ਸੰਵੇਦਨਾ ਤੋਂ ਗੂੰਗੇ ਵਿਰਲਾਪ ਤਕ ਪੁਸਤਕ ਦਾ ਰਚੇਤਾ ਸਤਨਾਮ ਚਾਨਾ ਹੈ। ਇਹ ਪੁਸਤਕ ਮਨੁੱਖੀ ਮਾਨਸਿਕਤਾ ਪ੍ਰਵਿਰਤੀਆਂ, ਮਨੁੱਖ ਦੀਆਂ ਸੰਵੇਦਨਾਵਾਂ ਤੇ ਜੀਵ-ਜੰਤੂਆਂ ਰਾਹੀਂ ਮਨੁੱਖ ਦੇ ਵਿਕਾਸ ਨੂੰ ਦਰਸਾਉਂਦੀ ਹੈ। ਪੁਸਤਕ ਦੀ ਸ਼ੁਰੂਆਤ ਵਿਚ ਲੇਖਕ ਨੇ ਦੱਸਿਆ ਹੈ ਕਿ ਉਸ ਨੇ ਮਨੁੱਖੀ ਬੱਚਿਆਂ ਦੇ ਜੰਗਲ ਵਿਚ ਜਾਨਵਰਾਂ ਨਾਲ ਵਿਚਰਨ ’ਤੇ ਇਕ ਫਿਲਮ ਬਣਾਉਣ ਦਾ ਪ੍ਰਾਜੈਕਟ ਕਰਨਾ ਸੀ, ਇਸ ਲਈ ਉਸ ਨੇ ਆਪਣੀ ਖੋਜ ਆਰੰਭ ਕੀਤੀ ਤੇ ਜਾਨਵਰਾਂ ਨੂੰ ਸਮਝਣ ਦਾ ਯਤਨ ਕੀਤਾ।

ਪੁਸਤਕ ਦਾ ਨਾਂ - ਸੰਵੇਦਨਾ ਤੋਂ ਗੂੰਗੇ ਵਿਰਲਾਪ ਤਕ
ਲੇਖਕ - ਸਤਨਾਮ ਚਾਨਾ
ਮੁੱਲ 350 ਰੁਪਏ, ਪੰਨੇ 139
ਪ੍ਰਕਾਸ਼ਕ - ਲੋਕ ਗੀਤ ਪ੍ਰਕਾਸ਼ਨ
ਸੰਵੇਦਨਾ ਤੋਂ ਗੂੰਗੇ ਵਿਰਲਾਪ ਤਕ ਪੁਸਤਕ ਦਾ ਰਚੇਤਾ ਸਤਨਾਮ ਚਾਨਾ ਹੈ। ਇਹ ਪੁਸਤਕ ਮਨੁੱਖੀ ਮਾਨਸਿਕਤਾ ਪ੍ਰਵਿਰਤੀਆਂ, ਮਨੁੱਖ ਦੀਆਂ ਸੰਵੇਦਨਾਵਾਂ ਤੇ ਜੀਵ-ਜੰਤੂਆਂ ਰਾਹੀਂ ਮਨੁੱਖ ਦੇ ਵਿਕਾਸ ਨੂੰ ਦਰਸਾਉਂਦੀ ਹੈ। ਪੁਸਤਕ ਦੀ ਸ਼ੁਰੂਆਤ ਵਿਚ ਲੇਖਕ ਨੇ ਦੱਸਿਆ ਹੈ ਕਿ ਉਸ ਨੇ ਮਨੁੱਖੀ ਬੱਚਿਆਂ ਦੇ ਜੰਗਲ ਵਿਚ ਜਾਨਵਰਾਂ ਨਾਲ ਵਿਚਰਨ ’ਤੇ ਇਕ ਫਿਲਮ ਬਣਾਉਣ ਦਾ ਪ੍ਰਾਜੈਕਟ ਕਰਨਾ ਸੀ, ਇਸ ਲਈ ਉਸ ਨੇ ਆਪਣੀ ਖੋਜ ਆਰੰਭ ਕੀਤੀ ਤੇ ਜਾਨਵਰਾਂ ਨੂੰ ਸਮਝਣ ਦਾ ਯਤਨ ਕੀਤਾ। ਇਸ ਪੁਸਤਕ ਵਿਚ ਦੱਸਿਆ ਹੈ ਕਿ ਮਨੁੱਖ ਵਿਚ ਕੋਈ ਵੀ ਗੁਣ ਅਜਿਹਾ ਨਹੀਂ, ਜੋ ਜਾਨਵਰਾਂ ਤੋਂ ਨਾ ਲਿਆ ਗਿਆ ਹੋਵੇ। ਮਨੁੱਖ ਅੰਦਰ ਜਿੰਨੇ ਵੀ ਗੁਣ ਮੌਜੂਦ ਹਨ, ਉਹ ਸਭ ਜਾਨਵਰਾਂ ’ਚ ਮਨੁੱਖ ਦੀ ਹੋਂਦ ਤੋਂ ਪਹਿਲਾਂ ਹੀ ਵਿਕਸਿਤ ਹੋ ਚੁੱਕੇ ਸਨ। ਪੁਸਤਕ ਨੂੰ ਲੇਖਕ ਨੇ ਚਾਰ ਭਾਗਾਂ ’ਚ ਵੰਡਿਆ ਹੈ। ਪਹਿਲੇ ਭਾਗ ਵਿਚ ਮਨੁੱਖ ਅੰਦਰ ਕਲਪਨਾ ਦੀ ਉਤਪਤੀ ਕਿਸ ਤਰ੍ਹਾਂ ਹੋਈ, ਮਸ਼ੀਨੀ ਸੰਵੇਦਨਾ ਦੀ ਸੰਭਾਵਨਾ ਕਿਉ ਹੋਈ, ਮਨੁੱਖ ਦੀਆਂ ਮਾਨਸਿਕ ਪ੍ਰਵਿਰਤੀਆਂ ਜਾਨਵਰਾਂ ਤੋਂ ਵੱਖਰੀਆਂ ਨਹੀਂ ਹਨ, ਨਿੱਜਪ੍ਰਸਤੀ ਦੀ ਪ੍ਰਵਿਰਤੀ ਕਿਸ ਤਰ੍ਹਾਂ ਬਲਵਾਨ ਹੋਈ, ਮਨੁੱਖਾਂ ਨਾਲ ਠੱਗੀ ਕਿਵੇਂ ਹੋਈ ਆਦਿ ਵਿਸ਼ਿਆਂ ਨੂੰ ਖ਼ੂਬ ਉਭਾਰਿਆ ਹੈ। ਮਨੁੱਖ ਦੀ ਮਾਨਸਿਕਤਾ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਜਾਨਵਰਾਂ ਨੂੰ ਸਮਝਣਾ ਪਵੇਗਾ ਕਿਉਂਕਿ ਜਾਨਵਰਾਂ ਵਿਚ ਮਨੁੱਖ ਤੋਂ ਪਹਿਲਾਂ ਹੀ ਸਭ ਕੁਝ ਵਿਕਸਿਤ ਸੀ। ਪੁਸਤਕ ਦੇ ਦੂਸਰੇ ਭਾਗ ’ਚ ਲੇਖਕ ਨੇ ਮਨੁੱਖੀ ਸਭਿਅਤਾ ਤੇ ਜਾਨਵਰਾਂ ਦੀ ਸੱਭਿਅਤਾ ਦੀ ਤੁਲਨਾ ਕੀਤੀ ਹੈ। ਮਨੁੱਖ ਤੇ ਜਾਨਵਰਾਂ ਦੀਆਂ ਗਤੀਵਿਧੀਆਂ ਦਾ ਵਰਣਨ ਕੀਤਾ ਹੈ ਕਿ ਕਿਸ ਤਰ੍ਹਾਂ ਜਾਨਵਰਾਂ ਦਾ ਆਪਸੀ ਪਿਆਰ ਤੇ ਸਬੰਧ ਹੁੰਦਾ ਹੈ। ਮਨੁੱਖ ਵਿਚ ਵਿਤਕਰੇ ਦੀ ਭਾਵਨਾ ਕਿਵੇਂ ਉਤਪੰਨ ਹੋਈ। ਪੁਸਤਕ ਦੇ ਤੀਜੇ ਭਾਗ ਵਿਚ ਲੇਖਕ ਵੱਖ-ਵੱਖ ਵਿਗਿਆਨੀਆਂ ਦੀਆਂ ਖੋਜਾਂ ਦਾ ਹਵਾਲਾ ਦੇ ਕੇ ਦੱਸਦਾ ਹੈ ਕਿ ਜਾਨਵਰਾਂ ਅੰਦਰ ਸੰਘਰਸ਼ ਕਰਨ ਦੀ ਸਥਿਤੀ, ਨੱਚਣਾ ,ਖੇਡਣਾ, ਪਿਆਰ ਕਰਨਾ ਆਦਿ ਸਭ ਕੁਝ ਵਿਕਸਿਤ ਹੁੰਦਾ ਹੈ। ਜਾਨਵਰਾਂ ਅੰਦਰ ਆਪਸੀ ਸਾਂਝ ਹੁੰਦੀ ਹੈ, ਸੰਕਟ ਦੇ ਸਮੇਂ ਉਹ ਇਕੱਠੇ ਹੁੰਦੇ ਹਨ, ਸੰਘਰਸ਼ ਕਰਦੇ ਹਨ। ਇਹੀ ਪ੍ਰਕਿਰਿਆ ਮਨੁੱਖੀ ਜਾਤੀ ਦੀ ਵੀ ਹੈ ਪਰ ਮਨੁੱਖੀ ਗਿਆਨ ਦੀ ਵੰਡ ਹੈ ਉਹ ਕਾਣੀ ਹੈ, ਜਿਸ ਕਰਕੇ ਰਿਸ਼ਤਿਆਂ ਵਿਚ ਵਖਰੇਵੇਂ ਪੈਦਾ ਹੋਏ ਹਨ। ਪੁਸਤਕ ਦੇ ਚੌਥੇ ਭਾਗ ਵਿਚ ਲੇਖਕ ਕਈ ਘਟਨਾਵਾਂ ਦਾ ਜ਼ਿਕਰ ਕਰਦਾ ਹੈ, ਜਿਵੇਂ ਕਿਰਤੀ ਮੁੰਡਿਆਂ ਦਾ ਘਾਹ ਖੋਤਣਾ, ਕਿਰਤੀਆਂ ਦੀ ਲੁੱਟ, ਮਾਲਕ ਤੇ ਕਿਰਤੀ ਦੇ ਆਪਸੀ ਸਬੰਧ ਆਦਿ। ਪੁਸਤਕ ਦੇ ਅੰਤ ਵਿਚ ਲੇਖਕ ਨੇ ਕਹਾਣੀਆਂ ਦਾ ਨਿਚੋੜ ਵੀ ਦਰਸਾਇਆ ਹੈ। ਇਹ ਪੁਸਤਕ ਬੌਧਿਕ ਬਾਰੀਕਿਆਂ ਨੂੰ ਪੇਸ਼ ਕਰਦੀ ਹੈ। ਪੁਸਤਕ ਪੜ੍ਹ ਕੇ ਨਿਵਕਲੇ ਗਿਆਨ ਤੇ ਚਿੰਤਨ ਕੌਸ਼ਲ ਦਾ ਵਿਕਾਸ ਹੁੰਦਾ ਹੈ।
- ਇੰਦਰਪ੍ਰੀਤ ਕੌਰ