ਪੰਜਾਬੀ ਸਾਹਿਤ ਦੀ ਹਰ ਵਿਧਾ ਆਪਣੇ ਆਪ ਵਿਚ ਸੰਪੂਰਨ ਹੈ। ਜਦੋਂ ਅਸੀਂ ਸਫ਼ਰਨਾਮੇ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਵਿਚ ਕੁਝ ਗਿਣਵੇਂ-ਚੁਣਵੇਂ ਲੇਖਕ ਹੀ ਸਫ਼ਰਨਾਮਾ ਲਿਖਣ ’ਚ ਆਪਣੀ ਪਛਾਣ ਰੱਖਦੇ ਹਨ। ਸਫ਼ਰਨਾਮੇ ਦੀ ਰਚਨਾ ਕਰਨਾ ਲੇਖਕ ਦੁਆਰਾ ਕਿਸੇ ਨਵੀਂ ਜਗ੍ਹਾ ਨੂੰ ਵੇਖਣਾ, ਮਾਣਨਾ, ਉਥੋਂ ਦੇ ਸੱਭਿਆਚਾਰ, ਭੂਗੋਲਿਕ ਹਾਲਾਤ ਦੇਖਣੇ ਅਤੇ ਉਥੋਂ ਦੀਆਂ ਪ੍ਰਸਿੱਧ ਸਥਾਨਾਂ ਨੂੰ ਸੱਚੀਂ-ਮੁੱਚੀਂ ਮਹਿਸੂਸ ਕਰਨਾ ਹੁੰਦਾ ਹੈ।

ਪੁਸਤਕ - ਪੁਰਖਿਆਂ ਦਾ ਦੇਸ (ਸਫ਼ਰਨਾਮਾ)
ਲੇਖਕ- ਡਾ. ਸੁਖਦੇਵ ਸਿੰਘ ਝੰਡ
ਮੁੱਲ 395 ਰੁਪਏ ਸਫ਼ੇ 163
ਪ੍ਰਕਾਸ਼ਨ - ਚੇਤਨਾ ਪ੍ਰਕਾਸ਼ਨ
ਪੰਜਾਬੀ ਸਾਹਿਤ ਦੀ ਹਰ ਵਿਧਾ ਆਪਣੇ ਆਪ ਵਿਚ ਸੰਪੂਰਨ ਹੈ। ਜਦੋਂ ਅਸੀਂ ਸਫ਼ਰਨਾਮੇ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਵਿਚ ਕੁਝ ਗਿਣਵੇਂ-ਚੁਣਵੇਂ ਲੇਖਕ ਹੀ ਸਫ਼ਰਨਾਮਾ ਲਿਖਣ ’ਚ ਆਪਣੀ ਪਛਾਣ ਰੱਖਦੇ ਹਨ। ਸਫ਼ਰਨਾਮੇ ਦੀ ਰਚਨਾ ਕਰਨਾ ਲੇਖਕ ਦੁਆਰਾ ਕਿਸੇ ਨਵੀਂ ਜਗ੍ਹਾ ਨੂੰ ਵੇਖਣਾ, ਮਾਣਨਾ, ਉਥੋਂ ਦੇ ਸੱਭਿਆਚਾਰ, ਭੂਗੋਲਿਕ ਹਾਲਾਤ ਦੇਖਣੇ ਅਤੇ ਉਥੋਂ ਦੀਆਂ ਪ੍ਰਸਿੱਧ ਸਥਾਨਾਂ ਨੂੰ ਸੱਚੀਂ-ਮੁੱਚੀਂ ਮਹਿਸੂਸ ਕਰਨਾ ਹੁੰਦਾ ਹੈ। ਸਾਹਿਤਕਾਰ ਇਸੇ ਮਾਨਸਿਕਤਾ ਨੂੰ ਲੈ ਕੇ ਸਫ਼ਰਨਾਮੇ ਦੀ ਰਚਨਾ ਕਰਦੇ ਹਨ। ‘ਪੁਰਖਿਆਂ ਦਾ ਦੇਸ’ ਸਫਰਨਾਮਾ ਡਾ. ਸੁਖਦੇਵ ਸਿੰਘ ਝੰਡ ਦੁਆਰਾ ਲਿਖਿਆ ਆਪਣੇ ਪੁਰਖਿਆਂ ਦੀ ਜਨਮ ਭੂਮੀ ਲਹਿੰਦਾ ਪੰਜਾਬ (ਪਾਕਿਸਤਾਨ) ਨੂੰ ਵੇਖਣ ਜਾਣ ਦਾ ਰੌਚਕ ਤੇ ਭਾਵਨਾਤਮਿਕ ਬਿਰਤਾਂਤ ਹੈ। ਡਾ. ਸੁਖਦੇਵ ਸਿੰਘ ਝੰਡ ਪੰਜਾਬੀ ਸਾਹਿਤ ’ਚ ਬਹੁਵਿਧਾਵੀ ਤੇ ਪ੍ਰੋੜ ਲੇਖਕ ਦੇ ਤੌਰ ’ਤੇ ਜਾਣੇ ਜਾਂਦੇ ਹਨ। ਇਸ ਸਫ਼ਰਨਾਮੇ ਤੋਂ ਪਹਿਲਾਂ ਉਨ੍ਹਾਂ ਨੇ ਨੌਂ ਪੁਸਤਕਾਂ ਪੰਜਾਬੀ ਤੇ ਅੰਗਰੇਜ਼ੀ ਵਿਚ ਲਿਖ ਕੇ ਸਾਹਿਤ ਦੀ ਝੋਲੀ ਪਾਈਆਂ ਹਨ। ਹੱਥਲੀ ਪੁਸਤਕ ਪੁਰਖਿਆਂ ਦਾ ਦੇਸ ਸਫ਼ਰਨਾਮੇ ਵਿਚ ਲੇਖਕ ਨੇ ਆਪਣੇ ਪੁਰਖਿਆਂ ਦੀ ਧਰਤੀ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ, ਜੋ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਲੇਖਕ ਦਾ ਖਾਨਦਾਨ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਰਹਿੰਦਾ ਸੀ। ਫਿਰ ਦੇਸ਼ ਦੇ ਦਰਦਨਾਕ ਬਟਵਾਰੇ ਵੇਲੇ ਆਪਣੀ ਧੁਨ ਵਿਚ ਚੱਲ ਰਹੀ ਰੰਗੀਨ ਜ਼ਿੰਦਗੀ ਲਹੂ-ਲੁਹਾਨ ਹੋ ਜਾਂਦੀ ਹੈ ਅਤੇ ਲੇਖਕ ਦੇ ਪੁਰਖੇ ਉਜੜ ਕੇ ਪਾਕਿਸਤਾਨ ਤੋਂ ਚੜ੍ਹਦੇ ਪੰਜਾਬ (ਭਾਰਤ)ਵਿਚ ਆ ਵਸਦੇ ਹਨ। ਇਸ ਸਫ਼ਰਨਾਮੇ ਨੂੰ ਲੇਖਕ ਨੇ 14 ਦਿਨਾਂ ਵਿਚ ਵੰਡਿਆ ਹੈ। ਹਰ ਦਿਨ ਲੇਖਕ ਦੀ ਨਵੇਂ ਭਾਵਨਾ ਨਾਲ ਉੱਗਦਾ ਹੈ। ਸਫ਼ਰਨਾਮੇ ਵਿਚ ਲੇਖਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਪੁਰਖਿਆਂ ਦੇ ਪਿੰਡ ਲਹਿੰਦੇ ਪੰਜਾਬ ਵਿਚ ਜਾਣ ਅਤੇ ਉਥੋਂ ਦੀਆਂ ਇਤਿਹਾਸਿਕ ਥਾਵਾਂ ਦੀ ਯਾਤਰਾ ਦਾ ਵਰਣਨ ਕਰਦਾ ਹੈ। ਇਸ ਵਿਚ ਲੇਖਕ ਵਾਹਗਾ ਬਾਰਡਰ ਰਾਹੀਂ ਲਾਹੌਰ ਹੁੰਦਾ ਹੋਇਆ ਕਸੂਰ ਬੁੱਲ੍ਹੇ ਸ਼ਾਹ ਦੀ ਦਰਗਾਹ, ਲਾਇਲਪੁਰ ਦਾ ਘੰਟਾ ਘਰ, ਨਨਕਾਣਾ ਸਾਹਿਬ ਅਤੇ ਉਥੋਂ ਦੇ ਗੁਰਦੁਆਰੇ, ਵਿਰਕਾਂ ਦਾ ਸ਼ੇਖੂਪੁਰਾ, ਸੱਚਾ ਸੌਦਾ, ਪੰਜਾ ਸਾਹਿਬ, ਇਸਲਾਮਾਬਾਦ, ਰਾਵਲਪਿੰਡੀ, ਤਕਸ਼ਿਲਾ ਯੂਨੀਵਰਸਿਟੀ ਦੇ ਖੰਡਰ, ਸ਼ਾਲੀਮਾਰ ਬਾਗ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਲਾਹੌਰ ਦਾ ਸ਼ਾਹੀ ਕਿਲਾ, ਸ਼ਾਲੀਮਾਰ ਬਾਗ, ਸ਼ਹੀਦ ਭਗਤ ਸਿੰਘ ਵਾਲਾ ਸਾਦਮਾਨ ਚੌਕ ਤੇ ਹੋਰ ਕਈ ਥਾਵਾਂ ਦਾ ਜ਼ਿਕਰ ਕਰਦਾ ਹੈ। ਲੇਖਕ ਦੀ ਸਰਲ ਸਾਦੀ ਭਾਸ਼ਾ ਸ਼ੈਲੀ ਪੜ੍ਹਦਿਆਂ ਪਾਠਕ ਨੂੰ ਓਪਰਾਪਣ ਮਹਿਸੂਸ ਨਹੀਂ ਹੁੰਦਾ ਸਗੋਂ ਪਾਠਕ ਆਪਣੇ ਦੂਰ ਅੰਦੇਸ਼ੇ ਨਾਲ ਸ਼ਬਦਾਂ ਵਿੱਚੋਂ ਚਿੱਤਰ ਸਿਰਜਣ ਦੀ ਸਮਰੱਥਾ ਰੱਖਦਾ ਹੈ। ਸਫਰਨਾਮੇ ਵਿਚ ਲੇਖਕ ਨੇ ਆਪਣੀ ਸਹਿਜਤਾ ਤੇ ਸੰਜਮ ਨੂੰ ਉਂਗਲ ਲਾ ਕੇ ਨਾਲ ਤੋਰਿਆ ਹੈ। ਇਸ ਸਫਰਨਾਮੇ ਦੀ ਵੱਡੀ ਖ਼ਾਸੀਅਤ ਇਹ ਕਿ ਮਿਲਣੇ ਦੇ ਪਲਾਂ ਨੂੰ ਯਾਦਗਾਰੀ ਰੱਖਣ ਲਈ ਉਸ ਨੂੰ ਕੈਮਰੇ ਦੀ ਅੱਖ ਨੇ ਕੈਪਚਰ ਕੀਤਾ ਹੈ ਤੇ ਸੁੰਦਰ ਤਸਵੀਰਾਂ ਨੇ ਸਫ਼ਰਨਾਮੇ ਦੀ ਦਿੱਖ ਨੂੰ ਚਾਰ ਚੰਨ ਲਾਏ ਹਨ। ਸ਼ਬਦਾਂ ਦੀ ਸਹਿਜਤਾ ਮਨ ਦੇ ਭਾਵਾਂ ਦੇ ਅਨੁਕੂਲ ਹੈ। ਇਹ ਸਫ਼ਰਨਾਮਾ ਸਿਰਫ਼ ਯਾਤਰਾ ਦਾ ਵਰਨਣ ਹੀ ਨਹੀਂ ਸਗੋਂ ਲੇਖਕ ਵੱਲੋਂ ਮੁਹੱਬਤ ਦਾ ਸੁਨੇਹਾ ਵੀ ਦਿੰਦਾ ਹੈ।
- ਅੰਮ੍ਰਿਤਪਾਲ ਕਲੇਰ