ਲੋੜ ਹੈ ਔਰਤ ਪ੍ਰਤੀ ਆਪਣੀ ਸੋਚ ਬਦਲਣ ਦੀ। ਅੱਜ ਸਮਾਜ ਵਿਚ ਔਰਤ ਦੀ ਸਥਿਤੀ ਜੇਕਰ ਕਮਜ਼ੋਰ ਹੈ ਤਾਂ ਉਸ ਦੇ ਲਈ ਔਰਤ ਕਾਫ਼ੀ ਹੱਦ ਤੱਕ ਖੁ਼ਦ ਵੀ ਜ਼ਿੰਮੇਵਾਰ ਹੈ ਕਿਉਂਕਿ ਜੁ਼ੁਲਮ ਕਰਨ ਨਾਲੋਂ ਵੱਡਾ ਪਾਪ ਜੁਲਮ ਨੂੰ ਸਹਿਣਾ ਹੁੰਦਾ ਹੈ । ਲੋੜ ਹੈ ਔਰਤ ਦੁਆਰਾ ਆਪਣੀ ਸ਼ਕਤੀ ਨੂੰ ਪਛਾਣ ਦੀ ਅਤੇ ਆਪਣੇ ਵਜੂਦ ਦੀ ਲੜਾਈ ਆਪ ਲੜਨ ਦੀ।

ਸਿਰਜਣਹਾਰ ਦੀ ਸਿਰਜੀ ਹੋਈ ਸਭ ਤੋਂ ਪਿਆਰੀ ਅਤੇ ਸ੍ਰੇਸ਼ਟ ਰਚਨਾ ਹੈ ਔਰਤ। ਮੋਹ, ਮਮਤਾ, ਤਿਆਗ ਅਤੇ ਸਹਿਣਸ਼ੀਲਤਾ ਦੀ ਮੂਰਤ ਹੈ ਔਰਤ। ਔਰਤ ਧੀ ਬਣ ਕੇ ਧਰਤੀ ’ਤੇ ਆਉਂਦੀ ਹੈ ਤੇ ਆਪਣੇ ਆਖ਼ਰੀ ਸਾਹਾਂ ਤੱਕ ਅਨੇਕਾਂ ਰਿਸ਼ਤਿਆਂ ’ਚ ਜਿਉਂਦੀ ਹੈ। ਉਹ ਧੀ ਬਣਕੇ ਬਾਬਲ ਦੀ ਪੱਗ ਖ਼ਾਤਰ ਜਿਉਂਦੀ ਹੈ, ਭੈਣ ਬਣ ਵੀਰ ਦੀ ਰੱਖੜੀ ਦੀ ਲਾਜ ਰੱਖਦੀ ਹੈ, ਪਤਨੀ ਅਤੇ ਨੂੰਹ ਬਣ ਸਹੁਰੇ ਘਰ ਦੀ ਮਾਣ-ਮਰਿਆਦਾ ਲਈ ਆਪਣੀਆਂ ਖੁ਼ਸ਼ੀਆਂ ਨੂੰ ਮਾਰਦੀ ਹੈ ਅਤੇ ਮਾਂ ਬਣ ਔਲਾਦ ਦੇ ਮੋਹ ਖ਼ਾਤਰ ਆਪਣੀਆਂ ਸੱਧਰਾਂ ਦਾ ਤਿਆਗ ਕਰ ਦਿੰਦੀ ਹੈ। ਹਰ ਰਿਸ਼ਤੇ ਦਾ ਦਿਲੋਂ ਸਤਿਕਾਰ ਕਰਨਾ ਇਹ ਪਛਾਣ ਹੈ ਔਰਤ ਦੀ। ਔਰਤ ਮਰੀਅਮ ਬਣ ਕੇ ਜਿਉਂਦੀ ਹੈ ਅਤੇ ਲੋੜ ਪੈਣ ’ਤੇ ਚੰਡੀ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ। ਸਾਡੇ ਗੁਰੂਆਂ-ਪੀਰਾਂ ਨੇ ਔਰਤ ਨੂੰ ਜਗ-ਜਨਣੀ ਦਾ ਦਰਜਾ ਦਿੱਤਾ ਹੈ।
ਔਰਤ ਦਾ ਦੇਣ ਸਮਾਜ ਕਦੇ ਨਹੀਂ ਦੇ ਸਕਦਾ। ਜੇਕਰ ਧਰਤੀ ’ਤੇ ਔਰਤ ਹੈ ਤਾਂ ਹੀ ਧਰਤੀ ’ਤੇ ਜੀਵਨ ਸੰਭਵ ਹੈ ਪਰ ਸਾਡਾ ਸਮਾਜ ਉਸੇ ਜੀਵਨਦਾਤੀ ਦਾ ਦੁਸ਼ਮਣ ਬਣ ਬੈਠਾ ਹੈ। ਧਰਤੀ ’ਤੇ ਨਵੇਂ ਜੀਵਨ ਦੀ ਹੋਂਦ ਸਿਰਫ਼ ਔਰਤ ਕਰਕੇ ਹੀ ਸੰਭਵ ਹੈ, ਸਾਡਾ ਸਮਾਜ ਔਰਤ ਤੋਂ ਉਸ ਦਾ ਜਨਮ ਲੈਣ ਦਾ ਅਧਿਕਾਰ ਹੀ ਖੋਹ ਲੈਣਾ ਚਾਹੁੰਦਾ ਹੈ। ਮਰਦ ਅਤੇ ਔਰਤ ਦੇ ਲਿੰਗ ਅਨੁਪਾਤ ਸਬੰਧੀ ਜੋ ਅੰਕੜੇ ਸਾਹਮਣੇ ਆਏ ਹਨ, ਉਸ ਤੋਂ ਸਪੱਸ਼ਟ ਹੈ ਕਿ ਔਰਤ ਦੀ ਹੋਂਦ ਖ਼ਤਰੇ ਵਿਚ ਹੈ ਪਰ ਸੱਚਾਈ ਇਹ ਹੈ ਕਿ ਪੂਰੀ ਮਨੁੱਖੀ ਹੋਂਦ ਹੀ ਖ਼ਤਰੇ ਵਿਚ ਹੈ। ਔਰਤ ਹੈ ਤਾਂ ਪਰਿਵਾਰ ਹੈ, ਕਿਉਂਕਿ ਪਰਿਵਾਰ ਨੂੰ ਮੋਹ ਦੇ ਧਾਗੇ ਵਿਚ ਪਰੋਣ ਵਾਲੀ ਔਰਤ ਹੀ ਹੁੰਦੀ ਹੈ, ਭਾਵੇਂ ਉਹ ਖੁ਼ਦ ਸਾਰੀ ਜ਼ਿੰਦਗੀ ਪਿਆਰ ਅਤੇ ਸਤਿਕਾਰ ਲਈ ਤਰਸਦੀ ਹੈ ਪਰ ਖੁ਼ਦ ਉਹ ਪਿਆਰ ਅਤੇ ਖੁ਼ਸ਼ੀਆਂ ਹੀ ਵੰਡਦੀ ਹੈ।
ਮਰਦ ਪ੍ਰਧਾਨ ਸਮਾਜ ਵਿਚ ਔਰਤ ਕੋਲੋਂ ਸਨਮਾਨ ਦੀ ਇੱਛਾ ਤਾਂ ਹਰ ਕੋਈ ਰੱਖਦਾ ਹੈ ਪਰ ਉਸ ਦਾ ਸਨਮਾਨ ਕਰਨ ਦੀ ਇੱਛਾ ਕਿਸੇ ਵਿਰਲੇ ਅੰਦਰ ਹੀ ਹੁੰਦੀ ਹੈ। ਔਰਤ ਘਰ ਦਾ ਉਹ ਰੋਸ਼ਨ ਚਿਰਾਗ ਹੁੰਦੀ ਹੈ, ਜੋ ਖੁ਼ਦ ਜਲ਼ ਕੇ ਦੂਸਰਿਆਂ ਦੀ ਜ਼ਿੰਦਗੀ ਨੂੰ ਰੋਸ਼ਨ ਕਰਦੀ ਹੈ। ਔਰਤ ਹਰ ਰੂਪ ਦੇ ਵਿਚ ਮਹਾਨ ਹੈ ਪਰ ਫਿਰ ਵੀ ਸਮਾਜ ਵਿਚ ਔਰਤ ਸੁਰੱਖਿਅਤ ਨਹੀ ਹੈ। ਕਿਤੇ ਭਰੂਣ ਹੱਤਿਆ ਦੁਆਰਾ ਔਰਤ ਦੇ ਵਜੂਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਤੇ ਬਾਲ ਵਿਆਹ ਕਰਕੇ ਉਸ ਦਾ ਮਾਸੂਮ ਬਚਪਨ ਖੋਹਿਆ ਜਾ ਰਿਹਾ ਹੈ, ਕਿਤੇ ਦਹੇਜ ਦੀ ਅੱਗ ਵਿਚ ਉਹ ਸੜ ਰਹੀ ਹੈ, ਕਿਤੇ ਘਰੇਲੂ ਹਿੰਸਾ ਜਾਂ ਤੇਜ਼ਾਬ ਦੇ ਹਮਲਿਆਂ ਦਾ ਸ਼ਿਕਾਰ ਹੋ ਰੋਜ਼ ਤਿਲ-ਤਿਲ ਮਰਨ ਲਈ ਮਜਬੂਰ ਹੈ। ਚਾਹੇ ਘਰ, ਸਕੂਲ, ਕਾਲਜ ਜਾਂ ਦਫ਼ਤਰ ਕਿਤੇ ਵੀ ਹੋਵੇ, ਔਰਤ ਸਮਾਜ ਵਿਚ ਸੁਰੱਖਿਅਤ ਨਹੀਂ। ਉਸ ਦਾ ਸਾਰਾ ਜੀਵਨ ਹੀ ਸੰਘਰਸ਼ ਬਣ ਕੇ ਰਹਿ ਗਿਆ ਹੈ । ਔਰਤ ਨੂੰ ਵਸਤੂ ਸਮਝ ਕੇ ਵਰਤਣ ਵਾਲਾ ਮਰਦ ਪਤਾ ਨਹੀ ਕਿਉਂ ਭੁੱਲ ਜਾਂਦਾ ਹੈ ਕਿ ਉਸ ਨੂੰ ਜਨਮ ਦੇਣ ਵਾਲੀ ਵੀ ਤਾਂ ਇਕ ਔਰਤ ਹੀ ਹੈ। ਔਰਤ ਨੂੰ ਵਸਤੂ ਸਮਝਣ ਵਾਲਿਆ, ਤੂੰ ਵੀ ਤਾਂ ਕਿਸੇ ਔਰਤ ਦਾ ਜਾਇਆ ਹੈ।
ਕਿਤੇ ਔਰਤ ਬਣ ਕੇ ਤਾਂ ਦੇਖ, ਅਸੀਂ ਕਿੰਨਾ ਦਰਦ ਹੰਢਾਇਆ ਹੈ।
ਅਸੀਂ ਭਾਵੇਂ 21ਵੀ ਸਦੀ ਵਿਚ ਵਿਚਰ ਰਹੇ ਹਾਂ ਪਰ ਔਰਤ ਪ੍ਰਤੀ ਸੋਚ ਉਹੀ ਸਦੀਆਂ ਪੁਰਾਣੀ ਰੂੜੀਵਾਦੀ ਹੈ। ਸਾਨੂੰ ਸੁੰਦਰ ਨੂੰਹ ਘਰ ਵਿਚ ਚਾਹੀਦੀ ਹੈ ਪਰ ਘਰ ਵਿਚ ਧੀ ਦੀ ਹੋਂਦ ਸਾਨੂੰ ਬਰਦਾਸ਼ਤ ਨਹੀ ਹੁੰਦੀ। ਔਰਤ ਦੀ ਸਾਰੀ ਜ਼ਿੰਦਗੀ ਮਕਾਨ ਨੂੰ ਘਰ ਬਣਾਉਣ ਵਿਚ ਨਿਕਲ ਜਾਂਦੀ ਹੈ ਪਰ ਫਿਰ ਵੀ ਇਹੀ ਕਿਹਾ ਜਾਂਦਾ ਹੈ ਕਿ ਔਰਤ ਦਾ ਆਪਣਾ ਕੋਈ ਘਰ ਨਹੀ ਹੁੰਦਾ। ਇਹ ਸਾਡੀ ਸਵਾਰਥੀ ਸੋਚ ਨਹੀ ਤਾਂ ਹੋਰ ਕੀ ਹੈ ? ਇਕ ਔਰਤ ਜੋ ਹਰ ਰਿਸ਼ਤੇ ਲਈ ਆਪਾ ਕੁਰਬਾਨ ਕਰ ਦਿੰਦੀ ਹੈ, ਫਿਰ ਉਹ ਉਸ ਰਿਸ਼ਤੇ ਤੋਂ ਪਿਆਰ ਅਤੇ ਸਤਿਕਾਰ ਦੀ ਆਸ ਕਿਉਂ ਨਹੀ ਰੱਖ ਸਕਦੀ ? ਅੱਜ ਵੀ ਔਰਤ ਘਰ ਦੀ ਚਾਰਦੀਵਾਰੀ ’ਚ ਕੈਦ ਹੈ। ਉਹ ਆਪਣੀ ਹੀ ਜ਼ਿੰਦਗੀ ਆਪਣੇ ਹਿਸਾਬ ਨਾਲ ਨਹੀ ਜੀਅ ਸਕਦੀ ।
ਜੇਕਰ ਔਰਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰੀਏ ਤਾਂ ਉਹ ਕਿਸੇ ਵੀ ਖੇਤਰ ਵਿਚ ਮਰਦ ਤੋਂ ਪਿੱਛੇ ਨਹੀ ਹੈ, ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ, ਖੇਡਾਂ ਦਾ ਖੇਤਰ ਜਾਂ ਜ਼ਿੰਦਗੀ ਦਾ ਹੋਰ ਕੋਈ ਵੀ ਖੇਤਰ ਹੋਵੇ। ਹਰ ਖੇਤਰ ਵਿਚ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਗਾ ਕੇ ਚਲ ਰਹੀ ਹੈ। ਸਾਡਾ ਸਮਾਜ ਔਰਤ ਨੂੰ ਬੋਝ ਮੰਨਦਾ ਹੈ ਪਰ ਔਰਤ ਬੋਝ ਨਹੀ ਜਨਮਦਾਤੀ ਹੈ। ਗੁਰੂ ਗੋਬਿੰਦ ਸਿੰਘ ਜੀ, ਸ਼ਿਵਾ ਜੀ, ਮਹਾਰਾਣਾ ਪ੍ਰਤਾਪ, ਮਹਾਰਾਜਾ ਰਣਜੀਤ ਸਿੰਘ ਅਤੇ ਭਗਤ ਸਿੰਘ ਜਿਹੇ ਸੂਰਬੀਰਾਂ ਨੂੰ ਜਨਮ ਦੇਣ ਵਾਲੀ ਵੀ ਔਰਤ ਹੀ ਹੈ। ਰਾਣੀ ਲਕਸ਼ਮੀ ਬਾਈ, ਕਲਪਨਾ ਚਾਵਲਾ ਅਤੇ ਮਦਰ ਟਰੇਸਾ ਜਿਹੀਆਂ ਔਰਤਾਂ ਸਾਡੇ ਸਮਾਜ ਲਈ ਮਿਸਾਲ ਹਨ, ਜਿਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੇ ਗੁਣਾ ਕਾਰਨ ਯਾਦ ਕੀਤਾ ਜਾਂਦਾ ਹੈ। ਅੱਜ ਦੀ ਔਰਤ ਘਰ ਵਿਚ ਰਹਿੰਦੀ ਹੋਈ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੀ ਹੈ ਅਤੇ ਬਾਹਰਲੀ ਦੁਨੀਆ ਵਿਚ ਵਿਚਰਦੀ ਹੋਈ ਮਰਦ ਦੇ ਬਰਾਬਰ ਵੀ ਚੱਲ ਰਹੀ ਹੈ। ਫਿਰ ਕਿਉਂ ਸਮਝਿਆ ਜਾਂਦਾ ਹੈ ਕਿ ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਮਰਦ ਤੋਂ ਪਿੱਛੇ ਹੈ? ਕਿਉਂ ਔਰਤ ਨੂੰ ਵਿਚਾਰੀ ਅਤੇ ਅਬਲਾ ਕਹਿ ਕੇ ਤਰਸ ਦਾ ਪਾਤਰ ਬਣਾਇਆ ਜਾਂਦਾ ਹੈ ?
ਲੋੜ ਹੈ ਔਰਤ ਪ੍ਰਤੀ ਆਪਣੀ ਸੋਚ ਬਦਲਣ ਦੀ। ਅੱਜ ਸਮਾਜ ਵਿਚ ਔਰਤ ਦੀ ਸਥਿਤੀ ਜੇਕਰ ਕਮਜ਼ੋਰ ਹੈ ਤਾਂ ਉਸ ਦੇ ਲਈ ਔਰਤ ਕਾਫ਼ੀ ਹੱਦ ਤੱਕ ਖੁ਼ਦ ਵੀ ਜ਼ਿੰਮੇਵਾਰ ਹੈ ਕਿਉਂਕਿ ਜੁ਼ੁਲਮ ਕਰਨ ਨਾਲੋਂ ਵੱਡਾ ਪਾਪ ਜੁਲਮ ਨੂੰ ਸਹਿਣਾ ਹੁੰਦਾ ਹੈ । ਲੋੜ ਹੈ ਔਰਤ ਦੁਆਰਾ ਆਪਣੀ ਸ਼ਕਤੀ ਨੂੰ ਪਛਾਣ ਦੀ ਅਤੇ ਆਪਣੇ ਵਜੂਦ ਦੀ ਲੜਾਈ ਆਪ ਲੜਨ ਦੀ। ਅਸਲ ਵਿਚ ਸਮਾਜ ਨੇ ਔਰਤ ਦੀ ਸਹਿਣਸ਼ੀਲਤਾ ਨੂੰ ਉਸ ਦੀ ਕਮਜ਼ੋਰੀ ਸਮਝ ਲਿਆ ਹੈ। ਔਰਤ ਸਮਾਜ ਲਈ, ਪਰਿਵਾਰ ਲਈ ਬੋਝ ਨਹੀ ਹੈ। ਔਰਤ ਤਾਂ ਮੋਹ, ਮਮਤਾ ਦੀ ਉਹ ਵਹਿੰਦੀ ਨਦੀ ਹੈ, ਜੋ ਪਰਿਵਾਰ ਰੂਪੀ ਫੁਲਵਾੜੀ ਨੂੰ ਮਹਿਕਾਉਂਦੀ ਹੈ।
-ਜਸਪ੍ਰੀਤ ਕੌਰ ਸੰਘਾ
99150-33176