ਕਿਸੇ ਵਿਛੜ ਚੁੱਕੇ ਮਿੱਤਰ ਨੂੰ ਲਿਖਤਾਂ ਰਾਹੀਂ ਜਿੰਦਾ ਰੱਖਣਾ ਬੜਾ ਅਹਿਮ ਕਾਰਜ ਹੈ। ਹੱਥਲੀ ਪੁਸਤਕ ‘ ਹੁਣ ਵਾਪਸੀ ਨਹੀਂ’ ਸਵ. ਬਲਦੇਵ ਕੈਂਥ ਹਿੱਸੋਵਾਲ ਦੀਆਂ ਮੌਲਿਕ ਕਵਿਤਾਵਾਂ ਦੀ ਸੰਪਾਦਨਾ ਜਗਤਾਰ ਸਿੰਘ ਹਿੱਸੋਵਾਲ ਨੇ ਕੀਤੀ ਹੈ। ਇਸ ਸੰਪਾਦਕ ਦੀਆਂ ਵਾਰਤਕ ਅਤੇ ਕਾਵਿ ਸੰਗ੍ਰਹਿ ਦੋ ਪੁਸਤਕਾਂ ਪਾਠਕਾਂ ਕੋਲ ਆ ਚੁੱਕੀਆਂ ਹਨ।

ਪੁਸਤਕ : ਹੁਣ ਵਾਪਸੀ ਨਹੀਂ (ਕਾਵਿ ਸੰਗ੍ਰਹਿ)
ਲੇਖਕ : ਸਵ. ਬਲਦੇਵ ਕੈਂਥ ਹਿੱਸੋਵਾਲ
ਸੰਪਾਦਕ : ਜਗਤਾਰ ਸਿੰਘ ਹਿੱਸੋਵਾਲ
ਪੰਨੇ : 96 ਮੁੱਲ : 250/- ਰੁਪਏ
ਪ੍ਰਕਾਸ਼ਨ : ਹਾਊਸ ਆਫ਼ ਲਿਟਰੇਚਰ, ਲੁਧਿਆਣਾ।
ਕਿਸੇ ਵਿਛੜ ਚੁੱਕੇ ਮਿੱਤਰ ਨੂੰ ਲਿਖਤਾਂ ਰਾਹੀਂ ਜਿੰਦਾ ਰੱਖਣਾ ਬੜਾ ਅਹਿਮ ਕਾਰਜ ਹੈ। ਹੱਥਲੀ ਪੁਸਤਕ ‘ ਹੁਣ ਵਾਪਸੀ ਨਹੀਂ’ ਸਵ. ਬਲਦੇਵ ਕੈਂਥ ਹਿੱਸੋਵਾਲ ਦੀਆਂ ਮੌਲਿਕ ਕਵਿਤਾਵਾਂ ਦੀ ਸੰਪਾਦਨਾ ਜਗਤਾਰ ਸਿੰਘ ਹਿੱਸੋਵਾਲ ਨੇ ਕੀਤੀ ਹੈ। ਇਸ ਸੰਪਾਦਕ ਦੀਆਂ ਵਾਰਤਕ ਅਤੇ ਕਾਵਿ ਸੰਗ੍ਰਹਿ ਦੋ ਪੁਸਤਕਾਂ ਪਾਠਕਾਂ ਕੋਲ ਆ ਚੁੱਕੀਆਂ ਹਨ। ਹੱਥਲੀ ਕਾਵਿ ਪੁਸਤਕ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੋਇਆ ਕਿ ਲੇਖਕ ਦੀ ਕਾਵਿ ਪੁਸਤਕ ਵਿਚ ਮੁਹੱਬਤ ਅਤੇ ਵਿਯੋਗ ਦੀ ਬਹੁਤਾਤ ਹੈ। ਇਸ ਪਦਾਰਥਵਾਦੀ ਯੁੱਗ ਵਿਚ ਅੱਜ ਪਿਆਰ ਦਾ ਕਿਸੇ ਕੋਲ ਸਮਾਂ ਹੀ ਕਿੱਥੇ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਵਿਚ ਧੀਆਂ ਦੀ ਤ੍ਰਾਸਦੀ, ਮਿਲਾਪ ਅਤੇ ਵਿਯੋਗ, ਕੁਝ ਦੁਨੀਆਦਾਰੀ ਦੀ ਗੱਲ ਵੀ ਕੀਤੀ ਗਈ ਹੈ। ਪੁਸਤਕ ਦੀ ਸਿਰਲੇਖਤ ਕਵਿਤਾ ਹੁਣ ਵਾਪਸੀ ਨਹੀਂ ਹੋਵੇਗੀ ਨੂੰ ਛੇਵੇਂ ਸਥਾਨ ’ਤੇ ਰੱਖਿਆ ਗਿਆ ਹੈ, ਜਿਸ ਵਿਚ ਲੰਘ ਚੁੱਕੇ ਪੜਾਅ ਤੋਂ ਵਾਪਸ ਮੁੜਨਾ ਅਤਿ ਮੁਸ਼ਕਲ ਹੀ ਨਹੀਂ, ਅਸੰਭਵ ਹੁੰਦਾ ਹੈ। ਪੁਸਤਕ ਦੀਆਂ ਕਵਿਤਾਵਾਂ ਸੰਵੇਦਨਾ ਤੇ ਸਹਿਜਤਾ ਨਾਲ ਭਰਪੂਰ ਹਨ। ਹੋਰ ਘਰ ਕਿਹੜਾ ਨੀਂ ਮੇਰਾ ਅਤੇ ਇਕ ਧੀ ਮਾਂ ਨੂੰ ਕਵਿਤਾਵਾਂ ਧੀ ਦੇ ਵਲਵਲਿਆਂ ਨੂੰ ਦਰਸਾਉਂਦੀਆਂ ਹਨ। ਤੇਰਾ ਹਾਸਾ ਅਤੇ ਮੁਹੱਬਤ ਜਿੱਥੇ ਪਿਆਰ ਰੂਪੀ ਸੰਵੇਦਨਾ ਪ੍ਰਗਟ ਕਰਦੀਆਂ ਹਨ, ਉੱਥੇ ਤੇਰੇ ਖ਼ਤ ਵਿਯੋਗ ਨਾਲ ਭਰਪੂਰ ਜਾਪਦਾ ਹੈ। ਕਵਿਤਾ ਕੁੜੀ ਦੇ ਨਾਂ ਸਮਾਜ ਡਰ ਅਤੇ ਸ਼ਰਮ ਨੂੰ ਲੈ ਕੇ ਸੇਧ ਅਤੇ ਨੌਜਵਾਨ ਪੀੜ੍ਹੀ ਦਾ ਰਾਹ ਦਸੇਰਾ ਬਣਦੀ ਹੈ। ਇਸੇ ਤਰ੍ਹਾਂ ਜੇ ਹੋਰ ਕਵਿਤਾਵਾਂ ਦੀ ਗੱਲ ਕਰੀਏ ਤਾਂ ਜ਼ਿੰਦਗੀ ਵਿਚ ਵਾਪਰਦੇ ਹਾਦਸਿਆਂ ਨੂੰ ਪੇਸ਼ ਕਰਦੀ ਕਵਿਤਾ ਚੰਦਰੀਆਂ ਹਵਾਵਾਂ, ਘਰ ਦੀ ਨਿਵੇਕਲੀ ਜਾਣਕਾਰੀ ਦਿੰਦੀ ਕਵਿਤਾ ਘਰ, ਮਾਹੌਲ ਦਾ ਮਨ ਤੇ ਅਸਰ ਕਰਦੀ ਕਵਿਤਾ ਉਦਾਸ ਮੌਸਮ ਵੀ ਸ਼ਾਮਿਲ ਹੈ। ਇਨ੍ਹਾਂ ਕਵਿਤਾਵਾਂ ਤੋਂ ਇਲਾਵਾ ਤੂੰ ਮੈਂ ਤੇ ਸਮਾਂ, ਤੇਰਾ ਜਾਣਾ ਰੁੱਸੀ ਬਾਹਰ ਜਿਹਾ, ਵੰਝਲੀ ਦੀ ਸੁਰ, ਜੀਅ ਤਾਂ ਬੜਾ ਚਾਹੁੰਦਾ, ਵਫ਼ਾ ਵਾਲਿਆ ਵੇ, ਕਤਲ ਹੋਏ ਅਰਮਾਨ ਅਤੇ ਦੂਸਰੀ ਅਲਵਿਦਾ ਵੀ ਗੌਰਤਲਬ ਹਨ। ਪੁਸਤਕ ਵਿਚਲੀਆਂ ਕਵਿਤਾਵਾਂ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੈ। ਜਗਤਾਰ ਨੇ ਇਸ ਪੁਸਤਕ ਦੀ ਸੰਪਾਦਨਾ ਕਰ ਕੇ ਚੰਗਾ ਉੱਦਮ ਕੀਤਾ ਹੈ। ਇਸ ਨੇ ਜਿੱਥੇ ਇਸ ਪੁਸਤਕ ਰਾਹੀਂ ਆਪਣੇ ਮਿੱਤਰ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਇਸ ਦੀਆਂ ਲਿਖਤਾਂ ਪਾਠਕਾਂ ਤਕ ਵੀ ਪਹੁੰਚਾਈਆਂ ਹਨ। ਪੁਸਤਕ ਪੜ੍ਹਨਯੋਗ ਹੈ।
- ਤੇਜਿੰਦਰ ਚੰਡਿਹੋਕ