- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਰ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਔਖੇ ਪੈਂਡੇ ਤਹਿ ਕਰਕੇ ਇੱਕ ਲੰਬਾ ਸਫ਼ਰ ਸੌ ਕਿਤਾਬਾਂ ਪੜ੍ਹਨ ਦੇ ਬਰਾਬਰ ਮੰਨਿਆ ਜਾਂਦਾ ਹੈ। ਪਾਠਕ ਲਈ ਸਫ਼ਰਨਾਮੇ ਬਿਨਾਂ ਉੱਥੇ ਯਾਤਰਾ ਕੀਤੇ, ਵੱਖ-ਵੱਖ ਸੱਭਿਆਚਾਰਾਂ ਅਤੇ ਦੇਸ਼ਾਂ ਬਾਰੇ ਸਿੱਖਣ ਦਾ ਇੱਕ ਵਧੀਆ ਤਰੀਕਾ ਹਨ। ਸਫ਼ਰਨਾਮਾ ਕਿਸੇ ਖ਼ਾਸ ਸਮੇਂ ਦੀਆਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਘਟਨਾਵਾਂ ਦੀ ਸਮਝ ਵੀ ਪਾਠਕ ਨੂੰ ਪ੍ਰਦਾਨ ਕਰਦਾ ਹੈ।

ਪੁਸਤਕ : ਭਾਰਤ ਦਾ ਇੱਕ ਪਾਸਾ
ਲੇਖਕ : ਹਰਚਰਨ ਚੋਹਲਾ
ਪੰਨੇ : 248, ਮੁੱਲ : 295 ਰੁ.
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ।
ਸਫ਼ਰ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਔਖੇ ਪੈਂਡੇ ਤਹਿ ਕਰਕੇ ਇੱਕ ਲੰਬਾ ਸਫ਼ਰ ਸੌ ਕਿਤਾਬਾਂ ਪੜ੍ਹਨ ਦੇ ਬਰਾਬਰ ਮੰਨਿਆ ਜਾਂਦਾ ਹੈ। ਪਾਠਕ ਲਈ ਸਫ਼ਰਨਾਮੇ ਬਿਨਾਂ ਉੱਥੇ ਯਾਤਰਾ ਕੀਤੇ, ਵੱਖ-ਵੱਖ ਸੱਭਿਆਚਾਰਾਂ ਅਤੇ ਦੇਸ਼ਾਂ ਬਾਰੇ ਸਿੱਖਣ ਦਾ ਇੱਕ ਵਧੀਆ ਤਰੀਕਾ ਹਨ। ਸਫ਼ਰਨਾਮਾ ਕਿਸੇ ਖ਼ਾਸ ਸਮੇਂ ਦੀਆਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਘਟਨਾਵਾਂ ਦੀ ਸਮਝ ਵੀ ਪਾਠਕ ਨੂੰ ਪ੍ਰਦਾਨ ਕਰਦਾ ਹੈ। ਸਫ਼ਰਨਾਮਾ ਮਹਿਜ ਇੱਕ ਯਾਤਰਾ ਬਿਰਤਾਂਤ ਨਹੀਂ ਹੁੰਦਾ ਸਗੋਂ ਇਹ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਬਣਦਾ ਹੈ ਜੋ ਅਤੀਤ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਭਵਿੱਖ ਵਿੱਚ ਪੜ੍ਹਨ ਵਾਲੇ ਨੂੰ ਯਾਤਰਾ ਕਰਨ ਲਈ ਉਤਸ਼ਾਹਤ ਕਰਦਾ ਹੈ।
