- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਲੋਕ ਰਾਤ ਨੂੰ ਚਾਹ ਤੇ ਕੌਫੀ ਪੀਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਰੀਰ 'ਚ ਕੋਰਟੀਸੋਲ ਦਾ ਪੱਧਰ ਵਧ ਸਕਦਾ ਹੈ। ਕੋਰਟੀਸੋਲ ਇੱਕ ਤਣਾਅ ਵਾਲਾ ਹਾਰਮੋਨ ਹੈ ਜੋ ਨੀਂਦ ਵਿੱਚ ਵਿਘਨ ਪਾਉਂਦਾ ਹੈ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : (Cortisol Imbalance Side Effect) ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਖੁਸ਼ ਜਾਂ ਤਣਾਅ ਵਿੱਚ ਕਿਉਂ ਰਹਿੰਦੇ ਹਾਂ। ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਸਰੀਰ ਦੀਆਂ ਇਨ੍ਹਾਂ ਸਾਰੀਆਂ ਭਾਵਨਾਵਾਂ ਤੇ ਕਿਰਿਆਵਾਂ ਪਿੱਛੇ ਇੱਕ ਛੋਟਾ ਪਰ ਬਹੁਤ ਸ਼ਕਤੀਸ਼ਾਲੀ ਖਿਡਾਰੀ ਛੁਪਿਆ ਹੁੰਦਾ ਹੈ - ਹਾਰਮੋਨਸ !
ਤੁਸੀਂ ਐਂਡੋਰਫਿਨ ਬਾਰੇ ਸੁਣਿਆ ਹੋਵੇਗਾ, ਜਿਸ ਦਾ ਕੰਮ ਸਾਨੂੰ ਖ਼ੁਸ਼ੀ ਦੇਣਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤਣਾਅ ਲਈ ਕਿਹੜਾ ਹਾਰਮੋਨ ਜ਼ਿੰਮੇਵਾਰ ਹੈ। ਜੀ ਹਾਂ, ਤੁਸੀਂ ਇਸਦਾ ਸਹੀ ਅੰਦਾਜਾ ਲਗਾਇਆ- ਕੋਰਟੀਸੋਲ ! ਇਹੀ ਕਾਰਨ ਹੈ ਕਿ ਇਸ ਨੂੰ ਅਕਸਰ 'ਤਣਾਅ ਦਾ ਹਾਰਮੋਨ' ਕਿਹਾ ਜਾਂਦਾ ਹੈ। ਆਓ ਤੁਹਾਨੂੰ ਇਸ ਆਰਟੀਕਲ ਵਿੱਚ ਦੱਸਦੇ ਹਾਂ ਕਿ ਜੇ ਸਰੀਰ ਵਿੱਚ ਇਸ ਹਾਰਮੋਨ ਦਾ ਪੱਧਰ ਘੱਟ ਜਾਂ ਵੱਧ ਜਾਵੇ ਤਾਂ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੀ ਹੈ ਕੋਰਟੀਸੋਲ ਤੇ ਕਿਵੇਂ ਕੰਮ ਕਰਦੈ ਇਹ
ਕੋਰਟੀਸੋਲ ਇੱਕ ਸਟੀਰੌਇਡ ਹਾਰਮੋਨ ਹੈ ਜੋ ਸਾਡੇ ਸਰੀਰ ਦੀਆਂ ਐਡਰੀਨਲ ਗ੍ਰੰਥੀਆਂ ਦੁਆਰਾ ਬਣਾਇਆ ਜਾਂਦਾ ਹੈ। ਜਦੋਂ ਅਸੀਂ ਤਣਾਅਪੂਰਨ ਸਥਿਤੀ ਵਿੱਚ ਹੁੰਦੇ ਹਾਂ ਤਾਂ ਇਹ ਗ੍ਰੰਥੀਆਂ ਕੋਰਟੀਸੋਲ ਦੇ ਉਤਪਾਦਨ ਨੂੰ ਵਧਾਉਂਦੀਆਂ ਹਨ। ਕੋਰਟੀਸੋਲ ਸਰੀਰ ਨੂੰ ਤਣਾਅ ਨਾਲ ਨਜਿੱਠਣ ਲਈ ਤਿਆਰ ਕਰਦਾ ਹੈ। ਇਹ ਨਾ ਸਿਰਫ਼ ਤਣਾਅ ਪ੍ਰਤੀਕ੍ਰਿਆ ਨੂੰ ਨਿਯੰਤ੍ਰਿਤ ਕਰਦਾ ਹੈ ਬਲਕਿ ਸਥਿਰ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਬਣਾਈ ਰੱਖਣ, ਮੇਟਾਬੋਲਿਜ਼ਮ ਨੂੰ ਵਧਾਉਣ ਤੇ ਸੋਜ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੋਰਟੀਸੋਲ ਯਾਦ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਕੇ ਦਿਲ ਦੀ ਸਿਹਤ ਨੂੰ ਚੰਗੀ ਬਣਾਉਂਦਾ ਹੈ।
ਕੋਰਟੀਸੋਲ ਦੀ ਕਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ
ਕੋਰਟੀਸੋਲ ਸਾਡੇ ਸਰੀਰ ਲਈ ਇੱਕ ਜ਼ਰੂਰੀ ਹਾਰਮੋਨ ਹੈ। ਇਹ ਤਣਾਅ ਸਮੇਂ ਸਰੀਰ ਨੂੰ ਪ੍ਰਤੀਕਿਰਿਆ ਕਰਨ ਵਿੱਚ ਮਦਦ ਕਰਦਾ ਹੈ। ਹਾਲਾਂਕਿ, ਕੋਰਟੀਸੋਲ ਦੀ ਜ਼ਿਆਦਾ ਤੇ ਕਮੀ ਦੋਵੇਂ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ।
ਕੋਰਟੀਸੋਲ ਦੀ ਕਮੀ ਇੱਕ ਗੰਭੀਰ ਸਥਿਤੀ ਹੋ ਸਕਦੀ ਹੈ। ਇਸ ਨੂੰ 'ਪ੍ਰਾਇਮਰੀ ਐਡਰੀਨਲ ਇਨਸਫੀਸ਼ੀਐਂਸੀ' ਜਾਂ ਐਡੀਸਨ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ। ਇਹ ਇੱਕ ਦੁਰਲੱਭ ਕਿਸਮ ਦੀ ਆਟੋਇਮਿਊਨ ਬਿਮਾਰੀ ਹੈ ਜਿਸ ਵਿੱਚ ਸਰੀਰ ਦੀ ਇਮਿਊਨ ਸਿਸਟਮ ਗ਼ਲਤੀ ਨਾਲ ਐਡਰੀਨਲ ਗ੍ਰੰਥੀਆਂ 'ਤੇ ਹਮਲਾ ਕਰ ਦਿੰਦੀ ਹੈ। ਇਹ ਗ੍ਰੰਥੀਆਂ ਕੋਰਟੀਸੋਲ ਪੈਦਾ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਐਡੀਸਨ ਰੋਗ ਦੇ ਲੱਛਣ ਹੌਲੀ-ਹੌਲੀ ਵਿਕਸਤ ਹੁੰਦੇ ਹਨ। ਵਿਅਕਤੀ ਨੂੰ ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਭਾਰ ਘਟਣਾ, ਮੂਡ ਵਿੱਚ ਤਬਦੀਲੀ ਤੇ ਚਮੜੀ ਵਿੱਚ ਤਬਦੀਲੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਸਮੇਂ ਦੇ ਨਾਲ ਇਹ ਲੱਛਣ ਕਾਫ਼ੀ ਗੰਭੀਰ ਹੋ ਸਕਦੇ ਹਨ।
ਕੀ ਹੋਵੇਗਾ ਜੇ ਵੱਧ ਜਾਵੇਗਾ ਕੋਰਟੀਸੋਲ ਦਾ ਪੱਧਰ
ਕਈ ਲੋਕਾਂ ਨੂੰ ਪਿਟਿਊਟਰੀ ਜਾਂ ਐਡਰੀਨਲ ਗ੍ਰੰਥੀਆਂ ਵਿੱਚ ਟਿਊਮਰ ਦੀ ਸਮੱਸਿਆ ਹੁੰਦੀ ਹੈ। ਇਹ ਟਿਊਮਰ ਕੁਸ਼ਿੰਗ ਸਿੰਡਰੋਮ ਨਾਮਕ ਗੰਭੀਰ ਸਥਿਤੀ ਦਾ ਕਾਰਨ ਬਣ ਸਕਦਾ ਹੈ। ਮਾਹਿਰਾਂ ਦੇ ਅਨੁਸਾਰ ਖ਼ੂਨ ਵਿੱਚ ਕੋਰਟੀਸੋਲ ਨਾਮਕ ਹਾਰਮੋਨ ਦਾ ਵਧਣਾ ਇਸ ਸਿੰਡਰੋਮ ਦਾ ਇੱਕ ਵੱਡਾ ਕਾਰਨ ਹੈ।
ਕੁਸ਼ਿੰਗ ਸਿੰਡਰੋਮ ਦੇ ਮੁੱਖ ਲੱਛਣਾਂ ਵਿੱਚ ਚਿਹਰੇ, ਪੇਟ ਤੇ ਛਾਤੀ 'ਤੇ ਤੇਜ਼ੀ ਨਾਲ ਭਾਰ ਵਧਣਾ ਸ਼ਾਮਲ ਹੈ। ਇਸ ਤੋਂ ਇਲਾਵਾ ਬਾਹਾਂ ਤੇ ਲੱਤਾਂ ਪਤਲੀਆਂ ਰਹਿੰਦੀਆਂ ਹਨ। ਜਿਸ ਨਾਲ ਸਰੀਰ ਦਾ ਆਕਾਰ ਅਸਧਾਰਨ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਲਾਲ ਧੱਬੇ, ਹਾਈ ਬਲੱਡ ਪ੍ਰੈਸ਼ਰ, ਚਮੜੀ 'ਚ ਬਦਲਾਅ, ਓਸਟੀਓਪੋਰੋਸਿਸ ਤੇ ਮੂਡ 'ਚ ਉਤਰਾਅ-ਚੜ੍ਹਾਅ ਵਰਗੇ ਲੱਛਣ ਵੀ ਦਿਖਾਈ ਦੇ ਸਕਦੇ ਹਨ। ਕੁਸ਼ਿੰਗ ਸਿੰਡਰੋਮ ਔਰਤਾਂ ਵਿੱਚ ਕਈ ਹੋਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜਿਵੇਂ ਕਿ ਜਿਨਸੀ ਇੱਛਾ ਦੀ ਕਮੀ, ਪੀਰੀਅਡਸ ਠੀਕ ਤਰ੍ਹਾਂ ਨਾ ਆਉਣਾ, ਹਮੇਸ਼ਾ ਪਰੇਸ਼ਾਨ ਜਾਂ ਉਦਾਸ ਰਹਿਣਾ।
ਕੁੱਲ ਮਿਲਾ ਕੇ ਕੋਰਟੀਸੋਲ ਸਾਡੇ ਸਰੀਰ ਲਈ ਇੱਕ ਜ਼ਰੂਰੀ ਹਾਰਮੋਨ ਹੈ ਪਰ ਇਸ ਦੇ ਪੱਧਰ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਰਟੀਸੋਲ ਦੇ ਪੱਧਰ ਵਿੱਚ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕਿਵੇਂ ਬੈਲੇਸ ਕਰੀਏ ਕੋਰਟੀਸੋਲ
ਕਸਰਤ
ਹਰ ਰੋਜ਼ ਥੋੜ੍ਹੀ ਜਿਹੀ ਸਰੀਰਕ ਗਤੀਵਿਧੀ ਕੋਰਟੀਸੋਲ ਦੇ ਪੱਧਰ ਨੂੰ ਨਿਯੰਤਰਣ ਰੱਖਣ ਵਿੱਚ ਮਦਦ ਕਰ ਸਕਦੀ ਹੈ। ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਯੋਗਾ ਵਰਗੀਆਂ ਗਤੀਵਿਧੀਆਂ ਨੂੰ ਸ਼ਾਮਲ ਕਰ ਸਕਦੇ ਹੋ ਜੋ ਨਾ ਸਿਰਫ਼ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ ਬਲਕਿ ਮਨ ਨੂੰ ਵੀ ਸ਼ਾਂਤ ਕਰਦੀ ਹੈ। ਇਹ ਗਤੀਵਿਧੀਆਂ ਸਰੀਰ ਤੇ ਦਿਮਾਗ ਦੋਵਾਂ ਲਈ ਫਾਇਦੇਮੰਦ ਹੁੰਦੀਆਂ ਹਨ, ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ।
ਰਾਤ ਨੂੰ ਕੈਫੀਨ ਤੋਂ ਦੂਰ ਰਹੋ
ਕਈ ਲੋਕ ਰਾਤ ਨੂੰ ਚਾਹ ਤੇ ਕੌਫੀ ਪੀਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਰੀਰ 'ਚ ਕੋਰਟੀਸੋਲ ਦਾ ਪੱਧਰ ਵਧ ਸਕਦਾ ਹੈ। ਕੋਰਟੀਸੋਲ ਇੱਕ ਤਣਾਅ ਵਾਲਾ ਹਾਰਮੋਨ ਹੈ ਜੋ ਨੀਂਦ ਵਿੱਚ ਵਿਘਨ ਪਾਉਂਦਾ ਹੈ। ਇਸ ਲਈ ਰਾਤ ਨੂੰ ਕੈਫੀਨ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਹੈਲਦੀ ਡਾਈਟ
ਸਰੀਰ ਵਿੱਚ ਕੋਰਟੀਸੋਲ ਦੇ ਪੱਧਰ ਨੂੰ ਵਧਣ ਤੋਂ ਰੋਕਣ ਵਿੱਚ ਸੰਤੁਲਿਤ ਖੁਰਾਕ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ। ਆਪਣੀ ਖੁਰਾਕ ਵਿੱਚ ਪ੍ਰੋਟੀਨ, ਵਿਟਾਮਿਨ, ਫਾਈਬਰ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰੋ। ਇਨ੍ਹਾਂ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ, ਦਾਲਾਂ ਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਸ਼ਾਮਲ ਹਨ। ਇਸ ਦੇ ਨਾਲ ਹੀ ਖੰਡ, ਪ੍ਰੋਸੈਸਡ ਫੂਡ ਤੇ ਜੰਕ ਫੂਡਜ਼ ਦੇ ਸੇਵਨ ਨੂੰ ਘੱਟ ਤੋਂ ਘੱਟ ਕਰੋ।
ਇਹ ਤੀਰਕਾ ਹੈ ਕਾਰਗਰ
ਕਈ ਖੋਜਾਂ ਨੇ ਸਿੱਧ ਕੀਤਾ ਹੈ ਕਿ ਪਾਲਤੂ ਜਾਨਵਰਾਂ ਨਾਲ ਸਮਾਂ ਬਿਤਾਉਣ ਨਾਲ ਸਾਡੇ ਸਰੀਰ ਵਿਚ ਖੁਸ਼ੀ ਦਾ ਹਾਰਮੋਨ ਡੋਪਾਮਿਨ ਵਧਦਾ ਹੈ ਅਤੇ ਤਣਾਅ ਘਟਾਉਣ ਵਾਲਾ ਹਾਰਮੋਨ ਸੇਰੋਟੋਨਿਨ ਵੀ ਨਿਕਲਦਾ ਹੈ। ਇਹ ਨਾ ਸਿਰਫ਼ ਸਾਡੇ ਮੂਡ ਨੂੰ ਸੁਧਾਰਦਾ ਹੈ ਬਲਕਿ ਅਸੀਂ ਵਧੇਰੇ ਸ਼ਾਂਤ ਅਤੇ ਆਰਾਮਦਾਇਕ ਮਹਿਸੂਸ ਕਰਦੇ ਹਾਂ।