ਸਰਦਾਰ ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਪੱਤਰਕਾਰੀ ਦਾ ਉੱਘਾ ਨਾਂ ਹੈ। ਸ਼ਾਇਦ ਇਸੇ ਕਰਕੇ ਇਸ ਸਵੈ ਜੀਵਨੀ ਦੇ ਸੰਪਾਦਕ ਡਾ. ਬਲਵਿੰਦਰ ਸਿੰਘ ਥਿੰਦ ਨੇ ਸ਼ੰਗਾਰਾ ਸਿੰਘ ਭੁੱਲਰ ਨੂੰ ਪੰਜਾਬੀ ਪੱਤਰਕਾਰੀ ਦਾ ਸ਼ਾਹ-ਅਸਵਾਰ ਆਖਿਆ ਹੈ। ਸ਼ੰਗਾਰਾ ਸਿੰਘ ਭੁੱਲਰ ਦਾ ਪਿੰਡ ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਨੇੜੇ ਪਿੰਡ ਭੁੱਲਰ ਹੈ।

ਪੁਸਤਕ : ਯਾਦਾਂ ਦਾ ਦਰਪਣ (ਸਵੈ-ਜੀਵਨੀ)
ਲੇਖਕ : ਸ਼ੰਗਾਰਾ ਸਿੰਘ ਭੁੱਲਰ
ਸੰਪਾ. : ਡਾ. ਬਲਵਿੰਦਰ ਸਿੰਘ ਥਿੰਦ
ਪੰਨੇ : 164 ਮੁੱਲ : 250/-
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਸਰਦਾਰ ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਪੱਤਰਕਾਰੀ ਦਾ ਉੱਘਾ ਨਾਂ ਹੈ। ਸ਼ਾਇਦ ਇਸੇ ਕਰਕੇ ਇਸ ਸਵੈ ਜੀਵਨੀ ਦੇ ਸੰਪਾਦਕ ਡਾ. ਬਲਵਿੰਦਰ ਸਿੰਘ ਥਿੰਦ ਨੇ ਸ਼ੰਗਾਰਾ ਸਿੰਘ ਭੁੱਲਰ ਨੂੰ ਪੰਜਾਬੀ ਪੱਤਰਕਾਰੀ ਦਾ ਸ਼ਾਹ-ਅਸਵਾਰ ਆਖਿਆ ਹੈ। ਸ਼ੰਗਾਰਾ ਸਿੰਘ ਭੁੱਲਰ ਦਾ ਪਿੰਡ ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਨੇੜੇ ਪਿੰਡ ਭੁੱਲਰ ਹੈ। ਵਿਰਲੇ ਲੋਕ ਹੀ ਹੁੰਦੇ ਹਨ, ਜਿਹੜੇ ਸਾਨੂੰ ਨੇੜਿਓਂ ਪ੍ਰਭਾਵਿਤ ਕਰਦੇ ਹਨ। ਸ਼ੰਗਾਰਾ ਸਿੰਘ ਭੁੱਲਰ ਵੀ ਉਨ੍ਹਾਂ ਵਿਰਲਿਆਂ ’ਚੋਂ ਸਨ, ਜੋ 11 ਦਸੰਬਰ 2019 ਨੂੰ ‘ਹਲਤ ਤੋਂ ਪਲਤ’ ਦਾ ਸਫ਼ਰ ਤੈਅ ਕਰਦਿਆਂ ਆਪਣਾ ਜੀਵਨ ‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’ ਕਰ ਗਏ। ਪਾਰਸ ਬਾਰੇ ਮਿਥਕ ਧਾਰਨਾ ਹੈ ਕਿ ਇਹ ਅਜਿਹਾ ਪੱਥਰ ਹੈ, ਜੋ ਲੋਹੇ ਨੂੰ ਛੂਹ ਕੇ ਸੋਨਾ ਕਰ ਦਿੰਦਾ ਹੈ ਪਰ ਸ. ਭੁੱਲਰ ਹਕੀਕਤ ’ਚ ਅਜਿਹੀ ਛੋਹ ਸਨ, ਜਿਸ ਦੇ ਵੀ ਸੰਪਰਕ ਵਿਚ ਆਉਂਦੇ ਸਨ, ਉਸ ਨੂੰ ਖ਼ਰਾ ਸੋਨਾ ਬਣਾਉਣ ਦੀ ਕਲਾ ਰੱਖਦੇ ਸਨ।
ਜਿਨ੍ਹਾਂ ਉਪ ਸਿਰਲੇਖਾਂ ਤਹਿਤ ਇਹ ਯਾਦਾਂ ਦਾ ਸ਼ੀਸ਼ਾ/ਦਰਪਣ ਸਾਨੂੰ ਸ. ਭੁੱਲਰ ਬਾਰੇ ਭਾਵਪੂਰਤ ਜਾਣਕਾਰੀ ਪ੍ਰਦਾਨ ਕਰਦਾ ਹੈ, ਉਹ ਇਹ ਹਨ: ਜਨਮ ਭੂਮੀ ਤੇ ਪਰਿਵਾਰ, ਸਕੂਲੀ ਤੇ ਉਚੇਰੀ ਪੜ੍ਹਾਈ, ਪਹਿਲੀ ਨੌਕਰੀ, ਜਿੱਥੇ ਪੜ੍ਹਿਆ, ਪੜ੍ਹਾਇਆ, ਪੱਤਰਕਾਰੀ ਤੇ ਐਡਿਟਰੀ ਕੀਤੀ, ਦਿੱਲੀ ਦਾ ਗੇੜਾ, ਸੋਹਣੇ ਸ਼ਹਿਰ ਚੰਡੀਗੜ੍ਹ ’ਚ ਉਤਾਰਾ, ਘਰ ਪਰਿਵਾਰ, ‘ਮਿੱਤਰ ਜੋੜੀ’, ਅਖ਼ਬਾਰੀ ਜਗਤ ਦਾ ਬਦਲਦਾ ਦੌਰ, ਪੱਤਰਕਾਰੀ ਜੀਵਨ ਦੇ ਕੁਝ ਕੌੜੇ-ਮਿੱਠੇ ਤਜਰਬੇ, ਕਾਰੋਬਾਰ ਹੋ ਗਿਆ ਫੇਲ੍ਹ, ਵਿਆਹ ਦੀ ‘ਗੋਲਡਨ ਜੁਬਲੀ’, ਸੰਤਾਪ ਦੇ ਦਿਨ-ਇਕ ਕੌੜੀ ਯਾਦ ਤੇ ਆਖ਼ਰ ਹੋਣੀ ਵਾਪਰ ਗਈ...। ਡਾ. ਬਰਜਿੰਦਰ ਸਿੰਘ ਹਮਦਰਦ, ਦਰਬਾਰਾ ਸਿੰਘ ਕਾਹਲੋਂ, ਉਜਾਗਰ ਸਿੰਘ, ਸ਼ਾਮ ਸਿੰਘ (ਅੰਗ-ਸੰਗ), ਰਘਵਿੰਦਰ ਸਿੰਘ ਸੰਧੂ ਨਾਰਵੇ, ਇੰਦਰਜੀਤ ਸਿੰਘ ਚੀਮਾ, ਚੇਤਨ ਪਾਲ ਸਿੰਘ ਭੁੱਲਰ, ਰਮਣੀਕ ਸਿੰਘ ਭੁੱਲਰ ਤੇ ਰੁਪਿੰਦਰ ਕੌਰ ਆਦਿ ਸ਼ਖ਼ਸੀਅਤਾਂ ਦੇ ਉਨ੍ਹਾਂ ਬਾਰੇ ਵਿਚਾਰ ਇਸ ਪੁਸਤਕ ’ਚ ਸ਼ਾਮਿਲ ਹਨ। ਤੇ ਆਖ਼ਰ ਹੋਣੀ ਵਾਪਰ ਗਈ... (ਪਰਿਵਾਰ ਵੱਲੋਂ ਭੁੱਲਰ ਸਾਹਿਬ ਨਾਲ ਬਿਤਾਏ ਆਖ਼ਰੀ ਪਲ) ਅਮਰਜੀਤ ਕੌਰ ਭੁੱਲਰ (ਸੁਪਤਨੀ ਸ. ਭੁੱਲਰ) ਵੱਲੋਂ ਬਹੁਤ ਟੁੰਬਵੇਂ ਅੰਦਾਜ਼ ’ਚ ਲਿਖੀ ਗਈ ਲਿਖਤ ਹੈ। ਨਿਰਸੰਦੇਹ ਭਲੇ ਬੰਦਿਆਂ ਦੀਆਂ ਯਾਦਾਂ ਵੀ ਬੜੀਆਂ ਗੁਣਕਾਰੀ ਹੁੰਦੀਆਂ ਹਨ। ਉਨ੍ਹਾਂ ਦੀਆਂ ਯਾਦਾਂ ਨੂੰ ਸਾਂਭਦੀ ਇਹ ਪੁਸਤਕ ਆਪਣੇ ਆਪ ’ਚ ਮਹੱਤਵਪੂਰਨ ਹੈ।
ਹਰਮੀਤ ਸਿੰਘ ਅਟਵਾਲ