ਹਰਚਰਨ ਚੋਹਲਾ (Harcharan Chohla)ਦਾ ਲਿਖਿਆ ‘ਭਾਰਤ ਦਾ ਇੱਕ ਪਾਸਾ’ ਕਮਾਲ ਦਾ ਸਫ਼ਰਨਾਮਾ ਹੈ। 248 ਪੰਨਿਆਂ ਦੇ ਇਸ ਸਫ਼ਰਨਾਮੇ ਨੂੰ ਕੈਫੇ ਵਰਲਡ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਹਰਚਰਨ ਅਤੇ ਤਰਸੇਮ ਹੋਰਾਂ ਦੀ ਇਹ ਮੋਟਰਸਾਈਕਲ ਯਾਤਰਾ ਜਿੱਥੇ ਉੱਤਰ ਪੂਰਬ ਖਿੱਤੇ ਲਈ ਸਾਡੀ ਖਿੱਚ ਦਾ ਕੇਂਦਰ ਬਣਦੀ ਹੈ, ਉਥੇ ਯਾਤਰਾ ਦੇ ਨਵੇਂ ਤਜਰਬੇ ਬਖ਼ਸ਼ਦੀ ਹੈ। ਮੇਰੇ ਲਈ ਇਹ ਸਫ਼ਰਨਾਮਾ ਪੜ੍ਹਨਾ ਇਸ ਲਈ ਵੀ ਬਹੁਤ ਸੁਖਦ ਸੀ ਕਿਉਂਕਿ ਮੈਂ ਇਨ੍ਹਾਂ ਵਿੱਚੋਂ ਬਹੁਤੇ ਥਾਵਾਂ ’ਤੇ ਆਪਣੇ ਬਾਈਕਰ ਗਰੁੱਪ ਨਾਲ ਜਾ ਚੁੱਕਾ ਹਾਂ। ਹਰਚਰਨ ਚੋਹਲਾ ਸ਼ਬਦਾਂ ਦੀ ਜਾਦੂਗਰੀ ਨਾਲ ਦ੍ਰਿਸ਼ ਸਾਡੇ ਸਾਹਮਣੇ ਸਕਾਰ ਕਰ ਦਿੰਦਾ ਹੈ। ਚੋਹਲੇ ਦਾ ਸਫ਼ਰਨਾਮਾ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਵੀ ਉਨ੍ਹਾਂ ਦੇ ਨਾਲ-ਨਾਲ ਸਫ਼ਰ ਕਰ ਰਹੇ ਹੋਈਏ। ਇਸ ਕਿਤਾਬ ਵਿਚ ਥੋੜ੍ਹੇ ਸ਼ਬਦਾਂ ਵਿੱਚ ਵਧੀਆ ਬਿਰਤਾਂਤ ਸਿਰਜੇ ਗਏ ਹਨ। ਲੇਖਕ ਨੇ ਕਿਤਾਬ ਨੂੰ ਵੱਡੀ ਕਰਨ ਲਈ ਬੇਲੋੜੇ ਫੈਲਾਅ ਤੋਂ ਸੰਜਮ ਵਰਤਿਆ ਹੈ। ਨਪੇ-ਤੋਲੇ ਸ਼ਬਦਾਂ ਵਿੱਚ ਸਾਰੀ ਗੱਲ ਵਧੀਆ ਸ਼ਬਦਾਂ ਵਿਚ ਕਹੀ ਹੈ। ਉਸ ਦਾ ਬਿਆਨ ਢੰਗ ਕਮਾਲ ਦਾ ਹੈ ਜੋ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਣ ਦੇ ਸਮਰੱਥ ਹੈ। ਪੂਰਬ ਦੇ ਸਫ਼ਰਾਂ ’ਤੇ ਜਾਣ ਵਾਲੇ ਘੁਮੱਕੜ ਸਾਥੀਆਂ ਲਈ ਇਹ ਪੁਸਤਕ ਮਾਰਗ ਦਰਸ਼ਨ ਕਰਨ ਦਾ ਕੰਮ ਕਰੇਗੀ। ਸੈਰ-ਸਫ਼ਰ ਦੇ ਰਸਤੇ ’ਚ ਆਉਣ ਵਾਲੀਆਂ ਦਿੱਕਤਾਂ ਅਤੇ ਉੁਨ੍ਹਾਂ ਦੇ ਸਮਾਧਾਨ ਦਾ ਜ਼ਿਕਰ ਵੀ ਪੁਸਤਕ ਪੜ੍ਹਨ ਵਾਲਿਆਂ ਦੀ ਰੁਚੀ ਨੂੰ ਟੁੰਬਦਾ ਹੈ। ਕਿਤਾਬ ਵਿਚ ਕਿਤੇ-ਕਿਤੇ ਅੰਗਰੇਜ਼ੀ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ, ਹਾਲਾਂਕਿ ਇਸ ਤੋਂ ਬਚਿਆ ਜਾ ਸਕਦਾ ਸੀ। ਕੁੱਲ ਮਿਲਾ ਕੇ ਸਫ਼ਰਨਾਮਾ ਪੜ੍ਹਨਯੋਗ ਤੇ ਸਾਂਭਣਯੋਗ ਹੈ। ਪੁਸਤਕ ਦਿਖ ਕਮਾਲ ਦੀ ਹੈ।
- ਗੁਰਪ੍ਰੇਮ ਲਹਿਰੀ