- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Book Review :ਹਥਲੀ ਕਿਤਾਬ ਦਾ ਲੇਖਕ ਹਰਜਿੰਦਰ (Harjinder) ਗਣਿਤ ਵਿਸ਼ੇ ਵਿਚ ਪੋਸਟ ਗ੍ਰੈਜੂਏਟ ਹੈ ਪਰ ਉਸ ਦੀ ਲੇਖਣੀ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਹੈ ਕਿ ਜੇ ਲਿਖਣ ਲਈ ਵਰਤੇ ਗਏ ਸ਼ਬਦ ਢੁੱਕਵੇਂ ਹੋਣ ਤੇ ਤੁਸੀਂ ਕਿਸੇ ਨੂੰ ਆਪਣੀ ਗੱਲ ਸਮਝਾਉਣ ਵਿਚ ਕਾਮਯਾਬ ਹੋ ਤਾਂ ਇਕ ਤਿਕੋਣ ਦੀਆਂ ਭੁਜਾਵਾਂ ਵੀ ਇਕ ਆਇਤਕਾਰ ਖਾਕਾ ਬਣਾ ਸਕਦੀਆਂ ਹਨ।

ਪੁਸਤਕ : ਮੁਹੱਬਤ..... ਸੱਚੀ-ਮੁੱਚੀ
ਲੇਖਕ :ਨਿਆਣਾ ਹਰਜਿੰਦਰ
ਪੰਨੇ : 248, ਮੁੱਲ : 350 ਰੁ.
ਪ੍ਰਕਾਸ਼ਕ : ਬਸੰਤ-ਸੁਹੇਲ ਪਬਲੀਕੇਸ਼ਨ, ਫਗਵਾੜਾ।
ਹਥਲੀ ਕਿਤਾਬ ਦਾ ਲੇਖਕ ਹਰਜਿੰਦਰ (Harjinder) ਗਣਿਤ ਵਿਸ਼ੇ ਵਿਚ ਪੋਸਟ ਗ੍ਰੈਜੂਏਟ ਹੈ ਪਰ ਉਸ ਦੀ ਲੇਖਣੀ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਹੈ ਕਿ ਜੇ ਲਿਖਣ ਲਈ ਵਰਤੇ ਗਏ ਸ਼ਬਦ ਢੁੱਕਵੇਂ ਹੋਣ ਤੇ ਤੁਸੀਂ ਕਿਸੇ ਨੂੰ ਆਪਣੀ ਗੱਲ ਸਮਝਾਉਣ ਵਿਚ ਕਾਮਯਾਬ ਹੋ ਤਾਂ ਇਕ ਤਿਕੋਣ ਦੀਆਂ ਭੁਜਾਵਾਂ ਵੀ ਇਕ ਆਇਤਕਾਰ ਖਾਕਾ ਬਣਾ ਸਕਦੀਆਂ ਹਨ। ਭਾਵ ਮੋਬਾਈਲ ਫੋਨ ਜਾਂ ਐੱਲਈਡੀ ਦੀ ਸਕ੍ਰੀਨ ’ਤੇ ਇਨ੍ਹਾਂ ਕਹਾਣੀਆਂ ਨੂੰ ਟੈਲੀ ਫਿਲਮਾਂ ਵਜੋਂ ਵੀ ਬਾਖੂਬੀ ਦਿਖਾਇਆ ਜਾ ਸਕਦਾ ਹੈ। ਬੇਸ਼ੱਕ ਲੇਖਕ ਨੇ ਕਿਤਾਬ ਦੇ ਸ਼ੁਰੂ ਵਿਚ ਹੀ ਬੇਦਾਅਵਾ (Disclaimer) ਪੇਸ਼ ਕਰਿਦਆਂ ਕੁੱਲ 28 ਕਹਾਣੀਆਂ ਦੇ ਪਾਤਰਾਂ ਤੇ ਸਥਿਤੀਆਂ ਨੂੰ ਕਾਲਪਨਿਕ ਦੱਸਦੇ ਹੋਏ ਆਪਣੇ ਦਿਲ ਤੇ ਦਿਮਾਗ਼ ’ਚ ਉਪਜੇ ਕਿਰਦਾਰਾਂ (ਨਰ ਪਾਤਰ- ਨਾਰੀ ਪਾਤਰ) ਨੂੰ ਪਾਠਕਾਂ ਦੇ ਸਨਮੁਖ ਕੀਤਾ ਪਰ ਜਦੋਂ ਤੁਸੀਂ ਕਿਤਾਬ ਪੜ੍ਹਨਾ ਸ਼ੁਰੂ ਕਰਦੇ ਹੋ ਤਾਂ ਕਿਤੇ ਨਾ ਕਿਤੇ ਇਹ ਕਿਰਦਾਰ ਲੇਖਕ ਦੀ ਕਲਪਨਾ ਦੀ ਬਜਾਏ ਉਸਦੇ ਆਪਣੇ ਜਾਂ ਤੁਹਾਡੇ ਆਪਣੇ ਦੋਸਤ ਜਾਂ ਮਹਿਲਾ ਦੋਸਤ, ਘਰ ਦੇ ਹਾਲਾਤ, ਅਜਿਹੇ ਸਮਾਜਿਕ ਤਾਣੇ-ਬਾਣੇ ਦੇ ਪਾਤਰ ਨਜ਼ਰ ਆਉਂਦੇ ਹਨ ਜੋ ਕਿ ਅਸੀਂ ਰੋਜ਼ਾਨਾ ਆਪਣੇ ਆਸ-ਪਾਸ ਦੇਖਦੇ ਹਾਂ। ਕੁਝ ਕਿਰਦਾਰ (ਲਵ ਯੂ ਪੇਂਡੂ ਬੁਆਏ) ਤਾਂ ਬਾਲੀਵੁੱਡ ਦੀਆਂ 80 ਤੇ 90 ਦਹਾਕੇ ਦੌਰਾਨ ਬਣੀਆਂ ਫਿਲਮਾਂ ਦੇ ਜਾਪਦੇ ਹਨ।
‘ਬਿਊਟੀਫੁੱਲ ਜ਼ਿੰਦਗੀ’ ਕਹਾਣੀ ਜ਼ਿੰਦਗੀ ਤੋਂ ਨਿਰਾਸ਼ ਹੋਣ ਦੀ ਬਜਾਏ ਇਸ ਨੂੰ ਨਵੇਂ ਸਿਰੇ ਤੇ ਨਵੇਂ ਤਰੀਕੇ ਨਾਲ ਜਿਊਣ ਦੀ ਸਿੱਖਿਆ ਦਿੰਦੀ ਹੈ। ਇਸ ਤੋਂ ਇਲਾਵਾ ‘ਭਵਿੱਖ ਦਾ ਸਵਾਲ’ ਨਾਮਕ ਕਹਾਣੀ ਵਿਚਲਾ ਕਿਰਦਾਰ ਅੱਜ ਪੰਜਾਬ ਦੇ ਹਰ ਦੂਜੇ ਘਰ ਵਿਚ ਹੈ ਜੋ ਕਿ ਉਚੇਰੀ ਪੜ੍ਹਾਈ ਜਾਂ ਕੰਮ ਲਈ ਵਿਦੇਸ਼ ਜਾਂਦਾ ਹੈ ਤੇ ਵਿਦੇਸ਼ ਵਿਚ ਬੈਠ ਕੇ ਉਸ ਵੱਲੋਂ ਆਪਣੇ ਜੱਦੀ ਸ਼ਹਿਰ ਜਾਂ ਪਿੰਡ ਦੀ ਲਾਲਸਾ ਰੱਖਦਾ ਹੈ। ਕਹਾਣੀਆਂ ਦੇ ਪਾਤਰ ਸਿਆਣੇ ਅਤੇ ਸਮਾਜ ਦੀ ਨਬਜ਼ ਜਾਂਚਣ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਦਰਸਾਏ ਗਏ ਹਨ। ਕੁੱਲ ਮਿਲਾ ਕੇ ਕਹਾਣੀਕਾਰ ਨੇ ਨੌਜਵਾਨ ਪੀੜ੍ਹੀ ਨੂੰ ਟੀਚਾ ਬਣਾ ਕੇ ਆਪਣੀ ਕਲਪਨਾ ਨੂੰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ ਤੇ ਜੇਕਰ ਨੌਜਵਾਨ ਪੀੜ੍ਹੀ ਇਸ ਕਿਤਾਬ ਤੋਂ ਸੇਧ ਲੈ ਕੇ ਪੂਰੀ ਇਮਾਨਦਾਰੀ ਨਾਲ ਆਪਣਾ ਜੀਵਨ ਸਾਥੀ ਚੁਣਨ ਤੋਂ ਲੈ ਕੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਨਿਆਣਾ ਹਰਜਿੰਦਰ ਦੀ ਇਹ ਕਿਤਾਬ ਇਕ ਸਿਆਣੀ ਕੋਸ਼ਿਸ਼ ਹੈ
- ਸੰਜੀਵ ਕਪੂਰ