- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਜੋਤ ਕੌਰ ਭੁੱਲਰ ਦੀ ਸ਼ਾਇਰੀ ਮਹਿਜ਼ ਸ਼ਬਦਾਂ ਦਾ ਸੰਗ੍ਰਹਿ ਨਹੀਂ ਸਗੋਂ ਇਹ ਮਨੁੱਖੀ ਮਨ ਦੇ ਡੂੰਘੇ ਅਹਿਸਾਸਾਂ ਅਤੇ ਸਦੀਵੀ ਸੱਚਾਈਆਂ ਦਾ ਪ੍ਰਗਟਾਵਾ ਹੈ। ਉਸ ਦੀ ਕਵਿਤਾ ਦੇ ਕੇਂਦਰ ਵਿਚ ਮਮਤਾ ਜਾਂ ਨਿਰਛਲ ਪਿਆਰ ਵਿਆਪਕ ਹੈ। ਇਹ ਭਾਵ ਸਿਰਫ਼ ਮਾਂ-ਬੱਚੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਅਜਿਹੀ ਵਿਸ਼ਾਲ ਮੁਹੱਬਤ ਵਿਚ ਬਦਲ ਜਾਂਦਾ ਹੈ ਜੋ ਹਰ ਜੀਵ, ਵਸਤੂ ਅਤੇ ਵਰਤਾਰੇ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ।

ਨਵਜੋਤ ਕੌਰ ਭੁੱਲਰ ਦੀ ਸ਼ਾਇਰੀ ਮਹਿਜ਼ ਸ਼ਬਦਾਂ ਦਾ ਸੰਗ੍ਰਹਿ ਨਹੀਂ ਸਗੋਂ ਇਹ ਮਨੁੱਖੀ ਮਨ ਦੇ ਡੂੰਘੇ ਅਹਿਸਾਸਾਂ ਅਤੇ ਸਦੀਵੀ ਸੱਚਾਈਆਂ ਦਾ ਪ੍ਰਗਟਾਵਾ ਹੈ। ਉਸ ਦੀ ਕਵਿਤਾ ਦੇ ਕੇਂਦਰ ਵਿਚ ਮਮਤਾ ਜਾਂ ਨਿਰਛਲ ਪਿਆਰ ਵਿਆਪਕ ਹੈ। ਇਹ ਭਾਵ ਸਿਰਫ਼ ਮਾਂ-ਬੱਚੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਅਜਿਹੀ ਵਿਸ਼ਾਲ ਮੁਹੱਬਤ ਵਿਚ ਬਦਲ ਜਾਂਦਾ ਹੈ ਜੋ ਹਰ ਜੀਵ, ਵਸਤੂ ਅਤੇ ਵਰਤਾਰੇ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਜਿੱਥੇ ਅੱਜ-ਕੱਲ੍ਹ ਦੇ ਬਹੁਤੇ ਰਚਨਾਕਾਰ ਸਿਰਫ਼ ਵਕਤੀ ਰੁਝਾਨਾਂ ਜਾਂ ਫੈਸ਼ਨਾਂ ਮੁਤਾਬਕ ਲਿਖਦੇ ਹਨ, ਉੱਥੇ ਨਵਜੋਤ ਦੀ ਕਵਿਤਾ ਮਨੋਵਿਗਿਆਨਕ ਗਹਿਰਾਈ ਅਤੇ ਮਾਨਵਵਾਦੀ ਦ੍ਰਿਸ਼ਟੀਕੋਣ ਨਾਲ ਲਬਰੇਜ਼ ਹੈ।
