- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਹਲ ਅਨੁਸਾਰ, ਔਰਤ ਸਿਰਫ਼ ਸਜਾਵਟੀ ਵਸਤੂ ਬਣ ਕੇ ਰਹਿ ਗਈ ਹੈ। ਉਸ ਦੀ ਦੇਹ ਦਾ ਮੁੱਲ ਪੈਂਦਾ ਹੈ। ਪੁਰਸ਼ਾਂ ਦੀ ਚੌਧਰ ਬਰਕਰਾਰ ਹੈ। ਗਲੋਬਲ ਰਾਇ ਦਾ ਵੀ ਜ਼ਿਕਰ ਹੈ। ਸੁਕਰਾਤ ਅਤੇ ਅਰਸਤੂ ਵਰਗੇ ਵਿਦਵਾਨ ਔਰਤ ਨੂੰ ਬਰਾਬਰੀ ਦਾ ਹੱਕ ਨਹੀਂ ਦਿੰਦੇ। ਸ਼ੈਕਸਪੀਅਰ ਅਨੁਸਾਰ: ਕਮਜ਼ੋਰੀ ਦਾ ਦੂਜਾ ਨਾਮ ਔਰਤ ਹੈ।

ਇਨ੍ਹਾਂ ਦਿਨਾਂ ਵਿਚ ਦੋ ਪੁਸਤਕਾਂ ਪੜ੍ਹੀਆਂ, ‘ਸਾਊ ਕੁੜੀਆਂ’ ਤੇ ‘ਦਿ ਬਲੀਡਿੰਗ ਵਿਮੈਨ’। ਇਨ੍ਹਾਂ ਪੁਸਤਕਾਂ ਦੀਆਂ ਲੇਖਿਕਾਵਾਂ ਨੇ ਭਾਰਤੀ ਨਾਰੀ ਨੂੰ ਆਪਣੇ ਆਪਣੇ ਨਜ਼ਰੀਏ ਤੋਂ ਪੇਸ਼ ਕੀਤਾ ਹੈ। ‘ਸਾਊ ਕੁੜੀਆਂ’ ਵਿਚ ਤਿੱਖਾ ਵਿਅੰਗ ਹੈ। ‘ਦਿ ਬਲੀਡਿੰਗ ਵਿਮੈਨ’ ਵਿਚ ਔਰਤਾਂ, ਧੀਆਂ, ਭੈਣਾਂ ਦੀ ਕਾਬਲੀਅਤ ਤੇ ਸਮਰੱਥਨ ਹੋਂਦ ਮਰਦ ਹੀ ਨਿਸ਼ਚਿਤ ਕਰਦਾ ਹੈ, ਸੋਹਲ ਦੇ ਸਿਰਜੇ ਸਮਾਜ ਵਿਚ ਧੀ ਜਾਂ ਔਰਤ ਨੂੰ ਜਾਇਦਾਦ ਸਮਝਿਆ ਜਾਂਦਾ ਹੈ, ਇਕ ਵਸਤੂ ਜਿਸ ਨੂੰ ਦਾਨ ਵਿਚ ਦਿੱਤਾ ਜਾ ਸਕਦਾ ਹੈ ਜਾਂ ਜੂਏ ਵਿਚ ਵੀ ਹਾਰਿਆ ਜਾ ਸਕਦਾ ਹੈ। ਪੁਸਤਕ ਦੇ ਆਰੰਭ ਵਿਚ ਹੀ ਸਰਬਜੀਤ ਸੋਹਲ ਨੇ ਸਵੀਕਾਰਿਆ ਹੈ ਕਿ ‘ਇਹ ਕਿਤਾਬ ਲਿਖਣ ਲਈ ਵੱਡੇ ਸਾਰੇ ਜ਼ੇਰੇ ਦੀ ਲੋੜ ਸੀ ਤੇ ਉਨ੍ਹਾਂ ਇਹ ‘ਜ਼ੇਰਾ’ ਬੜੀ ਜੁਰਅਤ ਨਾਲ ਦਿਖਾਇਆ ਹੈ।’
