- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ਼ਜ਼ਲਗੋ ਆਪਣੀ ਜ਼ਿੰਦਗੀ ਦੇ ਆਪ ਕਮਾਏ ਸੱਚ ਦੇ ਚਾਨਣ ਨੂੰ ਸ਼ਿਅਰਾਂ ਦੇ ਮਾਧਿਅਮ ਰਾਹੀਂ ਸੰਚਾਰ ਰਿਹਾ ਹੈ। ਆਸ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਸ਼ਾਇਰ ਸ਼ੈਦਾ ਸ਼ਬਦਾਂ ਰਾਹੀਂ ਸੱਚ-ਚਾਨਣ ਨੂੰ ਖਿਲਾਰਨ ਦਾ ਅੰਬਰ ਹੋਰ ਵੀ ਵਿਸ਼ਾਲ ਕਰੇਗਾ।

ਪੁਸਤਕ : ਲਹੂ-ਲੁਹਾਣ (ਗ਼ਜ਼ਲ ਸੰਗ੍ਰਹਿ)
ਲੇਖਕ : ਅੰਮ੍ਰਿਤਪਾਲ ਸਿੰਘ ਸ਼ੈਦਾ
ਪੰਨੇ 104 , ਮੁੱਲ- 250/-
ਪ੍ਰਕਾਸ਼ਕ : ਸ਼ਬਦਾਂਜਲੀ ਪਬਲੀਕੇਸ਼ਨਜ਼, ਪਟਿਆਲਾ।
ਲਹੂ-ਲੁਹਾਣ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਾਸਾਰ ਅੰਮ੍ਰਿਤਪਾਲ ਸਿੰਘ ਸ਼ੈਦਾ ਦੇ ਵਿਸ਼ਾ ਦਰਜ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਵਿਸ਼ਾ-ਵਸਤੂ ਦੀ ਦ੍ਰਿਸ਼ਟੀ ਅਤੇ ਸੁਹਜ-ਸਿਧਾਂਤ ਦੀ ਦ੍ਰਿਸ਼ਟੀ ਤੋਂ, ਜੋ ਸੰਕਲਪ ਅਤੇ ਵਸਤੂ ਅਰਥ-ਸੰਰਚਨਾ ਦੇ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ, ਉਹ ਪਾਠਕਾਂ ਲਈ ਅਰਥ ਸੰਚਾਰਨਯੋਗ ਹਨ। ਸ਼ੈਲੀਗਤ ਵਿਸ਼ੇਸ਼ਤਾਵਾਂ ਅਤੇ ਅਭਿਵਿਅਕਤੀ ਕਲਾ ਸੰਪੂਰਨ ਅਰਥ ਸੰਚਾਰਨ ਯੋਗ ਹੈ। ਅਰਥਾਂ ਦੀ ਸੂਖ਼ਮਤਾ ਬਣਾਈ ਰੱਖੀ ਹੈ, ਜਿਸ ਤੋਂ ਅਸੀਂ ਕਵੀ ਦੀ ਕਾਲਪਨਿਕ ਸਮਰਥਾ ਤੇ ਉਸ ਦੀ ਭਾਵੁਕ ਪ੍ਰਕਿਰਿਆ ਦਾ ਪਤਾ ਲਗਾ ਸਕਦੇ ਹਾਂ, ਗ਼ਜ਼ਲਾਂ ਦੀਆਂ ਸੁਹਜਾਤਮਿਕ ਸਮਾਜਿਕ ਸੱਚਾਈਆਂ ਦਾ ਸਹਿਜੇ ਹੀ ਇਲਮ ਹੋ ਜਾਂਦਾ ਹੈ। ਇਨ੍ਹਾਂ ਗ਼ਜ਼ਲਾਂ ਦੀ ਥੀਮਿਕ ਸਮੱਗਰੀ ਨਸੀਹਤਨੁਮਾ, ਪ੍ਰੇਰਨਾਦਾਇਕ ਅਤੇ ਬਾਅਦਬ ਹੈ। ਪਹਿਲੀ ਗ਼ਜ਼ਲ ਦੇ ਮਤਲੇ ਦਾ ਹੀ ਇਹ ਰੰਗ ਦੇਖੋ, ‘ਸੀਨਾ-ਬਸੀਨਾ ਲਟ-ਲਟ ਬਲ਼ਦੀ ਆਖਿਰਕਾਰ ਇਹ ਕੇਹੀ ਅਗਨ ਅੰਬਰੋਂ ਉੱਚੇ ਲਾਉਂਦੀ ਠਹਾਕੇ, ਝੱਲਿਆਂ ਵਾਂਗੂੰ ਹੱਸਦੀ ਅਗਨ ਇਨ੍ਹਾਂ ਗ਼ਜ਼ਲ ਦਾ ਮੀਰੀ ਗੁਣ।’ ਜਿੱਥੇ ਖ਼ਿਆਲਾਂ ਦੀ ਇਕਜੁਟਤਾ ਹੈ, ਸਹਿਜਤਾ ਤੇ ਸੁਹਜਤਾ ਹੈ, ਉਥੇ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਮਨ ਦੀ ਅਸਥਿਰਤਾ, ਬੇਚੈਨੀ ਤੇ ਸੰਵੇਦਿਤ ਵੇਦਨਾ ਵੀ ਹੈ ਕਿਉਂਕਿ ਕਵੀ ਦੇ ਆਲੇ-ਦੁਆਲੇ ਸਮਾਜਿਕ ਕੁਰੀਤੀਆਂ ਹਨ। ਰੱਤ ਪੀਣੀਆਂ ਰਸਮਾਂ ਵੀ ਹਨ। ਇਸ ਸਮਾਜਿਕ ਸਥਿਤੀ ਦੇ ਕਠੋਰ ਯਥਾਰਥ ਨੂੰ ਉਹ ਸਮਝਦਾ ਹੈ। ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਵੇਖੇ ਹੀ ਨਹੀਂ ਸਗੋਂ ਇਕ ਮਸਤ ਕਲੰਦਰ ਵਾਂਗ ਹੱਸਦਿਆਂ-ਵੱਸਦਿਆਂ ਲੰਘਾਏ ਵੀ ਹਨ। ਗ਼ਜ਼ਲ ਦੀ ਉਤਪਤੀ ਉਸ ਲਈ ਉਸ ਦੇ ਲਹੂ ’ਚ ਧੁਰ ਤੋਂ ਹੀ ਜਾਪਦੀ ਹੈ। ਸ਼ਾਇਦ ਵਿਰਸੇ ਦੀ ਅਮੁੱਲ ਦੇਣ ਹੈ। ਸ਼ੈਦਾ ਦੀ ਸ਼ਾਇਰੀ ਸਮਕਾਲੀ ਪ੍ਰਸਥਿਤੀਆਂ ਦੀ ਵਿਕਰਾਲਤਾ, ਸੰਵੇਦਨਹੀਣਤਾ ਅਤੇ ਅਮਾਨਵੀ ਸੁਭਾਅ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਤੇ ਕਲਾਤਮਿਕਤਾ ਨਾਲ ਪੇਸ਼ ਕਰਦੀ ਹੈ। ਉਹ ਆਪਣੀ ਗ਼ਜ਼ਲ ਦੇ ਕੈਨਵਸ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਦੁੱਖ ਵਿਚ ਹਾਅ ਦਾ ਨਾਅਰਾ ਮਾਰਦਾ ਹੋਇਆ ਸਮਕਾਲੀ ਲਹੂ-ਲੁਹਾਣ ਹਾਲਾਤ ਦੀ ਕਿੰਜ ਅੱਕਾਸੀ ਕਰਦਾ ਹੈ, ‘ਦੁਸ਼ਮਣ ਕੈਸਾ ਹੈ ਰੱਤ-ਪੀਣਾ, ਹਾਏ। ਗ਼ਾਜ਼ਾ ਲਹੂ-ਲੁਹਾਣ ਲੋਥਾਂ ਉੱਤੇ ਨੱਚੇ ਹੱਸਦਾ, ਹਾਏ। ਗ਼ਜ਼ਲਾਂ ਦਾ ਕੋਈ ਵੀ ਸ਼ਿਅਰ ਸੁਣ ਪੜ੍ਹ ਲਵੋ, ਪਾਠਕਾਂ ਨੂੰ ਸੁਚੇਤ ਖ਼ਬਰਦਾਰ ਕਰਨ ਵਾਲਾ ਬੌਧਿਕ ਕਥਨ ਜਾਪਦਾ ਹੈ। ਉਸ ਨੇ ਵਰਤਮਾਨ ਕਾਲ ਵਿਚਲੇ ਤਖ਼ਲਿਆਂ ਤੋਂ ਜਾਣੂ ਕਰਦੇ ਹੋਏ ਭਵਿੱਖ ’ਚ ਪੈਰ-ਪੈਰ ’ਤੇ ਵਿਆਪਤ ਖ਼ਤਰਿਆਂ ਤੋਂ ਸੁਚੇਤ ਕੀਤਾ ਹੈ। ਗ਼ਜ਼ਲਗੋ ਆਪਣੀ ਜ਼ਿੰਦਗੀ ਦੇ ਆਪ ਕਮਾਏ ਸੱਚ ਦੇ ਚਾਨਣ ਨੂੰ ਸ਼ਿਅਰਾਂ ਦੇ ਮਾਧਿਅਮ ਰਾਹੀਂ ਸੰਚਾਰ ਰਿਹਾ ਹੈ। ਆਸ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਸ਼ਾਇਰ ਸ਼ੈਦਾ ਸ਼ਬਦਾਂ ਰਾਹੀਂ ਸੱਚ-ਚਾਨਣ ਨੂੰ ਖਿਲਾਰਨ ਦਾ ਅੰਬਰ ਹੋਰ ਵੀ ਵਿਸ਼ਾਲ ਕਰੇਗਾ।
- ਡਾ. ਅਮਰ ਕੋਮਲ