ਬਿਲਿੰਗ ਨੇ ਸਭ ਤੋਂ ਪਹਿਲੀ ਕਹਾਣੀ ‘ਸੌਂਹ ਬਾਪ ਦੀ’ ਆਪਣੇ ਪਿੰਡ ਦੇ ਦਰਜ਼ੀ ਹੰਸ ਰਾਜ ਤੋਂ ਪ੍ਰਭਾਵਿਤ ਹੋ ਕੇ ਲਿਖੀ ਜੋ ਕਾਲਜ ਦੇ ਮੈਗਜ਼ੀਨ ’ਚ ਛਪੀ। ਅਗਲੇ ਸਾਲ ਉਸ ਨੇ ਆਪਣੇ ਪਿੰਡ ਦੇ ਹੀ ਇਕ ਪੰਚ ਰਾਮ ਪ੍ਰਤਾਪ ’ਤੇ ਅੰਗਰੇਜ਼ੀ ’ਚ ਕਹਾਣੀ ਲਿਖੀ ਜੋ ਏਐਸ. ਕਾਲਜ ਖੰਨਾ ਦੇ ਸਪਤ ਸਰੋਜ ਮੈਗਜ਼ੀਨ ਵਿਚ ਛਪੀ।

ਅਵਤਾਰ ਸਿੰਘ ਬਿਲਿੰਗ ਦਾ ਜਨਮ 13 ਦਸੰਬਰ 1952 ਨੂੰ ਪਿੰਡ ਸੇਹ ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸਵ: ਨੌਰੰਗ ਸਿੰਘ ਤੇ ਮਾਤਾ ਸਵ: ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦੋ ਭਾਈ ਤੇ ਇੱਕ ਛੋਟੀ ਭੈਣ ਵੀ ਹੈ। ਉਨ੍ਹਾਂ ਦੇ ਦਾਦਾ ਸਾਈਂ ਦਿੱਤਾ ਤੇ ਪੜਦਾਦਾ ਮਾਈ ਦਿੱਤਾ ਸੀ। ਬਿਲਿੰਗ ਦੇ ਦੱਸਣ ਅਨੁਸਾਰ ਦੇ ਪਰਿਵਾਰ ਹਿੰਦੂ ਪਿਛੋਕੜ ਵਾਲੇ ਸਨ। ਸਿੰਘ ਸਭਾ ਲਹਿਰ ਦੇ ਪ੍ਰਭਾਵ ਨਾਲ ਬਹੁਤ ਸਾਰੇ ਹਿੰਦੂ ਪਰਿਵਾਰ ਸਿੱਖ ਬਣ ਗਏ ਤੇ ਸਿੰਘ ਸੱਜ ਗਏ। ਉਸ ਦਾ ਬਾਪੂ ਸਕੂਲ ਤਾਂ ਨਹੀਂ ਗਿਆ ਪਰ ਉਹ 1 ਤੋਂ 100 ਤੱਕ ਸਿੱਧੀ ਤੇ ਉਲਟ ਗਿਣਤੀ ਬੋਲ ਲੈਂਦੇ ਸਨ। ਉਹ ‘ੳ’ ਤੋਂ ‘ੜ’ਤੱਕ ਪੈਂਤੀ ਸਿੱਧੀ ਤੇ ਉਲਟ ਬੋਲ ਲੈਂਦੇ ਸਨ। ਉੱਚ ਕੋਟੀ ਦੇ ਕਵੀਸ਼ਰ ਸਨ। ਬਿਲਿੰਗ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਪਾਸ ਕੀਤੀ। ਫਿਰ ਖ਼ਾਲਸਾ ਸਕੂਲ ਖੰਨੇ ਦਾਖ਼ਲ ਹੋ ਗਿਆ ਪਰ ਇਕ ਅਧਿਆਪਕ ਦੀ ਕੁੱਟ ਤੋਂ ਡਰਦਾ ਸੱਤਵੀਂ ’ਚੋਂ ਹੱਟ ਗਿਆ। ਆਪਣੇ ਮਾਮੇ ਦੀ ਪ੍ਰੇਰਨਾ ਨਾਲ ਨੈਸ਼ਨਲ ਹਾਈ ਸਕੂਲ ਮਾਨੂੰਪੁਰ ਵਿਖੇ ਦਾਖ਼ਲ ਹੋ ਗਿਆ ਤੇ 1968 ’ਚੋਂ ਉਥੋਂ ਮੈਟਿ੍ਰਕ ਪਾਸ ਕੀਤੀ। 1972 ’ਚ ਏਐਸ. ਕਾਲਜ ਖੰਨਾ ਤੋਂ ਬੀਏ. ਪਾਸ ਕੀਤੀ। 1974 ਈ: ਸਰਕਾਰੀ ਕਾਲਜ ਲੁਧਿਆਣਾ ਤੋਂ ਐਮਏ. (ਅੰਗਰੇਜ਼ੀ) ਤੇ 1978 ’ਚ ਚੰਡੀਗੜ੍ਹ ਤੋਂ ਬੀ. ਐੱਡ. ਕੀਤੀ। ਬਿਲਿੰਗ ਨੇ ਕਾਲਜ ਪ੍ਰੋਫੈਸਰ ਬਣਨ ਲਈ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲੀ। ਆਖ਼ਰ ’ਚ ਸਕੂਲ ਮਾਸਟਰ ਬਣਨ ਦਾ ਫ਼ੈਸਲਾ ਕੀਤਾ। ਪਹਿਲਾਂ ਸਕੂਲ ਅਧਿਆਪਕ ਫੇਰ ਸਕੂਲ ਲੈਕਚਰਾਰ ਤੇ ਅੰਤਮ ਸੇਵਾ ਦੌਰਾਨ 12 ਸਾਲ ਸਰਕਾਰੀ ਸਕੂਲ ਗੋਸਲਾਂ ਦੇ ਕਾਰਜਕਾਰੀ ਪਿ੍ਰੰਸੀਪਲ ਵਜੋਂ ਕੰਮ ਕੀਤਾ। ਬਿਲਿੰਗ ਦੇ ਪਰਿਵਾਰ ’ਚ ਪਤਨੀ ਸ੍ਰੀਮਤੀ ਸੁਖਦੇਵ ਕੌਰ ਤੇ ਦੋ ਪੁੱਤਰ ਰੁਪਿੰਦਰ ਸਿੰਘ ਤੇ ਬੀਰਦਵਿੰਦਰ ਸਿੰਘ ਹਨ। ਵੱਡਾ ਪੁੱਤਰ ਰੁਪਿੰਦਰ ਸਿੰਘ ਪਤਨੀ ਤੇ ਬੱਚਿਆਂ ਨਾਲ ਕੈਨੇਡਾ ਤੇ ਛੋਟਾ ਪੁੱਤਰ ਬੀਰਦਵਿੰਦਰ ਸਿੰਘ ਆਪਣੀ ਪਤਨੀ ਤੇ ਮਾਤਾ-ਪਿਤਾ ਨਾਲ ਅਮਰੀਕਾ ’ਚ ਰਹਿੰਦਾ ਹੈ।
ਰਚਨਾਤਮਕ ਸਫ਼ਰ
ਬਿਲਿੰਗ ਨੇ ਸਭ ਤੋਂ ਪਹਿਲੀ ਕਹਾਣੀ ‘ਸੌਂਹ ਬਾਪ ਦੀ’ ਆਪਣੇ ਪਿੰਡ ਦੇ ਦਰਜ਼ੀ ਹੰਸ ਰਾਜ ਤੋਂ ਪ੍ਰਭਾਵਿਤ ਹੋ ਕੇ ਲਿਖੀ ਜੋ ਕਾਲਜ ਦੇ ਮੈਗਜ਼ੀਨ ’ਚ ਛਪੀ। ਅਗਲੇ ਸਾਲ ਉਸ ਨੇ ਆਪਣੇ ਪਿੰਡ ਦੇ ਹੀ ਇਕ ਪੰਚ ਰਾਮ ਪ੍ਰਤਾਪ ’ਤੇ ਅੰਗਰੇਜ਼ੀ ’ਚ ਕਹਾਣੀ ਲਿਖੀ ਜੋ ਏਐਸ. ਕਾਲਜ ਖੰਨਾ ਦੇ ਸਪਤ ਸਰੋਜ ਮੈਗਜ਼ੀਨ ਵਿਚ ਛਪੀ। ਜਦੋਂ ਬਿਲਿੰਗ ਚੰਡੀਗੜ੍ਹ ਵਿਖੇ ਬੀ. ਐੱਡ ’ਚ ਪੜ੍ਹਦਾ ਸੀ ਤਾਂ ਇਨ੍ਹਾਂ ਦੇ ਪ੍ਰੋਫੈਸਰ ਅਵਤਾਰ ਸਿੰਘ ਧਾਲੀਵਾਲ ਨੇ ਇਨ੍ਹਾਂ ਨੂੰ ਕਾਲਜ ਮੈਗਜ਼ੀਨ ਦੇ ਪੰਜਾਬੀ ਸ਼ੈਕਸ਼ਨ ਦਾ ਸੰਪਾਦਕ ਬਣਾ ਦਿੱਤਾ। ਇਸ ’ਚ ਇਨ੍ਹਾਂ ਦੀ ਲੰਬੀ ਕਹਾਣੀ ‘ਪੱਥਰ ਬੋਲਦਾ ਹੈ’ ਛਪੀ। ਪਹਿਲਾਂ ਇਨ੍ਹਾਂ ਦੀ ‘ਵੱਟ’ ਕਹਾਣੀ ਸਰਕਾਰੀ ਕਾਲਜ ਲੁਧਿਆਣਾ ਦੇ ਮੈਗਜ਼ੀਨ ਸਤਲੁਜ ’ਚ ਛਪੀ ਸੀ। ਹੁਣ ਤੱਕ 4 ਕਹਾਣੀ ਸੰਗ੍ਰਹਿ ਲਿਖੇ ਹਨ। ਬਿਲਿੰਗ ਵੀ ਕਹਾਣੀ ਤੋਂ ਨਾਵਲ ਵੱਲ ਆਇਆ ਨਾਵਲਕਾਰ ਹੈ। ਅਕਸਰ ਹੀ ਕਹਾਣੀ ਆਪਣੀ ਗੱਲ ਕਹਿਣ ਦੇ ਅੰਦਾਜ਼ ਤੋਂ ਗਲਪ ਦਾ ਛੋਟਾ ਰੂਪ ਮੰਨੀ ਗਈ ਹੈ ਪਰ ਜਦ ਕਿਸੇ ਵਿਸ਼ੇ ਜਾਂ ਸਮੱਸਿਆ ਦੇ ਵਿਸਥਾਰਪੂਰਵਕ ਤੇ ਬਹੁਪੱਖੀ ਰੂਪ ਨੂੰ ਚਿੱਤਰਣਾ ਹੋਵੇ ਤਾਂ ਨਾਵਲ ਹੀ ਵਧੇਰੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ। ਇਨ੍ਹਾਂ ਦੇ ਪਹਿਲੇ ਨਾਵਲ ‘ਨਰੰਜਣ ਮਸ਼ਾਲਚੀ’ ਨੇ ਸਾਹਿਤ ਦੀ ਦੁਨੀਆ ’ਚ ਕਮਾਲ ਕਰ ਦਿੱੱਤੀ। ਉਸ ਦੀ ਸਫਲਤਾ ਤੋਂ ਪ੍ਰੇਰਨਾ ਲੈ ਕੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ ਤੇ 8 ਨਾਵਲ ਲਿਖ ਦਿੱਤੇ। ਬਹੁਤ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪੜ੍ਹਨ ਵਾਲੇ ਵਿਦਿਆਰਥੀ ਇਨ੍ਹਾਂ ਦੇ ਨਾਵਲਾਂ ’ਤੇ ਐਮ. ਫਿਲ., ਪੀਐਚ.ਡੀ. ਕਰ ਕਰ ਰਹੇ ਹਨ। ਇਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ-‘ਮੌਤ ਦੇ ਸਾਏ ਹੇਠ’ (ਕਹਾਣੀ ਸੰਗ੍ਰਹਿ 1991), ‘ਆਪਣਾ ਖ਼ੂਨ’ (ਕਹਾਣੀ ਸੰਗਿ੍ਰਹ 1994), ‘ਨਿਆਜ’ (ਕਹਾਣੀ ਸੰਗਿ੍ਰਹ 1994),‘ਪੱਛੋਂ ਦੀ ਹਵਾ’ (ਕਹਾਣੀ ਸੰਗਿ੍ਰਹ 2011), ‘ਨਰੰਜਨ ਮਸ਼ਾਲਚੀ’ (ਨਾਵਲ 1997), ‘ਖੇੜੇ ਸੁੱਖ ਵਿਹੜੇ ਸੁੱਖ’ (ਨਾਵਲ 2002), ‘ਇਹਨਾਂ ਰਾਹਾਂ ਉੱਤੇ’ (ਨਾਵਲ 2007), ‘ਪੱਤ ਕਮਲਾ ਗਏ’ (ਨਾਵਲ 2009), ‘ਦੀਵੇ ਜਗਦੇ ਰਹਿਣਗੇ’ (2011), ‘ਖ਼ਾਲੀ ਖੂਹਾਂ ਦੀ ਗਾਥਾ’ (ਨਾਵਲ 2013), ‘ਗੁਲਾਬੀ ਨਗ ਵਾਲੀ ਮੁੰਦਰੀ’ (ਨਾਵਲ 2017), ‘ਰਿਜਕ’ (2019), ‘ਰਿਸ਼ੀਆਂ ਦੇ ਬੋਲ’ (ਬਾਲ ਕਹਾਣੀਆਂ), ‘ਚਾਚਾ ਚੇਤੂ ਦਾ ਇਸ਼ਨਾਨ’ (ਬਾਲ ਕਹਾਣੀਆਂ), ‘ਜੇ ਤੁਰਾਂਗੇ ਤਾਂ ਮੰਜ਼ਲਾਂ ਮਾਰਾਂਗੇ’ (ਬਾਲ ਨਾਵਲ), ‘ਮੇਰਾ ਪਿੰਡ ਮੇਰੇ ਲੋਕ’ (ਵਾਰਤਕ), ‘ਮੂਰਤਾਂ ਰੰਗ ਬਿਰੰਗੀਆਂ’ (ਸ਼ਬਦ ਚਿੱਤਰ), ‘ਸਿਦਕੀ ਪਰਵਾਨੇ’ (ਸੰਪਾਦਨ ਕਵੀਸ਼ਰੀ ਜਰਨੈਲ ਸਿੰਘ ਨਿਰਾਲਾ), ‘ਤਿਹਾਰ ਦਾ ਦਿਨ’ (ਕਹਾਣੀ ਸੰਗਿ੍ਰਹ)।
ਨਾਵਲਾਂ ਦਾ ਲੇਖਾ-ਜੋਖਾ
ਬਿਲਿੰਗ ਦਾ ਦੂਜਾ ਨਾਵਲ ‘ਖੇੜੇ ਸੁੱਖ ਵੇਹੜੇ ਸੁੱਖ’ ਇਕ ਦਸਤਾਵੇਜ਼ੀ ਨਾਵਲ ਮੰਨਿਆ ਹੈ। ਇਹ ਨਾਵਲ ਸੁਤੰਤਰਤਾ ਤੋਂ ਪਹਿਲਾਂ ਅਰਥਾਤ ਵੀਹਵੀਂ ਸਦੀ ਦੇ ਪਹਿਲੇ ਪੰਜ ਦਹਾਕਿਆਂ ਦੇ ਸਮੇਂ ਨਾਲ ਸੰਬੰਧਿਤ ਹੈ। ਤੀਜਾ ਨਾਵਲ ‘ਇਹਨਾਂ ਰਾਹਾਂ ਉੱਤੇ’ ਜਾਗ਼ੀਰਦਾਰੀ ਜਾਂ ਫਿਊਡਲ ਸਿਸਟਮ ਦੇ ਰਾਹਾਂ ਉੱਤੇ ਉਸਰੀ ਔਰਤ ਦੀ ਗ਼ੁਲਾਮੀ ਵਾਲੀ ਸਥਿਤੀ ਅਤੇ ਹੋਰ ਰਿਸ਼ਤਾ ਨਾਤਾ ਪ੍ਰਣਾਲੀ ਦਾ ਵਿਸ਼ਾ ਪੇਸ਼ ਕੀਤਾ ਹੈ। ਬਿਲਿੰਗ ਆਪਣੇ ਨਾਵਲਾਂ ਦੀ ਬਿ੍ਰਤਾਂਤ ਯੋਜਨਾ ਵਿਚ ਨਾਵਲ ਜਾਂ ਪਾਤਰਾਂ ਦੇ ਅਖ਼ੀਰਲੇ ਜੀਵਨ ਹਿੱਸੇ ਨੂੰ ਸ਼ੁਰੂ ਵਿਚ ਦਰਸਾ ਕੇ ਵਿਸ਼ੇ ਦੀ ਗੰਭੀਰਤਾ ਤੇ ਪਾਠਕ ਲਈ ਉਤਸੁਕਤਾ ਦਾ ਮੁੱਢ ਬੰਨ੍ਹ ਲੈਂਦਾ ਹੈ। ਸਾਡੇ ਪੰਜਾਬੀ ਸਮਾਜ ਦੇ ਜਾਗ਼ੀਰਦਾਰੀ ਵਿਹਾਰ ’ਚ ਔਰਤ ਦਾ ਰਿਸ਼ਤਾ ਛੋਟਾ ਬਹੁਤ ਵੱਡੀ ਖੁਨਾਮੀ ਜਾਂ ਬੱਜ (ਦਾਗ਼) ਦਾ ਕਾਰਣ ਬਣ ਜਾਂਦਾ ਹੈ। ਬਿਲਿੰਗ ਦਾ ਚੌਥਾ ਨਾਵਲ ‘ਪੱਤ ਕੁਮਲਾ ਗਏ’ ਵਿਚ ਨੌਜਵਾਨ ਪੀੜ੍ਹੀ ਦੇ ਕੁਮਲਾ ਜਾਂ ਮੁਰਝਾ ਜਾਣ ਦਾ ਵਿਸ਼ਾ ਪੇਸ਼ ਹੋਇਆ ਹੈ।
