ਲੋਕਾਂ ਸਾਹਮਣੇ ਇਕ ਸਹਿਜ ਕਲਾ ਵਜੋਂ ਪੇਸ਼ ਕਰ ਦਿੰਦਾ ਸੀ। ਸਭ ਦੇ ਸਾਹਮਣੇ ਇਕ ਅਟੈਚੀ ਵਿਚ ਬੰਦੇ ਨੂੰ ਬੰਦ ਕਰ ਕੇ ਅਤੇ ਉਸ ਅਟੈਚੀ ਦੇ ਉੱਪਰੋਂ ਦੀ ਰੱਸੇ ਤਮਾਸ਼ਾਈਆਂ ਤੋਂ ਬੰਨਵਾਉਂਦਾ ਸੀ ਅਤੇ ਅਗਲੇ ਹੀ ਸਟੈਪ ਵਿਚ ਉਹ ਬੱਝਾ ਹੋਇਆ ਆਦਮੀ ਤਮਾਸ਼ਾਈਆਂ ਵਿੱਚੋਂ ਬੋਲ ਰਿਹਾ ਹੁੰਦਾ ਸੀ। ਉਸ ਦੇ ਸਮਕਾਲੀ ਪ੍ਰਸਿੱਧ ਵਿਅੰਗਕਾਰ ਗੁਰਨਾਮ ਸਿੰਘ ਤੀਰ ਲਿਖਦੇ ਹਨ ਕਿ ਜਦੋਂ ਕੋਈ ਕਵੀ ਕਲਾਕਾਰ ਲਿਖਾਰੀ ਬੁੱਧੀਜੀਵੀ ਗਵੱਈਆ ਜਾਂ ਆਰਟਿਸਟ ਸਦੀਵੀ ਵਿਛੋੜਾ ਦੇ ਜਾਵੇ ਤਾਂ ਉਸ ਨੂੰ ਜਾਨਣ ਵਾਲਿਆਂ ਦੇ ਕਲੇਜੇ ਚੀਰੇ ਜਾਂਦੇ ਨੇ। ਖ਼ੁਸ਼ਦਿਲ ਵਰਗਾ ਮਹਾਨ ਤੇ ਸਰਬਪੱਖੀ ਕਲਾਕਾਰ ਇਹ ਹਜ਼ਾਰ ਸਾਲ ਜੀਉ ਕੇ ਵੀ ਵਿਛੜਿਆ ਹੁੰਦਾ ਤਾਂ ਦੁਨੀਆ ਨੇ ਕਹਿਣਾ ਸੀ ਕਿ ਰੱਬਾ! ਇਹ ਕੀ ਕਹਿਰ ਵਰਤਾਇਆ ਈ, ਤੂੰ ਸਾਡੇ ਪਿਆਰੇ ਕਲਾਕਾਰ ਨੂੰ ਵਕਤ ਤੋਂ ਪਹਿਲਾਂ ਹੀ ਕਿਉਂ ਖੋਹ ਕੇ ਲੈ ਗਿਆ।
38 ਸਾਲ ਦੀ ਉਮਰ ਤਕ ਉਸ ਨੇ ਆਪਣੀ ਕਲਾ ਕਰਕੇ ਐਨੀ ਪ੍ਰਸਿੱਧੀ ਖਟ ਲਈ ਸੀ ਕਿ ਸ਼ਿਵ ਬਟਾਲਵੀ ਦੇ ਵਿਛੜਨ ’ਤੇ ਜਿੰਨੇ ਲੋਕਾਂ ਸੋਗ ਮਨਾਇਆ ਖ਼ੁਸ਼ਦਿਲ ਦੇ ਬੇਮੌਕਾ ਤੁਰ ਜਾਣ ’ਤੇ ਦਸ ਗੁਣਾ ਲੋਕ ਵਧੇਰੇ ਸੋਗ ਅਵਸਥਾ ਿਵਚ ਚਲੇ ਗਏ। ਉਹ ਇਨਸਾਫ਼ ਦੀ ਕੁਰਸੀ ਨਾਲ ਇਨਸਾਫ਼ ਕਰਦਾ-ਕਰਦਾ ਅਤੇ ਕਲਾ ਨਾਲ ਕਲਾਕਾਰ ਹੁੰਦਾ ਹੋਇਆ ਕਿੱਧਰੇ ਦੂਰ ਚਲਾ ਗਿਆ। ਉਸ ਦਾ ਸੁਭਾਅ ਤੇ ਸਾਿਹਤਕ ਲੋਕਾਂ ਨਾਲ ਵਰਤਾਉ ਐਨਾ ਸਹਿਜ ਤੇ ਹੁਸੀਨ ਸੀ ਕਿ ਮੋਗੇ ਜਿਥੇ ਉਹ ਜੱਜ ਸੀ ਅਤੇ ਸਾਿਹਤਕ ਸਭਾਵਾਂ ਦਾ ਸਟੇਜ ਸੰਚਾਲਕ ਵੀ ਸੀ, ਐਨਾ ਹਰਮਨ ਪਿਆਰਾ ਹੋ ਗਿਆ ਕਿ ਕਈ ਕੁੜੀਆਂ ਉਸ ’ਤੇ ਜਾਨ ਵਾਰਨ ਲੱਗੀਆਂ ਸਨ। ਇਕ ਸੁਹਣੀ ਕੁੜੀ ਤਾਂ ਉਸ ਉੱਤੇ ਐਨੀ ਫਿਦਾ ਹੋਈ ਕਿ ਖ਼ੁਸ਼ਦਿਲ ਦੀ ਉਸ ਪ੍ਰਤੀ ਲਾਪਰਵਾਹੀ ਕਰਕੇ ਉਹ ਪਾਗਲ ਹੋ ਗਈ।
ਗੁਰਨਾਮ ਸਿੰਘ ਤੀਰ ਦੱਸਦਾ ਹੈ ਕੁਝ ਸਿਆਣੇ ਬੰਦੇ ਹਾਈ ਕੋਰਟ ਦੇ ਜੱਜ ਕੋਲ ਗਏ ਤੇ ਖ਼ੁਸ਼ਦਿਲ ਨੂੰ ਮੋਗੇ ਤੋਂ ਬਦਲਣ ਦੀ ਬੇਨਤੀ ਕਰਨ ਲੱਗੇ। ਪਰ ਕੁਦਰਤ ਨੇ ਉਸ ਨੂੰ ਪੱਕਾ ਹੀ ਬਦਲ ਦਿੱਤਾ। ਉਹ ਕੁਆਰਾ ਹੀ ਰਿਹਾ। ਉਸ ਨੇ ਵਚਨ ਦਿੱਤਾ ਸੀ ਕਿ ਉਮਰ ਵਿਚ ਇਕ ਹੀ ਵਿਆਹ ਕਰਵਾਏਗਾ ਤੇ ਉਹ ਵਿਆਹ ਉਹ ਕਰਵਾ ਚੁੱਕਾ ਹੈ ਕਲਾ, ਕਵਿਤਾ, ਚਿੱਤਰਕਾਰੀ, ਸਾਹਿਤਕਾਰੀ, ਕਾਨੂੰਨ ਦੀ ਦੇਵੀ ਅਤੇ ਜਾਦੂ ਦੀ ਛੜੀ ਨਾਲ।
.ਜਗਦੀਸ਼ ਸਿੰਘ ਖੁਸ਼ਦਿਲ ਨੇ ‘ਰੰਗਾਂ ਤੇ ਸ਼ਬਦਾਂ ਦਾ ਜਾਦੂਗਰ’ ਪੁਸਤਕ ਵਿਚ ਜਨਾਬ ਹਰਚੰਦ ਸਿੰਘ ਖ਼ੁਸ਼ਦਿਲ ਦੀ ਖਾਨਦਾਨੀ ਵਾਕਫੀ, ਉਨ੍ਹਾਂ ਦੀ ਵਿੱਦਆ ਪ੍ਰਾਪਤੀ ਬਾਰੇ ਜਾਣਕਾਰੀ ਦਰਜ ਕੀਤੀ ਹੈ। ਹਰਚੰਦ ਸਿੰਘ ਖ਼ੁਸ਼ਦਿਲ ਜਨਮੇ ਤਾਂ ਪਿੰਡ ਖੇੜੀ ਨੇੜੇ ਸ਼ੇਰਪੁਰ ਬਰਨਾਲਾ ਸਨ ਪਰ ਕਈ ਮਜਬੂਰੀਆਂ ਕਰਕੇ ਉਨ੍ਹਾਂ ਨੂੰ ਇਹ ਪਿੰਡ ਛੱਡਣਾ ਪਿਆ ਅਤੇ ਪਰਿਵਾਰ ਨੂੰ ਿਪੰਡ ਡਬਵਾਲੀ ਜਿਲ੍ਹਾ ਸਿਰਸਾ ਆ ਕੇ ਵਸਣਾ ਪਿਆ। ਉਸ ਸਮੇਂ ਉਨ੍ਹਾਂ ਦੀ ਉਮਰ 6 ਸਾਲ ਸੀ। ਕੇਵਲ ਦੋ ਕਮਰੇ 12×12। ਉਹ ਵੀ ਅੱਗੜ ਪਿੱਛੜ। ਪਿਛਲਾ ਕਮਰਾ ਸਟੋਰ ਸੀ। ਏਸੇ ਕਮਰੇ ਵਿਚ ਉਨ੍ਹਾਂ ਦਾ ‘ਖ਼ੁਸ਼ਦਿਲ ਆਰਟ ਸਟੂਡੀਓ’ ਵੀ ਸੀ। ਏਸੇ ਸਟੂਡੀਓ ਵਿਚ ਉਹ ਸੌਂਦੇ ਸਨ।
ਇਸ ਕਮਰੇ ਦੀ ਹਾਲਤ ਖਸਤਾ ਸੀ ਤੇ ਇਕ ਬਾਲਾ ਟੁੱਟ ਚੁੱਕਾ ਸੀ, ਜਿਸ ਨੂੰ ਲੋਹੇ ਦੀ ਪੱਤੀ ਨਾਲ ਜੋੜਿਆ ਸੀ। ਇਸ ਗਰੀਬੜੇ ਜਿਹੇ ਘਰ ਵਿਚ ਇਕ ਮਹਾਨ ਕਲਾਕਾਰ ਵੱਡਾ ਹੋ ਰਿਹਾ ਸੀ। ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਘਰੇ ਦੇ ਸਾਹਮਣੇ ਇਕ ਪਾਣੀ ਦੀ ਡਿੱਗੀ ਸੀ ਜਿੱਥੋਂ ਖ਼ੁਸ਼ਦਿਲ ਪਰਿਵਾਰ ਇਸ਼ਨਾਨ ਵੀ ਕਰਦਾ ਸੀ। ਪੀਣ ਲਈ ਪਾਣੀ ਆਂਢੋ-ਗੁਆਂਢੋ ਮੰਗਿਆ ਜਾਂਦਾ।
ਛੋਟੇ ਖ਼ੁਸ਼ਦਿਲ ਨੇ ਸਾਰੇ ਪਰਿਵਾਰ ਦੀਆਂ ਯਾਦਗਾਰੀ ਤਸਵੀਰਾਂ ਇਸ ਪੁਸਤਕ ਵਿਚ ਛਾਪੀਆਂ ਹਨ। ਪਹਿਲੀ ਤਸਵੀਰ ਖੁਸ਼ਦਿਲ ਦੇ ਪਿਤਾ ਜੀ ਦੀ ਅਗਲੀ ਮਾਤਾ ਜੀ ਦੀ ਅਤੇ ਅੰਤ ਉੱਤੇ ਮੁੰਡੇ ਜਿਹੇ ਹਰਚੰਦ ਿਸੰਘ ਖ਼ੁਸ਼ਦਿਲ ਦੀ ਹੈ। ਇਹ ਤਸਵੀਰਾਂ ਇਤਿਹਾਸ ਨੂੰ ਬੁਲਾਉਂਦੀਆਂ ਨੇ। ਪਰਿਵਾਰ ਦੇ ਜੀਵਨ ਬਾਰੇ ਪੜ੍ਹ ਸੁਣ ਕੇ ਪਤਾ ਲੱਗਦਾ ਹੈ ਕਿ ਬਾਲਕ ਹਰਚੰਦ ਸਿੰਘ ਖ਼ੁਸ਼ਦਿਲ ਖ਼ੁਸ਼ਕਿਸਮਤ ਵੀ ਸੀ ਜੋ ਆਪਣੀਆਂ ਕੋਸ਼ਿਸ਼ਾਂ ਨਾਲ ਪਿੰਡ ਦੇ ਸਰਕਾਰੀ ਸਕੂਲ, ਮਹਿੰਦਰਾ ਕਾਲਜ, ਗੁਰੂ ਨਾਨਕ ਕਾਲਜ ਕਿਲਿਆਂ ਵਾਲੀ ਵਿੱਚੋਂ ਦੀ ਹੁੰਦਾ ਹੋਇਆ ਪੰਜਾਬ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਕਰ ਗਿਆ। ਕਾਲਜ ਦੇ ਪ੍ਰਿੰਸੀਪਲ ਨੇ ਖ਼ੁਸ਼ਦਿਲ ਨੂੰ ਸਪੈਸ਼ਲ ਸਰਟੀਫਿਕੇਟ ਦਿੱਤਾ ਜਿਸ ਵਿਚ ਉਸ ਨੂੰ ਵਧੀਆ ਸਟੂਡੈਂਟ ਦੇ ਲਾਮਿਸਾਲ ਕਿਰਦਾਰ ਵਾਲਾ ਵਿਦਿਆਰਥੀ ਲਿਖਿਆ ਿਗਆ ਹੈ। ਖ਼ੁਸ਼ਦਿਲ 1965 ਨੂੰ ਸਰਕਾਰੀ ਵਕੀਲ ਬਣਿਆ ਅਤੇ ਸੰਗਰੂਰ ਤੋਂ ਸਰਵਿਸ ਆਰੰਭ ਕੀਤੀ।
1968 ਨੂੰ ਉਹ ਪੰਜਾਬ ਨਿਆਂ ਪਾਲਿਕਾ ਵਿਚ ਜੱਜ ਬਣ ਗਏ। ਉਹ 1968 ਤੋਂ 1977 ਤਕ ਹੁਸ਼ਿਆਰਪੁਰ, ਫਾਜ਼ਿਲਕਾ, ਮੋਗਾ, ਤਰਨਤਾਰਨ, ਅੰਮਿ੍ਤਸਰ, ਲੁਧਿਆਣਾ, ਅਜਨਾਲਾ ਵਿਖੇ ਜੱਜ ਦੀ ਪੋਸਟ ਉੱਤੇ ਨਿਯੁਕਤ ਰਹੇ। ਕਮਾਲ ਇਹ ਹੈ ਕਿ ਉਹ ਜਿਸ ਵੀ ਸ਼ਹਿਰ ਰਹੇ ਉੱਥੋਂ ਦੇ ਕਲਾਕਾਰ, ਕਵੀ, ਗ਼ਜ਼ਲਕਾਰ ਉਨ੍ਹਾਂ ਦੇ ਦੁਆਲੇ ਇਕੱਠੇ ਹੋਣ ਲੱਗਦੇ। ਉਨ੍ਹਾਂ ਦੇ ਦੋਸਤਾਂ ਵਿਚ ਵੱਡੇ-ਵੱਡੇ ਨਾਮਵਰ ਸਾਹਿਤਕਾਰ ਸਨ। ਉਹ ਉਕਤ ਸ਼ਹਿਰਾਂ ਵਿਚ ਇਕ ਇਮਾਨਦਾਰ ਜੱਜ ਕਰਕੇ ਵੀ ਅਤੇ ਸਟੇਜ ਦੇ ਧਨੀ ਸਾਹਿਤਕਾਰ ਕਰਕੇ ਵੀ ਹਰਮਨ ਪਿਅਾਰੇ ਬਣ ਕੇ ਰਹੇ। ਸੰਪਾਦਕ ਖ਼ੁਸ਼ਦਿਲ ਨੇ ਆਪਣੇ ਮਾਮਾ ਜੀ ਹਰਚੰਦ ਸਿੰਘ ਖ਼ੁਸ਼ਦਿਲ ਦੀਆਂ 8 ਦੁਰਲੱਭ ਤਸਵੀਰਾਂ ਵੀ ਇਸ ਪੁਸਤਕ ‘ਰੰਗਾਂ ਸ਼ਬਦਾਂ ਦਾ ਜਾਦੂਗਰ’ ਵਿਚ ਸਾਂਭੀਆਂ ਹੋਈਆਂ ਹਨ, ਜਿਨ੍ਹਾਂ ਤੋਂ ‘ਹੋਣਹਾਰ ਬਿਰਵਾਨ ਦੇ ਚਿਕਨੇ ਚਿਕਨੇ ਪਾਤ’ ਦੀ ਸ਼ਾਹਦੀ ਮਿਲਦੀ ਹੈ।
ਇਹ ਗੁਰੂ ਸ਼ਾਗਿਰਦ ਦੇ ਪਵਿੱਤਰ ਰਿਸ਼ਤੇ ਦੀ ਕੀ ਕਰਾਮਾਤ ਕਹੀ ਜਾ ਸਕਦੀ ਹੈ ਕਿ ਕਰੀਬ ਅੱਧੀ ਸਦੀ ਵਿਚ ਫੈਲਿਆ ਵੱਡੇ ਖ਼ੁਸ਼ਦਿਲ ਦਾ ਸਾਹਿਤ ਨਿੱਕੇ ਖ਼ੁਸ਼ਦਿਲ ਨੇ ਸਾਂਭ ਕੇ ਪੁਸਤਕੀ ਰੂਪ ਦਿੱਤਾ ਅਤੇ ਪਾਠਕਾਂ ਤਕ ਪਹੁੰਚਾਇਆ ਹੈ। ਨਿੱਕੇ ਖ਼ੁਸ਼ਦਿਲ ਦੇ ਸਾਿਹਤਕ ਗੁਰੂ ਤਾਂ ਵੱਡੇ ਖ਼ੁਸ਼ਦਿਲ ਹੈ ਹੀ ਸਨ ਪ੍ਰੰਤੂ ਜੀਵਨ ਦੇ ਉਨ੍ਹਾਂ ਰਾਹਾਂ ਉੱਤੇ ਵੀ ਵੱਡੇ ਖ਼ੁਸ਼ਦਿਲ ਨੇ ਹੀ ਉਨ੍ਹਾਂ ਨੂੰ ਤੋਰਿਆ। ਨਿੱਕੇ ਖ਼ੁਸ਼ਦਿਲ ਨੂੰ ਆਪਣਾ ਹੀ ਸਰੂਪ ਦਿੱਤਾ। ਜੱਜ ਦੀ ਪਦਵੀ ਤਕ ਪਹੁੰਚਾਦਿਆਂ ਅਤੇ ਉੱਚਪਾਏ ਦਾ ਗ਼ਜ਼ਲਕਾਰ ਵੀ ਬਣਾਇਆ। ਮੈਂ ਸਮਝਦਾ ਹਾਂ ਕਿ ਜਿੰਨੀ ਸ਼ੋਭਾ ਵੱਡੇ ਖ਼ੁਸ਼ਦਿਲ ਨੂੰ ਮਿਲੀ ਸੀ ਉਸ ਵਿੱਚੋਂ ਨਿੱਕੇ ਖ਼ੁਸ਼ਦਿਲ ਨੇ ਵੀ ਕੁਝ ਹਿੱਸਾ ਵੰਡਾ ਲਿਆ ਹੈ।
ਉਹ ਵੀ ਸਟੇਜ ਦੇ ਧਨੀ ਅਤੇ ਬਹੁਤ ਉੱਚੇ-ਸੁੱਚੇ ਕਿਰਦਾਰ ਦੇ ਤਾਂ ਮਾਲਕ ਹੈਨ ਹੀ ਇਕ ਉੱਚ ਪਾਏ ਦੇ ਗ਼ਜ਼ਲਕਾਰ ਵੀ ਹਨ। ਜੋ ਸੁਸਾਇਟੀਆਂ ਵੱਡੇ ਖ਼ੁਸ਼ਦਿਲ ਜੀ ਨੇ ਤੋਰੀਆਂ ਸਨ ਨਿੱਕੇ ਖ਼ੁਸ਼ਦਿਲ ਦੀ ਇਲਤਜਾ ਹੈ ਕਿ ਉਹ ਫੇਰ ਤੋਂ ਸੁਚਾਰੂ ਤਰੀਕੇ ਨਾਲ ਵਡੇਰੇ ਕਾਰਜਾਂ ਨੂੰ ਸਮਰਪਿਤ ਹੋਣ। ਇਸ ਦੁਰਲਭ ਪੁਸਤਕ ਵਿਚ ਜਗਦੀਸ਼ ਸਿੰਘ ਖ਼ੁਸ਼ਦਿਲ ਨੇ ਡਾ. ਗੁਰਨਾਮ ਸਿੰਘ ਤੀਰ, ਸ੍ਰੀ ਕੇ. ਐੱਲ. ਗਰਗ, ਬਲਬੀਰ ਮੋਮੀ, ਕਨ੍ਹਈਆ ਲਾਲ ਕਪੂਰ ਦੇ ਲੇਖ ਵੀ ਸਾਂਭੇ ਹਨ ਜੋ ਖ਼ੁਸ਼ਦਿਲ ਦੀ ਮੌਤ ਉੱਤੇ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਏ ਸਨ ਤੇ ਜਿਨ੍ਹਾਂ ਵਿਚ ਖ਼ੁਸ਼ਦਿਲ ਦੀ ਜੀਵਨੀ ਦੇ ਨਾਲ ਉਨ੍ਹਾਂ ਦੀ ਰਚਨਾਕਾਰੀ ਬਾਰੇ ਵੀ ਵਿਸਥਾਰ ਨਾਲ ਲਿਖਿਆ ਗਿਆ ਹੈ। ਪੁਸਤਕ ਦੇ ਅਗਲੇ ਹਿੱਸੇ ਵਿਚ ਉਸ ਸ਼ਬਦਾਂ ਦੇ ਜਾਦੂਗਰ ਵੱਡੇ ਖ਼ੁਸ਼ਦਿਲ ਦੀਆਂ 25 ਗ਼ਜ਼ਲਾਂ, 10 ਰੁਬਾਈਆਂ, 26 ਗੀਤ, 35 ਕਲਾਕਿ੍ਤੀਆਂ ਸਾਂਭੀਆਂ ਹੋਈਆਂ ਹਨ। ਇੰਡੋ-ਪਾਕਿ ਕਵੀ ਦਰਬਾਰ ਵਿਚ ਅਤੇ ਕਈ ਹੋਰ ਯਾਦਗਾਰੀ ਕਵੀ ਦਰਬਾਰਾਂ ਵਿਚ ਉਹ ਗ਼ਜ਼ਲਾਂ ਵੀ ਹਨ ਜੋ ਲੋਕਾਂ ਦੇ ਮੂੰਹਾਂ ’ਤੇ ਚੜ੍ਹ ਗਈਆਂ ਸਨ।
