- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਜੀ ਗੁਰਬਾਣੀ ਵਿਚ ਅੱਗੇ ਹੋਰ ਸਪੱਸ਼ਟ ਕਰਦੇ ਲਿਖਦੇ ਹਨ, ‘ਧਰਤੀ ਹੋਰੁ ਪਰੈ ਹੋਰੁ ਹੋਰੁ ।। ਤਿਸੁ ਤੇ ਭਾਰੁ ਤਲੈ ਕਵਣੁ ਜੋਰੁ।। ਪਤਾਲਾ ਪਾਤਾਲ ਲੱਖ ਅਗਾਸਾ ਆਗਾਸ।। ਭਾਵ ਅਨੇਕਾਂ ਅਕਾਸ਼ਾਂ, ਪਾਤਾਲਾਂ ਅਤੇ ਧਰਤੀਆਂ ਦੀ ਗੱਲ ਕਰਦੇ ਆਖਦੇ ਹਨ ਕਿ ਇਸ ਧਰਤੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਰਤੀਆਂ ਹਨ। ਇਸ ਦੀ ਪੁਸ਼ਟੀ ਵਿਗਿਆਨਕ ਖੋਜਾਂ ਵੀ ਅੱਜ ਸਿੱਧ ਕਰ ਰਹੀਆਂ ਨੇ।

ਇਕ ਮਿੱਥ ਅਨੁਸਾਰ ਧਰਤੀ ਨੂੰ ਧੌਲੇ ਬਲਦ ਨੇ ਆਪਣੇ ਸਿੰਗ ਉੱਤੇ ਚੁੱਕਿਆ ਹੋਇਆ ਹੈ। ਲੋਕ ਮਨਾਂ ਵਿਚ ਏਹ ਧਾਰਨਾ ਵੀ ਪ੍ਰਚਲਿਤ ਹੈ ਕਿ ਜਦੋਂ ਬਲਦ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਜਪੁਜੀ ਸਾਹਿਬ ਵਿਚ ਤਰਕ ਦੇਂਦੇ ਹੋਏ ਲਿਖਦੇ ਹਨ, ‘ਧੌਲੁ ਧਰਮੁ ਦਇਆ ਕਾ ਪੂਤੁ ।। ਸੰਤੋਖੁ ਥਾਪਿ ਰਖਿਆ ਜਿਨਿ ਸੂਤ।। ਜੇ ਕੋ ਬੂਝੈ ਹੋਵੈ ਸਚਿਆਰੁ ।। ਧਵਲੈ ਉਪਰਿ ਕੇਤਾ ਭਾਰੁ।।
ਗੁਰੂ ਜੀ ਦਾ ਤਰਕਪੂਰਨ ਭਾਵ ਸਪੱਸ਼ਟ ਹੈ ਕਿ ਧੌਲ, ਧਰਮ, ਦਇਆ ਅਤੇ ਸੰਤੋਖ ਬੈਲ ਦੇ ਪ੍ਰਤੀਕ ਹਨ ਜਿਨ੍ਹਾਂ ਆਸਰੇ ਸ੍ਰਿਸ਼ਟੀ ਕਾਇਮ ਹੈ। ਬਸ ਕੁਦਰਤ ਦੇ ਲਾਡਲੇ ਪੁੱਤਰ ਮਨੁੱਖ ਨੂੰ ਏਹ ਸਮਝਣ ਦੀ ਲੋੜ ਹੈ ਕਿਉਂਕਿ ਕੁਦਰਤ ਨੇ ਖ਼ਾਸ ਕਰਕੇ ਮਨੁੱਖ ਨੂੰ ਵਿਲੱਖਣ ਦਿਮਾਗ਼ ਨਾਲ ਨਿਵਾਜ਼ਿਆ ਹੈ। ਜੇ ਇਹ ਮੰਨ ਵੀ ਲਿਆ ਜਾਵੇ ਕਿ ਕਿਸੇ ਬਲਦ ਵੱਲੋਂ ਏਹ ਧਰਤੀ ਚੁੱਕੀ ਹੋਈ ਹੈ ਤਾਂ ਫਿਰ ਬਲਦ ਕਿਹੜੀ ਧਰਤੀ ਉੱਤੇ ਖਲੋਤਾ ਹੋਇਆ ਹੈ ?
ਗੁਰੂ ਜੀ ਗੁਰਬਾਣੀ ਵਿਚ ਅੱਗੇ ਹੋਰ ਸਪੱਸ਼ਟ ਕਰਦੇ ਲਿਖਦੇ ਹਨ, ‘ਧਰਤੀ ਹੋਰੁ ਪਰੈ ਹੋਰੁ ਹੋਰੁ ।। ਤਿਸੁ ਤੇ ਭਾਰੁ ਤਲੈ ਕਵਣੁ ਜੋਰੁ।। ਪਤਾਲਾ ਪਾਤਾਲ ਲੱਖ ਅਗਾਸਾ ਆਗਾਸ।। ਭਾਵ ਅਨੇਕਾਂ ਅਕਾਸ਼ਾਂ, ਪਾਤਾਲਾਂ ਅਤੇ ਧਰਤੀਆਂ ਦੀ ਗੱਲ ਕਰਦੇ ਆਖਦੇ ਹਨ ਕਿ ਇਸ ਧਰਤੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਰਤੀਆਂ ਹਨ। ਇਸ ਦੀ ਪੁਸ਼ਟੀ ਵਿਗਿਆਨਕ ਖੋਜਾਂ ਵੀ ਅੱਜ ਸਿੱਧ ਕਰ ਰਹੀਆਂ ਨੇ। ਇਕ ਸਮਾਂ ਸੀ ਜਦੋਂ ਧਾਰਮਿਕ ਆਗੂ ਧਰਤੀ ਨੂੰ ਸਥਿਰ ਅਤੇ ਸੂਰਜ ਨੂੰ ਧਰਤੀ ਦੀ ਪਰਿਕਰਮਾ ਕਰ ਰਿਹਾ ਆਖਦੇ ਸਨ। ਇਸ ਦੇ ਬਦਲੇ ਤਰਕ ਦੇਣ ਵਾਲਿਆਂ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ ਪਰ ਵਿਗਿਆਨ ਨੇ ਏਹ ਸਿੱਧ ਕਰ ਦਿੱਤਾ ਹੈ ਕਿ ਕੇਵਲ ਧਰਤੀ ਹੀ ਨਹੀਂ, ਬ੍ਰਹਿਮੰਡ ਵਿਚ ਕੁਝ ਵੀ ਸਥਿਰ ਨਹੀਂ ਹੈ। ਸਭ ਕੁਝ ਬਿਨਾਂ ਰੁਕੇ ਨਿਰੰਤਰ ਕਾਰਜਸ਼ੀਲ ਹੈ।
ਅਧੁਨਿਕ ਡਿਜੀਟਲ ਯੁੱਗ ਵਿਚ ਤਰਕਸ਼ੀਲ ਤਰਕ ਦਿੰਦੇ ਏਹ ਵੀ ਆਖਦੇ ਹਨ ਕਿ ਜੇ ਸਾਖ਼ਸ਼ਾਤ ਦਿਸ ਰਹੀ ਧਰਤੀ ਬਲਦ ਦੇ ਸਿੰਗ ਉੱਤੇ ਟਿਕੀ ਹੋਈ ਹੈ ਤਾਂ ਫਿਰ ਕੀ ! ਦੂਸਰੀਆਂ ਲੱਖਾਂ ਧਰਤੀਆਂ ਵੀ ਬਲਦ ਹੀ ਸਿੰਗਾਂ ਉੱਤੇ ਚੁੱਕੀ ਫਿਰਦੇ ਹੋਣਗੇ ? ਧਾਰਮਿਕ ਕੱਟੜਤਾ ਕੋਲ ਇਸ ਦਾ ਕੋਈ ਜੁਆਬ ਨਹੀਂ ਹੈ।
ਗੁਰੂ ਨਾਨਕ ਦੇਵ ਜੀ ਦੇ ਤਰਕ ਨੇ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਕਹਿ ਕੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਧਰਤੀ ਸਿਰਜਣਾ ਦੀ ਪ੍ਰਤੀਕ ਹੈ। ਗੁਰੂ ਸਾਹਿਬ ਨੇ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਆਖਿਆ ਹੈ। ਵਿਗਿਆਨੀ ਏਹ ਵੀ ਸਿੱਧ ਕਰ ਚੁੱਕੇ ਹਨ ਕਿ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਜੀਵਨ ਸਿਰਫ਼ ਇਸ ਧਰਤੀ ਉੱਤੇ ਹੀ ਹੈ। ਫਿਰ ਵੀ ਮਨੁੱਖੀ ਉਤਸੁਕਤਾ ਤਰੱਕੀ ਦੇ ਨਾਂ ’ਤੇ ਕੁਦਰਤ ਦੇ ਭੇਤ ਜਾਨਣ ਲਈ ਅੱਗੇ ਤੋਂ ਅੱਗੇ ਖੋਜਾਂ ਵਿਚ ਵੀ ਲੱਗੀ ਹੋਈ ਹੈ।
ਇਸ ਧਰਤੀ ਉੱਤੇ ਜ਼ਿੰਦਾ ਰਹਿਣ ਵਾਸਤੇ ਹਰੇਕ ਸਾਧਨ ਉਪਲੱਬਧ ਵੀ ਹਨ। ਧਰਤੀ ਮਾਦਾ ਹੈ, ਪਾਣੀ ਦੀ ਬਹੁਤਾਤ, ਢੁਕਵਾਂ ਤਾਪਮਾਨ ਅਤੇ ਲੋੜੀਂਦੀ ਆਕਸੀਜਨ ਦੇ ਸਹਿਯੋਗ ਨਾਲ ਇਸ ਧਰਤੀ ਉੱਤੇ ਜਾਨਦਾਰ ਨਰ-ਮਦੀਨ ਦੀ ਉਤਪਤੀ ਹੋਈ ਜੋ ਹਰੇਕ ਬਨਸਪਤੀ, ਪਸ਼ੂ-ਪੰਛੀਆਂ ਅਤੇ ਇਨਸਾਨਾਂ ਦੇ ਰੂਪ ਵਿਚ ਹੈ। ਹੌਲੀ-ਹੌਲੀ ਵਿਕਾਸ ਹੋ ਕੇ ਦੁਨੀਆ ਦਾ ਪਸਾਰ ਹੋਇਆ ਤੇ ਸੰਸਾਰ ਦੀ ਸਿਰਜਣਾ ਹੋਈ। ਇਸ ਪਸਾਰ ਵਿਚ ਵੱਡਾ ਯੋਗਦਾਨ ਮਾਦਾ ਦਾ ਹੈ ਜੋ ਪੈਦਾ ਕਰ ਕੇ ਪਾਲ਼ਦੀ ਹੈ। ਮਾਦਾ ਤੋਂ ਭਾਵ ਹੈ ਮਾਤਾ। ਇਸ ਲਈ ਧਰਤੀ ਉੱਤੇ ਵਿਚਰ ਰਹੀ ਮਾਦਾ ਨੂੰ ਧਰਤੀ ਉਪਰਲੀ ਧੌਲੀ ਆਖ ਲਿਆ ਜਾਵੇ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਧੌਲਾ ਬਲਦ ਤਾਂ ਕਾਲਪਨਿਕ ਤੇ ਅਪ੍ਰਤੱਖ ਹੈ ਧਰਤੀ ਉੱਪਰ ਵਿਚਰ ਰਹੀ ਧੌਲੀ ਪ੍ਰਤੱਖ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਔਰਤ ਨੂੰ ਸਤਿਕਾਰ ਦਿੰਦੇ ਹੋਏ ਗੁਰਬਾਣੀ ਵਿਚ ਵਡਿਆਉਂਦੇ ਹੋਏ ਲਿਖਦੇ ਹਨ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਮਾਦਾ ਦੀ ਹੋਂਦ ਤੋਂ ਬਗੈਰ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਮਾਦਾ ਦੀ ਉਦਾਰਤਾ, ਦਯਾ, ਕੋਮਲਤਾ, ਕ੍ਰਿਪਾਲਤਾ, ਗੁਲਸਿਤਾਨ ਵਰਗੀ ਮਹਿਕ, ਨਿਸ਼ਠਾ ਅਤੇ ਸ਼ੀਤਲ ਚਾਨਣੀ ਨਰਾਂ ਵਾਸਤੇ ਕੁਦਰਤ ਵੱਲੋਂ ਬਖ਼ਸ਼ਿਆ ਵਰਦਾਨ ਹੈ।
ਜ਼ਿਆਦਾ ਨਹੀਂ, ਕੋਈ ਛੇ-ਸੱਤ ਦਹਾਕੇ ਹੀ ਪਿੱਛੇ ਝਾਕ ਕੇ ਵੇਖ ਲਿਆ ਜਾਵੇ ਤਾਂ ਸਮਝ ਪੈ ਜਾਵੇਗੀ। ਕਿਵੇਂ ਸਾਡੀਆਂ ਨਾਨੀਆਂ-ਦਾਦੀਆਂ ਸਭ ਤੋਂ ਪਹਿਲਾਂ ਉੱਠ ਕੇ ਰਿੜਕਣਾ ਪਾਉਣ ਤੋਂ ਸ਼ੁਰੂ ਹੋ ਕੇ ਹੱਥ ਚੱਕੀ ਨਾਲ ਟੱਬਰ ਵਾਸਤੇ ਆਟਾ ਪੀਹਣ, ਹਾਲ਼ੀਆਂ ਵਾਸਤੇ ਸ਼ਾਹਵੇਲ਼ਾ, ਬਲਦਾਂ ਵਾਸਤੇ ਦਲ਼, ਦੁਪਹਿਰ ਦੀ ਰੋਟੀ ਅਤੇ ਸਾਰੇ ਦਿਨ ਵਿਚ ਸੂਈ-ਧਾਗੇ ਦੇ ਸਿਊਣ ਪਰੋਣ ਤੋਂ ਲੈ ਕੇ ਹੱਥ ਵੇਲਣੇ ਅਤੇ ਚਰਖੇ ਦੇ ਚਲਾਉਣ ਬਾਅਦ ਸਾਰੇ ਪਰਿਵਾਰ ਲਈ ਰਾਤ ਦੀ ਰੋਟੀ ਦਾ ਆਹਰ ਕਰਨਾ, ਖ਼ੁਦ ਲਈ ਖਾਣ ਨੂੰ ਨਾ ਵੀ ਬਚੇ ਤਾਂ ਵੀ ਸਬਰ ਸੰਤੋਖ ਕਰ ਲੈਣਾ, ਏਹ ਸਭ ਕੁਝ ਧੌਲੀ ਦੇ ਹਿੱਸੇ ਹੀ ਆਉਂਦਾ ਸੀ। ਇਹ ਸਮਾਜਿਕ ਤ੍ਰਾਸਦੀ ਹੈ ਕਿ ਅਧੁਨਿਕਤਾ ਦੇ ਬਾਵਜੂਦ ਔਰਤ (ਧੌਲੀ) ਨੂੰ ਬਣਦਾ ਸਤਿਕਾਰ ਨਹੀਂ ਮਿਲਿਆ ਸਗੋਂ ਉਸ ਨੂੰ ਮਰਦ ਵੱਲੋਂ ਆਪਣੀ ਸ਼ਰੀਕ ਸਮਝ ਕੇ ਠਿੱਬੀ ਲਾਉਣ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੂੰ ਭੋਗਣ ਵਾਲੀ ਵਸਤੂ ਤੋਂ ਵੱਧ ਕੁਝ ਵੀ ਨਹੀਂ ਸਮਝਿਆ ਜਾਂਦਾ। ਏਹ ਵੀ ਵੇਖਣ ਵਿਚ ਆਉਂਦਾ ਹੈ ਕਿ ਮਨੁੱਖ ਤੋਂ ਇਲਾਵਾ ਦੂਸਰੇ ਪ੍ਰਾਣੀਆਂ ਵਿਚ ਵੀ ਆਪਣੀ ਨਸਲ ਨੂੰ ਪਾਲਣ ਵਿਚ ਮਾਦਾ ਦਾ ਯੋਗਦਾਨ ਵੱਧ ਵੇਖਣ ਨੂੰ ਮਿਲਦਾ ਹੈ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੁਝ ਸਲੱਗ ਲੋਕ ਔਰਤ ਨੂੰ ਸਤਿਕਾਰ ਦੇ ਕੇ ਉਸ ਨੂੰ ਉਤਸ਼ਾਹਿਤ ਵੀ ਕਰ ਰਹੇ ਹਨ। ਦੂਸਰਾ ਪੱਖ ਇਹ ਵੀ ਹੈ ਕਿ ਅਕ੍ਰਿਤਘਣਾਂ ਨੇ ਜਦੋਂ ਵੀ ਔਰਤ ਨੂੰ ਵੇਖਿਆ ਹੈ ਆਪਣੇ ਤੋਂ ਘਟਾਅ ਕੇ ਹੀ ਵੇਖਿਆ ਹੈ। ਇਸ ਦੀਆਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਪੁਰਾਤਨ ਕਥਾਵਾਂ ਵਿਚ ਔਰਤ ਨੂੰ ਜੰਗਾਂ ਅਤੇ ਜੂਏ ਦੀਆਂ ਖੇਡਾਂ ਵਿਚ ਜਿੱਤਿਆ ਜਾਂ ਹਾਰਿਆ ਜਾਂਦਾ ਸੀ। ਮਰਦ ਪ੍ਰਧਾਨ ਸਮਾਜ ਦੇ ਬਣਾਏ ਨਿਯਮਾਂ ਅਨੁਸਾਰ ਪਤੀ ਦੀ ਮੌਤ ਤੋਂ ਬਾਅਦ ਸਤੀ ਵਰਗੀ ਰਸਮ ਦਾ ਸ਼ਿਕਾਰ ਹੋ ਕੇ ਔਰਤ ਨੂੰ ਉਸ ਦੇ ਜਿਊਣ ਦੇ ਮੌਲਿਕ ਅਧਿਕਾਰ ਤੋਂ ਵੀ ਵਾਂਝੇ ਹੋਣਾ ਪੈਂਦਾ ਸੀ। ਸਰੀਰਕ ਜਬਰ, ਜ਼ੁਲਮ ਅਤੇ ਤਸ਼ੱਦਦ ਕਿਸੇ ਨਾ ਕਿਸੇ ਰੂਪ ਵਿੱਚ ਵਰਤਮਾਨ ਸਮੇਂ ਵਿਚ ਵੀ ਔਰਤ ਸਹਿ ਰਹੀ ਹੈ। ਸਾਡੇ ਅਖੌਤੀ ਅਗਾਂਹ ਵਧੂ ਲੋਕਾਂ ਵੱਲੋਂ ਨਾਰੀ ਦਾ ਨਾਰੀਤਵ ਖੋਹਣ ਦੀਆਂ ਭਰਪੂਰ, ਸਾਜਿਸ਼ਾਂ ਵਿਉਂਤੀਆਂ ਜਾ ਰਹੀਆਂ ਹਨ। ਧੰਨ ਹੈ ਧਰਤੀ ਉਪਰਲੀ ਧੌਲੀ ਜਿਹੜੀ ਹਰੇਕ ਚੁਣੌਤੀ ਨੂੰ ਟੱਕਰ ਦਿੰਦੀ ਆਈ ਹੈ ਤੇ ਸੂਰਬੀਰਤਾ ਨਾਲ ਲਗਾਤਾਰ ਟੱਕਰ ਦੇ ਵੀ ਰਹੀ ਹੈ। ਜੇ ਸਮਾਜ ਨੂੰ ਬਿਹਤਰ ਬਣਾਉਣਾ ਹੈ ਤਾਂ ਹਮੇਸ਼ਾ ਮਰਦ ਦੀ ਸਹਿਯੋਗੀ ਬਣ ਕੇ ਵਿਚਰਦੀ ਰਹੀ ਤੇ ਅੱਜ ਬਰਾਬਰ ਖਲੋਤੀ ਵਿਖਾਈ ਦੇ ਰਹੀ ਔਰਤ ਦੇ ਸਤਿਕਾਰ ਦੇ ਨਾਲ-ਨਾਲ ਹਰ ਪੱਖ ਤੋਂ ਮਰਦ ਨੂੰ ਉਸ ਦੇ ਬਰਾਬਰ ਦੇ ਸਹਿਯੋਗੀ ਬਣਨਾ ਪਵੇਗਾ।
-ਤਰਸੇਮ ਸਿੰਘ ਭੰਗੂ
94656-56214