ਰਿਸ਼ਤਿਆਂ ਦੀ ਮਜ਼ਬੂਤੀ ਲਈ ਉਨ੍ਹਾਂ ਦੀ ਪਾਲਨਾ ਵੀ ਬਹੁਤ ਜ਼ਰੂਰੀ ਹੁੰਦੀ ਹੈ। ਭੂਆ-ਭਤੀਜੀ ਦੇ ਰਿਸ਼ਤੇ ਨੂੰ ਵੀ ਸਮੇਂ ਤੇ ਧਿਆਨ ਦੀ ਲੋੜ ਹੁੰਦੀ ਹੈ। ਦੋਵਾਂ ਪੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਿਸ਼ਤੇ ਦੀ ਮਜ਼ਬੂਤੀ ਲਈ ਨਿਰੰਤਰ ਪ੍ਰਯਤਨ ਕਰਨੇ ਜ਼ਰੂਰੀ ਹਨ। ਖੁੱਲ੍ਹੇ ਦਿਲ ਨਾਲ ਗੱਲਬਾਤ, ਸਮੇਂ ਸਮੇਂ ’ਤੇ ਮਿਲਣਾ ਅਤੇ ਇੱਕ ਦੂਸਰੇ ਦੀ ਸਥਿਤੀ ਨੂੰ ਸਮਝਣਾ ਹੀ ਇਸ ਰਿਸ਼ਤੇ ਨੂੰ ਪ੍ਰਸੰਸਾ ਦਾ ਪਾਤਰ ਬਣਾਉਂਦਾ ਹੈ।

ਜਦੋਂ ਅਸੀਂ ਜ਼ਿੰਦਗੀ ਦੇ ਕੁੱਝ ਮਹੱਤਵਪੂਰਨ ਪਹਿਲੂਆਂ ਬਾਰੇ ਸੋਚਦੇ ਹਾਂ ਤਾਂ ਰਿਸ਼ਤਿਆਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਰਿਸ਼ਤੇ ਸਾਨੂੰ ਸਿਰਫ਼ ਮਾਨਸਿਕ ਹੀ ਨਹੀਂ ਬਲਕਿ ਜਜ਼ਬਾਤੀ ਤੌਰ ’ਤੇ ਵੀ ਮਜ਼ਬੂਤ ਕਰਦੇ ਹਨ। ਇਹ ਸਾਡੇ ਜੀਵਨ ਦਾ ਉਹ ਅਣਮੁਲਾ ਅੰਗ ਹੈ ਜੋ ਸਾਡੇ ਹਰ ਖ਼ੁਸ਼ੀ ਅਤੇ ਗਮ ਦੇ ਪਲਾਂ ਵਿੱਚ ਸਾਥੀ ਬਣਦੇ ਹਨ।
ਪਰਿਵਾਰ ਸਾਡਾ ਪਹਿਲਾ ਰਿਸ਼ਤਿਆਂ ਦਾ ਸਰਕਲ ਹੁੰਦਾ ਹੈ ਜਿੱਥੋ ਅਸੀਂ ਸਬਕ ਸਿੱਖ ਕੇ ਜਿੰਦਗ਼ੀ ਦੀਆਂ ਕੀਮਤਾਂ ਕਦਰਾਂ ਨੂੰ ਸਮਝਦੇ ਹਾਂ। ਮਾਤਾ-ਪਿਤਾ, ਭਰਾ-ਭੈਣ, ਦਾਦਾ-ਦਾਦੀ, ਨਾਨਾ ਨਾਨੀ, ਮਾਮੇ ਚਾਚੇ, ਮਾਸੀਆ, ਭੂਆ ਅਤੇ ਹੋਰ ਪਰਿਵਾਰਕ ਮੈਂਬਰ ਸਾਡੇ ਆਸ-ਪਾਸ ਦੇ ਉਹ ਲੋਕ ਹੁੰਦੇ ਹਨ ਜੋ ਸਾਨੂੰ ਪਿਆਰ ਨਾਲ ਰਹਿਣ ਸਹਿਣ ਤੋਂ ਜਾਣੂੰ ਕਰਾਉਂਦੇ ਹਨ।