ਨਵਜੋਤ ਦੀ ਕਾਵਿ-ਸ਼ੈਲੀ ਦੀ ਖ਼ਾਸੀਅਤ ਇਹ ਹੈ ਕਿ ਉਹ ਸਿਰਫ਼ ਨਿੱਜੀ ਤਜਰਬਿਆਂ ਤੱਕ ਹੀ ਸੀਮਤ ਨਹੀਂ ਰਹਿੰਦੀ। ਉਸ ਵਿਚ ‘ਪਰਕਾਏ ਪ੍ਰਵੇਸ਼’ ਦੀ ਅਦਭੁਤ ਸ਼ਕਤੀ ਹੈ, ਜਿਸ ਸਦਕਾ ਉਹ ਦੂਜਿਆਂ ਦੇ ਦੁੱਖਾਂ ਅਤੇ ਅਨੁਭਵਾਂ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਜਿਵੇਂ ਉਹ ਉਸ ਦੇ ਆਪਣੇ ਹੋਣ। ਉਹ ਮੰਨਦੀ ਹੈ ਕਿ ਕਿਸੇ ਚੋਰ, ਕਾਤਲ ਜਾਂ ਮੌਤ ਬਾਰੇ ਲਿਖਣ ਲਈ ਉਸ ਅਵਸਥਾ ਵਿੱਚੋਂ ਗੁਜ਼ਰਨਾ ਜ਼ਰੂਰੀ ਨਹੀਂ, ਸਗੋਂ ਕਵੀ ਦੀ ਕਲਪਨਾ ਹੀ ਉਸ ਨੂੰ ਉਨ੍ਹਾਂ ਅਣਛੋਹੇ ਪਹਿਲੂਆਂ ਤੱਕ ਲੈ ਜਾਂਦੀ ਹੈ ਜਿੱਥੇ ਆਮ ਮਨੁੱਖ ਦੀ ਨਜ਼ਰ ਨਹੀਂ ਪਹੁੰਚਦੀ। ਉਸ ਦੀ ਸ਼ਾਇਰੀ ਵਿਚ ਹਰ ਕਿਸਮ ਦੇ ਵੈਰ-ਵਿਰੋਧ ਅਤੇ ਈਰਖਾ ਦੀ ਥਾਂ ਸਾਂਝੀਵਾਲਤਾ ਅਤੇ ਪਿਆਰ ਦਾ ਸੁਨੇਹਾ ਮਿਲਦਾ ਹੈ।
ਉਸ ਦੀ ਕਾਵਿ-ਦ੍ਰਿਸ਼ਟੀ ਬਹੁਤ ਵਿਸ਼ਾਲ ਹੈ, ਜੋ ਦਿਸਦੇ ਜਗਤ ਤੋਂ ਪਾਰ ਅਣਦਿਸਦੇ ਪਰਛਾਵਿਆਂ ਨੂੰ ਵੀ ਫੜਨ ਦੀ ਸਮਰੱਥਾ ਰੱਖਦੀ ਹੈ। ਉਹ ਚਾਹ ਦੇ ਕੱਪ ਵਰਗੀ ਛੋਟੀ ਚੀਜ਼ ਵਿੱਚੋਂ ਮੁਹੱਬਤ ਪੁਣਦੀ ਹੈ ਅਤੇ ਬਾਹਰੀ ਦੁਨੀਆ ਦੇ ਸ਼ੋਰ-ਸ਼ਰਾਬੇ ਵਿਚ ਵੀ ਆਪਣੇ ਅੰਦਰਲੇ ਬਾਲ-ਮਨ ਨਾਲ ਸੰਵਾਦ ਰਚਾਉਂਦੀ ਹੈ। ਉਸ ਦੀਆਂ ਲਿਖਤਾਂ ਵਿਚ ਜਿੱਥੇ ਮੇਲੇ ਵਿਚ ਗੁਆਚੇ ਬੱਚੇ ਦਾ ਫ਼ਿਕਰ ਹੈ, ਉੱਥੇ ਹੀ ਮਾਂ-ਬੋਲੀ ਅਤੇ ਰਿਸ਼ਤਿਆਂ ਦੀ ਰੂਹਾਨੀ ਪਾਕੀਜ਼ਗੀ ਦਾ ਜ਼ਿਕਰ ਵੀ ਹੈ। ਉਸ ਲਈ ਕਵਿਤਾ ਲਿਖਣਾ ਅਸਲ ਵਿਚ ਮੁਹੱਬਤ ਦੇ ਮਨੋਵਿਗਿਆਨ ਨੂੰ ਸਮਝਣ ਅਤੇ ਜਿਊਣ ਦੀ ਪ੍ਰਕਿਰਿਆ ਹੈ। ਸੰਗ੍ਰਹਿ ਦੀ ਅਰੰਭਲੀ ਕਵਿਤਾ ਤੋਂ ਅਗਲੀ ਕਵਿਤਾ ‘ਮੇਰੀ ਮਾਂ ਮਿੱਟੀ’ ਮਨੁੱਖੀ ਹੋਂਦ, ਵਿਰਾਸਤ ਅਤੇ ਮਾਂ ਦੀ ਸਿਰਜਣਾਤਮਿਕ ਸ਼ਕਤੀ ਦਾ ਇਕ ਬਹੁਤ ਹੀ ਖ਼ੂਬਸੂਰਤ ਦਸਤਾਵੇਜ਼ ਹੈ। ਕਵਿਤਰੀ ਨੇ ਕਵਿਤਾ ਦੀ ਸ਼ੁਰੂਆਤ ਵਿਚ ਹੀ ‘ਮਿੱਟੀ’ ਨੂੰ ਮਾਂ ਅਤੇ ਧੀ ਦੇ ਸਾਂਝੇ ਵਜੂਦ ਵਜੋਂ ਪੇਸ਼ ਕੀਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਅਸੀਂ ਸਭ ਇਸੇ ਧਰਤੀ ਦੀ ਉਪਜ ਹਾਂ ਅਤੇ ਅੰਤ ਵਿਚ ਇਸੇ ਵਿਚ ਹੀ ਸਮਾ ਜਾਣਾ ਹੈ। ਮਾਂ ਜਦੋਂ ਕੰਧੋਲੀ ਨੂੰ ਮਿੱਟੀ ਨਾਲ ਲਿਪਦੀ ਹੈ ਅਤੇ ਉਸ ਉੱਤੇ ਮੋਰ-ਘੁੱਗੀਆਂ ਬਣਾਉਂਦੀ ਹੈ ਤਾਂ ਉਹ ਸਿਰਫ਼ ਘਰ ਦੀ ਸਜਾਵਟ ਨਹੀਂ ਕਰ ਰਹੀ ਹੁੰਦੀ, ਸਗੋਂ ਆਪਣੇ ਪਸੀਨੇ ਅਤੇ ਮਿਹਨਤ ਨਾਲ ਇਕ ਅਜਿਹੀ ਦੁਨੀਆ ਸਿਰਜ ਰਹੀ ਹੁੰਦੀ ਹੈ ਜਿਸ ਵਿਚ ਉਸ ਦੀ ਧੀ ‘ਪਰੀਆਂ ਦੇ ਦੇਸ’ ਵਰਗੇ ਸੁਪਨੇ ਵੇਖ ਸਕਦੀ ਹੈ। ਇਹ ਸੁਪਨੇ ਹੀ ਬੱਚੀ ਨੂੰ ਅਸਲੀਅਤ ਦੀਆਂ ਤਲਖ਼ੀਆਂ ਤੋਂ ਦੂਰ ਲੈ ਜਾਂਦੇ ਹਨ, ਜਿੱਥੇ ਕੋਈ ਭੇਖ ਜਾਂ ਦਿਖਾਵਾ ਨਹੀਂ ਹੁੰਦਾ।
