ਸੋਸ਼ਲ ਮੀਡੀਆ ਨਕਾਰਾਤਮਿਕ ਤੇ ਸਕਾਰਾਤਮਿਕ ਪ੍ਰਭਾਵਾਂ ਦਾ ਸਾਂਝਾ ਮੁਹਾਜ਼ ਹੈ। ਜੇ ਸਕਾਰਾਤਮਿਕ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਖ਼ਾਸ ਕਰਕੇ ਫੇਸਬੁੱਕ ਨੇ ਬਹੁਤ ਸਾਰੇ ਲੋਕਾਂ ਨੂੰ ਲੇਖਕ ਬਣਾ ਦਿੱਤਾ ਹੈ ਕਿਉਂਕਿ ਅਖ਼ਬਾਰਾਂ ਜਾਂ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਲਈ ਰਚਨਾਵਾਂ ਦਾ ਵੱਖਰਾ ਮਿਆਰ ਚਾਹੀਦਾ ਹੁੰਦਾ ਹੈ ਪਰ ਸੋਸ਼ਲ ਮੀਡੀਆ ’ਤੇ ਹਰ ਵਿਅਕਤੀ ਆਪਣੀ ਮਰਜ਼ੀ ਦੇ ਸ਼ਬਦ ਲਿਖਣ ਲਈ ਆਜ਼ਾਦ ਹੈ।

ਪੁਸਤਕ:ਮਨ-ਮਸਤਕ
ਲੇਖਕ : ਧੰਨ ਸਿੰਘ ਕਰੀਰਵਾਲੀ
ਸਫ਼ੇ : 174, ਮੁੱਲ:250/-ਰੁਪਏ
ਪ੍ਰਕਾਸ਼ਨ : ਸਹਿਜ ਪਬਲੀਕੇਸ਼ਨ,ਸਮਾਣਾ।
ਸੋਸ਼ਲ ਮੀਡੀਆ ਨਕਾਰਾਤਮਿਕ ਤੇ ਸਕਾਰਾਤਮਿਕ ਪ੍ਰਭਾਵਾਂ ਦਾ ਸਾਂਝਾ ਮੁਹਾਜ਼ ਹੈ। ਜੇ ਸਕਾਰਾਤਮਿਕ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਖ਼ਾਸ ਕਰਕੇ ਫੇਸਬੁੱਕ ਨੇ ਬਹੁਤ ਸਾਰੇ ਲੋਕਾਂ ਨੂੰ ਲੇਖਕ ਬਣਾ ਦਿੱਤਾ ਹੈ ਕਿਉਂਕਿ ਅਖ਼ਬਾਰਾਂ ਜਾਂ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਲਈ ਰਚਨਾਵਾਂ ਦਾ ਵੱਖਰਾ ਮਿਆਰ ਚਾਹੀਦਾ ਹੁੰਦਾ ਹੈ ਪਰ ਸੋਸ਼ਲ ਮੀਡੀਆ ’ਤੇ ਹਰ ਵਿਅਕਤੀ ਆਪਣੀ ਮਰਜ਼ੀ ਦੇ ਸ਼ਬਦ ਲਿਖਣ ਲਈ ਆਜ਼ਾਦ ਹੈ। ਕਈ ਵਾਰ ਕੁਝ ਲੋਕਾਂ ਕੋਲ ਸੀਮਤ ਸ਼ਬਦਾਂ ’ਚ ਲਿਖਣ ਦੀ ਸਮਰੱਥਾ ਹੁੰਦੀ ਹੈ। ਸੋਸ਼ਲ ਮੀਡੀਆ ਉਨ੍ਹਾਂ ਲਈ ਸਭ ਤੋਂ ਵਧੀਆ ਮੰਚ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਬਹੁਗਿਣਤੀ ਵਰਤੋਕਾਰ ਲੰਬੀਆਂ ਲਿਖਤਾਂ ਨੂੰ ਪਸੰਦ ਨਹੀਂ ਕਰਦੇ। ਚਰਚਾ ਅਧੀਨ ਪੁਸਤਕ ਦਾ ਲੇਖਕ ਵੀ ਸੋਸ਼ਲ ਮੀਡੀਆ ਦੀ ਬਦੌਲਤ ਲੇਖਕ ਬਣਿਆ ਹੈ। ਉਸ ਨੇ ਮਨ ਦੇ ਵਿਚਾਰਾਂ ਨੂੰ ਸੋਸ਼ਲ ਮੀਡੀਆ ’ਤੇ ਲਿਖਣਾ ਸ਼ੁਰੂ ਕੀਤਾ। ਪਾਠਕਾਂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਪਸੰਦ ਕਰਦਿਆਂ ਤਾਰੀਫ਼ ਕਰਨੀ ਸ਼ੁਰੂ ਕੀਤੀ। ਲੇਖਕ ਦਾ ਹੌਸਲਾ ਵਧਿਆ ਤੇ ਉਸ ਨੇ ਆਪਣੇ ਵਿਚਾਰਾਂ ਦੀ ਲੇਖਣੀ ਨੂੰ ਲਗਾਤਾਰਤਾ ਦਿੱਤੀ। ਨਤੀਜੇ ਵਜੋਂ ਵਧੀਆ ਪੁਸਤਕ ਦਾ ਜਨਮ ਹੋਇਆ। ਲੇਖਕ ਨੇ ਬੜੇ ਸੀਮਤ ਸ਼ਬਦਾਂ ਵਿਚ ਕੀਮਤੀ ਵਿਚਾਰ ਪਾਠਕਾਂ ਦੇ ਸਨਮੁੱਖ ਕੀਤੇ ਹਨ। ਪੁਸਤਕ ਦਾ ਪਲੇਠਾ ਵਿਚਾਰ ‘ਜੇਕਰ ਅਸੀਂ ਸੂਰਜ ਵਾਂਗ ਚੜ੍ਹਨਾ ਜਾਣਦੇ ਹਾਂ, ਤਾਂ ਸਾਨੂੰ ਉਸ ਵਾਂਗ ਢਲਣਾ ਵੀ ਆਉਣਾ ਚਾਹੀਦਾ ਹੈ’, ਬਹੁਤ ਵੱਡਾ ਸੰਦੇਸ਼ ਦਿੰਦਾ ਹੈ। ਇਕ ਹੋਰ ਵਿਚਾਰ ਪੜ੍ਹੋ,‘ਜੋ ਦਰੱਖ਼ਤ ਤੂਫਾਨਾਂ ਵਿਚ ਨਹੀਂ ਡਿੱਗਦੇ, ਉਹ ਦਰੱਖ਼ਤ ਅਕਸਰ ਸਿਓਂਕ ਨਾਲ ਖ਼ਤਮ ਹੋ ਜਾਂਦੇ ਹਨ।’ ਲੇਖਕ ਨੇ ਇਨ੍ਹਾਂ ਸਾਰੇ ਵਿਚਾਰਾਂ ਨੂੰ ਅੱਗਿਓਂ ਵਿਸਥਾਰ ਵੀ ਦਿੱਤਾ ਹੈ। ਪਰੂਫ ਰੀਡਿੰਗ ਦੀ ਕਮੀ ਬਹੁਤ ਸਾਰੀਆਂ ਸ਼ਾਬਦਿਕ ਗ਼ਲਤੀਆਂ ਨੂੰ ਜਨਮ ਦਿੰਦੀ ਹੈ। ਇਸ ਪੁਸਤਕ ’ਚ ਵੀ ਬਹੁਤ ਸਾਰੀਆਂ ਗਲਤੀਆਂ ਦੇ ਨਾਲ- ਨਾਲ ਸ਼ਬਦਾਂ ਨੂੰ ਸਹੀ ਅਰਥਾਂ ਵਿਚ ਇਸਤੇਮਾਲ ਕਰਨ ’ਚ ਵੀ ਕੁਤਾਹੀ ਹੋਈ ਹੈ। ਪੰਨਾ ਨੰਬਰ 15 ’ਤੇ ਦੂਜੀ ਸਤਰ ਵਿਚ ਲੇਖਕ ਲਿਖਦਾ ਹੈ,‘ਕਿਉਂਕਿ ਰਾਜ ਵਿਚ ਰਾਜ ਰੱਖਣੇ ਜ਼ਰੂਰੀ ਹੁੰਦੇ ਹਨ।’ ਇਸ ਵਾਕ ਵਿਚ ਪਹਿਲਾ 'ਰਾਜ' ਸੱਤਾ ਲਈ, ਜਦੋਂਕਿ ਦੂਜਾ ‘ਰਾਜ’ ਭੇਦ ਲਈ ਇਸਤੇਮਾਲ ਕੀਤਾ ਹੈ। ਭੇਦ ਲਈ 'ਰਾਜ ਨਹੀ ਰਾਜ਼' ਸ਼ਬਦ ਇਸਤੇਮਾਲ ਕਰਨਾ ਬਣਦਾ ਸੀ। ਕਈ ਜਗ੍ਹਾ ਵਾਕ ਬਣਤਰ ਵੀ ਹੋਰ ਬਿਹਤਰ ਬਣਾ ਕੇ ਲਿਖਤ ਨੂੰ ਰਵਾਨਗੀ ਦਿੱਤੀ ਜਾ ਸਕਦੀ ਸੀ। ਇਨ੍ਹਾਂ ਕਮੀਆਂ ਦੇ ਬਾਵਜੂਦ ਪੁਸਤਕ ਪਾਠਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਹਰ ਉਮਰ ਦੇ ਇਨਸਾਨ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪੁਸਤਕ ’ਚ ਵਿਅਕਤੀ ਨੂੰ ਸੇਧ ਦੇਣ ਦੇ ਨਾਲ-ਨਾਲ ਨਕਾਰਾਤਮਿਕਤਾ ਨੂੰ ਸਕਾਰਾਤਮਿਕਤਾ ਵਿਚ ਤਬਦੀਲ ਦੀ ਸਮਰੱਥਾ ਹੈ।
- ਬਿੰਦਰ ਸਿੰਘ ਖੁੱਡੀ ਕਲਾਂ