ਸਾਡਾ ਅਕੀਦਾ ਹੈ ਕਿ ਜੇਕਰ ਹਰਚੰਦ ਸਿੰਘ ਖ਼ੁਸ਼ਦਿਲ ਕੁਝ ਹੋਰ ਸਾਲ ਇਸ ਮੈਦਾਨ ਵਿਚ ਸਰਗਰਮ ਰਹਿੰਦੇ ਤਾਂ ਅੱਜ ਉਹ ਹਾਈ ਕੋਰਟ ਤਾਂ ਕੀ ਸੁਪਰੀਮ ਕੋਰਟ ਦੇ ਜੱਜ ਹੁੰਦੇ ਅਤੇ ਪੰਜਾਬੀ ਦੇ ਅਜ਼ੀਮ ਕਵੀ ਦੇ ਤੌਰ ’ਤੇ ਵਿਚਰਦੇ। ਇਹ ਪੁਸਤਕਾਂ ਸਿੰਘ ਬ੍ਰਦਰਜ, ਅੰਮਿ੍ਤਸਰ ਤੋਂ ਪ੍ਰਾਪਤ ਕਰਕੇ ਆਪਣੇ ਗੁਆਚ ਗਏ ਹਰਫਨ ਮੌਲਾ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। •
ਛੋਟੀਆਂ ਕਵਿਤਾਵਾਂ ’ਚ ਵੱਡੀਆਂ ਗੱਲਾਂ
ਉਹ ਇਕ ਮਹਾਨ ਗ਼ਜ਼ਲਗੋ ਸੀ। ਛੋਟੀਆਂ ਕਵਿਤਾਵਾਂ ਵਿਚ ਉਹ ਵੱਡੀ ਗੱਲ ਕਹਿ ਜਾਂਦਾ। ਮੋਗੇ ਦੇ ਵਿਅੰਗ ਲੇਖਕਾਂ ਦੀ ਇਕ ਟੋਲੀ ਸੀ ਜਿਸ ਵਿਚ ਉਹ ਸਭ ਤੋਂ ਛੋਟੀ ਉਮਰ ਦਾ ਪਰ ਵੱਡੀ ਕਲਾਕਾਰੀ ਦਾ ਮਾਲਕ ਸੀ। ਸ਼ੇਰ ਜੰਗ ਜਾਂਗਲੀ, ਦਲੀਪ ਸਿੰਘ ਭੁਪਾਲ, ਪ੍ਰਿੰਸੀਪਲ ਕਨ੍ਹਈਆ ਲਾਲ ਕਪੂਰ, ਕੇ. ਐੱਲ. ਗਰਗ ਆਦਿ ਦਰਜਨਾਂ ਲੇਖਕ ਉਸ ਦੇ ਪਿਆਰੇ ਮਿੱਤਰ ਸਨ। ਉਸ ਦੇ ਤੁਰ ਜਾਣ ’ਤੇ ਸਾਰਾ ਮੋਗਾ ਰੋਇਆ। ਬਹੁਤ ਸਾਰੇ ਵੱਡੇ ਲੇਖਕਾਂ ਨੇ ਉਸ ਬਾਰੇ ਵੱਡੇ-ਵੱਡੇ ਲੇਖ ਲਿਖੇ। ਹਰਚੰਦ ਸਿੰਘ ਖ਼ੁਸ਼ਦਿਲ ਨਿਵੇਕਲੇ ਚਿੱਤਰ ਬਣਾਉਂਦਾ ਤੇ ਨਿਵੇਕਲੇ ਤੇ ਜ਼ਿੰਦਗੀ ਮੱਤੇ ਸ਼ਿਅਰ ਘੜਦਾ ਸੀ। ਉਸ ਦੀਆ ਗ਼ਜ਼ਲਾਂ ਦੇ ਸ਼ਿਅਰ ਅੱਜ ਅੱਧੀ ਸਦੀ ਬਾਅਦ ਵੀ ਆਧੁਨਿਕ ਭਾਵ ਬੋਧ ਅਤੇ ਨਵੀਨ ਸ਼ੈਲੀ ਦੇ ਲੱਗਦੇ ਹਨ। ਖ਼ੁਸ਼ਦਿਲ ਦੇ ਪਿਤਾ ਸਾ. ਕਰਨੈਲ ਸਿੰਘ ਪਟਿਆਲਾ ਰਜਵਾੜਾਸ਼ਾਹੀ ਵਿਰੁੱਧ ਮੁਜ਼ਾਹਰਾ ਘੋਲ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ।
ਅਣਖ ਦਾ ਲਹੂ ਉਸ ਨੂੰ ਆਪਣੇ ਪਿਤਾ ਤੋਂ ਮਿਲਿਆ ਜਦੋਂ ਕਿ ਚਿੱਤਰਕਾਰੀ ਅਤੇ ਕਾਵਿਕਾਰੀ ਆਪਣੇ ਘਰ ਅਤੇ ਆਲੇ ਦੁਆਲੇ ਤੋਂ ਪ੍ਰਾਪਤ ਕੀਤੀ। ਉਸ ਨੇ ਚਿੱਤਰਕਾਰੀ ਵਿਚ ਕਈ ਪਹਿਲੇ ਦਰਜੇ ਦੇ ਇਨਾਮ ਜਿ੍ਤੇ। ਚੰਡੀਗੜ੍ਹ ਤੋਂ ਉਸ ਨੇ ਐੱਲ.ਐੱਲ.ਬੀ.ਕੀਤੀ। ਉਸ ਨੇ ਮੰਡੀ ਡਬਵਾਲੀ ’ਚ ਅਪਣਾ ਸਟੂਡੀਓ ਵੀ ਖੋਲ੍ਹਿਆ ਜੋ 1957 ਤੋਂ 1964 ਤਕ ਚੱਲਦਾ ਰਿਹਾ ਸੀ। 1963 ਵਿਚ ਉਸ ਨੇ ਆਲ ਇੰਡੀਆ ਆਇਲ ਪੇਂਟਿੰਗਜ਼ ਲਿਬਰੇਸ਼ਨ ਤੋਂ ਚਿੱਤਰਕਾਰੀ ਵਿਚ ਪਹਿਲਾ ਇਨਾਮ ਪ੍ਰਾਪਤ ਕੀਤਾ। ਉਹ ਜ਼ਿੰਦਗੀ ਦਾ ਇਕ ਜਾਦੂਗਰ ਸੀ ਅਤੇ ਜਾਦੂਗਰੀ ਦੀ ਕਲਾ ਵਿਚ ਵੀ ਉਹ ਬਹੁਤ ਅੱਗੇ ਵਧ ਗਿਆ ਸੀ। ਉਹ ‘ਜਾਦੂ ਵਾਲੇ ਅੰਕਲ’ ਸਨ ਪਰ ਗ਼ਜ਼ਲਕਾਰਾਂ ਵਿਚ ਸਿਰਮੌਰ ਗ਼ਜ਼ਲਕਾਰ ਸਨ।
-ਸੁਲੱਖਣ ਸਰਹੱਦੀ
94174-84337