ਜ਼ੋਰਾਵਰ ਸਿੰਘ ਪੰਛੀ ਪੰਜਾਬੀ ਸਾਹਿਤ ਦੀ ਵਿਧਾ ਗੀਤਕਾਰੀ ਤੇ ਗ਼ਜ਼ਲ ਵਿਚ ਸ਼ੁਮਾਰ ਸ਼ਾਇਰ ਸ਼ਖ਼ਸੀਅਤ ਹਨ। ਇਕ ਚੰਗੇ ਉਸਤਾਦ ਦੇ ਚੰਡੇ ਸ਼ਾਗਿਰਦ ਵਾਂਗ ਉਸ ਦੀ ਸਾਹਿਤ ਸਿਰਜਣਾ ਬਾਕਮਾਲ ਹੈ। ਸਦਾ ਹੀ ਕੁਝ ਨਵਾਂ ਸਿੱਖਣ ਦੀ ਪ੍ਰਵਿਰਤੀ ਦੇ ਚਾਹਵਾਨ ਇਸ ਸ਼ਾਇਰ ਦਾ ਹੱਥਲਾ ‘ਪ੍ਰੇਮ ਖੇਲਣ ਕਾ ਚਾਉ’ ਤੀਸਰਾ ਕਾਵਿ ਸੰਗ੍ਰਹਿ ਹੈ।

ਪੁਸਤਕ - ਪ੍ਰੇਮ ਖੇਲਣ ਕਾ ਚਾਉ (ਧਾਰਮਿਕ ਕਵਿਤਾਵਾਂ, ਗੀਤ ਤੇ ਪ੍ਰਸੰਗ)
ਲੇਖਕ - ਜ਼ੋਰਾਵਰ ਸਿੰਘ ਪੰਛੀ
ਪੰਨੇ-119 ਮੁੱਲ-250/-ਰੁਪਏ
ਪ੍ਰਕਾਸ਼ਨ - ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਜ਼ੋਰਾਵਰ ਸਿੰਘ ਪੰਛੀ ਪੰਜਾਬੀ ਸਾਹਿਤ ਦੀ ਵਿਧਾ ਗੀਤਕਾਰੀ ਤੇ ਗ਼ਜ਼ਲ ਵਿਚ ਸ਼ੁਮਾਰ ਸ਼ਾਇਰ ਸ਼ਖ਼ਸੀਅਤ ਹਨ। ਇਕ ਚੰਗੇ ਉਸਤਾਦ ਦੇ ਚੰਡੇ ਸ਼ਾਗਿਰਦ ਵਾਂਗ ਉਸ ਦੀ ਸਾਹਿਤ ਸਿਰਜਣਾ ਬਾਕਮਾਲ ਹੈ। ਸਦਾ ਹੀ ਕੁਝ ਨਵਾਂ ਸਿੱਖਣ ਦੀ ਪ੍ਰਵਿਰਤੀ ਦੇ ਚਾਹਵਾਨ ਇਸ ਸ਼ਾਇਰ ਦਾ ਹੱਥਲਾ ‘ਪ੍ਰੇਮ ਖੇਲਣ ਕਾ ਚਾਉ’ ਤੀਸਰਾ ਕਾਵਿ ਸੰਗ੍ਰਹਿ ਹੈ। ਉਹਦੀ ਕਾਵਿ ਸਿਰਜਣਾ ਲੈਅਬੱਧ ਤੇ ਛੰਦਬੱਧ ਕਵਿਤਾ ਹੈ। ਜੇ ਉਸ ਦੀਆਂ ਕਾਵਿ ਰਚਨਾਵਾਂ ਨੂੰ ਗੀਤਾਂ ਦਾ ਨਾਂ ਦੇ ਦੇਈਏ ਤਾਂ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਪੁਸਤਕ ਵਿਚ ਗੀਤਾਂ ਤੇ ਕਵੀਸ਼ਰੀ ਰੰਗ ਵਿਚ ਰੰਗੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ, ਗੁਰੂ ਸਾਹਿਬਾਨ ਦੀ ਜੀਵਨੀ ਤੇ ਫ਼ਲਸਫ਼ਾ ਅਤੇ ਸੂਰਬੀਰ ਯੋਧਿਆਂ ਦੀ ਸੂਰਬੀਰਤਾ ਤੇ ਲਾਸਾਨੀ ਸ਼ਹਾਦਤਾਂ ਦਾ ਕਾਵਿ ਰੂਪ ਵਿਚ ਵਰਣਨ ਕੀਤਾ ਗਿਆ ਹੈ। ਕਵੀਸ਼ਰੀ ਰੰਗ ਵਿਚ ਰੰਗੀਆਂ, ਸਰਲ ਸ਼ਬਦਾਂ ਵਿਚ ਪ੍ਰੋਏ ਗੀਤਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸ਼ਾਇਰ ਨੂੰ ਸਾਹਿਤ ਸਿਰਜਣਾ ਦੇ ਆਧਾਰ ’ਤੇ ਨਿਯਮਾਂ ਦਾ ਵੀ ਗੂੜ੍ਹਾ ਗਿਆਨ ਹੈ। ਪ੍ਰਸੰਗ ਸਾਹਿਤ ਵਿਆਖਿਆ ਦੇ ਕੇ ਰਚਨਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਪ੍ਰਕਿਰਿਆ ਖ਼ੂਬਸੂਰਤ ਯਤਨ ਹੈ।
