- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਿਟਜ਼ਰਲੈਂਡ ਦੀ ਜੇਨੇਵਾ ਯੂਨੀਵਰਸਿਟੀ ਅਤੇ ਲੁਡਵਿੰਗ ਇੰਸਟੀਚਿਊਟ ਫਾਰ ਕੈਂਸਰ ਰਿਸਰਚ ਦੇ ਵਿਗਿਆਨੀਆਂ ਨੇ ਆਪਣੀ ਖੋਜ 'ਚ ਪਾਇਆ ਕਿ ਕੈਂਸਰ ਸੈੱਲ ਇਮਿਊਨ ਸਿਸਟਮ ਨਾਲ ਛੇੜਛਾੜ ਕਰਦੇ ਹਨ। ਉਹ 'ਨਿਊਟਰੋਫਿਲਸ' (Neutrophils) ਨਾਮਕ ਖ਼ਾਸ ਇਮਿਊਨ ਸੈੱਲਾਂ ਦੀ 'ਰੀਪ੍ਰੋਗਰਾਮਿੰਗ' ਕਰ ਦਿੰਦੇ ਹਨ।

ਨਵੀਂ ਦਿੱਲੀ (ਏਜੰਸੀ) : ਕੈਂਸਰ ਵਰਗੀ ਗੰਭੀਰ ਬਿਮਾਰੀ ਆਖ਼ਰ ਸਰੀਰ 'ਚ ਇੰਨੀ ਤੇਜ਼ੀ ਨਾਲ ਕਿਵੇਂ ਫੈਲਦੀ ਹੈ? ਇਸ ਸਵਾਲ ਦਾ ਜਵਾਬ ਲੱਭਣ ਲਈ ਹਾਲ ਹੀ 'ਚ ਇਕ ਨਵਾਂ ਤੇ ਮਹੱਤਵਪੂਰਨ ਅਧਿਐਨ ਕੀਤਾ ਗਿਆ ਹੈ। ਇਸ ਅਧਿਐਨ 'ਚ ਕੈਂਸਰ ਕੋਸ਼ਿਕਾਵਾਂ (ਸੈੱਲਾਂ) ਦੀ ਚਲਾਕੀ ਦਾ ਇਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਖੋਜਕਰਤਾਵਾਂ ਨੇ ਪਾਇਆ ਹੈ ਕਿ ਕੈਂਸਰ ਸੈੱਲ ਸਾਡੇ ਸਰੀਰ ਦੀ ਰੱਖਿਆ ਕਰਨ ਵਾਲੇ ਇਮਿਊਨ ਸੈੱਲਾਂ (Immune Cells) ਨੂੰ ਸਿਰਫ਼ ਚਕਮਾ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਆਪਣੇ ਫਾਇਦੇ ਲਈ ਵਰਤਦੇ ਵੀ ਹਨ।
ਸਵਿਟਜ਼ਰਲੈਂਡ ਦੀ ਜੇਨੇਵਾ ਯੂਨੀਵਰਸਿਟੀ ਅਤੇ ਲੁਡਵਿੰਗ ਇੰਸਟੀਚਿਊਟ ਫਾਰ ਕੈਂਸਰ ਰਿਸਰਚ ਦੇ ਵਿਗਿਆਨੀਆਂ ਨੇ ਆਪਣੀ ਖੋਜ 'ਚ ਪਾਇਆ ਕਿ ਕੈਂਸਰ ਸੈੱਲ ਇਮਿਊਨ ਸਿਸਟਮ ਨਾਲ ਛੇੜਛਾੜ ਕਰਦੇ ਹਨ। ਉਹ 'ਨਿਊਟਰੋਫਿਲਸ' (Neutrophils) ਨਾਮਕ ਖ਼ਾਸ ਇਮਿਊਨ ਸੈੱਲਾਂ ਦੀ 'ਰੀਪ੍ਰੋਗਰਾਮਿੰਗ' ਕਰ ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਜੋ ਸੈੱਲ ਸਰੀਰ ਦੀ ਰੱਖਿਆ ਲਈ ਬਣੇ ਸਨ, ਕੈਂਸਰ ਉਨ੍ਹਾਂ ਨੂੰ ਇਸ ਤਰ੍ਹਾਂ ਬਦਲ ਦਿੰਦਾ ਹੈ ਕਿ ਉਹ ਅਜਿਹੇ ਮੌਲੀਕਿਊਲ ਪੈਦਾ ਕਰਨ ਲੱਗਦੇ ਹਨ ਜੋ ਟਿਊਮਰ ਨੂੰ ਵਧਣ 'ਚ ਮਦਦ ਕਰਦੇ ਹਨ। ਇਨ੍ਹਾਂ ਮੌਲੀਕਿਊਲਜ਼ ਦੀ ਮੌਜੂਦਗੀ ਇਹ ਸੰਕੇਤ ਦਿੰਦੀ ਹੈ ਕਿ ਸਰੀਰ 'ਚ ਕੈਂਸਰ ਵਧ ਰਿਹਾ ਹੈ।
ਅਧਿਐਨ ਵਿਚ ਇਕ ਹੋਰ ਦਿਲਚਸਪ ਗੱਲ ਸਾਹਮਣੇ ਆਈ ਹੈ। ਕੈਂਸਰ ਸੈੱਲ ਇਮਿਊਨ ਸੈੱਲਾਂ ਨੂੰ ਇਹ ਭਰੋਸਾ ਦਿਵਾਉਣ 'ਚ ਕਾਮਯਾਬ ਹੋ ਜਾਂਦੇ ਹਨ ਕਿ ਉਹ 'ਸਿਹਤਮੰਦ' ਹਨ। ਇਸ ਧੋਖੇ ਕਾਰਨ ਇਮਿਊਨ ਸਿਸਟਮ ਉਨ੍ਹਾਂ ਨੂੰ ਨਸ਼ਟ ਨਹੀਂ ਕਰਦਾ। ਕੈਂਸਰ ਸੈੱਲ ਜਾਂ ਤਾਂ ਰੱਖਿਆ ਸੈੱਲਾਂ ਤੋਂ ਲੁਕ ਜਾਂਦੇ ਹਨ ਜਾਂ ਉਨ੍ਹਾਂ ਨੂੰ ਨਕਾਰਾ (inactive) ਕਰ ਦਿੰਦੇ ਹਨ। ਜਦੋਂ ਸਰੀਰ ਦੇ ਰਾਖੇ ਹੀ ਉਨ੍ਹਾਂ ਨੂੰ ਨਹੀਂ ਰੋਕਦੇ ਤਾਂ ਕੈਂਸਰ ਨੂੰ ਪਨਪਣ ਤੇ ਫੈਲਣ ਦਾ ਪੂਰਾ ਮੌਕਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ, ਕੈਂਸਰ ਸੈੱਲ ਆਪਣੇ ਆਲੇ-ਦੁਆਲੇ ਦੇ ਸਿਹਤਮੰਦ ਸੈੱਲਾਂ ਨੂੰ ਵੀ ਬਦਲ ਦਿੰਦੇ ਹਨ, ਜਿਸ ਨਾਲ ਸੋਜ ਤੇ ਅਜਿਹੇ ਕਾਰਕ ਪੈਦਾ ਹੁੰਦੇ ਹਨ ਜੋ ਬਿਮਾਰੀ ਨੂੰ ਵਧਾਉਂਦੇ ਹਨ।
ਇਹ ਖੋਜ 'ਕੈਂਸਰ ਸੈੱਲ ਜਰਨਲ' ਵਿੱਚ ਪ੍ਰਕਾਸ਼ਿਤ ਹੋਈ ਹੈ। ਜੇਨੇਵਾ ਯੂਨੀਵਰਸਿਟੀ ਦੇ ਪੈਥੋਲੋਜੀ ਅਤੇ ਇਮਿਊਨੋਲੋਜੀ ਵਿਭਾਗ ਦੇ ਖੋਜਕਰਤਾ ਮਿਕੇਲ ਪਿਟੇਟ ਦਾ ਕਹਿਣਾ ਹੈ ਕਿ ਟਿਊਮਰ ਨੂੰ ਵਧਾਉਣ ਵਾਲੇ ਤੱਤਾਂ ਦੀ ਪਛਾਣ ਕਰਨਾ ਇਕ ਮੁਸ਼ਕਲ ਕੰਮ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਸ ਤੋਂ ਪਹਿਲਾਂ 'ਮੈਕਰੋਫੇਜ' (ਇੱਕ ਹੋਰ ਕਿਸਮ ਦਾ ਇਮਿਊਨ ਸੈੱਲ) 'ਚ ਦੋ ਅਜਿਹੇ ਜੀਨਾਂ ਦਾ ਪਤਾ ਲਗਾਇਆ ਸੀ ਜੋ ਬਿਮਾਰੀ ਵਧਾਉਂਦੇ ਸਨ, ਪਰ ਇਸ ਵਾਰ ਨਵੇਂ ਅਧਿਐਨ ਵਿੱਚ ਉਨ੍ਹਾਂ ਨੇ 'ਨਿਊਟਰੋਫਿਲਸ' ਵਿੱਚ ਹੋ ਰਹੇ ਇਸ ਖ਼ਤਰਨਾਕ ਪਰਿਵਰਤਨ ਨੂੰ ਫੜਿਆ ਹੈ।