- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਪਾਦਕ ਅਨੁਸਾਰ ਅਸਰ ਚਿੰਤਨੀ ਹਵਾ ’ਚੋਂ ਸੱਪਾਂ ਦੇ ਰੰਗ ਚੁਣ ਲਿਆਉਂਦਾ ਹੈ। ਸੱਪ ਇਥੇ ਸੱਚ ਦਾ ਪ੍ਰਤੀਕ ਹੈ। ਰੰਗ ਢੰਗ ਦਾ ਬਿੰਬ ਹੈ। ਸੱਚ ਕਿੰਨੀ ਤਰ੍ਹਾਂ ਦੇ। ਰੰਗ ਕਿੰਨੀ ਤਰ੍ਹਾਂ ਦੇ। ਮਨੁੱਖ ਕਿੰਨੀ ਤਰ੍ਹਾਂ ਦੇ।..ਮਨ ਕਿੰਨੀ ਤਰ੍ਹਾਂ ਦੇ। ‘ਸੱਪਾਂ ਦੇ ਰੰਗ ’ ਕਾਵਿ ਪੁਸਤਕ ਵਿਚ ਕਵੀ ਅਸਰ ਆਪਣੇ ਸਵੈ ਨੂੰ ਦੋ ਹੋਂਦਾਂ ਵਿਚ ਮਹਿਸੂਸਦਾ ਹੈ ਏ। ਇਹ ਦੋਵੇਂ ਉਸ ਦੀਆਂ ਨਿੱਜੀ ਹਨ।

ਪੁਸਤਕ ‘ਨਾਟਕ ਤੋਂ ਬਾਹਰਲਾ ਸੂਤਰਧਾਰ’ ਅਜਿਹੀ ਪੁਸਤਕ ਹੈ ਜਿਸ ਵਿਚ ਸੰਪਾਦਕ ਪ੍ਰੋ ਅਤੈ ਸਿੰਘ ਨੇ 6 ਕਾਵਿ-ਪੁਸਤਕਾਂ ਦਾ ਕਾਵਿ-ਅਧਿਐਨ ਬਹੁਤ ਹੀ ਮਿਹਨਤ ਨਾਲ ਕੀਤਾ ਹੈ। ਪੁਸਤਕ ਵਿਚ ਕਵੀ ਵਰਿਆਮ ਅਸਰ ਦੀਆਂ 6 ਕਾਵਿ-ਪੁਸਤਕਾਂ ‘ਸ਼ੀਸ਼ੇ ਦੀ ਕੰਧ’ (1964 ਈ.), ਦੂਜੀ ਪੁਸਤਕ ‘ਸੱਪਾਂ ਦੇ ਰੰਗ’ (1972 ਈ.), ਤੀਜੀ ਪੁਸਤਕ ‘ਸੜਕ ਵਰਗਾ ਮਨੁੱਖ’ (1974 ਈ.), ਚੌਥੀ ਪੁਸਤਕ ‘ਆਪਣੇ ਰੁੱਖ ਜਿਹੀ ਛਾਂ’ (1977 ਈ.), ਪੰਜਵੀਂ ਪੁਸਤਕ ‘ਬਦਨਾਮ ਮੌਸਮਾਂ ਦੀ ਭੂਮਿਕਾ’ (1978 ਈ.) ਅਤੇ ਛੇਵੀਂ ਪੁਸਤਕ ‘ਅਰਥ ਵਿਅਰਥ’ (2009 ਈ.) ਦੀਆਂ ਕਵਿਤਾਵਾਂ ਦੇ ਕਾਵਿ ਅਧਿਐਨ ਹਨ। ਪ੍ਰੋ. ਅਤੈ ਸਿੰਘ ਮੁਤਾਬਿਕ ਸ਼ੀਸ਼ੇ ਦੀ ਕੰਧ’ ਕਵੀ ਵਰਿਆਮ ਅਸਰ ਦੀਆਂ ਚੰਗੀਆਂ ਕਵਿਤਾਵਾਂ ਵਿੱਚੋਂ ਇਕ ਹੈ। ਇਸ ਵਿਚ ਜੱਦੋ-ਜਹਿਦ ਕਰ ਰਹੀ ਸ਼੍ਰੇਣੀ ਦੇ ਸਿਹਤਮੰਦ ਦਿ੍ਰਸ਼ਟੀਕੋਣ ਅਪਣਾਉਂਦੇ ਹੋਏ ਕਵੀ ਨੇ ਆਸ ਦੇ ਖ਼ਿਆਲ ਨੂੰ ਬਦਲ ਕੇ ਆਪਣੇ ਮਜ਼ਬੂਤ ਇਰਾਦੇ ਦਾ ਸਬੂਤ ਦਿੱਤਾ ਹੈ। ਉਨ੍ਹਾਂ ਅਨੁਸਾਰ ਅਸਰ ਹੁਰਾਂ ਦੀ ਕਾਵਿ-ਉਸਾਰੀ, ਕਾਵਿਕਾਰੀ ਦੀ ਨੀਂਹਕਾਰੀ ਸ਼ੀਸ਼ੇ ਦੀ ਕੰਧ ਤੋਂ ਹੁੰਦੀ ਹੈ। ਕਵੀ ਮਨ ਮਨੁੱਖੀ ਮਨ ਨੂੰ ਸਮਝਦਾ ਹੈ, ਮਨੁੱਖੀ ਮਾਨਸਿਕਤਾ ਨੂੰ ਪਛਾਣਦਾ ਹੈ, ਮਨੁੱਖੀ ਲੋੜ ਨੂੰ ਪਛਾਣਦਾ ਹੈ-
‘ਅਜੇ ਨਾ ਇਸ ਦੀ ਬਰਫ਼ ਦੇਹੀ ਵਿਚ
ਦਿੱਸਦੀ ਕਿਤੇ ਤ੍ਰੇੜ’
ਸੰਪਾਦਕ ਅਨੁਸਾਰ ਅਸਰ ਚਿੰਤਨੀ ਹਵਾ ’ਚੋਂ ਸੱਪਾਂ ਦੇ ਰੰਗ ਚੁਣ ਲਿਆਉਂਦਾ ਹੈ। ਸੱਪ ਇਥੇ ਸੱਚ ਦਾ ਪ੍ਰਤੀਕ ਹੈ। ਰੰਗ ਢੰਗ ਦਾ ਬਿੰਬ ਹੈ। ਸੱਚ ਕਿੰਨੀ ਤਰ੍ਹਾਂ ਦੇ। ਰੰਗ ਕਿੰਨੀ ਤਰ੍ਹਾਂ ਦੇ। ਮਨੁੱਖ ਕਿੰਨੀ ਤਰ੍ਹਾਂ ਦੇ।..ਮਨ ਕਿੰਨੀ ਤਰ੍ਹਾਂ ਦੇ। ‘ਸੱਪਾਂ ਦੇ ਰੰਗ ’ ਕਾਵਿ ਪੁਸਤਕ ਵਿਚ ਕਵੀ ਅਸਰ ਆਪਣੇ ਸਵੈ ਨੂੰ ਦੋ ਹੋਂਦਾਂ ਵਿਚ ਮਹਿਸੂਸਦਾ ਹੈ ਏ। ਇਹ ਦੋਵੇਂ ਉਸ ਦੀਆਂ ਨਿੱਜੀ ਹਨ। ‘ਸੜਕ ਵਰਗਾ ਮਨੁੱਖ’ ਦੀਆਂ ਕਵਿਤਾਵਾਂ ਵਿਚ ਕੁਝ ਵੱਖਰਤਾ, ਉੱਚਤਾ, ਨਵੀਨਤਾ ਦੇ ਵੱਧਦੇ ਕਦਮ ਹਨ। ਅਸੀਂ ਸੜਕ ਵੇਖਦੇ ਹਾਂ। ਰੋੜੀ ਬੱਜਰੀ ਵੇਖਦੇ ਹਾਂ। ਲੁੱਕ ਵੇਖਦੇ ਹਾਂ ਪਰ ਇਨ੍ਹਾਂ ਥੱਲੇ ਦੱਬੇ ਹੱਥ ਨਹੀਂ ਵੇਖਦੇ ਜੋ ਕਵੀ ਅੱਖ ਵੇਖਦੀ ਹੈ। ਇਹ ਹੱਥ ਅੱਡੇ ਹੁੰਦੇ ਹਨ ਉਜਰਤ ਲਈ। ਪੂਰੀ ਉਜਰਤ ਲਈ। ਬਣਦੀ ਉਜਰਤ ਲਈ। ਇਹ ਹੱਥ ਵੱਢੇ ਵੀ ਹੁੰਦੇ ਹਨ ਮਜ਼ਦੂਰੀ ਦੇ ਕੰਮ ’ਤੇ ਲੱਗਣ ਤੋਂ ਪਹਿਲਾਂ। ਮਜ਼ਦੂਰ ਵਹੀ ’ਤੇ ’ਗੂਠਾ ਲਾ ਕੇ ਹੱਥ ਵਢਾ ਲੈਂਦੇ ਹਨ। ਅੰਮਿ੍ਰਤਾ ਪ੍ਰੀਤਮ ਨੇ ਵਰਿਆਮ ਅਸਰ ਦੀ ਇਸ ਪੜਾਅ ਦੀ ਕਵਿਤਾ ਨੂੰ ਸਵੈ-ਮੁਖੀ-ਸਮਾਜਮੁਖੀ ਵਿਤਕਰਿਆਂ ਤੋਂ ਬਾਹਰ ਆਖਿਆ ਹੈ। ‘ਸੜਕ ਵਰਗਾ ਮਨੁੱਖ’ ਦੀ ਹਰ ਕਵਿਤਾ ਧਿਆਨ ਖਿੱਚਦੀ ਹੈ, ਮਨ ’ਤੇ ਅਸਰ ਪਾਉਂਦੀ ਹੈ-
‘ਆਪਣਿਆਂ ਹੀ ਪਰਛਾਵਿਆਂ ਕੋਲੋਂ ਡਰ ਡਰ ਕੇ
ਲੁੱਕਦੇ ਫਿਰਦੇ ਲੋਕ ਨੇ ਤੱਕੇ ਘਰ ਘਰ ਦੇ।’
ਸੰਪਾਦਕ ‘ਆਪਣੇ ਰੁੱਖ ਜਿਹੀ ਛਾਂ’ ਦੇ ਸੰਦਰਭ ਵਿਚ ਕਹਿੰਦਾ ਹੈ ਕਿ ਕਵੀ ਦੀਆਂ ਕਾਵਿ-ਮਿਸਾਲਾਂ ਅਮੁੱਕ ਹਨ। ‘ਬਦਨਾਮ ਮੌਸਮਾਂ ਦੀ ਭੂਮਿਕਾ’ ਦੀਆਂ ਕਵਿਤਾਵਾਂ ਰਾਹੀਂ ਕਵੀ ਦਾ ਮਨ ਮੌਸਮ ਦੀ ਪਰਖ ਕਰਦਾ ਹੈ, ਚੀਜ਼ਾਂ ਵੇਖਦਾ ਹੈ, ਮਨੁੱਖ ਪਰਖਦਾ ਹੈ-
‘ਬੜੇ ਖ਼ੂਬਸੂਰਤ ਘਰ ਸਨ
ਘਰਾਂ ਵਿਚ ਗਿਰਝਾਂ ਵਰਗੇ ਲੋਕ ਸਨ।
ਦਿਨੇ ਲੋਕਾਂ ਦਾ ਦਿਮਾਗ ਭਕਾਨੇ ਵਾਂਗ
ਉੱਡਦਾ ਰਹਿੰਦਾ ਤੇ ਰਾਤੀਂ ਮਨ ਬੇਚੈਨ।’
ਸੰਪਾਦਕ ਅਨੁਸਾਰ ਕਾਵਿ-ਪੁਸਤਕ ‘ਅਰਥ-ਵਿਅਰਥ’ ਦੀਆਂ ਕੁਝ ਛੇਕੜਲੀਆਂ ਕਵਿਤਾਵਾਂ ਵਧੇਰੇ ਧਿਆਨ ਖਿੱਚਦੀਆਂ ਹਨ। ਉਸ ਨੇ ਆਪਣੇ ਕਾਵਿ ਅਧਿਐਨ ਦੌਰਾਨ ਵਰਿਆਮ ਅਸਰ ਦੀ ਕਵਿਤਾ ‘ਜੰਗਲ’, ‘ਘਰ’ ਕਵਿਤਾ,‘ਅੰਗੂਰ ਦੀ ਵੇਲ’ ਦੇ ਕੀਤੇ ਜ਼ਿਕਰ ਅਨੁਸਾਰ ‘ਅੰਗੂਰ ਦੀ ਵੇਲ’ ਘਰ ਦੇ ਖੇੜੇ ਦੀ ਝਾਤ ਦਾ ਰੂਪਕ ਹੈ। ‘ਮੈਂ ਤੇ ਨੀਰਾਂ’ ਅੱਡਰੀ ਸੁਰ ਵਾਲੀ ਕਵਿਤਾ ਹੈ। ਸੁਰ ਸੰਬੋਧਨੀ ਹੈ। ਕਵਿਤਾ ‘ਨਾਚ’ ਲੋਕ-ਨਾਚ ਮੁਦਰਾਵਾਂ ਨੂੰ ਉਲਟਾ ਕੇ ਭੁੱਖ ਦੀਆਂ ਮੁਦਰਾਵਾਂ ਤਾਲਬੱਧ ਕਰਦਾ ਹੈ। ਭੁੱਖ ਜਿਹੋ ਜਿਹਾ ਨਾਚ ਨਚਾਉਂਦੀ ਹੈ, ਅਸਾਵੇਂ ਪ੍ਰਬੰਧ ਵਿਚ ਇਹੋ ਜਿਹਾ ਨਾਚ ਕੋਈ ਸਾਜ਼ ਨਹੀਂ ਨਚਾਉਂਦਾ। ‘ਸ਼ੀਸ਼ੇ ਦੀ ਕੰਧ’ (1974) ਬਾਰੇ ਮਰਹੂਮ ਗ਼ਜ਼ਲਗੋ ਜਗਤਾਰ ਨੇ ਚਿੰਤਨ ਕਰਦਿਆਂ ਲਿਖਿਆ ਹੈ, ‘ਸ਼ੀਸ਼ੇ ਦੀ ਕੰਧ ਵਰਿਆਮ ਅਸਰ ਦੀਆਂ ਚੰਗੀਆਂ ਕਵਿਤਾਵਾਂ ਵਿਚੋਂ ਇਕ ਹੈ। ਇਸ ਵਿਚ ਉਸ ਨੇ ਜੱਦੋ-ਜਹਿਦ ਕਰ ਰਹੀ ਸ਼੍ਰੇਣੀ ਬਾਰੇ ਬੜਾ ਸਿਹਤਮੰਦ ਦਿ੍ਰਸ਼ਟੀਕੋਣ ਅਪਣਾਉਂਦੇ ਹੋਏ ਕਵੀ ਨੇ ਆਸ ਦੇ ਖ਼ਿਆਲ ਨੂੰ ਬਦਲ ਕੇ ਆਪਣੇ ਮਜ਼ਬੂਤ ਇਰਾਦੇ ਦਾ ਸਬੂਤ ਦਿੱਤਾ ਹੈ।’ ਹਰਿਭਜਨ ਸਿੰਘ ਤੇ ਵਰਿਆਮ ਅਸਰ ਤਕ ਦੀ ਕਵਿਤਾ ’ਚ ਅਜੇ ਤੱਕ ਰਿਵਾਇਤੀ ਅੰਸ਼ ਮਿਲ ਜਾਂਦੇ ਹਨ ਜੋ ਉਨ੍ਹਾਂ ਦੀ ਕਵਿਤਾ ਨੂੰ ਪੁਰਾਣੀ ਤੇ ਰਵਾਇਤੀ ਕਵਿਤਾ ਦੀ ਕਤਾਰ ’ਚ ਖੜ੍ਹਾ ਨਹੀਂ ਕਰਦੇ ਸਗੋਂ ਪੁਰਾਤਨਤਾ ਤੇ ਨਵੀਨਤਾ ਦਾ ਸੁਮੇਲ ਉਨ੍ਹਾਂ ਦੀ ਕਵਿਤਾ ’ਚ ਇਕ ਨਵਾਂ ਰੰਗ ਭਰ ਰਿਹਾ ਹੈ। ਇਸੇ ਤਰ੍ਹਾਂ ਪ੍ਰੋ. ਨਰਿੰਜਨ ਤਸਨੀਮ ਅਨੁਸਾਰ ਅਸਰ ਦੀ ਕਵਿਤਾ ਵਿਚ ਜਜ਼ਬੇ ਦੀ ਸ਼ਿੱਦਤ ਤੇ ਅਹਿਸਾਸ ਦੀ ਤਲਖ਼ੀ ਦੇ ਨਾਲ-ਨਾਲ ਖ਼ਿਆਲਾਂ ਦੀ ਉਡਾਰੀ ਵੀ ਹੈ। ਅਸਰ ਦੇ ਕਾਵਿ-ਸੰਗ੍ਰਹਿ ‘ਸੱਪਾਂ ਦੇ ਰੰਗ’ (1972) ਬਾਰੇ ਸਸ.ਮੀਸ਼ਾ ਅਨੁਸਾਰ, ‘ਇਸ ਕਾਵਿ ਸੰਗ੍ਰਹਿ ਰਾਹੀ ਕਵੀ ਨੇ ਖੰਡਿਤ ਮਨੁੱਖ ਦੀ ਪੀੜ ਨੂੰ ਬੜੇ ਸੱਜਰੇ ਬਿੰਬਾਂ ਵਿਚ ਬਿਆਨ ਕੀਤਾ ਹੈ। ਦੇਵਿੰਦਰ ਸਤਿਆਰਥੀ ਲਿਖਦੇ ਹਨ ਕਿ ਵਰਿਆਮ ਅਸਰ ਦੀ ਆਪਣੀ ਵਿਸ਼ੇਸ਼ ਸੰਵਾਦ ਰੁਚੀ ਹੈ ।
ਕੁਲਬੀਰ ਸਿੰਘ ਕਾਂਗ ਅਨੁਸਾਰ ਉਸ ਦੀ ਕਵਿਤਾ ਵਿਚ ਤਿੱਖਾ ਡੰਗ ਤੇ ਇਕ ਦਰਦ ਭਰਿਆ ਕਟਾਖਸ਼ ਹੈ। ‘ਸੜਕ ਵਰਗਾ ਮਨੁੱਖ’ (1974) ਬਾਰੇ ਹਰਿਭਜਨ ਸਿੰਘ ਦੇ ਬੋਲ ਹਨ, ‘ਅਸਰ ਦੀ ਪ੍ਰਤੀਕ ਦੀ ਵਿਲੱਖਣ ਵਰਤੋਂ ਨਿਵੇਕਲੀ ਕਲਾ ਜੁਗਤ ਹੈ।’ ‘ਆਪਣੇ ਰੁੱਖ ਜਿਹੀ ਛਾਂ’ (1977) ਦੇ ਸੰਦਰਭ ਵਿਚ ਡਾ ਅਤਰ ਸਿੰਘ ਦਾ ਕਥਨ ਹੈ ਕਿ ਉਸ ਦੀ ਕਵਿਤਾ ਅਸਲ ਵਿਚ ਵਰਤਮਾਨ ਮਨੁੱਖੀ ਸਭਿਅਤਾ ਵਿਰੁੱਧ ਇਕ ਕਾਵਿਕ ਵਿਦਰੋਹ ਹੈ । ‘ਅਰਥ ਵਿਅਰਥ’ (2009) ਪੁਸਤਕ ਬਾਰੇ ਅਜਾਇਬ ਕਮਲ ਦੇ ਵਿਚਾਰ ਹਨ ਕਿ ਕਵੀ ਅਸਰ ਆਧੁਨਿਕ ਚੇਤਨਾ ਦਾ ਧਾਰਨੀ ਹੈ। ਸੋ ਵੱਖ-ਵੱਖ ਕਾਵਿ-ਰੰਗਾਂ ਨਾਲ ਸਜੀ ਇਹ ਪੁਸਤਕ ਹਰੇਕ ਸਾਹਿਤ ਪ੍ਰੇਮੀ ਨੂੰ ਪੜ੍ਹਨ ਦੀ ਉਤਸੁਕਤਾ ਪੈਦਾ ਕਰਦੀ ਹੈ।
- ਜਸਵਿੰਦਰ ਸਿੰਘ ਬਹੋੜੂ