ਨਾਟਕ ਕਲਾ ਦੀ ਅਜਿਹੀ ਵਿਧਾ ਹੈ, ਜੋ ਦਰਸ਼ਕ ਦਾ ਮਹਿਜ਼ ਮਨੋਰੰਜਨ ਹੀ ਨਹੀਂ ਕਰਦੀ ਸਗੋਂ ਉਸ ਦੇ ਸਿਰ ਅੰਦਰ ਇਕ ਸੋਚ, ਇਕ ਸਵਾਲ ਜਗਾ ਕੇ ਘਰ ਨੂੰ ਤੋਰਦੀ ਹੈ। ਅਜਿਹੇ ਸਵਾਲ ਬੰਦੇ ਦੀ ਸ਼ਖ਼ਸੀਅਤ ਦੀ ਸਿਰਜਣਾ ਵਿਚ ਦੂਰ-ਅੰਦੇਸ਼ੀ ਪ੍ਰਭਾਵ ਪਾਉਂਦੇ ਹਨ। ਨਾਟਕ ‘ਛੱਲਾ’ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਤਿਆਰ ਕੀਤਾ ਅਜਿਹਾ ਹੀ ਨਾਟਕ ਹੈ, ਜੋ ਇਨ੍ਹੀਂ ਦਿਨੀਂ ਅਦਾਕਾਰ ਡਾ. ਸੋਮਪਾਲ ਹੀਰਾ ਵੱਲੋਂ ਇਕ ਪਾਤਰੀ ਨਾਟਕ ਦੇ ਰੂਪ ਵਿਚ ਵੱਖੋ ਵੱਖਰੇ ਮੰਚਾਂ ਉਪਰ ਖੇਡਿਆ ਜਾ ਰਿਹਾ ਹੈ।

ਨਾਟਕ ਕਲਾ ਦੀ ਅਜਿਹੀ ਵਿਧਾ ਹੈ, ਜੋ ਦਰਸ਼ਕ ਦਾ ਮਹਿਜ਼ ਮਨੋਰੰਜਨ ਹੀ ਨਹੀਂ ਕਰਦੀ ਸਗੋਂ ਉਸ ਦੇ ਸਿਰ ਅੰਦਰ ਇਕ ਸੋਚ, ਇਕ ਸਵਾਲ ਜਗਾ ਕੇ ਘਰ ਨੂੰ ਤੋਰਦੀ ਹੈ। ਅਜਿਹੇ ਸਵਾਲ ਬੰਦੇ ਦੀ ਸ਼ਖ਼ਸੀਅਤ ਦੀ ਸਿਰਜਣਾ ਵਿਚ ਦੂਰ-ਅੰਦੇਸ਼ੀ ਪ੍ਰਭਾਵ ਪਾਉਂਦੇ ਹਨ। ਨਾਟਕ ‘ਛੱਲਾ’ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਤਿਆਰ ਕੀਤਾ ਅਜਿਹਾ ਹੀ ਨਾਟਕ ਹੈ, ਜੋ ਇਨ੍ਹੀਂ ਦਿਨੀਂ ਅਦਾਕਾਰ ਡਾ. ਸੋਮਪਾਲ ਹੀਰਾ ਵੱਲੋਂ ਇਕ ਪਾਤਰੀ ਨਾਟਕ ਦੇ ਰੂਪ ਵਿਚ ਵੱਖੋ ਵੱਖਰੇ ਮੰਚਾਂ ਉਪਰ ਖੇਡਿਆ ਜਾ ਰਿਹਾ ਹੈ। ਪੰਜਾਬ ਦੇ ਸਮਕਾਲੀ ਦੁਖਾਂਤ ‘ਪਰਵਾਸ ਦੇ ਦੁਖਾਂਤ’ ਦੀ ਬਾਤ ਪਾਉਂਦਾ ਹੋਣ ਕਾਰਨ ਇਹ ਨਾਟਕ ਰੰਗਮੰਚ ਦੀ ਦੁਨੀਆ ਵਿਚ ਵਿਸ਼ੇਸ਼ ਥਾਂ ਮੱਲ੍ਹੀ ਬੈਠਾ ਹੈ।
ਮੇਰਾ ਇਸ ਨਾਟਕ ਦਾ ਮੰਚਨ ਦੇਖਣ ਦਾ ਸਬੱਬ 10 ਜਨਵਰੀ 2026 ਨੂੰ ਡਾ. ਸੰਤੋਖ ਸਿੰਘ ਯਾਦਗਾਰੀ ਪੁਸਤਕ ਮੇਲੇ ਮੌਕੇ ਬਣਿਆ। ਸਰਕਾਰੀ ਕਾਲਜ ਮਲੇਰਕੋਟਲਾ ਦੀ ਧਰਤ ’ਤੇ ਸ਼ਾਮ ਦਾ ਸਮਾਂ ਤੇ ਠੰਢੀ ਸੀਤ ਹਵਾ ਦੇ ਬਾਵਜੂਦ ਪੰਡਾਲ ਦਰਸ਼ਕਾਂ ਨਾਲ ਭਰਿਆ ਹੋਇਆ ਹੈ। ਪਰਦਾ ਉੱਠਦਾ ਹੈ ਤਾਂ ਸਟੇਜ ’ਤੇ ਇਕ ਮਸਤ ਫ਼ਕੀਰ ਚੱਪੂ ਨਾਲ ਬੇੜੀ ਠੇਲ੍ਹਦਾ ਹੋਇਆ ਆਪਣੀ ਸੋਜ਼ ਭਰੀ ਆਵਾਜ਼ ਵਿਚ ਗਾ ਰਿਹਾ ਹੁੰਦਾ ਹੈ
ਵਾਂਗ ਜਨੌਰਾਂ ਹੱਥੋਂ ਛੁੱਟਣ, ਸੁਪਨੇ ਤੇ ਪਰਛਾਵੇਂ,
ਪਰ ਕਿੱਥੇ ਜਾ ਪੁੱਜਣੀਆਂ ਨੇ, ਚਿੱਠੀਆਂ ਬਿਨ ਸਿਰਨਾਵੇਂ।
ਉਸ ਦਾ ਅਕਸ ਅੱਖੋਂ ਓਹਲੇ ਹੁੰਦਿਆਂ ਹੀ ਪੰਜਾਬ ਦੇ ਲੋਕ ਗੀਤ ਛੱਲੇ ਦੀ ਧੁਨ ਕੰਨਾਂ ਵਿਚ ਪੈਂਦੀ ਹੈ।
ਛੱਲਾ ਨੌਂ ਨੌਂ ਖੇਵੇ,
ਪੁੱਤਰ ਮਿੱਠੜੇ ਮੇਵੇ,
ਅੱਲ੍ਹਾ ਸਭ ਨੂੰ ਦੇਵੇ,
ਵੇ ਗੱਲ ਸੁਣ ਛੱਲਿਆ..ਝਾਵਾਂ,
ਵੇ ਮਾਵਾਂ ਠੰਢੀਆਂ ਛਾਵਾਂ।
ਉਹ ਫ਼ਕੀਰ ਇਸ ‘ਛੱਲੇ’ ਦੇ ਪਿਛਲਾ ਇਤਿਹਾਸ ਸੁਣਾਉਣ ਲਈ ਫਿਰ ਪਰਤਦਾ ਹੈ ਤੇ ਦੱਸਦਾ ਹੈ ਕਿ ਬਹੁਤ ਸਮਾਂ ਪਹਿਲਾਂ ਹਰੀਕੇ ਪੱਤਣ ’ਤੇ ਜੱਲ੍ਹਾ ਮਲਾਹ ਹੋਇਆ ਕਰਦਾ ਸੀ, ਜੋ ਆਪਣੀ ਬੇੜੀ ਰਾਹੀਂ ਮੁਸਾਫ਼ਰਾਂ ਨੂੰ ਦਰਿਆ ਪਾਰ ਕਰਵਾਉਂਦਾ ਸੀ। ਇਕ ਰਾਤ ਉਸ ਨੂੰ ਬਹੁਤ ਤੇਜ਼ ਬੁਖ਼ਾਰ ਚੜ੍ਹਿਆ ਸੀ ਤੇ ਕਿਸੇ ਸਵਾਰੀ ਦੀ ਅਰਜ਼ ’ਤੇ ਉਸ ਦੇ ਪੁੱਤਰ ਛੱਲੇ ਨੂੰ ਬੇੜੀ ਠੇਲ੍ਹਣੀ ਪੈ ਗਈ ਪਰ ਇਸੇ ਰਾਤ ਇਹ ਦੁਖਾਂਤ ਵਾਪਰ ਗਿਆ ਕਿ ਛੱਲੇ ਦਾ ਵਜੂਦ ਛੱਲਾਂ ਦੇ ਹਵਾਲੇ ਹੋ ਗਿਆ। ਜੱਲ੍ਹਾ ਰੋਜ਼ ਦਰਿਆ ਦੇ ਕੰਢੇ ਬਹਿ ਕੇ ਆਪਣੇ ਪੁੱਤਰ ਦੇ ਵਿਯੋਗ ਵਿਚ ਵੈਣ ਪਾਇਆ ਕਰਦਾ ਸੀ।
ਛੱਲਾ ਮੁੜ ਕੇ ਨ੍ਹੀਂ ਆਇਆ,
ਰੋਣਾ ਉਮਰਾਂ ਦਾ ਪਾਇਆ,
ਹੱਥੋਂ ਲਾਲ ਗਵਾਇਆ,
ਓ ਗੱਲ ਸੁਣ ਛੱਲਿਆ..ਫੀਤਾ,
ਆਹ ਕੀ ਲੋਹੜਾ ਕੀਤਾ।
ਇਨ੍ਹਾਂ ਵੈਣਾਂ ਨੂੰ ਉਸ ਦਾ ਸ਼ਾਗਿਰਦ ਮਨਜ਼ੂਰ ਝੱਲਾ ਸੰਭਾਲਦਾ ਰਿਹਾ ਤੇ ਫਿਰ ਇਕ ਦਿਨ ਜੱਲੇ ਦੀ ਮੌਤ ਹੋ ਗਈ ਤੇ ਇਸ ਤਰ੍ਹਾਂ ਇਹ ਵੈਣ ਗੀਤ ਬਣ ਗਏ। ਪਿਓ-ਪੁੱਤ ਦੀ ਯਾਦ ਵਿਚ ਉੱਥੇ ਇਕ ਜਗ੍ਹਾ ਤਿਆਰ ਕੀਤੀ ਗਈ, ਜਿੱਥੇ ਇਕ ਜੰਡ ਦੇ ਰੁੱਖ ’ਤੇ ਲੋਕ ਛੱਲਿਆਂ ਦਾ ਚੜ੍ਹਾਵਾ ਚੜ੍ਹਾ ਕੇ ਪੁੱਤਰਾਂ ਦੀ ਸੁੱਖ ਮੰਗਣ ਲੱਗੇ। ਇਸ ਤਰ੍ਹਾਂ ਸਮੇਂ ਦਾ ਚੱਕਰ ਗਿੜਦਾ ਰਿਹਾ। ਦਿਨ, ਮਹੀਨੇ, ਸਾਲ ਤੇ ਫਿਰ ਸਦੀ ਹੀ ਪਲਟ ਗਈ। ਹੁਣ ਉਸੇ ਜੰਡ ਦੇ ਰੁੱਖ ’ਤੇ ਲੋਕ ਹਵਾਈ ਜਹਾਜ਼ (ਖਿਡੌਣਾ) ਚੜ੍ਹਾ ਕੇ ਮੁੰਡੇ ਦਾ ਵੀਜ਼ਾ ਲੱਗਣ ਦੀਆਂ ਸੁੱਖਾਂ ਸੁੱਖਣ ਲੱਗੇ।
ਸੂਤਰਧਾਰ ਦੇ ਰੂਪ ਵਿਚ ਇਹ ਫ਼ਕੀਰ ਆਪਣਾ ਦਿਮਾਗੀ ਸੰਤੁਲਨ ਗਵਾ ਬਹਿਣ ਦੇ ਪਿਛੋਕੜ ਬਾਰੇ ਦੱਸਦਾ ਹੈ ਕਿ ਉਸ ਦਾ ਇਹ ਹਾਲ ਸੁਨਹਿਰੇ ਭਵਿੱਖ ਬਾਰੇ ਬਣਾਏ ਹੋਏ ਉਸ ਦੇ ਸੁਪਨੇ ਦੇ ਟੁੱਟ ਜਾਣ ਕਾਰਨ ਹੋਇਆ ਹੈ, ਜੋ ਉਸ ਨੇ ਬਾਰ੍ਹਵੀਂ ਕਰਨ ਤੋਂ ਬਾਅਦ ਲਿਆ ਸੀ। ਉਹ ਕੰਪਿਊਟਰ ਦਾ ਵਿਗਿਆਨੀ ਬਣਨ ਲਈ ਬਾਹਰਲੇ ਦੇਸ਼ ਗਿਆ ਸੀ, ਜਿਸ ਨੂੰ ਉਹ ‘ਉਨ੍ਹਾਂ ਦੇ ਵਿਹੜੇ’ ਆਖ ਕੇ ਸੰਬੋਧਨ ਕਰਦਾ ਹੈ। ਉਸ ਦਾ ਵੀ ਦਿਲ ਕੀਤਾ ਸੀ ਕਿ ਉਹ ਹਵਾਈ ਜਹਾਜ਼ ’ਤੇ ਚੜ੍ਹ ਕੇ ਸੱਤ ਸਮੁੰਦਰੋਂ ਪਾਰ ਜਾ ਕੇ ਕੰਪਿਊਟਰ ਦਾ ਵਿਗਿਆਨੀ ਬਣ ਕੇ ਉਥੋਂ ਡਾਲਰ ਕਮਾ ਕੇ ਲਿਆਵੇ ਤੇ ਆਪਣੇ ਪਿੰਡ ਆ ਕੇ ਤਿੰਨ ਮੰਜ਼ਿਲੀ ਕੋਠੀ ਪਾਵੇ, ਜਿਸ ਉੱਪਰ ਜਹਾਜ਼ ਵਾਲੀ ਟੈਂਕੀ ਬਣਾਵੇ ਪਰ ਉਸਦੇ ਸੁਪਨੇ ਦੀ ਉਸ ਨੂੰ ਅਜਿਹੀ ਮਾਰ ਪਈ ਕਿ ਅੱਜ ਜਹਾਜ਼ ਦੀ ਆਵਾਜ਼ ਸੁਣਦਿਆਂ ਹੀ ਉਸ ਦਾ ਤ੍ਰਾਹ ਨਿਕਲ ਜਾਂਦਾ ਹੈ ਤੇ ਉਹ ਡਰ ਕੇ ਕੰਧਾਂ ਕੌਲਿਆਂ ਵਿਚ ਵੱਜਦਾ ਫਿਰਦਾ ਹੈ। ਉਹ ਦੱਸਦਾ ਹੈ ਕਿ ਇਹ ਮਾਰ ਉਸ ਨੂੰ ਇਕੱਲੇ ਨੂੰ ਨਹੀਂ ਪਈ। ਉਸ ਦੇ ਸੀਨੇ ਵਿਚ ਉਨ੍ਹਾਂ ਪੰਜਾਂ ‘ਛੱਲਿਆਂ’ ਦੀ ਕਹਾਣੀ ਦਫ਼ਨ ਹੈ, ਜੋ ਸ਼ੌਕ ਨਾਲ ਨਹੀਂ ਸਗੋਂ ਮਜਬੂਰੀਆਂ ਦੀ ਪੰਡ ਹੇਠ ਇੱਕੋ ਜਹਾਜ਼ ’ਤੇ ਚੜ੍ਹੇ ਤੇ ਸੱਤ ਸਮੁੰਦਰੋਂ ਪਾਰ ਜਾ ਉਤਰੇ ਸਨ। ਜਿਓਣਾ, ਜੱਗਾ, ਹਾਕਮ, ਦੁੱਲਾ ਤੇ ਪ੍ਰੋਫੈਸਰ ਛੱਲਾ। ਇਨ੍ਹਾਂ ਵਿਚ ਵੀ ਕੇਂਦਰੀ ਪਾਤਰ ਹੈ ਪ੍ਰੋ. ਛੱਲਾ, ਜੋ ‘ਉਨ੍ਹਾਂ ਦੇ ਵਿਹੜੇ’ ਵਿੱਚੋਂ ਬਚ ਕੇ ਆਉਣ ’ਚ ਕਾਮਯਾਬ ਰਿਹਾ। ਉਹ ਸੂਤਰਧਾਰ ਵਜੋਂ ਪ੍ਰੋ. ਛੱਲਾ ਨੂੰ ਹੱਡ ਬੀਤੀ ਸੁਣਾਉਣ ਲਈ ਦਰਸ਼ਕਾਂ ਦੇ ਰੂਬਰੂ ਕਰਦਾ ਹੈ।
ਓ ਛੱਲਾ ਅਜਬ ਕਹਾਣੀ,
ਓ ਐਨੀ ਉਲਝੀ ਤਾਣੀ,
ਮੈਥੋਂ ਦੱਸੀ ਨਾ ਜਾਣੀ,
ਓ ਗੱਲ ਸੁਣ ਛੱਲਿਆ.. ਆ ਕੇ,
