ਨਵਰੰਗ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਿਤ ਅਮਰੀਕ ਡੋਗਰਾ ਦੁਆਰਾ ਸੰਪਾਦਿਤ ਪੁਸਤਕ ਬਲਦੇਵ ਸਿੰਘ ‘ਬੱਦਨ’ ਦੀ ਗ਼ਜ਼ਲ ਚੇਤਨਾ ਉਸ ਦੇ ਗ਼ਜ਼ਲ-ਸੰਗ੍ਰਹਿ ‘ਧੁਖਦੀਆਂ ਪੈੜਾਂ ਦੀ ਚਿੱਤਰਕਾਰੀ’ ਦੇ ਆਧਾਰ ’ਤੇ ਲਿਖੇ 12 ਲੇਖਾਂ ਉੱਤੇ ਅਧਾਰਿਤ ਹੈ। ਸੰਪਾਦਕ ਅਮਰੀਕ ਡੋਗਰਾ ਬਲਦੇਵ ਸਿੰਘ ‘ਬੱਦਨ’ ਦੀ ਗ਼ਜ਼ਲਕਾਰੀ ਨੂੰ ਡੂੰਘੇ ਅਨੁਭਵਾਂ ਅਤੇ ਵਿਸ਼ਾਲ ਕਲਪਨਾਵਾਂ ਦੀ ਸਿਰਜਣਾ ਮੰਨਦਾ ਹੈ।

ਪੁਸਤਕ - ਬਲਦੇਵ ਸਿੰਘ ‘ਬੱਦਨ’ ਦੀ ਗ਼ਜ਼ਲ ਚੇਤਨਾ
ਸੰਪਾਦਕ : ਅਮਰੀਕ ਡੋਗਰਾ
ਪੰਨੇ 144, ਕੀਮਤ 300 ਰੁ
ਪ੍ਰਕਾਸ਼ਨ - ਨਵਰੰਗ ਪਬਲੀਕੇਸ਼ਨ, ਸਮਾਣਾ।
ਨਵਰੰਗ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਿਤ ਅਮਰੀਕ ਡੋਗਰਾ ਦੁਆਰਾ ਸੰਪਾਦਿਤ ਪੁਸਤਕ ਬਲਦੇਵ ਸਿੰਘ ‘ਬੱਦਨ’ ਦੀ ਗ਼ਜ਼ਲ ਚੇਤਨਾ ਉਸ ਦੇ ਗ਼ਜ਼ਲ-ਸੰਗ੍ਰਹਿ ‘ਧੁਖਦੀਆਂ ਪੈੜਾਂ ਦੀ ਚਿੱਤਰਕਾਰੀ’ ਦੇ ਆਧਾਰ ’ਤੇ ਲਿਖੇ 12 ਲੇਖਾਂ ਉੱਤੇ ਅਧਾਰਿਤ ਹੈ। ਸੰਪਾਦਕ ਅਮਰੀਕ ਡੋਗਰਾ ਬਲਦੇਵ ਸਿੰਘ ‘ਬੱਦਨ’ ਦੀ ਗ਼ਜ਼ਲਕਾਰੀ ਨੂੰ ਡੂੰਘੇ ਅਨੁਭਵਾਂ ਅਤੇ ਵਿਸ਼ਾਲ ਕਲਪਨਾਵਾਂ ਦੀ ਸਿਰਜਣਾ ਮੰਨਦਾ ਹੈ। ਉਸ ਦੀ ਅਨੁਭਵੀ ਅੱਖ ਅਤੇ ਗੰਭੀਰ ਚਿੰਤਨ ਉਸ ਦੀ ਕਵਿਤਾ ਦੀ ਉਮਰ ਨੂੰ ਵਧਾਉਂਦੇ ਹਨ। ਸੰਪਾਦਕ ਇਹ ਵੀ ਮੰਨਦਾ ਹੈ ਕਿ ਇਸ ਪੁਸਤਕ ਦੇ ਵੱਖਰੇ-ਵੱਖਰੇ ਸਮੀਖਿਆਕਾਰਾਂ ਦੇ ਦ੍ਰਿਸ਼ਟੀਕੋਣ ਇਸ ਪੁਸਤਕ ਨੂੰ ਵਿਲੱਖਣ ਬਣਾਉਂਦੇ ਹਨ। ਪਹਿਲਾ ਲੇਖ ਸੁਲੱਖਣ ਸਰਹੱਦੀ ਦਾ ਲਿਖਿਆ ਹੋਇਆ ਹੈ, ਜਿਸ ਵਿਚ ਉਹ ਬਲਦੇਵ ਸਿੰਘ ਬੱਦਨ ਦੇ ਪਹਿਲਾਂ ਛਪੇ ਗ਼ਜ਼ਲ-ਸੰਗ੍ਰਹਿ ’ਤੇ ਹੋਈ ਆਲੋਚਨਾ ਦਾ ਜਾਇਜ਼ਾ ਲੈਂਦੇ ਹੋਏ ਇਸ ਨਵੇਂ ਸੰਗ੍ਰਹਿ ਦੇ ਆਧਾਰ ਤੇ ਉਸ ਨੂੰ ਇਕ ਸਾਹਿਤਕ ਰਿਸ਼ੀ ਸਾਬਿਤ ਕੀਤਾ ਹੈ। ਪ੍ਰਿੰ. ਕ੍ਰਿਸ਼ਨ ਸਿੰਘ ਨੇ ਆਪਣੇ ਲੇਖ ਵਿਚ ਇਸ ਗ਼ਜ਼ਲ-ਸੰਗ੍ਰਹਿ ਦੀਆਂ ਗ਼ਜ਼ਲਾਂ ਨੂੰ ਇਤਿਹਾਸਕ ਚੇਤਨਾ ਦੇ ਆਧਾਰ ’ਤੇ ਪਰਖਿਆ ਹੈ ਅਤੇ ਪਵਨ ਹਰਚੰਦਪੁਰੀ ਨੇ ਇਸ ਗ਼ਜ਼ਲ ਸੰਗ੍ਰਹਿ ਦੀ ਸਮੀਖਿਆ ਬਲਦੇਵ ਸਿੰਘ ਬੱਦਨ ਦੀ ਸ਼ਖ਼ਸੀਅਤ ਅਤੇ ਕਲਾ ਦੇ ਆਧਾਰ ’ਤੇ ਕੀਤੀ ਹੈ। ਪ੍ਰਿੰ. ਇੰਦਰਜੀਤ ਸਿੰਘ ਵਾਸੂ ਇਸ ਗ਼ਜ਼ਲ ਸੰਗ੍ਰਹਿ ਵਿੱਚੋਂ ਜੀਵਨ ਦੀ ਸੰਪੂਰਨਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸੁਖਦੇਵ ਸਿੰਘ ਔਲਖ ਇਸ ਗ਼ਜ਼ਲ ਸੰਗ੍ਰਹਿ ਰਚੇ ਜਾਣ ਪਿੱਛੇ ਕੰਮ ਕਰ ਰਹੀ ਗ਼ਜ਼ਲਗੋ ਦੀ ਸੂਖ਼ਮ ਕਲਾ ਨੂੰ ਵਿਸ਼ਾ ਬਣਾਉਂਦਾ ਹੈ। ਸਿਰੀ ਰਾਮ ਅਰਸ਼ ਨੇ ਇਨ੍ਹਾਂ ਗ਼ਜ਼ਲਾਂ ਵਿੱਚੋਂ ਲੋਕ ਦਿਲਾਂ ਵਿਚ ਵਸੀ ਵੇਦਨਾ ਨੂੰ ਵਿਸ਼ਾ ਬਣਾਇਆ ਹੈ ਅਤੇ ਸੰਪਾਦਕ ਅਮਰੀਕ ਡੋਗਰਾ ਆਪਣੇ ਲੇਖ ਵਿੱਚ ਇਸ ਗ਼ਜ਼ਲ-ਸੰਗ੍ਰਹਿ ਦੀ ਵਿਲੱਖਣਤਾ ਬਾਰੇ ਗੱਲ ਕਰਦਾ ਹੈ। ਡਾ. ਅਮਰ ਕੋਮਲ ਅਤੇ ਤਰਸੇਮ ਸਿੰਘ ਭੰਗੂ ਇਸ ਗ਼ਜ਼ਲ ਸੰਗ੍ਰਹਿ ਦੀ ਆਲੋਚਨਾ ਸਮਕਾਲੀ ਜੀਵਨ ਦੇ ਨਵੀਨ ਅਨੁਭਵਾਂ ਦੇ ਆਧਾਰ ’ਤੇ ਕਰਦੇ ਹਨ, ਜਦੋਂਕਿ ਗੁਰਜਿੰਦਰ ਸਿੰਘ ਰਸੀਆ ਇਸ ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਵਿਚ ਸਮਾਏ ਭਾਵਾਂ ਬਾਰੇ ਲਿਖਦਾ ਹੈ। ਤੇਜਿੰਦਰ ਚੰਡਿਹੋਕ ਤੇ ਦੀਪ ਜਗਦੀਪ ਸਿੰਘ ਇਸ ਗ਼ਜ਼ਲ-ਸੰਗ੍ਰਹਿ ਦੇ ਸ਼ਿਅਰਾਂ ਵਿੱਚੋਂ ਵੰਗਾਰ ਤੇ ਸੰਵਾਦ ਤਲਾਸ਼ਦੇ ਹਨ। ਇਸ ਢੰਗ ਨਾਲ ਇਹ ਪੁਸਤਕ ਬਲਦੇਵ ਸਿੰਘ ਬੱਦਨ ਦੇ ਗ਼ਜ਼ਲ-ਸੰਗ੍ਰਹਿ ਧੁਆਂਖੀਆਂ ਪੈੜਾਂ ਦੀ ਚਿੱਤਰਕਾਰੀ ਬਾਰੇ ਵੱਖਰੇ ਵੱਖਰੇ ਖੋਜ ਲੇਖਾਂ ਕਾਰਨ ਬਿਹਤਰੀਨ ਪੁਸਤਕ ਸਿੱਧ ਹੁੰਦੀ ਹੈ।
- ਡਾ. ਸੰਦੀਪ ਰਾਣਾ