ਰਿਸ਼ਤਿਆਂ ਦੀ ਮਾਲਾ ਿਵਚੋਂ ਇਕ ਮਣਕਾ ਹੈ ਭੂਆ-ਭਤੀਜੀ ਦਾ। ਇਹ ਰਿਸ਼ਤਾ ਸਿਰਫ਼ ਪਰਿਵਾਰਕ ਬੰਧਨ ਹੀ ਨਹੀਂ, ਸਗੋਂ ਪਿਆਰ ਅਤੇ ਮਮਤਾ ਦਾ ਪ੍ਰਤੀਕ ਵੀ ਹੈ। ਇਸ ਰਿਸ਼ਤੇ ਵਿੱਚ ਇੱਕ ਵਿਲੱਖਣ ਗਹਿਰਾਈ ਹੁੰਦੀ ਹੈ ਜੋ ਜ਼ਿੰਦਗੀ ਨੂੰ ਸੁੰਦਰ ਅਤੇ ਮਾਣਮੱਤੀ ਬਣਾਉਂਦੀ ਹੈ। ਭੂਆ, ਜੋ ਕਿ ਭਤੀਜੀ ਦੇ ਪਿਤਾ ਦੀ ਭੈਣ ਹੁੰਦੀ ਹੈ ਅਤੇ ਪਰਿਵਾਰ ਵਿਚ ਇੱਕ ਅਹਿਮ ਸਥਾਨ ਰੱਖਦੀ ਹੈ। ਉਸ ਦੀ ਮੌਜੂਦਗੀ ਸਿਰਫ਼ ਪਰਿਵਾਰ ਨੂੰ ਸੁਧਾਰਨ ਵਿੱਚ ਹੀ ਨਹੀਂ, ਸਗੋਂ ਸੰਸਕਾਰ ਅਤੇ ਤੌਰ ਤਰੀਕ਼ੇ ਸਿਖਾਉਣ ਵਿਚ ਵੀ ਮਹੱਤਵਪੂਰਨ ਹੁੰਦੀ ਹੈ। ਭੂਆ ਦਾ ਮਮਤਾ ਭਰਿਆ ਹੱਥ ਅਤੇ ਪਿਆਰ ਆਪਣੀ ਭਤੀਜੀ ਪ੍ਰਤੀ ਬੇਮਿਸਾਲ ਹੁੰਦਾ ਹੈ। ਉਹ ਭਤੀਜੀ ਦੀ ਜ਼ਿੰਦਗ਼ੀ ਵਿਚ ਇੱਕ ਮਾਂ ਵਾਂਗ ਸਹਿਯੋਗ ਕਰਦੀ ਹੈ ਕਿਉਂਕਿ ਉਸ ਨੂੰ ਭਤੀਜੀ ਵਿਚੋਂ ਆਪਣਾ ਗੁਆਚਿਆ ਬਚਪਨ ਨਜ਼ਰ ਆਉਂਦਾ ਹੈ। ਭੂਆ-ਭਤੀਜੀ ਦਾ ਰਿਸ਼ਤਾ ਬਚਪਨ ਤੋਂ ਹੀ ਮਜ਼ਬੂਤ ਹੁੰਦਾ ਹੈ। ਭੂਆ ਆਪਣੀ ਭਤੀਜੀ ਦੇ ਨਾਲ ਖੇਡਣ, ਉਸਨੂੰ ਨਵੀਆਂ ਨਵੀਆਂ ਗੱਲਾਂ ਸਿਖਾਉਣ ਅਤੇ ਉਸਦੀ ਦੇਖਭਾਲ ਕਰਨ ਵਿਚ ਸਦਾ ਮੂਹਰੇ ਰਹਿੰਦੀ ਹੈ। ਭੂਆ ਦੇ ਪਿਆਰ ਅਤੇ ਮਮਤਾ ਨਾਲ ਭਰੀਆਂ ਯਾਦਾਂ, ਭਤੀਜੀ ਦੇ ਮਨ ਵਿਚ ਸਦਾ ਵੱਸਦੀਆਂ ਰਹਿੰਦੀਆ ਹਨ।
ਭੂਆ ਦੀ ਮਮਤਾ ਕਈ ਪੱਖਾਂ ਵਿਚ ਦਿਖਾਈ ਦਿੰਦੀ ਹੈ। ਉਹ ਸਿਰਫ਼ ਭਤੀਜੀ ਦੀ ਸਿੱਖਿਆ ਵਿਚ ਹੀ ਨਹੀਂ, ਸਗੋਂ ਉਸ ਦੀ ਹਰ ਖੁਸ਼ੀ ਅਤੇ ਗ਼ਮ ਵਿਚ ਵੀ ਸਾਥ ਦੇਂਦੀ ਹੈ। ਜਦੋਂ ਭਤੀਜੀ ਮੁਸ਼ਕਲਾਂ ਵਿਚ ਹੁੰਦੀ ਹੈ, ਤਾਂ ਭੂਆ ਉਸਦਾ ਹੌਸਲਾ ਵਧਾਉਂਦੀ ਹੈ ਅਤੇ ਸਹਾਇਕ ਬਣਦੀ ਹੈ। ਭੂਆ ਦੇ ਮਮਤਾ ਭਰੇ ਸਬੰਧ, ਭਤੀਜੀ ਨੂੰ ਆਤਮ-ਵਿਸ਼ਵਾਸ ਦਿੰਦੇ ਹਨ ਅਤੇ ਉਸਨੂੰ ਸਫ਼ਲਤਾ ਦੀ ਰਾਹ ਉਤੇ ਲੈ ਕੇ ਜਾਂਦੇ ਹਨ। ਸਮੇਂ ਦੇ ਨਾਲ, ਭੂਆ-ਭਤੀਜੀ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਜਾਂਦਾ ਹੈ। ਜਦੋਂ ਭਤੀਜੀ ਵੱਡੀ ਹੁੰਦੀ ਹੈ ਅਤੇ ਆਪਣੇ ਜੀਵਨ ਦੇ ਵੱਖ-ਵੱਖ ਪੜਾਅ ’ਤੇ ਪਹੁੰਚਦੀ ਹੈ, ਤਾਂ ਭੂਆ ਦਾ ਸਹਿਯੋਗ ਉਸਦੇ ਲਈ ਇੱਕ ਬਲਬੂਤਾ ਬਣਦਾ ਹੈ। ਵਿਦਿਆਰਥੀ ਜੀਵਨ ਵਿਚ ਸਲਾਹ-ਮਸ਼ਵਰਾ, ਕਰੀਅਰ ਦੇ ਫ਼ੈਸਲਿਆਂ ਵਿਚ ਮਦਦ, ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾਉਣਾ, ਇਸ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦਾ ਹੈ।ਇਹ ਰਿਸ਼ਤਾ ਦੋਵਾਂ ਪੱਖਾਂ ਲਈ ਇੱਕ ਦੂਜੇ ਦੇ ਸਹਿਯੋਗ ਦਾ ਪ੍ਰਤੀਕ ਹੁੰਦਾ ਹੈ। ਜਿਵੇਂ ਕਿ ਭੂਆ ਆਪਣੀ ਭਤੀਜੀ ਦੇ ਹਰ ਪਲ ਦੀ ਸਾਥੀ ਹੁੰਦੀ ਹੈ, ਉਵੇਂ ਹੀ ਭਤੀਜੀ ਵੀ ਭੂਆ ਦੀ ਹਰ ਵੇਲੇ ਕਦਰ ਕਰਦੀ ਹੈ ਅਤੇ ਉਸਦੀ ਸਹਿਯੋਗੀ ਬਣਦੀ ਹੈ। ਜਦੋਂ ਭੂਆ ਨੂੰ ਆਪਣੇ ਪੇਕਿਆਂ ਵਲੋਂ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਭਤੀਜੀ ਆਪਣੀ ਸੂਝ ਬੁਝ ਨਾਲ ਉਸਦਾ ਸਾਥ ਦਿੰਦੀ ਹੈ।
ਇਸ ਤਰ੍ਹਾਂ, ਇਹ ਰਿਸ਼ਤਾ ਪਿਆਰ ਦਾ ਇੱਕ ਸੱਚਾ ਸੁੱਚਾ ਨਮੂਨਾ ਵੀ ਹੁੰਦਾ ਹੈ। ਇੱਥੇ ਇਹ ਵੀ ਗੱਲ ਦੱਸਣਯੋਗ ਹੀ ਕਿ ਭਤੀਜੀ ਦੇ ਵਿਆਹ ਮੌਕੇ ਉਸ ਦੀ ਵਿਆਹੀ-ਵਰੀ ਭੂਆ ਉਸ ਨੂੰ ਸੌਗਾਤ ਜਾਂ ਸ਼ਗਨ ਵਜੋਂ ‘ਸਰਵਣ ਮੱਟ’ ਦੇ ਕੇ ਰਿਸ਼ਤੇ ’ਚ ਹੋਰ ਵੀ ਸਨੇਹ ਉਪਜਦੀ ਹੈ। ਕਈ ਵਾਰ ਤਾਂ ਭੂਆ ਆਪਣੀ ਭਤੀਜੀ ਦਾ ਸਾਕ ਵੀ ਆਪਣੇ ਸਹੁਰੇ ਪਰਿਵਾਰ ਿਵਚ ਕਰਵਾ ਦਿੰਦੀ ਹੈ ਤਾਂ ਜੋ ਭਤੀਜੀ ਹਮੇਸ਼ਾ ਲਈ ਉਸ ਦੇ ਨਜ਼ਦੀਕ ਰਹੇ।
ਭੂਆ-ਭਤੀਜੀ ਦਾ ਰਿਸ਼ਤਾ ਪਿਆਰ, ਮਮਤਾ ਅਤੇ ਸਮਰਪਣ ਦਾ ਇੱਕ ਖਾਸ ਬੰਧਨ ਹੈ। ਇਹ ਰਿਸ਼ਤਾ ਸਾਡੇ ਪਰਿਵਾਰਕ ਬੰਧਨਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਅਤੇ ਸਾਨੂੰ ਜੀਵਨ ਵਿਚ ਪਿਆਰ ਅਤੇ ਸਹਿਯੋਗ ਦੇ ਮਹੱਤਵ ਨੂੰ ਸਮਝਾਉਂਦਾ ਹੈ। ਇਹ ਰਿਸ਼ਤਾ ਸਿਰਫ਼ ਰਿਸ਼ਤੇਦਾਰੀ ਤੱਕ ਸੀਮਿਤ ਨਹੀਂ, ਸਗੋਂ ਮਾਨਸਿਕ ਅਤੇ ਆਤਮਿਕ ਤੌਰ ’ਤੇ ਵੀ ਸਾਡੇ ਜੀਵਨ ਨੂੰ ਸੁਧਾਰਦਾ ਹੈ। ਇਸ ਲਈ, ਸਾਨੂੰ ਭੂਆ-ਭਤੀਜੀ ਦੇ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਹੋਰ ਵੀ ਮਜ਼ਬੂਤ ਬਣਾਉਣਾ ਚਾਹੀਦਾ ਹੈ।
ਰਿਸ਼ਤਿਆਂ ਦੀ ਮਜ਼ਬੂਤੀ ਲਈ ਉਨ੍ਹਾਂ ਦੀ ਪਾਲਨਾ ਵੀ ਬਹੁਤ ਜ਼ਰੂਰੀ ਹੁੰਦੀ ਹੈ। ਭੂਆ-ਭਤੀਜੀ ਦੇ ਰਿਸ਼ਤੇ ਨੂੰ ਵੀ ਸਮੇਂ ਤੇ ਧਿਆਨ ਦੀ ਲੋੜ ਹੁੰਦੀ ਹੈ। ਦੋਵਾਂ ਪੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਿਸ਼ਤੇ ਦੀ ਮਜ਼ਬੂਤੀ ਲਈ ਨਿਰੰਤਰ ਪ੍ਰਯਤਨ ਕਰਨੇ ਜ਼ਰੂਰੀ ਹਨ। ਖੁੱਲ੍ਹੇ ਦਿਲ ਨਾਲ ਗੱਲਬਾਤ, ਸਮੇਂ ਸਮੇਂ ’ਤੇ ਮਿਲਣਾ ਅਤੇ ਇੱਕ ਦੂਸਰੇ ਦੀ ਸਥਿਤੀ ਨੂੰ ਸਮਝਣਾ ਹੀ ਇਸ ਰਿਸ਼ਤੇ ਨੂੰ ਪ੍ਰਸੰਸਾ ਦਾ ਪਾਤਰ ਬਣਾਉਂਦਾ ਹੈ। •
ਕਵਿਤਾ ਬੇਦੀ 94173-1066