ਬਿਲਿੰਗ ਦਾ ਪੰਜਵਾਂ ਨਾਵਲ ‘ਦੀਵੇ ਜਗਦੇ ਰਹਿਣਗੇ’ ਵਿਚ ਜੀਵਨ ਦੇ ਅੰਗੇ ਨਿਰੰਤਰ ਚੱਲਦੇ ਰਹਿਣ ਸਬੰਧੀ ਆਸ਼ਾਵਾਦੀ ਨਜ਼ਰੀਆ ਪੇਸ਼ ਹੋਇਆ ਹੈ। ਇਸ ਨਾਵਲ ਰਾਹੀਂ ਅਜੋਕੇ ਮਨੁੱਖ ਦੇ ਆਪਣੀ ਕਾਮਯਾਬੀ ਸਬੰਧੀ ਮੁੱਲ ਜਾਂ ਪੈਮਾਨੇ ਬਦਲ ਗਏ ਹਨ। ਬੰਦੇ ਨੇ ਆਪਣੀ ਕਾਮਯਾਬੀ ਲਈ ਸਦਾਚਾਰਕ ਜਾਂ ਨੈਤਿਕ ਮੁੱਲ ਬਹੁਤ ਪਿੱਛੇ ਛੱਡ ਦਿੱਤੇ ਹਨ। ਇਸ ਨਾਵਲ ਵਿਚ ਬਿਲਿੰਗ ਦੇ ਹੋਰਨਾਂ ਨਾਵਲਾਂ ਵਾਂਗ ਢਾਹੇ ਦੇ ਇਲਾਕੇ ਦੀ ਸਭਿਆਚਾਰਕ ਦਿੱਖ ਆਪਣੇ ਪੂਰੇ ਜਲੌਅ ਨਾਲ ਪੇਸ਼ ਕੀਤੀ ਗਈ ਹੈ। ਛੇਵਾਂ ਨਾਵਲ ‘ਖਾਲੀ ਖੂਹਾਂ ਦੀ ਗਾਥਾ’ ਆਰਥਿਕ ਤੇ ਸਮਾਜਿਕ ਗੁੰਝਲਾਂ ਦਾ ਵਰਨਣ ਹੈ। ਸੱਤਵਾਂ ਨਾਵਲ ‘ਗੁਲਾਬੀ ਨਗ ਵਾਲੀ ਮੁੰਦਰੀ’ ਵਿਚ ਅੰਤਰਜਾਤੀ ਵਿਆਹ ਦੀ ਸਮੱਸਿਆ ਨਾਲ ਜੁੜੀ ਕਹਾਣੀ ਦੱਸੀ ਗਈ ਹੈ। ਅੱਠਵਾਂ ਨਾਵਲ ‘ਰਿਜ਼ਕ’ ਪਰਵਾਸ ਦੇ ਸੰਘਰਸ਼ ਦੀ ਅਨੰਤ ਕਥਾ ਹੈ। ਨਾਵਲ ‘ਖ਼ਾਲੀ ਖ਼ੂਹਾਂ ਦੀ ਗਾਥਾ’ ਨੂੰ 25 ਹਜ਼ਾਰ ਡਾਲਰ ਦਾ ਢਾਹਾਂ ਪੁਰਸਕਾਰ ਮਿਲ ਚੁੱਕਾ ਹੈ। ਉਸ ਨੂੰ ਹੋਰ ਵੀ ਸਨਮਾਨ ਮਿਲੇ ਹਨ। ਬਿਲਿੰਗ ਢਾਹਾ ਇਲਾਕੇ ਦਾ ਪਹਿਲਾ ਨਾਵਲਕਾਰ ਹੈ ਜਿਸ ਬਾਰੇ ਪ੍ਰੋ: ਪਰਗਟ ਸਿੰਘ ਬਰਾੜ ਸਹਾਇਕ ਪ੍ਰੋਫੈਸਰ ਬਾਬਾ ਫਰੀਦ ਕਾਲਜ, ਬਠਿੰਡਾ ਨੇ ਸਮੀਖਿਆ ਕਿਤਾਬ ਲਿਖੀ ਹੈ। ਉਹ ਟਿੱਬਿਆਂ ਵਿਚ ਉਗਿਆ ਸਰੂ ਦਾ ਉਹ ਬੂਟਾ ਹੈ ਜਿਸ ਦੀ ਟੀਸੀ ਨੂੰ ਕੋਈ ਅਜੇ ਤੱਕ ਢਾਹੇ ਇਲਾਕੇ ਵਿੱਚ ਛੂਹ ਨਹੀਂ ਸਕਿਆ। J
- ਪਿ੍ਰੰ: ਸੁਖਦੇਵ ਸਿੰਘ ਰਾਣਾ
99149-00559