ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਤੇ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਵੱਲੋਂ ਸੰਪਾਦਿਤ ਹੱਥਲੀ ਕਾਵਿ-ਪੁਸਤਕ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ-ਧਰੋਹਰ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਯਤਨ ਹੈ। ਪੁਸਤਕ ’ਚ ਸ਼ਿਵ ਕੁਮਾਰ ਬਟਾਲਵੀ ਦੀਆਂ ਮੁੱਖ ਕਾਵਿ-ਪੁਸਤਕਾਂ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਤੂੰ ਸੁਲਤਾਨ ਅਤੇ ਮੈਂ ਤੇ ਮੈਂ ਵਿੱਚੋਂ ਚੁਣੀਆਂ ਕਵਿਤਾਵਾਂ ਦਾ ਸੰਵੇਦਨਸ਼ੀਲ ਸੰਪਾਦਨ ਕੀਤਾ ਗਿਆ ਹੈ।

ਪੁਸਤਕ - ਅੱਗ ਦਾ ਸਫ਼ਰ
ਲੇਖਕ : (ਸ਼ਿਵ ਕੁਮਾਰ ਬਟਾਲਵੀ)
ਸੰਪਾਦਕ : ਗੁਲਜ਼ਾਰ ਸਿੰਘ ਸੰਧੂ
ਮੁੱਲ : 350 ਰੁਪਏ, ਸਫ਼ੇ : 167
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਤੇ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਵੱਲੋਂ ਸੰਪਾਦਿਤ ਹੱਥਲੀ ਕਾਵਿ-ਪੁਸਤਕ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ-ਧਰੋਹਰ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਯਤਨ ਹੈ। ਪੁਸਤਕ ’ਚ ਸ਼ਿਵ ਕੁਮਾਰ ਬਟਾਲਵੀ ਦੀਆਂ ਮੁੱਖ ਕਾਵਿ-ਪੁਸਤਕਾਂ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਤੂੰ ਸੁਲਤਾਨ ਅਤੇ ਮੈਂ ਤੇ ਮੈਂ ਵਿੱਚੋਂ ਚੁਣੀਆਂ ਕਵਿਤਾਵਾਂ ਦਾ ਸੰਵੇਦਨਸ਼ੀਲ ਸੰਪਾਦਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਸਤਕ ਦੇ ਅੰਤ ’ਚ ਸ਼ਿਵ ਦਾ ਅਮਰ ਕਾਵਿ-ਨਾਟਕ ‘ਲੂਣਾ’ ਸ਼ਾਮਿਲ ਕਰ ਕੇ ਇਸ ਰਚਨਾ ਨੂੰ ਹੋਰ ਵੀ ਸਮ੍ਰਿਧ ਬਣਾਇਆ ਗਿਆ ਹੈ। ਇਸ ਸੰਪਾਦਨ ਦੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਕਵਿਤਾਵਾਂ ਦੀ ਚੋਣ ਨਹੀਂ ਸਗੋਂ ਸ਼ਿਵ ਦੇ ਰਚਨਾਤਮਿਕ ਸੰਸਾਰ ਨੂੰ ਸਮਝਣ ਦੀ ਸੁਚਿੰਤਿਤ ਕੋਸ਼ਿਸ਼ ਹੈ। ਕਵੀ ਦੇ ਗੀਤਾਂ ਵਿਚ ਬਿਰਹਾ ਦੀ ਅੱਗ, ਮਨੁੱਖੀ ਸੰਵੇਦਨਾਵਾਂ ਅਤੇ ਅੰਦਰੂਨੀ ਮਨੋਵਿਗਿਆਨਕ ਹਾਲਤਾਂ ਦਾ ਬੜੀ ਨਫ਼ਾਸਤ ਨਾਲ ਪ੍ਰਗਟਾਵਾ ਕੀਤਾ ਗਿਆ ਹੈ। ਬਟਾਲਵੀ ਦੀ ਕਵਿਤਾ ਵਿਚ ਕਾਮੁਕਤਾ ਜਾਂ ਪ੍ਰੇਮਿਕ ਭਾਵਨਾ ਹੋਣ ਦੇ ਬਾਵਜੂਦ ਕਿਤੇ ਵੀ ਅਸ਼ਲੀਲਤਾ ਨਹੀਂ ਆਉਂਦੀ। ਸ਼ਬਦ ਅਕਸਰ ਢਕੇ ਰਹਿੰਦੇ ਹਨ ਪਰ ਅਰਥ ਨੰਗੇ ਹੋ ਕੇ ਮਨੁੱਖੀ ਭਾਵਨਾਵਾਂ ਦੀ ਗਹਿਰਾਈ ਨੂੰ ਪ੍ਰਗਟ ਕਰਦੇ ਹਨ, ਇਹੀ ਉਸ ਦੀ ਕਲਾਤਮਿਕਤਾ ਦਾ ਮੂਲ ਹੈ। ਕਵਿਤਾਵਾਂ ਦੀ ਬਣਤਰ ਵਿਚ ਬਿਰਤਾਂਤਕ ਤੱਤ ਵੀ ਮੌਜੂਦ ਹਨ, ਜਿਸ ਕਾਰਨ ਗੀਤਾਂ ਵਿਚ ਲਗਾਤਾਰ ਕਥਾ-ਵਹਾਅ ਮਹਿਸੂਸ ਹੁੰਦਾ ਹੈ। ਪੰਜਾਬੀ ਲੋਕ ਸੱਭਿਆਚਾਰ, ਰਸਮਾਂ-ਰਿਵਾਜਾਂ ਅਤੇ ਪ੍ਰਕਿਰਤਿਕ ਦ੍ਰਿਸ਼ਾਂ ਤੋਂ ਲਏ ਬਿੰਬ ਅਤੇ ਅਲੰਕਾਰ ਕਵਿਤਾਵਾਂ ਨੂੰ ਹੋਰ ਜੀਵੰਤ ਬਣਾਉਂਦੇ ਹਨ। ਅੱਗ, ਸੁਨਾਪਾ, ਮਹਿਕ, ਚੁੰਮਣ ਅਤੇ ਤੀਰਥ ਵਰਗੇ ਬਿੰਬਾਂ ਰਾਹੀਂ ਕਵੀ ਮਨੁੱਖੀ ਭਾਵਨਾਵਾਂ ਨੂੰ ਰੂਪਕਾਤਮਿਕ ਢੰਗ ਨਾਲ ਉਭਾਰਦਾ ਹੈ। ਕਈ ਗੀਤਾਂ ਵਿਚ ਕਾਵਿ-ਨਾਇਕਾਂ ਦੀ ਆਵਾਜ਼ ਰਾਹੀਂ ਹਿਰਦੇ ਨੂੰ ਛੂਹਣ ਵਾਲੀ ਸੰਵੇਦਨਾ ਉੱਭਰਦੀ ਹੈ। ਪੁਸਤਕ ਦਾ ਸਭ ਤੋਂ ਮਹੱਤਵਪੂਰਨ ਅੰਗ ‘ਲੂਣਾ’ ਹੈ, ਜੋ ਪੰਜਾਬੀ ਸਾਹਿਤ ਦਾ ਅਮਰ ਰਚਨਾਤਮਿਕ ਉਪਲੱਬਧੀ ਮੰਨੀ ਜਾਂਦੀ ਹੈ। ਇਹ ਰਚਨਾ ਪ੍ਰੰਪਰਾਗਤ ਪੂਰਨ ਭਗਤ ਦੇ ਕਥਾ-ਸੰਦਰਭ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਪੇਸ਼ ਕਰਦੀ ਹੈ। ਇਸ ਵਿਚ ਲੂਣਾ ਦੇ ਮਨੋਵਿਗਿਆਨਕ ਸੰਘਰਸ਼ ਤੇ ਸਮਾਜਿਕ ਸਥਿਤੀਆਂ ਨੂੰ ਕੇਂਦਰ ਬਣਾਇਆ ਗਿਆ ਹੈ। ਇਸ ਲਈ ਇਹ ਸਿਰਫ਼ ਨਾਟ-ਕਾਵਿ ਨਹੀਂ ਸਗੋਂ ਬਿਰਤਾਂਤਕ ਕਾਵਿ ਵਜੋਂ ਵੀ ਸਮਝਿਆ ਜਾ ਸਕਦਾ ਹੈ। ਸ਼ਿਵ ਦਾ ਜੀਵਨ ਭਾਵੇਂ ਛੋਟਾ ਰਿਹਾ ਪਰ ਉਸ ਦੀ ਕਵਿਤਾ ਅਮਰ ਹੋ ਗਈ। ਗੁਲਜ਼ਾਰ ਸਿੰਘ ਸੰਧੂ ਵੱਲੋਂ ਕੀਤਾ ਇਹ ਸੰਪਾਦਨ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ-ਧਰੋਹਰ ਨੂੰ ਨਵੇਂ ਸੰਦਰਭ ਵਿਚ ਪੜ੍ਹਨ ਅਤੇ ਸਮਝਣ ਲਈ ਬੇਹੱਦ ਮਹੱਤਵਪੂਰਨ ਅਤੇ ਕੀਮਤੀ ਯੋਗਦਾਨ ਹੈ।
- ਸਰਬਜੀਤ ਦਰਦੀ