ਪੁਸਤਕ ‘ਸ੍ਰੀ ਗੁਰੂ ਸੋਭਾ’ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ ਨੇ ਛੰਦ-ਬੱਧ ਕਾਵਿ ਰੂਪ ਵਿਚ ਗੁਰੂ ਸਾਹਿਬ ਦੇ ਜੀਵਨ, ਜੀਵਨ ਕਾਲ ’ਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੀ ਜਾਣਕਾਰੀ ਦਰਜ ਕਰਨ ਦੇ ਨਾਲ-ਨਾਲ ਪਹਿਲੇ ਗੁਰੂ ਸਾਹਿਬਾਨਾਂ ਬਾਰੇ ਅਤੇ ਖ਼ਾਲਸਾ ਸਾਜਨਾ ਬਾਰੇ ਵੀ ਜਾਣਕਾਰੀ ਸ਼ਾਮਿਲ ਕੀਤੀ ਹੈ।

ਪੁਸਤਕ ‘ਸ੍ਰੀ ਗੁਰੂ ਸੋਭਾ’ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ ਨੇ ਛੰਦ-ਬੱਧ ਕਾਵਿ ਰੂਪ ਵਿਚ ਗੁਰੂ ਸਾਹਿਬ ਦੇ ਜੀਵਨ, ਜੀਵਨ ਕਾਲ ’ਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੀ ਜਾਣਕਾਰੀ ਦਰਜ ਕਰਨ ਦੇ ਨਾਲ-ਨਾਲ ਪਹਿਲੇ ਗੁਰੂ ਸਾਹਿਬਾਨਾਂ ਬਾਰੇ ਅਤੇ ਖ਼ਾਲਸਾ ਸਾਜਨਾ ਬਾਰੇ ਵੀ ਜਾਣਕਾਰੀ ਸ਼ਾਮਿਲ ਕੀਤੀ ਹੈ। ਕਵੀ ਸੈਨਾਪਤਿ ਨੇ ਆਪਣੀ ਇਸ ਕ੍ਰਿਤ ਵਿਚ 19 ਪ੍ਰਕਾਰ ਦੇ ਛੰਦਾਂ ’ਚ ਸਾਰੀਆਂ ਘਟਨਾਵਾਂ ਦਾ ਵੇਰਵਾ ਕ੍ਰਮ ਅਨੁਸਾਰ ਦਰਜ ਕੀਤਾ ਹੈ। ਇਸ ਮੂਲ ਕ੍ਰਿਤ ਵਿਚ ਕੁੱਲ 20 ਅਧਿਆਇ ਹਨ। ਵਿਆਖਿਆਕਾਰਾਂ ਨੇ ਮੂਲ ਕ੍ਰਿਤ ਦੇ ਕ੍ਰਮ ਅਨੁਸਾਰ ਹੀ ਸਰਲ ਸ਼ਬਦਾਂ ਵਿਚ ਵਿਆਖਿਆ ਕੀਤੀ ਹੈ। ਵਿ ਪਹਿਲੇ ਧਿਆਉ ਅਰਥਾਤ ਪਹਿਲੇ ਅਧਿਆਇ ‘ਪੰਥ ਪ੍ਰਗਾਸ ਬਰਨਨੰ’ ਵਿਚ ਦਸ ਗੁਰੂ ਸਹਿਬਾਨਾਂ ਬਾਰੇ ਕਾਵਿ ਰੂਪ ਵਿਚ ਜਾਣਕਾਰੀ ਦਰਜ ਕਰਨ ਦੇ ਨਾਲ-ਨਾਲ ਖ਼ਾਲਸਾ ਸਾਜਨਾ ਦੀ ਜ਼ਰੂਰਤ ਬਾਰੇ ਜਾਣਕਾਰੀ ਸ਼ਾਮਿਲ ਕੀਤੀ ਹੈ। ਧਿਆਊ ਦੂਸਰਾ ਅਰਥਾਤ ਦੂਜੇ ਅਧਿਆਇ ‘ਤੇਗ ਪ੍ਰਗਾਸ’ ਵਿਚ ਭੰਗਾਣੀ ਦੇ ਯੁੱਧ ਦਾ ਵਰਣਨ ਹੈ। ਸੈਨਾਪਤਿ ਦੋਹਰਾ ਛੰਦ ਵਿਚ ਲਿਖਦੇ ਹਨ, ਜੋ ਚਲਿਤ੍ਰ ਪ੍ਰਭ ਪੁਰਖ ਕੇ ਤਾ ਕੋ ਕਿਰਤ ਬਿਚਾਰ। ਜਥਾ ਸਕਤਿ ਉਪਮਾ ਕਹਤ ਮਨ ਅੰਤਰਿ ਉਰਧਾਰਿ।। ਵਿਆਖਿਆਕਾਰਾਂ ਨੇ ਵਿਆਖਿਆਂ ਕਰਦਿਆਂ ਸਮਝਾਇਆ ਹੈ ਕਿ ਸੈਨਾਪਤਿ ਕਹਿੰਦਾ ਹੈ ਕਿ ਜੋ ਕਾਰਨਾਮੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ, ਮੈਂ ਹੁਣ ਉਨ੍ਹਾਂ ਦਾ ਵਰਣਨ ਕਰਦਾ ਹਾਂ। ਮੈਂ ਮਨ ਵਿਚ ਧਾਰੀ ਹੈ ਕਿ ਜਿੰਨੀ ਕੁ ਵੀ ਮੇਰੀ ਸਮਝ ਬੁੱਧ ਦੀ ਸ਼ਕਤੀ ਹੈ, ਉਸ ਅਨੁਸਾਰ ਉਨ੍ਹਾਂ ਦੀ ਉਪਮਾ ਕਰਾਂਗਾ। ਧਿਆਉ ਤੀਸਰਾ ‘ਰਾਜਨ ਹੇਤ ਸੰਗ੍ਰਾਮ’ ’ਚ ਲੇਖਕ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਜਿਆਂ ਦੀ ਖ਼ਾਤਿਰ ਲੜੇ ਨਾਦੌਣ ਦੇ ਯੁੱਧ ਦਾ ਵਰਣਨ ਕੀਤਾ ਹੈ। ਦੋਹਰਾ ਛੰਦ ਨਾਲ ਸ਼ੁਰੂਆਤ ਕਰਦਿਆਂ ਸੈਨਾਪਤਿ ਲਿਖਦਾ ਹੈ। ‘ਰਾਜਨ ਕੇ ਹਿਤ ਕਾਰਨੇ, ਕੀਓ ਜੁੱਧ ਇਮ ਜਾਨ। ਕਥਾ ਜੁੱਧ ਨਦਵਣ ਕੋ, ਬਰਨਤ ਤਾਹਿ ਬਿਆਨ।’ ਵਿਆਖਿਆਕਾਰਾਂ ਨੇ ਇਸ ਦੀ ਕਾਵਿ ਕ੍ਰਿਤ ਦੀ ਸਰਲ ਵਿਆਖਿਆ ਕਰਦਿਆਂ ਲਿਖਿਆ ਹੈ। ‘ਰਾਜਿਆਂ ਦਾ ਭਲਾ ਕਰਨ ਲਈ ਗੁਰੂ ਜੀ ਨੇ ਇਹ ਯੁੱਧ ਕੀਤਾ। ਮੈਂ ਹੁਣ ਨਾਦੌਣ ਦੇ ਯੁੱਧ ਦਾ ਵਰਣਨ ਕਰਨ ਲੱਗਾ ਹਾਂ।’ ਚੌਥੇ ਅਧਿਆਇ (ਧਿਆਉ ਚੌਥਾ) ਖ਼ਾਨਜ਼ਾਦੇ ਅਤੇ ਹੁਸੈਨੀ ਨਾਲ ਜੁੱਧ ਵਿਚ ਦਿਲਾਵਰ ਖ਼ਾਨ ਦੇ ਪੁੱਤਰ ਰੁਸਤਮ ਖ਼ਾਨ ਨਾਲ ਹੋਏ ਯੁੱਧ ਦਾ ਵਰਣਨ ਕੀਤਾ ਗਿਆ ਹੈ। ਇਸ ਅਧਿਆਇ ਦੀ ਸ਼ੁਰੂਆਤ ਵੀ ਦੋਹਰਾ ਛੰਦ ਨਾਲ ਕਰਦਿਆਂ ਸੈਨਾਪਤਿ ਲਿਖਦਾ ਹੈ; ‘ਕੇਤਕ ਦਿਨ, ਕੇਤਕ ਬਰਸ, ਇਹ ਬਿਧਿ ਗਏ ਬਿਹਿਾਇ। ਜੋ ਪ੍ਰਭੂ ਸੋ ਚੋਰਤ ਕਛੂ, ਤਿਨ ਤਿਨ ਮਾਰਿਓ ਘਾਇ।। ਖ਼ਾਨ ਦਿਲਾਵਰ ਆਇ ਕੈ, ਸੁਤਿ ਸੰਗ ਫਉਜ ਬਨਾਇ।।
ਅਧਿਆਇ ਪੰਜਵਾਂ (ਧਿਆਉ ਪੰਜਵਾਂ) ‘ਬਚਨ ਪ੍ਰਗਾਸ’ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਰਹਿੰਦਿਆਂ ਕੀਤੇ ਵਚਨਾਂ ਦਾ ਵਰਣਨ ਕੀਤਾ ਗਿਆ ਹੈ। ਇਸ ਅਧਿਆਇ ਵਿਚ ਗੁਰੂ ਸਾਹਿਬ ਵੱਲ ਮਸੰਦ ਪ੍ਰਥਾ ਦੀ ਸਮਾਪਤੀ ਕਰ ਕੇ ਖ਼ਾਲਸਾਈ ਹੁਕਮ ਦੀ ਸਥਾਪਨਾ ਦਾ ਵਰਣਨ ਕੀਤਾ ਗਿਆ ਹੈ। ਅਧਿਆਇ ਛੇਵਾਂ ‘ਬਚਨ ਵਿਚਾਰ’ ਵਿਚ ਗੁਰੂ ਸਾਹਿਬ ਵੱਲੋਂ ਸਿੱਖ ਸੰਗਤਾਂ ਨੂੰ ਖ਼ਾਲਸਾਈ ਜੀਵਨ ਬਤੀਤ ਕਰਨ ਦੇ ਕੀਤੇ ਵਚਨਾਂ ਦਾ ਕਾਵਿ ਵਰਣਨ ਕੀਤਾ ਗਿਆ ਹੈ। ਸੱਤਵੇਂ ਧਿਆਉ ‘ਰਹਿਤ ਪ੍ਰਗਾਸ’ ਵਿਚ ਗੁਰੂ ਸਾਹਿਬ ਵੱਲੋਂ ਖ਼ਾਲਸੇ ਨੂੰ ਜੀਵਨ ਬਤੀਤ ਕਰਨ ਲਈ ਬਖ਼ਸ਼ੀ ਰਹਿਤ ਮਰਿਯਾਦਾ ਦਾ ਵਰਣਨ ਕੀਤਾ ਗਿਆ ਹੈ। ਅੱਠਵੇਂ ਧਿਆਉ ‘ਸੰਗ੍ਰਾਮ ਅਨੰਦਪੁਰ ਕਾ ਪਹਿਲਾ’ ਵਿਚ ਅਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਦਾ ਵਰਣਨ ਕੀਤਾ ਗਿਆ ਹੈ। ਦਸਵੇਂ ਧਿਆਉ ‘ਜੁੱਧ ਬਿਸਾਲੀ ਕਲਮੋਟ ਕਾ’ ਵਿਚ ਬਿਸੌਲੀ ਅਤੇ ਕਲਮੋਟ ਦੇ ਯੁੱਧ ਬਾਰੇ ਜਾਣਕਾਰੀ ਦਿੱਤੀ ਗਈ ਹੈ। ਧਿਆਉ ਗਿਆਰਵਾਂ ‘ਅਨੰਦਗੜ੍ਹ ਦਾ ਦੂਸਰਾ ਜੁੱਧ’ ਵਿਚ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਦਾ ਵਰਣਨ ਹੈ। ਧਿਆਉ ਬਾਰਵੇਂ ‘ਚਮਕੌਰ ਦਾ ਜੁੱਧ’ ਵਿਚ ਗੁਰੂ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਹੋਏ ਚਮਕੌਰ ਸਾਹਿਬ ਦੇ ਯੁੱਧ ਦਾ ਵਰਣਨ ਕੀਤਾ ਗਿਆ ਹੈ। ਤੇਰਵੇਂ ਧਿਆਉ ‘ਕਲਾ ਪ੍ਰਗਾਸ’ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਤਾਈ ਗਈ ਕਲਾ ਦਾ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਵੱਲੋਂ ਖ਼ਾਲਸਾ ਫੌ਼ਜਾਂ ਦੇ ਹੁਕਮ ਅਨੁਸਾਰ ਚਮਕੌਰ ਗੜ੍ਹੀ ਵਿੱਚੋਂ ਨਿਕਲ ਕੇ ਮਾਲਵਾ ਵੱਲ ਕੂਚ ਕਰਨ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੇ ਯੁੱਧ ਅਤੇ ਗੁਰੂ ਸਾਹਿਬ ਮੁਗ਼ਲ ਹੁਕਮਰਾਨ ਔਰਗਜ਼ੇਬ ਨੂੰ ਜ਼ਫਰਨਾਮਾ ਲਿਖਣ ਦਾ ਵਰਣਨ ਇਸ ਅਧਿਆਇ ਵਿਚ ਮਿਲਦਾ ਹੈ। ਧਿਆਉ ਚੌਦਵਾਂ ‘ਕੀਚਕ ਮਾਰ’ ਵਿਚ ਗੁਰੂ ਸਾਹਿਬ ਵੱਲੋਂ ਦੱਖਣ ਵੱਲ ਚਾਲੇ ਪਾਉਣ ਤੋਂ ਲੈ ਕੇ ਮਹਾਂਭਾਰਤ ਦੇ ਪਾਤਰ ਕੀਚਕ ਦੀ ਭੂਮੀ ਵੇਖਣ ਦਾ ਵਰਣਨ ਮਿਲਦਾ ਹੈ। ਧਿਆਇ ਪੰਦਰਵੇਂ ‘ਜ਼ਿਕਰ ਬਾਦਸ਼ਾਹੀ’ ਵਿੱਚ ਮੁਗ਼ਲ ਹੁਕਮਰਾਨ ਔਰਗਜ਼ੇਬ ਦੀ ਮੌਤ ਉਪਰੰਤ ਰਾਜਗੱਦੀ ਨੂੰ ਲੈ ਕੇ ਹੋਏ ਘਮਸਾਣ ਦਾ ਅਤੇ ਗੁਰੂ ਸਾਹਿਬ ਦੀ ਮੱਦਦ ਨਾਲ ਬਹਾਦਰ ਸ਼ਹ ਵੱਲੋਂ ਰਾਜ ਗੱਦੀ ਪ੍ਰਾਪਤ ਕਰਨ ਦਾ ਵਰਣਨ ਹੈ। ਸੋਲਵੇਂ ਧਿਆਉ ‘ਮੁਲਾਕਾਤ ਬਾਦਸ਼ਾਹ ਕੀ’ ਵਿਚ ਗੁਰੂ ਸਾਹਿਬ ਵੱਲੋਂ ਦਿੱਲੀ ਅਤੇ ਮਥਰਾ ਵਿਖੇ ਸਮਾਂ ਬਤੀਤ ਕਰਨ ਸਮੇਤ ਬਹਾਦਰ ਸ਼ਾਹ ਵੱਲੋਂ ਗੁਰੂ ਸਾਹਿਬ ਨੂੰ ਦਰਸ਼ਨ ਦੇਣ ਦੀ ਬੇਨਤੀ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ। ਸਤਾਰਵੇਂ ਧਿਆਉ ‘ਸਾਹਿਬਜ਼ਾਦੇ ਕਾ ਜੁੱਧ ਅਰ ਜ਼ਿਕਰ ਰਾਹ ਕਾ’ ਵਿਚ ਗੁਰੂ ਸਾਹਿਬ ਦੇ ਰਾਜਸਥਾਨ ਵਿੱਚੋਂ ਗੁਜ਼ਰਨ ਅਤੇ ਚਿਤੌੜਗੜ੍ਹ ਦੀ ਝੜਪ ਦਾ ਜ਼ਿਕਰ ਮਿਲਦਾ ਹੈ। ਅਠਾਰਵੇਂ ਧਿਆਉ ‘ਜੋਤੀ ਜਤਿ ਸਮਾਵਨਾ’ ਵਿਚ ਗੁਰੂ ਸਾਹਿਬ ਦੀ ਬਹਾਦਰ ਸ਼ਾਹ ਨਾਲ ਮਿਲਣੀ ਅਤੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਬਾਰੇ ਲਿਖਿਆ ਗਿਆ ਹੈ। ਉੱਨੀਵੇਂ ਧਿਆਉ ‘ਆਗਮੰ ਪ੍ਰਗਾਸ’ ਵਿਚ ਕਵਿ ਸੈਨਾਪਤਿ ਨੇ ਗੁਰੂ ਸਾਹਿਬ ਦੇ ਮਨ ਅਨੁਸਾਰ ਖ਼ਾਲਸੇ ਦੇ ਭਵਿੱਖ ਬਾਰੇ ਵਿਚਾਰ ਲਿਖੇ ਹਨ। ਅਖ਼ੀਰਲੇ ਅਧਿਆਇ ਧਿਆਉ ਬੀਸਵਾਂ ‘ਸਰਬ ਉਪਮਾ’ ਵਿਚ ਕਵੀ ਨੇ ਸਰਬ-ਵਿਆਪੀ ਪਰਮ ਪ੍ਰਮਾਤਮਾ ਨੂੰ ਨਮਨ ਕੀਤਾ ਹੈ। ਪੁਸਤਕ ਦੇ ਅਖ਼ੀਰ ’ਤੇ ਵਿਅਖਿਆਕਾਰਾਂ ਨੇ ਪਾਠਕਾਂ ਦੀ ਸਹੂਲਤ ਲਈ ਸੈਨਾਪਤਿ ਵੱਲੋਂ ਦਰਸਾਏ ਨਾਵਾਂ ਅਤੇ ਥਾਵਾਂ ਬਾਰੇ ਵਿਸਥਾਰਤ ਜਾਣਕਾਰੀ ਵੀ ਦਰਜ ਕੀਤੀ ਹੈ। ਗੁਰੂ ਸਾਹਿਬ ਦੇ ਨਿਕਟਵਰਤੀ ਰਹੇ ਕਵਿ ਸੈਨਾਪਤਿ ਦੀ ਇਹ ਕ੍ਰਿਤ ਗੁਰੂ ਸਾਹਿਬ ਦੇ ਜੀਵਨ ਅਤੇ ਜੀਵਨ ਕਾਲ ਬਾਰੇ ਜਾਣਕਾਰੀ ਮੁਹਈਆ ਕਰਵਾਉਂਦੀਆਂ ਬਾਕੀ ਕ੍ਰਿਤਾਂ ਨਾਲੋਂ ਸਟੀਕ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਕ੍ਰਿਤ ਵਿਚ ਕਲਪਨਾ ਦੀ ਬਜਾਏ ਯਥਾਰਵਾਦ ਦੇ ਆਧਾਰ ’ਤੇ ਜਾਣਕਾਰੀ ਸ਼ਾਮਿਲ ਕੀਤੀ ਗਈ ਹੋ ਸਕਦੀ ਹੈ। ਕ੍ਰਿਤ ਦੀ ਲਿੱਪੀ ਬੇਸ਼ੱਕ ਗੁਰਮੁਖੀ ਹੈ ਪਰ ਸ਼ਬਦ ਉਸ ਸਮੇਂ ਪ੍ਰਚਲਿਤ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਦੇ ਹਨ। ਜਿਵੇਂ ਕਿ ਪੁਸਤਕ ਵਿਚ ਜੰਗ ਜਾਂ ਲੜਾਈ ਲਈ ਸ਼ਬਦ ‘ਜੁੱਧ’ ਵਰਤਿਆ ਗਿਆ ਹੈ, ਜਦਕਿ ਅਜੋਕੇ ਸਮੇਂ ’ਚ ਇਸ ਨੂੰ ‘ਯੁੱਧ’ ਲਿਖਿਆ ਜਾਂਦਾ ਹੈ। ਮੌਜ਼ੂਦਾ ਦੌਰ ’ਚ ਪੁਰਾਤਨ ਭਾਸ਼ਾਵਾਂ ਦੀ ਸਮਝ ਘਟਣ ਨਾਲ ਆਮ ਪਾਠਕ ਲਈ ਇਸ ਕ੍ਰਿਤ ਦੀ ਭਾਸ਼ਾ ਸਮਝਣਾ ਮੁਸ਼ਕਿਲ ਹੈ ਪਰ ਡਾ. ਰਾਜਵਿੰਦਰ ਸਿੰਘ ਜੋਗਾ ਅਤੇ ਲੈਫ. ਕਰਨਲ ਸਵਰਨ ਸਿੰਘ (ਰਿਟਾ.) ਨੇ ਇਸ ਕ੍ਰਿਤ ਦੀ ਸਰਲ ਵਿਆਖਿਆ ਕਰਦਿਆਂ ਇਸ ਨੂੰ ਆਮ ਪਾਠਕ ਦੇ ਸਮਝਣ ਯੋਗ ਬਣਾ ਕੇ ਬਹੁਤ ਹੀ ਸਲਾਘਾਯੋਗ ਕਾਰਜ ਕੀਤਾ ਹੈ। ਹੱਥਲੀ ਪੁਸਤਕ ਕਵਿ ਸੈਨਾਪਤਿ ਕ੍ਰਿਤ ‘ਸ੍ਰੀ ਗੁਰ ਸੋਭਾ’, ਪਾਠ ਅਤੇ ਵਿਆਖਿਆ ਪੁਸਤਕ ਦੇ ਪੰਨ੍ਹੇ 343, ਮੁੱਲ 450/- ਰੁਪਏ ਹਨ। ਇਸ ਨੂੰ ਸਿੰਘ ਬ੍ਰਦਰਜ਼, ਅੰਮ੍ਰਿਤਸਰ ਨੇ ਪ੍ਰਕਾਸ਼ਿਕ ਕੀਤਾ ਹੈ।
• ਬਿੰਦਰ ਸਿੰਘ ਖੁੱਡੀ ਕਲਾਂ