ਅੱਜ ਦੇ ਦੌਰ ’ਚ ਜਿੱਥੇ ਤਕਨਾਲੋਜੀ ਤੇ ਵਿਗਿਆਨ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਹੈ, ਉੱਥੇ ਹੀ ਮਾਨਸਿਕ ਤਣਾਅ ਤੇ ਮੁਕਾਬਲੇ ਦੀ ਦੌੜ ਨੇ ਮਨੁੱਖੀ ਮਨ ਨੂੰ ਬਹੁਤ ਕਮਜ਼ੋਰ ਵੀ ਕਰ ਦਿੱਤਾ ਹੈ। ਖ਼ਾਸਕਰ ਵਿਦਿਆਰਥੀ ਵਰਗ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਿਹਾ ਹੈ।

ਅੱਜ ਦੇ ਦੌਰ ’ਚ ਜਿੱਥੇ ਤਕਨਾਲੋਜੀ ਤੇ ਵਿਗਿਆਨ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਹੈ, ਉੱਥੇ ਹੀ ਮਾਨਸਿਕ ਤਣਾਅ ਤੇ ਮੁਕਾਬਲੇ ਦੀ ਦੌੜ ਨੇ ਮਨੁੱਖੀ ਮਨ ਨੂੰ ਬਹੁਤ ਕਮਜ਼ੋਰ ਵੀ ਕਰ ਦਿੱਤਾ ਹੈ। ਖ਼ਾਸਕਰ ਵਿਦਿਆਰਥੀ ਵਰਗ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਿਹਾ ਹੈ। ਹਰ ਸਾਲ ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਉਂਦੇ ਹਨ, ਤਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਜਿੱਥੇ ਮੱਲਾਂ ਮਾਰਨ ਵਾਲੇ ਬੱਚਿਆਂ ਦੀਆਂ ਤਸਵੀਰਾਂ ਹੁੰਦੀਆਂ ਹਨ, ਉੱਥੇ ਹੀ ਕਿਸੇ ਕੋਨੇ ’ਚ ਅਸਫਲਤਾ ਤੋਂ ਘਬਰਾ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨਾਂ ਦੀਆਂ ਦੁਖਦਾਈ ਖ਼ਬਰਾਂ ਵੀ ਹੁੰਦੀਆਂ ਹਨ। ਇਹ ਸਥਿਤੀ ਸਾਡੇ ਸਮਾਜ, ਸਿੱਖਿਆ ਪ੍ਰਣਾਲੀ ਤੇ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹੈ।
ਮਾਨਸਿਕ ਦਬਾਅ
ਵਿਦਿਆਰਥੀ ਆਤਮ-ਹੱਤਿਆ ਵਰਗਾ ਕਦਮ ਕਿਉਂ ਚੁੱਕਦੇ ਹਨ? ਇਸ ਦੇ ਪਿੱਛੇ ਕੋਈ ਇਕ ਕਾਰਨ ਨਹੀਂ ਹੁੰਦਾ। ਅਕਸਰ ਇਹ ਮਾਪਿਆਂ ਦੀਆਂ ਉੱਚੀਆਂ ਉਮੀਦਾਂ, ਸਮਾਜਿਕ ਮਿਹਣੇ ਤੇ ਆਪਣੀ ਕਾਬਲੀਅਤ ’ਤੇ ਸ਼ੱਕ ਕਰਨ ਦਾ ਨਤੀਜਾ ਹੁੰਦਾ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਸਿਰਫ਼ ਪਹਿਲੇ ਨੰਬਰ ’ਤੇ ਆਉਣ ਵਾਲਾ ਹੀ ਜੇਤੂ ਹੈ। ਅਜਿਹੀ ਸੋਚ ਬੱਚੇ ਦੇ ਮਨ ’ਚ ਇਹ ਡਰ ਬਿਠਾ ਦਿੰਦੀ ਹੈ ਕਿ ਜੇ ਉਹ ਫੇਲ੍ਹ ਹੋ ਗਿਆ ਜਾਂ ਉਸ ਦੇ ਨੰਬਰ ਘੱਟ ਆਏ ਤਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ।
ਪ੍ਰੀਖਿਆ ਸਿਰਫ਼ ਕਾਗਜ਼ ਦਾ ਟੁਕੜਾ ਹੈ
ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੋਈ ਵੀ ਪ੍ਰੀਖਿਆ ਜਾਂ ਡਿਗਰੀ ਕਿਸੇ ਇਨਸਾਨ ਦੀ ਪੂਰੀ ਕਾਬਲੀਅਤ ਦਾ ਪੈਮਾਨਾ ਨਹੀਂ ਹੋ ਸਕਦੀ। ਦੁਨੀਆ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਭ ਤੋਂ ਸਫਲ ਲੋਕ ਉਹ ਸਨ, ਜਿਨ੍ਹਾਂ ਨੇ ਸਕੂਲ ਜਾਂ ਕਾਲਜ ’ਚ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਸੀ।
ਐਲਬਰਟ ਆਈਨਸਟਾਈਨ : ਜਿਸ ਨੂੰ ਬਚਪਨ ’ਚ ਮੰਦਬੁੱਧੀ ਕਿਹਾ ਜਾਂਦਾ ਸੀ, ਉਸ ਨੇ ਭੌਤਿਕ ਵਿਗਿਆਨ ਦੀ ਦੁਨੀਆ ਬਦਲ ਦਿੱਤੀ।
ਥਾਮਸ ਐਲਵਾ ਐਡੀਸਨ : ਬਲਬ ਦੀ ਖੋਜ ਕਰਨ ਵਾਲੇ ਐਡੀਸਨ ਹਜ਼ਾਰਾਂ ਵਾਰ ਫੇਲ੍ਹ ਹੋਏ ਸਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ।
ਬਿੱਲ ਗੇਟਸ ਤੇ ਸਟੀਵ ਜੌਬਸ: ਇਹ ਦੋਵੇਂ ਕਾਲਜ ਡਰਾਪ-ਆਊਟ ਸਨ ਪਰ ਅੱਜ ਇਨ੍ਹਾਂ ਦੀਆਂ ਕੰਪਨੀਆਂ ਦੁਨੀਆ ’ਤੇ ਰਾਜ ਕਰ ਰਹੀਆਂ ਹਨ।
ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੈ ਕਿ ਅਸਫਲਤਾ ਸਫਲਤਾ ਦਾ ਉਲਟ ਨਹੀਂ ਹੈ ਸਗੋਂ ਇਹ ਸਫਲਤਾ ਦਾ ਹਿੱਸਾ ਹੈ।
ਕੁਝ ਅਹਿਮ ਗੱਲਾਂ
ਜੇ ਤੁਸੀਂ ਪ੍ਰੀਖਿਆ ’ਚੋਂ ਅਸਫਲ ਹੋਏ ਹੋ ਜਾਂ ਨਤੀਜੇ ਉਮੀਦ ਮੁਤਾਬਿਕ ਨਹੀਂ ਰਹੇ, ਤਾਂ ਯਾਦ ਰੱਖੋ:
ਤੁਹਾਡੀ ਜ਼ਿੰਦਗੀ ਨੰਬਰਾਂ ਤੋਂ ਕੀਮਤੀ ਹੈ : ਕੋਈ ਵੀ ਪ੍ਰੀਖਿਆ ਤੁਹਾਡੀ ਜ਼ਿੰਦਗੀ ਤੋਂ ਵੱਡੀ ਨਹੀਂ ਹੋ ਸਕਦੀ। ਤੁਸੀਂ ਮਾਪਿਆਂ ਲਈ ਜਿਉਂਦੇ-ਜਾਗਦੇ ਇਨਸਾਨ ਹੋ, ਨਾ ਕਿ ਸਿਰਫ਼ ਇਕ ਰਿਜ਼ਲਟ ਕਾਰਡ।
ਗ਼ਲਤੀਆਂ ਤੋਂ ਸਿੱਖੋ: ਅਸਫਲਤਾ ਸਾਨੂੰ ਇਹ ਦੱਸਦੀ ਹੈ ਕਿ ਸਾਡੀ ਤਿਆਰੀ ’ਚ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਸੀ। ਇਸ ਨੂੰ ਸੁਧਾਰਨ ਦਾ ਮੌਕਾ ਮੰਨੋ, ਨਾ ਕਿ ਸਜ਼ਾ।
ਦਿਲ ਦੀ ਗੱਲ ਸਾਂਝੀ ਕਰੋ: ਜਦੋਂ ਵੀ ਮਨ ਵਿਚ ਨਿਰਾਸ਼ਾ ਆਵੇ, ਆਪਣੇ ਦੋਸਤਾਂ, ਭੈਣ-ਭਰਾਵਾਂ ਜਾਂ ਮਾਪਿਆਂ ਨਾਲ ਗੱਲ ਕਰੋ। ਗੱਲ ਕਰਨ ਨਾਲ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ।
ਹਰ ਕਿਸੇ ਦਾ ਆਪਣਾ ਸਮਾਂ ਹੁੰਦਾ ਹੈ : ਕੋਈ 20 ਸਾਲ ਦੀ ਉਮਰ ਵਿਚ ਸਫਲ ਹੁੰਦਾ ਹੈ, ਕੋਈ 40 ਦੀ ਉਮਰ ’ਚ। ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਬੰਦ ਕਰੋ।
ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ
ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਰੋਕਣ ਲਈ ਮਾਪਿਆਂ ਦਾ ਰਵੱਈਆ ਸਭ ਤੋਂ ਵੱਧ ਮਾਅਨੇ ਰੱਖਦਾ ਹੈ।
ਸਹਿਯੋਗ ਦਿਓ, ਦਬਾਅ ਨਹੀਂ : ਬੱਚੇ ਦੇ ਫੇਲ੍ਹ ਹੋਣ ’ਤੇ ਉਸ ਨੂੰ ਝਿੜਕਣ ਦੀ ਬਜਾਏ ਉਸ ਦਾ ਹੌਸਲਾ ਬਣੋ। ਉਸ ਨੂੰ ਅਹਿਸਾਸ ਕਰਵਾਓ ਕਿ ਤੁਸੀਂ ਹਰ ਹਾਲਤ ਵਿਚ ਉਸ ਦੇ ਨਾਲ ਹੋ।
ਕਾਬਲੀਅਤ ਪਛਾਣੋ : ਹਰ ਬੱਚਾ ਡਾਕਟਰ ਜਾਂ ਇੰਜੀਨੀਅਰ ਬਣਨ ਲਈ ਨਹੀਂ ਪੈਦਾ ਹੋਇਆ। ਹੋ ਸਕਦਾ ਹੈ ਤੁਹਾਡਾ ਬੱਚਾ ਚੰਗਾ ਕਲਾਕਾਰ, ਖਿਡਾਰੀ, ਲੇਖਕ ਜਾਂ ਸੰਗੀਤਕਾਰ ਬਣਨਾ ਚਾਹੁੰਦਾ ਹੋਵੇ। ਉਸ ਦੀ ਰੁਚੀ ਨੂੰ ਸਮਝੋ।
ਨੰਬਰਾਂ ਦੀ ਦੌੜ ਤੋਂ ਬਾਹਰ ਨਿਕਲੋ : ਬੱਚੇ ਨੂੰ ਸਿਰਫ਼ ਨੰਬਰ ਲੈਣ ਲਈ ਨਾ ਪੜ੍ਹਾਓ ਸਗੋਂ ਗਿਆਨ ਪ੍ਰਾਪਤ ਕਰਨ ਅਤੇ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰੋ।
ਸਿੱਖਿਆ ਪ੍ਰਣਾਲੀ ’ਚ ਸੁਧਾਰ ਦੀ ਲੋੜ
ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਵੀ ਬਦਲਣ ਦੀ ਲੋੜ ਹੈ। ਇੱਥੇ ਸਿਰਫ਼ ਰੱਟਾ ਲਗਾਉਣ ਤੇ ਵੱਧ ਅੰਕ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ਸਾਨੂੰ ਅਜਿਹੀ ਸਿੱਖਿਆ ਦੀ ਲੋੜ ਹੈ, ਜੋ ਵਿਦਿਆਰਥੀਆਂ ਨੂੰ ਜੀਵਨ ਦੀਆਂ ਮੁਸ਼ਕਲਾਂ ਨਾਲ ਲੜਨਾ ਸਿਖਾਏ, ਨਾ ਕਿ ਉਨ੍ਹਾਂ ਨੂੰ ਡਿਗਰੀਆਂ ਦੀ ਭੀੜ ’ਚ ਗੁਆ ਦੇਵੇ। ਸਕੂਲਾਂ ਵਿਚ ਮਾਨਸਿਕ ਸਿਹਤ ਬਾਰੇ ਗੱਲ ਹੋਣੀ ਚਾਹੀਦੀ ਹੈ ਤੇ ਕਾਊਂਸਲਿੰਗ ਸੈਸ਼ਨ ਲਾਜ਼ਮੀ ਹੋਣੇ ਚਾਹੀਦੇ ਹਨ। ਜ਼ਿੰਦਗੀ ਬਹੁਤ ਹੀ ਖ਼ੂਬਸੂਰਤ ਤੋਹਫ਼ਾ ਹੈ। ਇਕ ਪ੍ਰੀਖਿਆ ਦਾ ਨਤੀਜਾ ਇਹ ਤੈਅ ਨਹੀਂ ਕਰ ਸਕਦਾ ਕਿ ਤੁਸੀਂ ਆਉਣ ਵਾਲੇ 50 ਸਾਲਾਂ ਵਿਚ ਕੀ ਕਰੋਗੇ। ਜੇ ਅੱਜ ਇਕ ਰਸਤਾ ਬੰਦ ਹੋਇਆ ਹੈ ਤਾਂ ਪਰਮਾਤਮਾ ਨੇ ਸੌ ਨਵੇਂ ਰਸਤੇ ਖੋਲ੍ਹੇ ਹੋਣਗੇ। ਅਸਫਲਤਾ ਤੋਂ ਨਿਰਾਸ਼ ਹੋ ਕੇ ਮੌਤ ਨੂੰ ਗਲੇ ਲਗਾਉਣਾ ਕਾਇਰਤਾ ਹੈ, ਜਦੋਂਕਿ ਦੁਬਾਰਾ ਉੱਠ ਕੇ ਖੜ੍ਹੇ ਹੋਣਾ ਬਹਾਦਰੀ ਹੈ। ਅਸਫਲਤਾ ਸਿਰਫ਼ ਇਕ ਰੁਕਾਵਟ ਹੈ, ਮੰਜ਼ਿਲ ਨਹੀਂ। ਉੱਠੋ, ਹਿੰਮਤ ਕਰੋ ਅਤੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦਿਓ।
ਡਾ. ਕੁਲਦੀਪ ਸਿੰਘ ਚੂੜਲ