- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਕਾਲ ਵਿਚ ਰਚੀ ਜਾ ਰਹੀ ਪੰਜਾਬੀ ਕਵਿਤਾ ਦਾ ਮੁਹਾਂਦਰਾ ਬਹੁ-ਦਿਸ਼ਾਵੀ ਅਤੇ ਬਹੁ-ਪਸਾਰੀ ਹੈ। ਇਸ ਵੇਲੇ ਕਵਿਤਾ ਦੇ ਵਿਸ਼ਾਲ ਕੈਨਵਸ ਉਤੇ ਕਿਸੇ ਇਕ ਵਾਦ ਦੀ ਪ੍ਰਤੀਨਿਧਤਾ ਨਹੀਂ ਕੀਤੀ ਜਾ ਸਕਦੀ ਜਾਂ ਦੂਜੇ ਸ਼ਬਦਾਂ ਵਿਚ ਕਹਿ ਲਈਏ ਕਿ ਇਸ ਦੌਰ ਦੀ ਕਵਿਤਾ ਵਿਚ ਹਰ ਇਕ ਵਾਦ ਹੀ ਆਪਣੇ ਅੰਸ਼ਿਕ ਰੂਪ ਵਿਚ ਕਿਸੇ ਨਾ ਕਿਸੇ ਤਰ੍ਹਾਂ ਮੌਜੂਦ ਹੈ।

ਪੁਸਤਕ - ਜ਼ਿੰਦਗੀ ਦੇ ਪਰਛਾਵੇਂ
ਲੇਖਕ - ਜਸਵੰਤ ਗਿੱਲ ਸਮਾਲਸਰ
ਪੰਨੇ- 128, ਮੁੱਲ-250
ਪ੍ਰਕਾਸ਼ਨ - ਪ੍ਰੀਤ ਪਬਲੀਕੇਸ਼ਨ, ਨਾਭਾ।
ਸਮਕਾਲ ਵਿਚ ਰਚੀ ਜਾ ਰਹੀ ਪੰਜਾਬੀ ਕਵਿਤਾ ਦਾ ਮੁਹਾਂਦਰਾ ਬਹੁ-ਦਿਸ਼ਾਵੀ ਅਤੇ ਬਹੁ-ਪਸਾਰੀ ਹੈ। ਇਸ ਵੇਲੇ ਕਵਿਤਾ ਦੇ ਵਿਸ਼ਾਲ ਕੈਨਵਸ ਉਤੇ ਕਿਸੇ ਇਕ ਵਾਦ ਦੀ ਪ੍ਰਤੀਨਿਧਤਾ ਨਹੀਂ ਕੀਤੀ ਜਾ ਸਕਦੀ ਜਾਂ ਦੂਜੇ ਸ਼ਬਦਾਂ ਵਿਚ ਕਹਿ ਲਈਏ ਕਿ ਇਸ ਦੌਰ ਦੀ ਕਵਿਤਾ ਵਿਚ ਹਰ ਇਕ ਵਾਦ ਹੀ ਆਪਣੇ ਅੰਸ਼ਿਕ ਰੂਪ ਵਿਚ ਕਿਸੇ ਨਾ ਕਿਸੇ ਤਰ੍ਹਾਂ ਮੌਜੂਦ ਹੈ। ਨੌਜਵਾਨ ਸ਼ਾਇਰ ਜਸਵੰਤ ਗਿੱਲ ਦੀ ਨਵੀਂ ਆਈ ਪੁਸਤਕ ‘ਜ਼ਿੰਦਗੀ ਦੇ ਪਰਛਾਵੇਂ’ ਇਸ ਪ੍ਰਸੰਗ ਵਿਚ ਵੱਖਰੇ ਨਜ਼ਰੀਏ ਤੋਂ ਦੇਖੀ ਜਾ ਸਕਦੀ ਹੈ। ਇਸ ਕਵਿਤਾ ਦਾ ਮੁਹਾਂਦਰਾ ਜੁਝਾਰਵਾਦੀ ਕਵਿਤਾ ਦੇ ਨਾਲ ਮੇਲ ਖਾਂਦਾ ਹੈ ਅਤੇ ਇਹ ਕਵਿਤਾ ਆਧੁਨਿਕ ਮਸਲਿਆਂ, ਸੰਕਟਾਂ ਦੇ ਨਾਲ ਮਾਰਕਸਵਾਦੀ ਨਜ਼ਰੀਏ ਤੋਂ ਦਸਤਪੰਜਾ ਲੈਂਦੀ ਨਜ਼ਰ ਆਉਂਦੀ ਹੈ। ਉਹ ਸਮਾਜ ਵਿਚਲੇ ਆਰਥਿਕ ਪਾੜੇ ਅਤੇ ਕਾਣੀ ਵੰਡ ਨੂੰ ਆਪਣੀ ਕਵਿਤਾ ਰਾਹੀਂ ਚਿੱਤਰਦਾ ਪ੍ਰਤੀਤ ਹੁੰਦਾ ਹੈ। ਅਜੋਕੇ ਦੌਰ ਵਿਚ ਧਰਮ ਦੇ ਨਾਂ ’ਤੇ ਪਾਖੰਡਵਾਦੀ ਰੁਚੀਆਂ ਨੂੰ ਦੇਖ ਕੇ ਉਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਵਾਪਸ ਮੁੜਨਾ ਲੋਚਦਾ ਹੈ ਤਾਂ ਕਿ ਹੁਣ ਉਹ ਜੋਗੀਆਂ ਦੇ ਟਿੱਲੇ ਤੋਂ ਮੱਕੇ ਤੋਂ ਸੱਜਣ ਠੱਗ ਦੇ ਡੇਰੇ ਤੋਂ ਵਾਪਸ ਮੁੜਨ ਅਤੇ ਵਾਪਸ ਮੁੜ ਕੇ ਕਾਜ਼ੀ ਮੁੱਲਾਂ ਨਾਥਾਂ ਜੋਗੀਆਂ ਨੂੰ ਸਿੱਧੇ ਰਾਹ ਪਾਉਣ ਦੀ ਬਜਾਏ ਆਪਣੇ ਹੀ ਪੰਥ ਦੇ ਭਾਈਆਂ ਪਾਠੀਆਂ ਪ੍ਰਚਾਰਕਾਂ ਅਤੇ ਕੀਰਤਨੀਆਂ ਨੂੰ ਅਸਲ ਸੱਚ ਦਾ ਮਾਰਗ ਦਿਖਾਉਣ। ਇਸੇ ਤਰ੍ਹਾਂ ਉਹ ਗੁਰੂ ਗੋਬਿੰਦ ਸਿੰਘ ਨੂੰ ਲੋਚਦਾ ਹੈ ਕਿ ਉਹ ਦੱਖਣ ਵੱਲੋਂ ਨਾਂਦੇੜ ਦੀ ਧਰਤੀ ਤੋਂ ਮੁੜ ਆਉਣ ਕਿਉਂਕਿ ਅਨੰਦਪੁਰ ਉਸ ਨੂੰ ਆਵਾਜ਼ਾਂ ਮਾਰਦਾ ਪ੍ਰਤੀਤ ਹੁੰਦਾ ਹੈ। ਜਾਤ-ਪਾਤ ਦੀ ਚੱਕੀ ’ਚ ਪਿਸਦੇ ਲੋਕ ਕੁਰਲਾ ਰਹੇ ਹਨ, ਜਿਨ੍ਹਾਂ ਨੂੰ ਖ਼ਤਰਾ ਪਹਾੜੀ ਰਾਜਿਆਂ ਤੋਂ ਨਹੀਂ ਤੇ ਨਾ ਹੀ ਔਰੰਗਜ਼ੇਬ ਤੋਂ ਹੈ ਸਗੋਂ ਹੁਣ ਤਾਂ ਉਨ੍ਹਾਂ ਤੋਂ ਖ਼ਤਰਾ ਹੈ, ਜਿਹੜੇ ਗੁਰੂ ਘਰਾਂ ਵਿਚ ਕਾਬਜ਼ ਨੇ। ਉਹ ਜੈਮਲ ਪੱਡਾ ਅਤੇ ਪਾਸ਼ ਨੂੰ ਆਪਣਾ ਆਦਰਸ਼ ਬਣਾਉਂਦਾ ਹੈ। ਜਸਵੰਤ ਗਿੱਲ ਮਹਿਸੂਸ ਕਰਦਾ ਹੈ ਕਿ ਹੌਲੀ-ਹੌਲੀ ਵਕਤ ਬਦਲੇਗਾ ਤੇ ਨਵੇਂ ਯੁੱਗ ਦਾ ਆਗਾਜ਼ ਹੋਵੇਗਾ, ਜਿੱਥੇ ਅਨਿਆਂ ਅਤੇ ਨਾਬਰਾਬਰੀ ਦਾ ਕੋਈ ਸਥਾਨ ਨਹੀਂ ਹੋਵੇਗਾ। ਉਸ ਦੀ ਇਸ ਕਾਵਿ-ਪੁਸਤਕ ਦੀ ਸਮੁੱਚੀ ਕਵਿਤਾ ਕਿਸੇ ਨਾ ਕਿਸੇ ਮੁੱਦੇ, ਮਸਲੇ ਜਾਂ ਸੰਕਟ ਦੀ ਗੱਲ ਕਰਦੀ ਹੈ। ਉਹ ਕੰਮ ਕਰਨ ਵਾਲੇ ਮਜ਼ਦੂਰ ਨੂੰ ਰਾਮ ਭਗਵਾਨ ਅਤੇ ਈਸ਼ਵਰ ਦਾ ਦਰਜਾ ਦਿੰਦਾ ਹੈ ਅਤੇ ਇਹ ਦੱਸਦਾ ਹੈ ਕਿ ਅਜੇ ਵੀ ਸਾਡੇ ਸਮਾਜ ਵਿਚ ਰਾਮ ਭਗਵਾਨ ਤੇ ਈਸ਼ਵਰ ਨੂੰ ਜਾਤਾਂ-ਪਾਤਾਂ ਤੇ ਨਸਲਾਂ ਵਿਚ ਵੰਡ ਕੇ ਹੀ ਵੇਖਿਆ ਜਾਂਦਾ ਹੈ। ਸਮੁੱਚੇ ਰੂਪ ’ਚ ਅਸੀਂ ਆਖ ਸਕਦੇ ਹਾਂ ਕਿ ਜਸਵੰਤ ਗਿੱਲ ਪੰਜਾਬੀ ਸ਼ਾਇਰੀ ਵਿਚ ਅਜਿਹੀ ਨਿਵੇਕਲੀ ਸੁਰ ਲੈ ਕੇ ਹਾਜ਼ਰ ਹੁੰਦਾ ਹੈ, ਜਿਸ ਦੀ ਧੁਨੀ ਬੜੇ ਚਿਰ ਤੋਂ ਪੰਜਾਬੀ ਕਵਿਤਾ ਵਿੱਚੋਂ ਲੋਪ ਹੋ ਰਹੀ ਸੀ। ਨਵੀਂ ਪੰਜਾਬੀ ਸ਼ਾਇਰੀ ਵਿਚ ਇਸ ਵਿਲੱਖਣ ਭਾਂਤ ਦੀ ਕਵਿਤਾ ਦਾ ਸਵਾਗਤ ਕਰਨਾ ਬਣਦਾ ਹੈ। ਉਮੀਦ ਹੈ ਕਿ ਕਦੇ ਨਾ ਕਦੇ ਅਜਿਹੀ ਕਵਿਤਾ ਦੇ ਸੁਪਨੇ ਵਰਗਾ ਸਮਾਜ ਜ਼ਰੂਰ ਸਿਰਜਿਆ ਜਾਵੇਗਾ, ਜਿੱਥੇ ਨਾਬਰਾਬਰੀ, ਲੁੱਟ-ਖਸੁੱਟ ਤੇ ਅਨਿਆਂ ਦੀ ਕੋਈ ਵੀ ਥਾਂ ਨਹੀਂ ਹੋਵੇਗੀ।
- ਡਾ. ਅਮਰਜੀਤ ਕੌਂਕੇ