ਕਵਿਤਾ ਵਿਚ ਮਾਂ ਅਤੇ ਧੀ ਦਾ ਸੰਵਾਦ ਬਹੁਤ ਡੂੰਘਾ ਹੈ। ਮਾਂ ਦਾ ਇਹ ਕਹਿਣਾ ਕਿ ‘ਪੁੱਤ ਦਿਨੇ ਸੁਪਨੇ ਨਹੀਂ ਦੇਖੀ ਦੇ, ਮਾਮਾ ਰਾਹ ਭੁੱਲ ਜਾਂਦਾ ਹੈ’, ਇਕ ਪਾਸੇ ਮਾਂ ਦੀ ਫਿ਼ਕਰ ਨੂੰ ਦਰਸਾਉਂਦਾ ਹੈ ਅਤੇ ਦੂਜੇ ਪਾਸੇ ਇਹ ਜੀਵਨ ਦੀਆਂ ਕਠੋਰ ਸੱਚਾਈਆਂ ਵੱਲ ਸੰਕੇਤ ਕਰਦਾ ਹੈ। ਕਵਿਤਰੀ ਨੇ ਬਹੁਤ ਹੀ ਭਾਵੁਕਤਾ ਨਾਲ ਉਸ ਪਲ ਨੂੰ ਫੜਿਆ ਹੈ ਜਦੋਂ ਮਾਂ ਆਪਣੀ ਧੀ ਨੂੰ ਉੱਡਦੇ ਪੰਛੀ ਨਾਲ ਮੇਚਦੀ ਹੈ। ‘ਚਿੜੀਆਂ ਦਾ ਚੰਬਾ’ ਲੋਕ-ਗੀਤ ਦੀਆਂ ਸਤਰਾਂ ਰਾਹੀਂ ਧੀ ਦੀ ਵਿਦਾਇਗੀ ਅਤੇ ਮਾਂ ਦੇ ਮਨ ਦੇ ਹੌਕੇ ਨੂੰ ਬੜੀ ਸ਼ਿੱਦਤ ਨਾਲ ਬਿਆਨ ਕੀਤਾ ਗਿਆ ਹੈ। ਮਾਂ ਦਾ ਅੱਥਰੂ ਵਹਾਉਣਾ ਅਤੇ ਖ਼ੁਦ ਨੂੰ ਮਿੱਟੀ ਵਿਚ ਗੁੰਮ ਕਰ ਲੈਣਾ ਉਸ ਦੀ ਕੁਰਬਾਨੀ ਦਾ ਪ੍ਰਤੀਕ ਹੈ।
ਕਵਿਤਾ ਦਾ ਅੰਤਿਮ ਹਿੱਸਾ ਇਕ ਦਾਰਸ਼ਨਿਕ ਮੋੜ ਲੈਂਦਾ ਹੈ। ਵਕਤ ਦੀ ਧੁੱਪ ਅਤੇ ਝੱਖੜ ਨੇ ਭਾਵੇਂ ਮਾਂ ਦੀ ਮਿੱਟੀ (ਸਰੀਰ ਜਾਂ ਹੋਂਦ) ਨੂੰ ਸੁਕਾ ਜਾਂ ਖੋਰ ਦਿੱਤਾ ਹੈ ਪਰ ਧੀ ਨੇ ਉਸ ਮਿੱਟੀ ਨੂੰ ਬਰਬਾਦ ਨਹੀਂ ਹੋਣ ਦਿੱਤਾ। ਉਸ ਨੇ ਆਪਣੀ ਮਾਂ ਦੀ ਕਲਾ ਨੂੰ ਅੱਖਰਾਂ ਵਿਚ ਬਦਲ ਦਿੱਤਾ ਹੈ। ਜੇਕਰ ਮਾਂ ਮਿੱਟੀ ਨਾਲ ਮੋਰ ਬਣਾਉਂਦੀ ਸੀ ਤਾਂ ਧੀ ਹੁਣ ਸ਼ਬਦਾਂ ਨਾਲ ਕਵਿਤਾ ਸਿਰਜਦੀ ਹੈ। ਇਹ ਅੱਖਰ ਮਾਂ ਦੀ ਮਮਤਾ ਵਾਂਗ ਹੀ ਦੁਨੀਆ ਨੂੰ ਰੋਸ਼ਨੀ ਅਤੇ ਚਾਨਣ ਦੇਣਗੇ। ਅੰਤ ਵਿਚ ਭਾਂਦੋ ਦੇ ਮਹੀਨੇ ਦੀਆਂ ਕਣੀਆਂ ਨਾਲ ਮਿੱਟੀ ਵਿੱਚੋਂ ਉੱਠਣ ਵਾਲੀ ਮਹਿਕ ਮਾਂ ਦੀ ਯਾਦ ਨੂੰ ਤਾਜ਼ਾ ਕਰ ਦਿੰਦੀ ਹੈ। ਇਹ ਮਹਿਕ ਇਸ ਗੱਲ ਦਾ ਸਬੂਤ ਹੈ ਕਿ ਮਾਂ ਕਦੇ ਮਰਦੀ ਨਹੀਂ, ਉਹ ਆਪਣੀਆਂ ਸਿੱਖਿਆਵਾਂ, ਕਦਰਾਂ-ਕੀਮਤਾਂ ਅਤੇ ਆਪਣੀ ਧੀ ਦੀ ਸਿਰਜਣਾਤਮਿਕਤਾ ਵਿਚ ਹਮੇਸ਼ਾ ਜਿਉਂਦੀ ਰਹਿੰਦੀ ਹੈ। ਇਹ ਕਵਿਤਾ ਸਿਰਫ਼ ਯਾਦਾਂ ਦਾ ਸੰਗ੍ਰਹਿ ਨਹੀਂ, ਸਗੋਂ ਮਾਂ ਨਾਲ ਰੂਹਾਨੀ ਲਗਾਵ ਹੈ ਜੋ ਪਾਠਕ ਦੇ ਮਨ ’ਤੇ ਡੂੰਘੀ ਛਾਪ ਛੱਡਦੀ ਹੈ। ਇਸ ਤਰ੍ਹਾਂ ਦੀ ਹੀ ਸੰਗ੍ਰਹਿ ਵਿਚ ਇਕ ਹੋਰ ਕਵਿਤਾ ਹੈ ‘ਮਾਂ ਦੀ ਪੜ੍ਹਨ ਦੀ ਰੁੱਤ’ ਜੋ ਬਹੁਤ ਹੀ ਮਾਰਮਿਕ ਅਤੇ ਡੂੰਘੇ ਅਰਥਾਂ ਵਾਲੀ ਰਚਨਾ ਹੈ, ਜੋ ਪਾਠਕ ਨੂੰ ਪਿਤਰੀ-ਸਤਾਤਮਿਕ ਸਮਾਜ ਦੀਆਂ ਉਨ੍ਹਾਂ ਕੋੜੀਆਂ ਸੱਚਾਈਆਂ ਨਾਲ ਰੂ-ਬ-ਰੂ ਕਰਵਾਉਂਦੀ ਹੈ, ਜਿੱਥੇ ਔਰਤ ਦੀ ਬੁੱਧੀ ਨਾਲੋਂ ਉਸ ਦੀ ‘ਘਰੇਲੂ ਯੋਗਤਾ’ ਅਤੇ ‘ਦਾਜ’ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਰਹੀ ਹੈ। ਕਵਿਤਾ ਸ਼ੁਰੂਆਤ ਹੀ ਦੁਖਾਂਤ ਨਾਲ ਹੁੰਦੀ ਹੈ। ਜਿੱਥੇ ਇਕ ਬੱਚੀ ਦੇ ਪੜ੍ਹਨ ਦੇ ਸ਼ੌਕ ਨੂੰ ਸਿਰਫ਼ ਇਸ ਲਈ ਕੁਚਲ ਦਿੱਤਾ ਜਾਂਦਾ ਹੈ ਕਿਉਂਕਿ ਉਸ ਦੀ ਮੰਗਣੀ ਹੋ ਗਈ ਹੈ।
ਦਾਦੀ ਦਾ ਇਹ ਕਹਿਣਾ ਕਿ ‘ਕੁੜੀ ਬਹੁਤੀ ਪੜ੍ਹੀ ਨਹੀਂ ਚਾਹੀਦੀ’, ਉਸ ਪੁਰਾਣੀ ਮਾਨਸਿਕਤਾ ਦਾ ਪ੍ਰਤੀਕ ਹੈ ਜੋ ਔਰਤ ਨੂੰ ਸਿਰਫ਼ ਚੌਕੇ-ਚੁੱਲ੍ਹੇ ਤੱਕ ਸੀਮਤ ਰੱਖਣਾ ਚਾਹੁੰਦੀ ਸੀ। ਕਵਿਤਰੀ ਨੇ ਬਹੁਤ ਹੀ ਖੂ਼ਬਸੂਰਤੀ ਨਾਲ ਚਾਚੇ-ਤਾਇਆਂ ਨਾਲ ਲੜ ਕੇ ਸਕੂਲ ਜਾਣ ਦੀ ਜਦੋ-ਜਹਿਦ ਨੂੰ ਬਿਆਨ ਕੀਤਾ ਹੈ, ਜੋ ਇਹ ਸਾਬਤ ਕਰਦਾ ਹੈ ਕਿ ਮਾਂ ਦੇ ਅੰਦਰ ਗਿਆਨ ਦੀ ਚਿਣਗ ਬਚਪਨ ਤੋਂ ਹੀ ਬਹੁਤ ਪ੍ਰਬਲ ਸੀ।
ਕਵਿਤਾ ਦਾ ਸਭ ਤੋਂ ਸ਼ਕਤੀਸ਼ਾਲੀ ਪਹਿਲੂ ਮਾਂ ਦਾ ਕਿਤਾਬਾਂ ਅਤੇ ਅੱਖਰਾਂ ਨਾਲ ਕਦੇ ਨਾ ਟੁੱਟਣ ਵਾਲਾ ਰਿਸ਼ਤਾ ਹੈ। ਸਕੂਲੋਂ ਹਟਾ ਦਿੱਤੇ ਜਾਣ ਦੇ ਬਾਵਜੂਦ, ਕੂੜੇ ਦੇ ਢੇਰ ਵਿੱਚੋਂ ਕਾਗ਼ਜ਼ ਚੁੱਕ ਕੇ ਪੜ੍ਹਨਾ ਉਸ ਦੀ ਅਕਾਦਮਿਕ ਪਿਆਸ ਦਾ ਸਿਖਰ ਹੈ। ਇਹ ਬਿੰਬ ਪਾਠਕ ਦੇ ਮਨ ’ਤੇ ਡੂੰਘਾ ਪ੍ਰਭਾਵ ਛੱਡਦਾ ਹੈ। ਕਵਿਤਰੀ ਨੇ ‘ਪੋਸਟਮਾਰਟਮ’ ਸ਼ਬਦ ਦੀ ਵਰਤੋਂ ਬਹੁਤ ਹੀ ਦਾਰਸ਼ਨਿਕ ਅੰਦਾਜ਼ ਵਿਚ ਕੀਤੀ ਹੈ। ਮਾਂ ਅਨੁਸਾਰ, ਪੜ੍ਹਨਾ ਸਿਰਫ਼ ਜਾਣਕਾਰੀ ਇਕੱਠੀ ਕਰਨਾ ਨਹੀਂ ਹੈ, ਸਗੋਂ ਇਹ ਖ਼ੁਦ ਦੀਆਂ ਪਰਤਾਂ ਖੋਲ੍ਹਣ ਅਤੇ ਸਮਾਜਿਕ ਬੁਰਾਈਆਂ ਦਾ ਵਿਸ਼ਲੇਸ਼ਣ ਕਰਨ ਦੀ ਇਕ ਪ੍ਰਕਿਰਿਆ ਹੈ। ਇਹ ਵਿਚਾਰ ਕਿ ‘ਪੜ੍ਹਨ ਦੀ ਕੋਈ ਰੁੱਤ ਨਹੀਂ ਹੁੰਦੀ’, ਉਮਰ ਦੇ ਹਰ ਪੜਾਅ ’ਤੇ ਸਿੱਖਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਮਾਂ ਨੂੰ ਇਕ ਜਿਉਂਦੇ-ਜਾਗਦੇ ਬੁੱਧੀਜੀਵੀ ਵਜੋਂ ਪੇਸ਼ ਕਰਦਾ ਹੈ।