ਆਜਾ ਦੱਸਦੇ ਆਪੇ।
ਇਸ ਤੋਂ ਅਗਲੇ 45 ਮਿੰਟ ਪ੍ਰੋ. ਛੱਲਾ ਉਸ ਦਰਦ ਭਰੀ ਗਾਥਾ ਨੂੰ ਆਪਣੀ ਆਵਾਜ਼ ਦਿੰਦਾ ਹੈ, ਜੋ ਲੇਖਕ ਕੁਲਦੀਪ ਸਿੰਘ ਦੀਪ ਦੁਆਰਾ 2014 ਵਿਚ ਵਾਪਰੀ ਬਹੁ-ਚਰਚਿਤ ਘਟਨਾ ਦੇ ਹਵਾਲੇ ਨਾਲ ਲਿਖੀ ਗਈ ਹੈ। ਇਹ ਕਹਾਣੀ 40 ਭਾਰਤੀ ਨੌਜਵਾਨਾਂ ਦੀ ਹੱਡ ਬੀਤੀ ਹੈ, ਜਿਨ੍ਹਾਂ ਨੂੰ ਏਜੰਟਾਂ ਵੱਲੋਂ ਅਮਰੀਕਾ ਪਹੁੰਚਾਉਣ ਦਾ ਝਾਂਸਾ ਦੇ ਕੇ ਇਰਾਕ ਦੀ ਧਰਤੀ ’ਤੇ ਉਤਾਰਿਆ ਗਿਆ ਤੇ ਉਨ੍ਹਾਂ ਕੋਲੋਂ ਬੰਧੂਆਂ ਮਜ਼ਦੂਰਾਂ ਵਾਂਗ ਅਣਮਨੁੱਖੀ ਕੰਮ ਲਏ ਗਏ।
ਪੰਜਾਬ ਦੀ ਖ਼ੁਸ਼ਹਾਲੀ ਨੂੰ ਖਾ ਰਿਹਾ ਪਰਵਾਸ ਦਾ ਘੁਣ
ਪਰਵਾਸ ਦਾ ਘੁਣ ਪੰਜਾਬ ਦੀ ਧਰਤੀ ਦੀ ਖ਼ੁਸ਼ਹਾਲੀ ਨੂੰ ਖਾ ਰਿਹਾ ਹੈ। ਵੈਸੇ ਤਾਂ ਇਹ ਦੁਨੀਆ ਦਾ ਸਹਿਜ ਵਰਤਾਰਾ ਹੈ। ਸਦੀਆਂ ਤੋਂ ਮਨੁੱਖ ਰੋਜ਼ੀ ਰੋਟੀ ਦੀ ਭਾਲ ਤੇ ਬਿਹਤਰ ਜ਼ਿੰਦਗੀ ਲਈ ਪਰਵਾਸ ਦੇ ਰਾਹ ਤੁਰਿਆ ਹੋਇਆ ਹੈ ਪ੍ਰੰਤੂ ਇੱਕਵੀਂ ਸਦੀ ਵਿਚ ਪੈਰ ਧਰਦਿਆਂ ਹੀ ਇਹ ਦਰ ਇੰਨੀ ਤੇਜ਼ੀ ਨਾਲ ਵਧੀ ਹੈ ਕਿ ਇਹ ਵਰਤਾਰਾ ਸਹਿਜ ਤੋਂ ਅਸਹਿਜ ਹੋ ਗਿਆ। ਇਸ ਨਾਟਕ ਦੇ ਪਾਤਰ ਪ੍ਰੋ. ਛੱਲਾ ਵਾਂਗ ਅੱਜ ਦਾ ਨੌਜਵਾਨ ਇਥੋਂ ਦੀ ਵਿਵਸਥਾ ਤੋਂ ਬਾਗੀ ਹੋ ਕੇ ਪ੍ਰਦੇਸ ਦੇ ਰਾਹ ਪੈ ਰਿਹਾ ਹੈ। ਉਸ ਦੇ ਕਹਿਣ ਅਨੁਸਾਰ, ‘ਹਿੰਦੋਸਤਾਨ ’ਚ ਹੁਣ ਮਰਨ ਦੀ ਜੌਬ ਹੀ ਪਰਮਾਨੈਂਟ ਹੈ, ਬਾਕੀ ਹਰ ਥਾਂ ਕੰਟਰੈਕਟ ਹੀ ਕੰਟਰੈਕਟ ਹੈ। ਮਤਲਬ ਕੱਚੇ ਕੱਚੇ ਮੁੰਡਿਆਂ ਦੀ ਫੌਜ ਵਿਚ ਪੱਕੀ ਭਰਤੀ ਕਰ ਕੇ ਮਰਨ ਲਈ ਭੇਜ ਦਿੱਤਾ ਜਾਂਦਾ ਹੈ ਤੇ ਪੱਕੇ ਬੰਦਿਆਂ ਨੂੰ ਕੱਚੀਆਂ ਨੌਕਰੀਆਂ ਦੇ ਕੇ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਹੈ ਨਾ ਦੋਵੇਂ ਪਾਸੇ ਮੌਤ।’ ਪ੍ਰੋ. ਛੱਲਾ ਪ੍ਰਾਈਵੇਟ ਕਾਲਜ ਵਿਚ ਲੈਕਚਰਾਰ ਹੈ, ਜਿੱਥੇ 21500 ਰੁਪਏ ’ਤੇ ਸਾਈਨ ਕਰਵਾ ਕੇ ਮਸੀਂ 10000 ਤਨਖਾਹ ਦਿੰਦੇ ਹਨ। ਮਾਂ ਦੀ ਕੈਂਸਰ ਦੀ ਬਿਮਾਰੀ ਦੇ ਖ਼ਰਚੇ ਕਾਰਨ ਘਰ ਕਰਜ਼ੇ ’ਚ ਡੁੱਬਿਆ ਹੋਇਆ ਹੈ, ਉਸ ਦੀ ਚੰਨੀ ਦੇ ਸਾਰੇ ਚਾਅ ਅਧੂਰੇ ਹਨ। ਉਹ ਇਹ ਸੋਚ ਕੇ ਜ਼ਿੰਦਗੀ ਦਾ ਜੂਆ ਖੇਡਣ ਪ੍ਰਦੇਸ ਨੂੰ ਤੁਰ ਜਾਂਦਾ ਹੈ ਕਿ ਜੇ ਜਿੱਤ ਗਏ ਤਾਂ ਪੌਂ ਬਾਰ੍ਹਾਂ, ਨਹੀਂ ਹਾਰੇ ਤਾਂ ਇੱਥੇ ਵੀ ਹਾਂ। ਇਹ ਸਾਡੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਦੀ ਤ੍ਰਾਸਦੀ ਹੈ ਕਿ ਉਨ੍ਹਾਂ ਦੀ ਯੋਗਤਾ ਅਨੁਸਾਰ ਇੱਥੇ ਉਹਨਾਂ ਨੂੰ ਕੰਮ ਨਹੀਂ ਮਿਲਦਾ।
ਕਲਾਕਾਰ ਦਾ ਖ਼ੁਦ ਸੰਵੇਦਨਸ਼ੀਲ ਹੋਣਾ ਲਾਜ਼ਮੀ
ਕਲਾਕਾਰਾਂ ਵੱਲੋਂ ਸਮੇਂ-ਸਮੇਂ ਸਿਰ ਸਿਨਮੇ, ਗੀਤਾਂ, ਨਾਵਲਾਂ ਤੇ ਨਾਟਕਾਂ ਰਾਹੀਂ ਪਰਵਾਸ ਸਬੰਧੀ ਦੁਹਾਈ ਪਾਈ ਜਾਂਦੀ ਰਹੀ ਹੈ। ਸੋਮਪਾਲ ਹੀਰਾ ਦੀ ਖ਼ਾਸੀਅਤ ਹੈ ਕਿ ਉਹ ਬਹੁ-ਪਾਤਰੀ ਨਾਟਕ ਨੂੰ ਇਕ ਪਾਤਰੀ ਬਣਾਉਂਦੇ ਸਮੇਂ ਨਾਟਕ ’ਚ ਵਰਤੀਆਂ ਜਾਣ ਵਾਲੀਆਂ ਜੁਗਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰਦਾ। ਸੰਗੀਤ, ਪਹਿਰਾਵਾ, ਰੌਸ਼ਨੀ, ਅਲੰਕਾਰ ਸਭ ਇਕ-ਦੂਜੇ ਦੇ ਪੂਰਕ ਹੋ ਨਿੱਬੜਦੇ ਹਨ। ਏਨੇ ਲੰਬੇ ਸੰਵਾਦ ਨੂੰ ਇਸ ਅੰਦਾਜ਼ ਨਾਲ ਬੋਲਣਾ ਕਿ ਉਹ ਸਾਹਮਣੇ ਬੈਠੇ ਦਰਸ਼ਕ ਦੇ ਧੁਰ ਅੰਦਰ ਤਕ ਲਹਿ ਜਾਵੇ, ਕਲਾਕਾਰ ਦੇ ਅਭਿਆਸ ਦੀ ਗਵਾਹੀ ਭਰਦਾ ਹੈ। ਦਰਸ਼ਕ ਜੋ ਨਾਟਕ ਦੇ ਸ਼ੁਰੂ ਵਿੱਚ ਅਦਾਕਾਰ ਤੋਂ ਦੂਰੀ ’ਤੇ ਬੈਠਾ ਹੁੰਦਾ ਹੈ, ਉਸ ਦੇ ਨਾਟਕ ਦੀ ਸਮਾਪਤੀ ਤੋਂ ਬਾਅਦ ਭਰੀਆਂ ਅੱਖਾਂ ਤੇ ਜ਼ੋਰਦਾਰ ਤਾੜੀਆਂ ਨਾਲ ਉਸ ਦੇ ਨੇੜੇ ਜਾਣ ਲਈ ਅਹੁਲਦਾ ਹੈ। ਦਰਸ਼ਕ ਦੀ ਅੱਖ ਵਿਚ ਪਾਣੀ ਲਿਆਉਣ ਲਈ ਕਲਾਕਾਰ ਦਾ ਖ਼ੁਦ ਸੰਵੇਦਨਸ਼ੀਲ ਹੋਣਾ ਲਾਜ਼ਮੀ ਹੁੰਦਾ ਹੈ। ਇਸ ਨਾਟਕ ਵਿਚ ਸੰਵੇਦਨਾ ਭਰਨ ਲਈ ਪਹਿਲਾਂ ਕੁਲਦੀਪ ਸਿੰਘ ਦੀਪ (ਲੇਖਕ) ਤੇ ਫਿਰ ਸੋਮਪਾਲ ਹੀਰਾ (ਅਦਾਕਾਰ) ਨੇ ਕੋਈ ਕਸਰ ਨਹੀਂ ਛੱਡੀ। ਕਲਾ ਉਹੀ ਪਰਵਾਨ ਹੁੰਦੀ ਹੈ, ਜਿਸ ਕੋਲ ਸਮਾਜ ਨੂੰ ਦੇਣ ਲਈ ਕੋਈ ਸਾਰਥਿਕ ਸੁਨੇਹਾ ਹੋਵੇ।
ਇਹ ਨਾਟਕ ਵੀ ਸਾਨੂੰ ਇਹੀ ਸੁਨੇਹਾ ਦਿੰਦਾ ਹੈ ਕਿ ਪੰਜਾਬ ਦੀ ਧਰਤੀ ਬੰਜਰ ਨਹੀਂ ਏ, ਇਹ ਧਰਤੀ ਜਰਖੇਜ਼ ਹੈ। ਇਥੇ ਬਾਬੇ ਨਾਨਕ ਨੇ ਹਲ ਚਲਾਇਆ ਸੀ, ਕੁਝ ਬੀਜ ਕੇ ਤਾਂ ਵੇਖੋ, ਇਹ ਬੰਜਰ ਨਹੀਂ, ਜਰਖ਼ੇਜ਼ ਹੈ।
ਛੱਲਿਓ! ਇੰਝ ਨਹੀਂ ਢਹਿਣਾ,
ਏਦਾਂ ਕਦ ਤੱਕ ਬਹਿਣਾ,
ਓਏ ਆਖ਼ਰ ਉੱਠਣਾ ਪੈਣਾ,
ਗੱਲ ਸੁਣ ਛੱਲਿਆ ਹੱਸ ਪੈ,
ਤੇਗ ਦੀ ਧਾਰ ’ਤੇ ਨੱਚ ਪੈ।
- ਡਾ. ਮਨਦੀਪ ਕੌਰ ਰਾਏ