ਗੱਲ ਲੜਕੀਆਂ ਦੇ ਪ੍ਰਥਮ ਦੌਰ ਦੇ ਪੀਰੀਅਡਜ਼ ਦੀਆਂ ਦੁੱਖ-ਤਕਲੀਫ਼ਾਂ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਲੜਕੀਆਂ ਭਿੱਟ ਜਾਂਦੀਆਂ ਹਨ। ਉਹ ਅਪਵਿੱਤਰ ਹੋ ਜਾਂਦੀਆਂ ਹਨ। ਚੌਂਕੇ ਵਿਚ ਜਾਣਾ ਵਰਜਿਤ ਹੈ, ਮੰਦਰਾਂ ਵਿਚ ਜਾਣਾ ਵਰਜਿਤ ਹੈ, ਜਦੋਂ ਕਿ ਲੜਕੀਆਂ ਦੀ ਇਸ ਪ੍ਰਕਿਰਿਆ ਰਾਹੀਂ ਦੁਨੀਆ ਦਾ ਵਿਕਾਸ ਹੁੰਦਾ ਹੈ। ਖ਼ਾਨਦਾਨ ਅੱਗੇ ਤੁਰਦਾ ਹੈ। ਭੈਅ-ਗ੍ਰੰਥਤ ਹੋਣ ਦੀ ਥਾਂ ਜਾਂ ਸਭਨਾਂ ਤੋਂ ਓਹਲਾ ਰੱਖਣ ਦੀ ਰੱਖਣ ਦੀ ਥਾਂ, ਇਹ ਸਮਾਂ ਜਸ਼ਨ ਮਨਾਉਣ ਦਾ ਹੋਣਾ ਚਾਹੀਦਾ ਹੈ। ਲੇਖਿਕਾ ਗੱਲ ਅੱਗੇ ਤੋਰਦੀ ਹੈ। ਲੜਕੀ ਦਾ ਵਿਆਹ ਹੁੰਦਾ ਹੈ। ਮਰਦ (ਇਸਲਾਮ ਧਰਮ ਵਿਚ) ਚਾਰ ਵਿਆਹ ਕਰਵਾ ਸਕਦਾ ਹੈ, ਪਰ ਮੁਸਲਿਮ ਔਰਤ ਚਾਰ ਮਰਦ ਜਾਂ ਖਾਵੰਦ ਨਹੀਂ ਰੱਖ ਸਕਦੀ। ਦੂਸਰੇ ਫਿਰਕਿਆਂ ਵਿਚ ਵੀ ਪਤੀ ਪਰਮੇਸ਼ਰ ਹੈ, ਪਤੀ ਦੇਵਤਾ ਹੈ, ਬਾਬਲ ਰਾਜਾ ਹੈ, ਵੀਰ ਬਹਾਦਰ ਯੋਧਾ ਹੁੰਦਾ ਹੈ, ਇਹ ਸਾਰੇ ਔਰਤ ਨੂੰ ਜਿਹਨੀ ਗੁ਼ੁਲਾਮੀ ਵੱਲ ਧੱਕਦੇ ਰਹਿੰਦੇ ਹਨ। (ਪੰਨਾ-28)
ਸੋਹਲ ਅਨੁਸਾਰ, ਔਰਤ ਸਿਰਫ਼ ਸਜਾਵਟੀ ਵਸਤੂ ਬਣ ਕੇ ਰਹਿ ਗਈ ਹੈ। ਉਸ ਦੀ ਦੇਹ ਦਾ ਮੁੱਲ ਪੈਂਦਾ ਹੈ। ਪੁਰਸ਼ਾਂ ਦੀ ਚੌਧਰ ਬਰਕਰਾਰ ਹੈ। ਗਲੋਬਲ ਰਾਇ ਦਾ ਵੀ ਜ਼ਿਕਰ ਹੈ। ਸੁਕਰਾਤ ਅਤੇ ਅਰਸਤੂ ਵਰਗੇ ਵਿਦਵਾਨ ਔਰਤ ਨੂੰ ਬਰਾਬਰੀ ਦਾ ਹੱਕ ਨਹੀਂ ਦਿੰਦੇ। ਸ਼ੈਕਸਪੀਅਰ ਅਨੁਸਾਰ: ਕਮਜ਼ੋਰੀ ਦਾ ਦੂਜਾ ਨਾਮ ਔਰਤ ਹੈ।