ਕਵਿਤਾ ਦਾ ਅੰਤ ਅਜਿਹੀ ਚੀਸ ਛੱਡ ਜਾਂਦਾ ਹੈ ਜੋ ਚਿਰਾਂ ਤੱਕ ਮਹਿਸੂਸ ਹੁੰਦੀ ਰਹਿੰਦੀ ਹੈ। ਮਾਂ ਦੂਜਿਆਂ ਦੇ ਲਿਖੇ ਅੱਖਰਾਂ ਨੂੰ ਤਾਂ ਪੜ੍ਹ ਸਕੀ ਪਰ ਆਪਣੇ ਦਿਲ ਦੀ ਇਬਾਰਤ ਨੂੰ ਕਾਗ਼ਜ਼ ’ਤੇ ਨਾ ਉਤਾਰ ਸਕੀ। ਇਹ ਸਤਰਾਂ ਉਨ੍ਹਾਂ ਲੱਖਾਂ ਔਰਤਾਂ ਦੀ ਤਰਜ਼ਮਾਨੀ ਕਰਦੀਆਂ ਹਨ ਜਿਨ੍ਹਾਂ ਕੋਲ ਕਹਿਣ ਨੂੰ ਬਹੁਤ ਕੁਝ ਸੀ ਪਰ ਉਨ੍ਹਾਂ ਦੀ ਕਲਮ ਨੂੰ ਸਮਾਜਿਕ ਜ਼ਾਬਤਿਆਂ ਦੀਆਂ ਜ਼ੰਜੀਰਾਂ ਨੇ ਜਕੜੀ ਰੱਖਿਆ।
ਸਮੁੱਚੇ ਤੌਰ ’ਤੇ ਇਹ ਕਵਿਤਾ ਮਾਂ ਦੇ ਸਬਰ, ਉਸ ਦੀ ਪੜ੍ਹਨ ਦੀ ਲਗਨ ਅਤੇ ਅਧੂਰੇ ਰਹਿ ਗਏ ਸਿਰਜਣਾਤਮਿਕ ਸੁਪਨਿਆਂ ਸੱਚੀ ਅਤੇ ਭਾਵੁਕ ਵਿਖਿਆ ਹੈ। ਦਰਅਸਲ ਨਵਜੋਤ ਦੀ ਕਵਿਤਾ ਸਵੈ ਤੋਂ ਸ਼ੁਰੂ ਹੋ ਕੇ ਖੁ਼ਦਾਈ ਤੱਕ ਦਾ ਸਫ਼ਰ ਤੈਅ ਕਰਦੀ ਹੈ। ਉਸ ਦੀ ਤਲਾਸ਼ ਨਕਲੀ ਗੁਰੂਆਂ ਦੇ ਦੌਰ ਵਿਚ ਅਸਲੀ ਰੂਹਾਨੀਅਤ ਦੀ ਭਾਲ ਹੈ। ਉਹ ਰਿਸ਼ਤਿਆਂ ਵਿਚ ਰੂਹਾਨੀ ਛੋਹ ਲੱਭਦੀ ਹੈ ਅਤੇ ਆਮ ਜਿਹੀਆਂ ਲੱਗਣ ਵਾਲੀਆਂ ਘਟਨਾਵਾਂ, ਜਿਵੇਂ ਕਿ ਅੰਮ੍ਰਿਤ ਵੇਲੇ ਦੀ ਕੋਈ ਫੋਨ ਕਾਲ ਨੂੰ ਵੀ ਇਬਾਦਤ ਵਰਗਾ ਰੁਤਬਾ ਦਿੰਦੀ ਹੈ। ਇਕ ਕੁਸ਼ਲ ਮਨੋਵਿਗਿਆਨੀ ਵਾਂਗ। ਉਹ ਸਮਾਜਿਕ ਵਰਤਾਰਿਆਂ ਦੀ ਪਰਖ ਕਰਦੀ ਹੈ ਅਤੇ ਆਪਣੀ ਕਾਵਿ-ਕਲਾ ਰਾਹੀਂ ਪਾਠਕਾਂ ਨੂੰ ਮਨੁੱਖਤਾ ਦੇ ਸੱਚੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। 88 ਪੰਨਿਆਂ ਦੀ ਹੱਥਲੀ ਕਾਵਿ-ਪੁਸਤਕ ‘ਇੱਤਰ ਨਾਲ ਲਿਖੀ ਇਬਾਰਤ’ ਦਾ ਮੁੱਲ 200 ਰੁਪਏ ਤੇ ਇਸ ਨੂੰ ਪ੍ਰੀਤ ਪਬਲੀਕੇਸ਼ਨ, ਨਾਭਾ ਨੇ ਪ੍ਰਕਾਸ਼ਿਤ ਕੀਤਾ ਹੈ।
• ਜਸਵਿੰਦਰ ਦੂਹੜਾ