ਇਹ ਗੀਤਕਾਰ ਦੇ ਕਾਫ਼ੀ ਗੀਤ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋਣਾ ਵੀ ਸਾਹਿਤਕਾਰ ਦੀ ਵੱਡੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਲੇਖਕ ਨੇ ਦਸਮ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਾਦਤ ਸਫ਼ਰ ਦੀਆਂ ਦਰਦਨਾਕ ਖ਼ੂਨੀ ਘਟਨਾਵਾਂ ਦੀ ਗੀਤਾਂ ਰਾਹੀਂ ਬਹੁਤ ਹੀ ਤਸਵੀਰ ਖਿੱਚੀ ਹੈ। ਪੁਸਤਕ ਵਿਚ ਅਰਦਾਸ ਅਤੇ ਬੰਦਨਾ ਗੀਤਾਂ ਵਿਚ ਸਿਰਜਣਹਾਰ ਨੂੰ ਅਰਜ਼ੋਈ ਤੇ ਬੇਨਤੀ ਕੀਤੀ ਗਈ ਹੈ। ਦਸ ਗੁਰੂ ਸਾਹਿਬਾਨ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਸੁਲੱਖਣੀ ਦੇ ਲਾਲ, ਵਲੀ ਕੰਧਾਰੀ ਅਤੇ ਬਾਬਾ ਮਰਦਾਨਾ, ਪ੍ਰਸੰਗ ਮੱਸਾ ਰੰਘੜ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ ਆਦਿ ਦੇ ਜੀਵਨ ’ਤੇ ਆਧਾਰਿਤ ਗੀਤ ਬਹੁਤ ਪ੍ਰਭਾਵਸ਼ਾਲੀ ਬਣੇ ਹਨ। ਗੀਤਾਂ, ਗ਼ਜ਼ਲਾਂ, ਬੈਂਤ, ਛੰਦ ਆਦਿ ਦੀ ਸ਼ਾਇਰੀ ’ਚ ਭਰਪੂਰ ਵਰਤੋਂ ਕੀਤੀ ਗਈ ਹੈ। ਕੋਰੜਾ ਛੰਦ ਦਾ ਇਕ ਨਮੂਨਾ :
ਗੁਰੂ ਜੀ ਦਾ ਸੀਸ ਲੈ ਗੋਬਿੰਦ ਰਾਏ ਨੇ
ਪਾਲਕੀ ਸਜਾਇਆ ਹੈ ਗੋਬਿੰਦ ਰਾਏ ਨੇ
ਵਾਰੋ ਵਾਰੀ ਮੋਢਾ ਦੇ ਕੇ ਕੱਟ ਲਿਆ ਰਾਸਤਾ
ਅੱਖਾਂ ਭਰ ਆਈਆਂ ਸੁਣ ਖ਼ੂਨੀ ਦਾਸਤਾ।
ਇਸ ਧਾਰਮਿਕ ਕਾਵਿ ਸੰਗ੍ਰਹਿ ਦੀ ਪਰੂਫ਼ ਰੀਡਿੰਗ ’ਚ ਕੁਝ ਗ਼ਲਤੀਆਂ ਨਜ਼ਰ-ਅੰਦਾਜ਼ ਹਨ, ਜੋ ਭਵਿੱਖ ਵਿਚ ਵਿਸ਼ੇਸ਼ ਤਵੱਜੋ ਮੰਗਦੀਆਂ ਹਨ। ਫਿਰ ਵੀ ਲੇਖਕ ਦੀ ਇਸ ਕੋਸ਼ਿਸ਼ ਦੀ ਦਾਦ ਦੇਣੀ ਬਣਦੀ ਹੈ, ਜਿਸ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਤਰੱਦਦ ਕੀਤਾ ਹੈ। ਭਵਿੱਖ ’ਚ ਲੇਖਕ ਤੋਂ ਹੋਰ ਵੀ ਚੰਗੇਰੇ ਸਾਹਿਤ ਦੀ ਰਚਨਾ ਦੀ ਉਮੀਦ ਕੀਤੀ ਜਾ ਸਕਦੀ ਹੈ।
- ਇੰਜ. ਸਤਨਾਮ ਸਿੰਘ ਮੱਟੂ