ਕਵੀ ਟੈਲੀਸਨ, ਔਰਤ ਨੂੰ ਅਕਾਦਮਿਕ ਕੰਮਾਂ ਬਾਰੇ ਅਨਫਿੱਟ ਕਹਿੰਦਾ ਹੈ। ਲੇਖਿਕਾ ਅਨੁਸਾਰ- ਵਿਆਹੀ ਔਰਤ ਦੀ ਆਪਣੀ ਤ੍ਰਾਸਦੀ ਹੈ। ਜੇ ਉਹ ਨੌਕਰੀਪੇਸ਼ਾ ਹੈ ਤਾਂ ਦਫ਼ਤਰ ਦਾ ਕੰਮ, ਘਰ ਦਾ ਕੰਮ, ਖਾਣਾ ਬਣਾਉਣਾ, ਕੱਪੜੇ ਧੋਣਾ, ਪ੍ਰੈੱਸ ਕਰਨਾ, ਸਫ਼ਾਈਆਂ, ਭੋਗਾਂ-ਮਰਨਿਆਂ ’ਤੇ ਜਾਣਾ, ਰਿਸ਼ਤੇਦਾਰੀਆਂ ਨਿਭਾਉਣੀਆਂ, ਬੱਚਿਆਂ ਦੀ ਜ਼ਿੰਮੇਵਾਰੀ, ਪੇਰੈਂਟਸ-ਟੀਚਰ ਮੀਟਿੰਗਾਂ ਤੇ ਵਿਚਾਰੀ ਇਕ ਅਬਲਾ ਔਰਤ, ਗੁੰਨ੍ਹੀ ਮਿੱਟੀ ਵਰਤੀ ਔਰਤ। ਦੇਖਣ ਨੂੰ ਘਰ ਦੀ ਰਾਣੀ, ਮਹਾਰਾਣੀ, ਮਾਲਕਿਨ ਦਾ ਖ਼ਿਤਾਬ। ਉਂਝ ਬਿਨਾਂ ਤਨਖ਼ਾਹੋਂ ਨੌਕਰ। ਛੁੱਟੀ ਦੀ ਕੋਈ ਗੁੰਜਾਇਸ਼ ਨਹੀਂ। ਘਰ ਛੱਡ ਕੇ ਜਾ ਵੀ ਨਹੀਂ ਸਕਦੀ। ਬੱਚਿਆਂ ਖ਼ਾਤਰ ਸਭ ਕੁਝ ਸਹਿਣ ਕਰਦੀ ਤੁਰੀ ਜਾਂਦੀ ਹੈ। ਸ਼ਾਮ ਨੂੰ ਪਤੀ ਘਰ ਆਉਂਦਾ ਹੈ, ਉਸ ਦੀ ਇੱਛਾ ਨੂੰ ਆਪਣੀ ਇੱਛਾ ਦਰਸਾਉਂਦੀ, ਖ਼ੁਸ਼ ਰਹਿਣ ਦਾ ਨਾਟਕ ਕਰਦੀ ਹੈ। ਜਦ ਥੱਕੀ-ਹਾਰੀ ਆਪਣੇ ਬਿਸਤਰੇ ਵੱਲ ਆਉਂਦੀ ਹੈ ਤਾਂ ਉੱਥੇ ਇਕ ਹੋਰ ਕੰਮ ਉਸ ਨੂੰ ਉਡੀਕ ਰਿਹਾ ਹੁੰਦਾ ਹੈ। ਉੱਥੇ ਵੀ ਔਰਤ ਦੀ ਮਰਜ਼ੀ ਨਹੀਂ ਚੱਲਦੀ।
ਸੋਹਲ, ਪੁਸਤਕ ਵਿਚ ਸਵਾਲ ਖੜ੍ਹੇ ਕਰਦੀ ਹੈ - ‘ਕੀ ਔਰਤ ਦੀ ਨੌਕਰੀ ਸੈਕਸ ਲਾਇਫ਼ ਖ਼ੁਸ਼ਗਵਾਰ ਹੈ?’ (ਪੰਨਾ-51) ਇੱਥੋਂ ਤੱਕ ਪੁੱਜਦਿਆਂ ਲੇਖਿਕਾ ਨੂੰ ਸੋਝੀ ਹੁੰਦੀ ਹੈ - ‘ਔਰਤਾਂ ਪ੍ਰਤੀ ਸਹਾਨਭੂਤੀ ਕੁਝ ਵਧੇਰੇ ਹੀ ਹੋ ਗਈ ਹੈ। ਜਿਸ ਬਾਰੇ ਉਹ ਸਪੱਸ਼ਟੀਕਰਨ ਦਿੰਦੀ ਹੈ : ‘ਮੇਰਾ ਮਕਸਦ ਇਹ ਹਰਜਗਿਜ਼ ਨਹੀਂ ਕਿ ਔਰਤ ਨੂੰ ਵਿਚਾਰੀ ਬਣਾ ਕੇ ਪੇਸ਼ ਕਰਦੀ ਰਹਾਂ ਅਤੇ ਬੰਦਿਆਂ/ਮਰਦਾਂ ਨੂੰ ਦਰਿੰਦੇ, ਭੇੜੀਏ, ਹਵਾਨ ਦੇ ਪਲੇਥਣਾਂ ਨਾਲ ਕੱਜੇ ਪਏ... ਪਰ ਸੱਚ ਜਾਣਿਓ, ਨੱਬੇ ਪ੍ਰਤੀਸ਼ਤ ਆਬਾਦੀ ਇਸੇ ਕਾਮ-ਕੁੰਠਾ ਦੀ ਸ਼ਿਕਾਰ ਹੈ ਤੇ ਇਸ ਕੁੰਠਾ ਨੂੰ ਭੁਗਤ ਰਹੀ ਹੈ, ਔਰਤ।’ (ਪੰਨਾ-63)
