Book Review : ਕੁਦਰਤ ਦੇ ਵਰਤਾਰੇ ਤੇ ਲੋਕ ਸੱਚਾਈਆਂ ਨੂੰ ਪ੍ਰਤੀਕਾਤਮਕ ਲਹਿਜ਼ੇ ਨਾਲ ਪੇਸ਼ ਕਰਦਾ ਹਾਇਕੂ ਸੰਗ੍ਰਹਿ ‘ਚਾਰ ਦਿਸ਼ਾਵਾਂ-ਤਿੰਨ ਅੱਖਰ’
ਕਵੀ ਸੁਰਜੀਤ ਸਿੰਘ ਦਿਹੜ ‘ਚਾਰ ਦਿਸ਼ਾਵਾਂ - ਤਿੰਨ ਤਿੰਨ ਅੱਖਰ’ ਸਾਹਿਤ ਦੀ ਵੱਖਰੀ ਕਾਵਿ ਵਿਧਾ ‘ਹਾਇਕੂ’ ਦੇ ਜ਼ਰੀਏ ਜੀਵਨ ਦੇ ਖਾਸ ਪਲ, ਦੁੱਖ ਸੁੱਖ, ਕੁਦਰਤ ਦੇ ਵਰਤਾਰੇ ਅਤੇ ਲੋਕ ਸੱਚਾਈਆਂ ਨੂੰ ਇੱਕ ਪ੍ਰਤੀਕਾਤਮਕ ਲਹਿਜ਼ੇ ਨਾਲ ਪੇਸ਼ ਕਰਦਾ ਹੈ। ਸੁਰਜੀਤ ਸਿੰਘ ਦਿਹੜ ਦੀ ‘ਹਾਇਕੂ’ ਕਵਿਤਾ ਵਿੱਚ ਜ਼ਿਆਦਾਤਰ ਲੋਕ ਸੱਚਾਈਆਂ, ਮੁਹਾਵਰੇ, ਅਖੌਤਾਂ ਅਤੇ ਬੇਸ਼ਕੀਮਤੀ ਸਾਂਭਣਯੋਗ ਗੱਲਾਂ ਹਨ।
Publish Date: Sat, 07 Dec 2024 11:47 AM (IST)
Updated Date: Sun, 08 Dec 2024 11:47 AM (IST)
ਪੁਸਤਕ : ਚਾਰ ਦਿਸ਼ਾਵਾਂ - ਤਿੰਨ ਅੱਖਰ (ਹਾਇਕੂ ਸੰਗ੍ਰਹਿ)
ਪੰਨੇ : 112, ਮੁੱਲ : 200 ਰੁ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ।
ਕਵੀ ਸੁਰਜੀਤ ਸਿੰਘ ਦਿਹੜ ‘ਚਾਰ ਦਿਸ਼ਾਵਾਂ - ਤਿੰਨ ਤਿੰਨ ਅੱਖਰ’ ਸਾਹਿਤ ਦੀ ਵੱਖਰੀ ਕਾਵਿ ਵਿਧਾ ‘ਹਾਇਕੂ’ ਦੇ ਜ਼ਰੀਏ ਜੀਵਨ ਦੇ ਖਾਸ ਪਲ, ਦੁੱਖ ਸੁੱਖ, ਕੁਦਰਤ ਦੇ ਵਰਤਾਰੇ ਅਤੇ ਲੋਕ ਸੱਚਾਈਆਂ ਨੂੰ ਇੱਕ ਪ੍ਰਤੀਕਾਤਮਕ ਲਹਿਜ਼ੇ ਨਾਲ ਪੇਸ਼ ਕਰਦਾ ਹੈ। ਸੁਰਜੀਤ ਸਿੰਘ ਦਿਹੜ ਦੀ ‘ਹਾਇਕੂ’ ਕਵਿਤਾ ਵਿੱਚ ਜ਼ਿਆਦਾਤਰ ਲੋਕ ਸੱਚਾਈਆਂ, ਮੁਹਾਵਰੇ, ਅਖੌਤਾਂ ਅਤੇ ਬੇਸ਼ਕੀਮਤੀ ਸਾਂਭਣਯੋਗ ਗੱਲਾਂ ਹਨ। ਸੁਰਜੀਤ ਸਿੰਘ ਦਿਹੜ ਇੱਕ ਵਿਸ਼ਾਲ ਅਨੁਭਵੀ ਹੋਣ ਕਾਰਨ ਆਪਣੀਆਂ ਬਹੁਤੀਆਂ ‘ਹਾਇਕੂ’ ਪੰਕਤੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਦਿੰਦਾ ਹੋਇਆ ਵਾਤਾਵਰਨ ਸਵੱਛਤਾ ਅਤੇ ਰੁੱਖ ਲਗਾਉਣ ਦੀਆਂ ਗੱਲਾਂ ਕਰਦਾ ਹੈ:
ਰੁੱਖ ਉਗਾਓ
ਆਕਸੀਜਨ ਮਿਲੇ
ਸਭਨਾਂ ਤਾਈਂ।
ਰਾਜਨੀਤਕ ਲੋਕਾਂ ’ਤੇ ਤਿੱਖੇ ਵਿਅੰਗ ਬਾਣ ਕਸਦਾ ਹੋਇਆ ਦਿਹੜ ਇਨ੍ਹਾਂ ਲੋਕਾਂ ਦੇ ਜੁਮਲਿਆਂ/ਫੁੱਕਰੀਆਂ ਨੂੰ ਵੀ ਪੇਸ਼ ਕਰਦਾ ਹੈ:
ਭਾਰਤੀਆਂ ਨੂੰ
ਮੂਰਖ ਬਣਾ ਗਿਆ
ਜੁਮਲੇਬਾਜ਼।
ਚੋਣਾਂ ਦੌਰਾਨ ਪਾਰਟੀਆਂ ਬਦਲਣ ਵਾਲੇ ਦਲ ਬਦਲੂਆਂ ਨੂੰ ਨਕਾਰਦਾ ਹੋਇਆ ਦਿਹੜ ਆਮ ਭੋਲੇ-ਭਾਲੇ ਲੋਕਾਂ ਨੂੰ ਚੇਤੰਨ ਕਰਦਾ ਹੈ:
ਦਲ ਬਦਲੂ
ਵਿਧਾਇਕਾਂ ਨੂੰ ਮੁੜ
ਫੇਰ ਚੁਣੋ ਨਾ।
----------------
ਫੇਰ ਦਿਸੇ ਨੇ
ਪੰਜ ਸਾਲਾਂ ਮਗਰੋਂ
ਬਗਲੇ ਮੋਰ।
ਭਿਆਨਕ ਮਹਾਂਮਾਰੀ ‘ਕਰੋਨਾ’ ਨੂੰ ਵੀ ਕਵੀ ਬੀਤੇ ਵਿੱਚ ਪਈ ‘ਪਲੇਗ’ ਵਾਂਗੂੰ ਸਮਝਦਾ ਹੈ:
ਕਰੋਨਾ ਰੋਗ
ਸਦੀ ਪਹਿਲਾਂ ਪਏ
ਪਲੇਗ ਜਿਹਾ।
ਇੱਕ ਵੱਖਰੀ ਕਾਵਿ ਵਿਧਾ ਰਾਹੀਂ ਸੁਰਜੀਤ ਸਿੰਘ ਦਿਹੜ ਸਮਾਜ ਵਿੱਚ ਵਿਚਰਦਿਆਂ ਬਹੁਤ ਸਾਰੇ ਵਿਸ਼ੇ ਜਿਵੇਂ ਕਿ ਵਿਸਰ ਰਿਹਾ ਸਭਿਆਚਾਰ, ਵਿਰਸੇ, ਪਹਿਰਾਵੇ, ਖੰਡਿਤ ਹੋ ਰਹੇ ਸਾਂਝੇ ਪਰਿਵਾਰ, ਕਿਰਤੀ ਕਾਮਿਆਂ, ਪਲੀਤ ਹੋ ਰਹੇ ਵਾਤਾਵਰਨ, ਇਤਿਹਾਸਕ ਤੱਥਾਂ ਦੀਆਂ ਗੱਲਾਂ ਕਰਦਾ ਹੋਇਆ, ਧਰਮ ਦੇ ਨਾਂ ’ਤੇ ਠੱਗਣ ਵਾਲੇ ਲੋਕਾਂ ਅਤੇ ਮੌਜੂਦਾ ਸੌੜੀ ਸਿਆਸਤ ’ਤੇ ਤਿੱਖੇ ਵਿਅੰਗ ਬਾਣ ਮਾਰਦਾ ਹੈ।
- ਰਾਜਵੀਰ ਸਿੰਘ ਚੌਂਤਾ