ਸਾਲ 2025 ’ਚ ਵੱਖ-ਵੱਖ ਵਿਧਾਵਾਂ ਵਿਚ ਨਿੱਠ ਕੇ ਕਲਮ ਚਲਾਉਣ ਵਾਲੇ ਸਿਰਮੌਰ ਸਾਹਿਤਕਾਰ ਬੂਟਾ ਸਿੰਘ ਚੌਹਾਨ ਦੀ ਸੰਪਾਦਨਾ ’ਚ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤੀ ਗਈ ਪੁਸਤਕ ‘ਮੇਰੀ ਮਾਂ’ ਵਿੱਚ ਹਾਸ਼ੀਆਗ੍ਰਸਤ ਮਾਵਾਂ ਨੂੰ ਸਮਰਪਿਤ 12 ਸਥਾਪਿਤ ਲੇਖਕਾਂ ਦੀਆਂ ਭਾਵੁਕ ਕਰਨ ਵਾਲੀਆਂ ਸੰਵੇਦਨਸ਼ੀਲ ਲਿਖਤਾਂ ਹਨ।

ਪੁਸਤਕ : ਮੇਰੀ ਮਾਂ (ਹਾਸ਼ੀਆਗ੍ਰਸਤ ਮਾਵਾਂ)
ਸੰਪਾਦਕ ਅਤੇ ਅਨੁਵਾਦਕ : ਬੂਟਾ ਸਿੰਘ ਚੌਹਾਨ
ਮੁੱਲ : ,220 ਰੁਪਏ,ਪੰਨੇ : 142
ਪ੍ਰਕਾਸ਼ਨ : ਸਪਤਰਿਸ਼ੀ ਪ੍ਰਕਾਸ਼ਨ
ਸਾਲ 2025 ’ਚ ਵੱਖ-ਵੱਖ ਵਿਧਾਵਾਂ ਵਿਚ ਨਿੱਠ ਕੇ ਕਲਮ ਚਲਾਉਣ ਵਾਲੇ ਸਿਰਮੌਰ ਸਾਹਿਤਕਾਰ ਬੂਟਾ ਸਿੰਘ ਚੌਹਾਨ ਦੀ ਸੰਪਾਦਨਾ ’ਚ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤੀ ਗਈ ਪੁਸਤਕ ‘ਮੇਰੀ ਮਾਂ’ ਵਿੱਚ ਹਾਸ਼ੀਆਗ੍ਰਸਤ ਮਾਵਾਂ ਨੂੰ ਸਮਰਪਿਤ 12 ਸਥਾਪਿਤ ਲੇਖਕਾਂ ਦੀਆਂ ਭਾਵੁਕ ਕਰਨ ਵਾਲੀਆਂ ਸੰਵੇਦਨਸ਼ੀਲ ਲਿਖਤਾਂ ਹਨ। ਮਾਵਾਂ ਦੇ ਕਰਜ਼ ਨੂੰ ਯਾਦ ਰੱਖਣ ਵਾਲੇ ਲੇਖਕਾਂ ਨੇ ਆਪਣੇ ਲੇਖਾਂ ’ਚ ਖ਼ੁਦ ਅਨਪੜ੍ਹ ਹੋ ਕੇ ਵੀ ਆਪਣੇ ਪੁੱਤਾਂ-ਧੀਆਂ ਨੂੰ ਉੱਚੇ ਅਹੁਦਿਆਂ ਤਕ ਪਹੁੰਚਾਉਣ ਵਾਲੀਆਂ, ਆਪਣੇ ਅਤੀਤ, ਵਰਤਮਾਨ ਤੋਂ ਅਣਜਾਣ ਅਤੇ ਡਾਕਟਰ ਅੰਬੇਡਕਰ ਦੀ ਸੋਚ ਨਾਲ ਪ੍ਰਣਾਈਆਂ ਮਾਵਾਂ ਦੀ ਚਰਚਾ ਕਰ ਕੇ ਦੁਨੀਆ ਨੂੰ ਸੁਨੇਹਾ ਦਿੱਤਾ ਹੈ ਕਿ ਮਾਵਾਂ ਦੀ ਕਰਨੀ ਨੂੰ ਯਾਦ ਰੱਖੋ। ਸਵੈ ਨੂੰ ਤਿਆਗ ਕੇ ਆਪਣੇ ਪੁੱਤਰਾਂ-ਧੀਆਂ ਦੀ ਬਿਹਤਰੀ ਲਈ ਵਿਖਾਈ ਅਕੀਦਤ ਨੂੰ ਪੁਸਤਕੀ ਰੂਪ ਦੇ ਕੇ ਲੇਖਕਾਂ,ਅਨੁਵਾਦਕ ਅਤੇ ਸੰਪਾਦਕ ਨੇ ਜਿੱਥੇ ਨੇਕ ਕਾਰਜ ਕੀਤਾ ਹੈ, ਉੱਥੇ ਸਮਾਜ ਦੀ ਸੋਝੀ ਲਈ ਇਕ ਪੈੜ ਵੀ ਪਾਈ ਹੈ। ਲੇਖਕਾਂ ਨੇ ਮਾਵਾਂ ਵੱਲੋਂ ਆਪਣੀ ਸੰਤਾਨ ਲਈ ਕੱਟੇ ਸੰਕਟਾਂ, ਉਨ੍ਹਾਂ ਦੇ ਮੋਹ ਪਿਆਰ, ਸਮਰਪਣ, ਝੱਲੀਆਂ ਦੁਸ਼ਵਾਰੀਆਂ ਅਤੇ ਜੇਰੇ ਨੂੰ ਅੱਖਰੀ ਰੂਪ ਦੇ ਕੇ ਮਾਵਾਂ ਠੰਢੀਆਂ ਛਾਵਾਂ ਦੀ ਕਹਾਵਤ ਨੂੰ ਸਾਰਥਿਕਤਾ ਪ੍ਰਦਾਨ ਕੀਤੀ ਹੈ। ਇਸ ਪੁਸਤਕ ਵਿਚ ਲੇਖਕਾਂ ਨੇ ਮਾਂ ਦੇ ਰਿਸ਼ਤੇ ਦੇ ਮਾਧਿਅਮ ਰਾਹੀਂ ਸਮਾਜ ਅੱਗੇ ਇਹ ਸਵਾਲ ਵੀ ਖੜ੍ਹਾ ਕੀਤਾ ਹੈ ਕਿ ਮਾਂ ਜਿਵੇਂ ਵੱਖ-ਵੱਖ ਰਿਸ਼ਤਿਆਂ ਦੇ ਰੁੱਖ ਲਗਾਉਂਦੀ ਹੋਈ ਉਨ੍ਹਾਂ ਨੂੰ ਪਾਲਦੀ ਪੋਸਦੀ ਹੋਈ ਆਪਣੀ ਜ਼ਿੰਦਗੀ
ਸਮਰਪਿਤ ਕਰ ਦਿੰਦੀ ਹੈ, ਦੂਜੇ ਰਿਸ਼ਤਿਆਂ ਵੱਲੋਂ ਮਾਂ ਦੇ ਰਿਸ਼ਤੇ ਪ੍ਰਤੀ ਉਸ ਤਰ੍ਹਾਂ ਦਾ ਮੋਹ ਅਤੇ ਪਿਆਗ ਕਿਉਂ ਨਹੀਂ ਵਿਖਾਇਆ ਜਾਂਦਾ। ਲੇਖਕਾਂ ਨੇ ਪੁਸਤਕ ਵਿਚ ਮਾਂ ਦੇ ਨਾ ਰਹਿਣ ਅਤੇ ਉਸ ਦੀ ਹੋਂਦ ਦਾ ਅਹਿਸਾਸ ਬੱਚੇ ਅਤੇ ਸਹੁਰੇ ਘਰ ’ਚ ਦੁੱਖ ਭੋਗਦੀ ਔਰਤ ਦੀਆਂ ਭਾਵਨਾਵਾਂ ਦੀ ਚਰਚਾ ਛੇੜ ਕੇ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ। ਹੱਥਲੀ ਪੁਸਤਕ ਦੇ ਲੇਖਾਂ ’ਚ ਮਾਂਵਾਂ ਵੱਲੋਂ ਜਿਉਂਦੇ ਜੀਅ ਦੁੱਖਾਂ ਦਾ ਅੰਬਾਰ ਹੰਢਾਉਂਦਿਆਂ ਮਰ-ਮਰ ਕੇ ਤਣ ਪੱਤਣ ਲਾਏ ਪੁੱਤਰ ਧੀਆਂ ਦੀ ਮਨ ਨੂੰ ਝੰਜੋੜਨ ਵਾਲੀ ਅਤੇ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ ਦਾ ਜ਼ਿਕਰ ਹੈ। ਲੇਖਾਂ ਵਿਚ ਲੇਖਕਾਂ ਨੇ ਬੱਚਿਆਂ ਦੇ ਪਾਲਣ-ਪੋਸ਼ਣ ਕਰਨ ’ਚ ਮਾਂ ’ਤੇ ਬਾਪ ਅਰਥਾਤ ਔਰਤ ’ਤੇ ਪੁਰਸ਼ ਦੀ ਸੋਚ ਉਤੇ ਮਾਨਸਿਕਤਾ ਵਿਚਲੇ ਫ਼ਰਕ ਨੂੰ ਬਾਖ਼ੂਬੀ ਪ੍ਰਗਟ ਕੀਤਾ ਹੈ। ਇਕ ਭਾਸ਼ਾ ਤੋਂ ਦੂਜੀ ਭਾਸ਼ਾ ’ਚ ਅਨੁਵਾਦ ਕਰਨ ਲਈ ਅਨੁਵਾਦਕ ਦਾ ਦੋਵਾਂ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਸ਼ਬਦਾਂ ਦੀ ਚੋਣ, ਪੇਸ਼ਕਾਰੀ ਤੇ ਸ਼ੈਲੀ ਤੋਂ ਅਨੁਭਵ ਹੁੰਦਾ ਹੈ ਕਿ ਸੰਪਾਦਨ ਤੇ ਅਨੁਵਾਦ ਦੇ ਕਾਰਜ ਨੂੰ ਮੁਸਤੈਦੀ ਨਾਲ ਨਿਭਾਇਆ ਗਿਆ ਹੈ।
-ਪ੍ਰਿੰ. ਵਿਜੈ ਕੁਮਾਰ