ਨਿਰਸੰਕੋਚ ਅਤੇ ਬੇਖ਼ੌਫ਼ ਹੋ ਕੇ ਨਿਰਵਸਤਰ ਹੋ ਰਹੀ ਔਰਤ ਨੂੰ ਦੇਖ ਕੇ ਲੇਖਿਕਾ ਸੋਚਦੀ ਹੈ, ਜਿਵੇਂ ਇਹ ਔਰਤ ਆਪਣੀ ਸਡੌਲ ਸੁੰਦਰ ਦੇਹ ਨੂੰ ਸੈਲੀਬਰੇਸ਼ਨ ਕਰ ਰਹੀ ਹੈ। ਦਰਅਸਲ ਇਹੋ ਜਿਹੀ ਜ਼ਿੰਦਗੀ ਹੋਣੀ ਚਾਹੀਦੀ ਹੈ ਔਰਤ ਦੀ। ਸੈਲੀਬਰੇਸ਼ਨ ਆਫ਼ ਬਾਡੀ, ਸੈਲੀਬਰੇਸ਼ਨ ਆਫ਼ ਵੂਮਨਹੁੱਡ, ਸੈਲੀਬਰੇਸ਼ਨ ਆਫ਼ ਕ੍ਰਿਏਸ਼ਨ ਤੇ ਫਿਰ ਅੱਗੇ ਜਾ ਕੇ ਪੈਦਾ ਹੁੰਦੀ ਹੈ : ਚਲੋ ਉੱਠੋਸਾਰੀਆਂ/ਭੰਨ ਸਿੱਟੋ ਚੂੜੀਆਂ/ਵਗਾਹ ਮਾਰੋ ਘੱਗਰੀਆਂ/ਮੰਗਲ ਸੂਤਰ, ਬਿੰਦੀਆਂ/ਸਾਰੀਆਂ ਦੀਆਂ ਸਾਰੀਆਂ/ਗ਼ੁਲਾਮੀ ਦੀਆਂ ਨਿਸ਼ਾਨਿਆਂ/ ਮਾਈ ਭਾਗੋ ਦੀ ਸੰਤਾਨ ਬਣੋ (ਪੰਨਾ-80)
ਅਰੰਭ ਵਿਚ ਸੋਹਲ ਨੇ ਕਿਹਾ ਸੀ - ‘ਸਮੁੰਦਰਾਂ ਦੇ ਪਾਣੀ ਜਿੰਨੀ ਸਿਆਹੀ ਵੀ ਘੱਟ ਪੈ ਜਾਣੀ ਹੈ ਕਿ ਔਰਤ ਦੇ ਅਥਾਹ, ਆਨੰਤ, ਅਸੀਮ ਦੁੱਖਾਂ ਦਾ ਵਰਣਨ ਕਰਨ ਲਈ।’ ਮੈਂ ਸੋਚਦਾਂ ਇਸ ਪੁਸਤਕ ਦਾ ਮੁੱਖ ਹੋਰ ਵੀ ਵੱਧ ਜਾਣਾ ਸੀ ਜੇ ਲੇਖਿਕਾ ਥੋੜ੍ਹੀ ਜਿਹੀ ਸਿਆਹੀ, ਉਨ੍ਹਾਂ ਔਰਤਾਂ ਦਾ ਵਰਣਨ ਕਰਨ ਲਈ ਵਰਤ ਲੈਂਦੀ ਜਿਹੜੀਆਂ
ਆਪਣੇ ਪ੍ਰੇਮੀਆਂ ਨਾਲ ਰਲ਼ ਕੇ, ਆਪਣੇ ਪਤੀਆਂ ਦਾ ਜਾਂ ਆਪਣੇ ਬੱਚਿਆਂ ਦਾ ਕਤਲ ਕਰਵਾ ਦਿੰਦੀਆਂ ਨੇ। ਉਨ੍ਹਾਂ ਲੜਕੀਆਂ ਦਾ ਜ਼ਿਕਰ ਕਰਨਾ ਵੀ ਬਣਦਾ ਸੀ, ਜਿਹੜੀਆਂ ਹੋਸਟਲਾਂ ਵਿੱਚੋਂ ਚੋਰੀ-ਛਿਪੇ ਫਰਾਰ ਹੋ ਕੇ ਆਪਣੇ ਦੋਸਤਾਂ ਨਾਲ ਹਿੱਲ ਸਟੇਸ਼ਨਾਂ ਦੇ ਹੋਟਲਾਂ ਵਿਚ ਰਾਤਾਂ ਕੱਟ ਆਉਂਦੀਆਂ ਹਨ। ਜ਼ਿਕਰ ਤਾਂ ਉਨ੍ਹਾਂ ਦਾ ਵੀ ਹੋਣਾ ਚਾਹੀਦਾ ਸੀ ਜਿਹੜੀਆਂ ਸੜਕਾਂ ’ਤੇ ਖੜ੍ਹ ਕੇ ਲਿਫ਼ਟ ਮੰਗਣ ਦੇ ਬਹਾਨੇ ਗੱਡੀ ਮਾਲਕਾਂ ਜਾਂ ਡਰਾਈਵਰਾਂ ਨੂੰ ਬਲੈਕਮੇਲ ਕਰ ਕੇ ਲੱਖਾਂ ਰੁਪਏ ਬਟੋਰਨ ਵਾਲੇ ਗਰੋਹਾਂ ਨਾਲ ਰਲੀਆਂ ਹੋਈਆਂ ਨੇ। ਖ਼ੈਰ, ਇਹ ਬਾਰੇ ਲੇਖਿਕਾ ਦਾ ਆਪਣਾ ਨਜ਼ਰੀਆ ਹੈ।
ਆਖ਼ਰੀ ਕਾਂਡ ਕੁਝ ਮੱਤਾਂ, ਹਦਾਇਤਾਂ ਤੇ ਸੁਝਾਵਾਂ ਦੇ ਬਿਬੇਕ ਨਾਲ ਭਰਪੂਰ ਹੈ। ਇਸ ਵਿਚ ਲੇਖਿਕਾ ਔਰਤ ਨੂੰ ਉਦਾਸੀਆਂ ਅਤੇ ਵੈਰਾਗ ਵਿੱਚੋਂ ਕੱਢ ਕੇ, ਆਨੰਦ ਵੱਲ ਲੈ ਜਾਣ ਦੀ ਕਲਪਨਾ ਕਰਦੀ ਹੈ। ਉਹ ਸੰਕਲਪ ਕਰਦੀ ਹੈ - ‘ਮੈਂ ਕੇਵਲ ਆਪਣੇ ਲਈ ਨਹੀਂ, ਦੁਨੀਆ ਦੀਆਂ ਸਾਰੀਆਂ ਔਰਤਾਂ ਦੇ ਦੁੱਖਾਂ ਦੇ ਨਾਸ਼ ਤੇ ਸਨਮਾਨ ਦੀ ਬਹਾਲੀ ਲਈ ਕਲਮਕਾਰੀ ਕਰਦੀ ਰਹਾਂਗੀ।’
ਮੈਂ ਸੋਹਲ ਦੇ ਇਸ ਸੰਕਲਪ ਨੂੰ ਸਲਾਮ ਕਰਦਾ ਹਾਂ। ਪੁਸਤਕ ਵਿਚ ਦੁਹਰਾਓ ਤੋਂ ਬਚਿਆ ਜਾ ਸਕਦਾ ਸੀ। ਮੈਂ ਉਸ ਦੇ ਵਿਲੱਖਣ ਤੇ ਜੁਰਅਤ ਭਰੇ ਯਤਨ ਦੀ ਸ਼ਲਾਘਾ ਕਰਦਾ ਹਾਂ। ਮੈਨੂੰ ਪੂਰੀ ਆਸ ਹੈ, ਇਹ ਪੁਸਤਕ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫਲ ਹੋਵੇਗੀ। ਸਰਬਜੀਤ ਕੌਰ ਸੋਹਲ ਦੀ ਪੁਸਤਕ ‘ਦਿ ਬਲੀਡਿੰਗ ਵਿਮੈਨ’ ਦੇ ਪੰਨੇ 134, ਮੁੱਲ 295/- ਤੇ ਇਸ ਨੂੰ ਯੂਨੀਸਟਾਰ ਬੁੱਕ ਮੋਹਾਲੀ ਨੇ ਪ੍ਰਕਾਿਸ਼ਤ ਕੀਤਾ ਹੈ।