Oxford University ਵੱਲੋਂ ਕੀਤੀ ਗਈ ਇਕ ਸਟੱਡੀ "ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜੇਕਰ ਦਵਾਈ ਬੰਦ ਕਰ ਦਿੱਤੀ ਜਾਵੇ ਤਾਂ ਭਾਰ ਫਿਰ ਤੋਂ ਤੇਜ਼ੀ ਨਾਲ ਵਧ ਸਕਦਾ ਹੈ। ਭਾਰ ਘਟਾਉਣ ਲਈ ਸਿਰਫ਼ ਇੰਜੈਕਸ਼ਨ ਲਗਵਾਉਣਾ ਹੀ ਕਾਫੀ ਨਹੀਂ ਹੈ, ਸਗੋਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਕਾਫੀ ਸਮੇਂ ਤੋਂ ਭਾਰ ਘਟਾਉਣ ਵਾਲੇ ਇੰਜੈਕਸ਼ਨ ਚਰਚਾ 'ਚ ਹਨ। ਕਈ ਲੋਕ ਇਨ੍ਹਾਂ ਦੀ ਮਦਦ ਨਾਲ ਤੇਜ਼ੀ ਨਾਲ ਭਾਰ ਘਟਾ ਰਹੇ ਹਨ ਤੇ ਚੰਗੇ ਨਤੀਜੇ ਵੀ ਪ੍ਰਾਪਤ ਕਰ ਰਹੇ ਹਨ, ਪਰ ਕੀ ਇਸ ਦਾ ਅਸਰ ਸਰੀਰ 'ਤੇ ਹਮੇਸ਼ਾ ਬਣਿਆ ਰਹਿੰਦਾ ਹੈ? ਹਾਲ ਹੀ 'ਚ ਆਕਸਫੋਰਡ ਯੂਨੀਵਰਸਿਟੀ ਵੱਲੋਂ ਕੀਤੀ ਗਈ ਇਕ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜੇਕਰ ਦਵਾਈ ਬੰਦ ਕਰ ਦਿੱਤੀ ਜਾਵੇ ਤਾਂ ਭਾਰ ਫਿਰ ਤੋਂ ਤੇਜ਼ੀ ਨਾਲ ਵਧ ਸਕਦਾ ਹੈ। ਭਾਰ ਘਟਾਉਣ ਲਈ ਸਿਰਫ਼ ਇੰਜੈਕਸ਼ਨ ਲਗਵਾਉਣਾ ਹੀ ਕਾਫੀ ਨਹੀਂ ਹੈ, ਸਗੋਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਦਿ ਬ੍ਰਿਟਿਸ਼ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਸਟੱਡੀ ਦਾ ਕਹਿਣਾ ਹੈ ਕਿ ਭਾਰ ਘਟਾਉਣ ਵਾਲੀਆਂ ਦਵਾਈਆਂ ਬੰਦ ਕਰਦੇ ਹੀ ਭਾਰ ਦੁਬਾਰਾ ਤੇਜ਼ੀ ਨਾਲ ਵਧਣ ਲੱਗਦਾ ਹੈ। ਕਈ ਲੋਕਾਂ ਦਾ ਤਾਂ ਇੱਕ ਸਾਲ ਦੇ ਅੰਦਰ ਹੀ ਭਾਰ ਵਧਣ ਲੱਗਦਾ ਹੈ।
ਇਹ ਰਿਸਰਚ 9,000 ਤੋਂ ਵੱਧ ਬਾਲਗਾਂ (Adults) 'ਤੇ ਕੀਤੀ ਗਈ, ਜਿਨ੍ਹਾਂ ਵਿੱਚੋਂ 37 'ਤੇ ਕਲੀਨਿਕਲ ਟਰਾਇਲ ਕੀਤੇ ਗਏ। ਇਸ ਦੇ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਸਨ। ਜਿਨ੍ਹਾਂ ਲੋਕਾਂ 'ਤੇ ਟੈਸਟ ਕੀਤਾ ਗਿਆ, ਦਵਾਈ ਬੰਦ ਕਰਨ ਤੋਂ ਬਾਅਦ ਉਨ੍ਹਾਂ ਦਾ ਭਾਰ ਹਰ ਮਹੀਨੇ ਲਗਪਗ 0.4 ਕਿਲੋਗ੍ਰਾਮ ਵਧ ਗਿਆ, ਯਾਨੀ ਕਈ ਲੋਕਾਂ ਦਾ ਭਾਰ ਲਗਪਗ 1.7 ਸਾਲਾਂ 'ਚ ਪਹਿਲਾਂ ਵਰਗਾ ਹੋ ਗਿਆ।
ਨਵੀਆਂ GLP-1 ਦਵਾਈਆਂ ਜਿਵੇਂ ਕਿ ਸੇਮਾਗਲੂਟਾਈਡ (Semaglutide) ਅਤੇ ਟਿਰਜ਼ੇਪੇਟਾਈਡ (Tirzepatide) ਛੱਡਣ ਤੋਂ ਬਾਅਦ ਲੋਕਾਂ ਦਾ ਭਾਰ ਹਰ ਮਹੀਨੇ ਲਗਪਗ 0.8 ਕਿਲੋ ਤਕ ਵਧਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦਵਾਈਆਂ ਭੁੱਖ ਨੂੰ ਘਟਾਉਂਦੀਆਂ ਹਨ ਤੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਰੱਖਦੀਆਂ ਹਨ। ਜਦੋਂ ਇਨ੍ਹਾਂ ਦਵਾਈਆਂ ਨੂੰ ਲੈਣਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਸਰੀਰ ਫਿਰ ਤੋਂ ਪਹਿਲਾਂ ਵਰਗਾ ਹੋ ਜਾਂਦਾ ਹੈ।
ਰਿਸਰਚਰਾਂ ਦਾ ਕਹਿਣਾ ਹੈ ਕਿ ਮੋਟਾਪਾ ਹੁਣ ਇਕ 'ਕ੍ਰੋਨਿਕ ਕੰਡੀਸ਼ਨ' (ਗੰਭੀਰ ਸਥਿਤੀ) ਹੈ, ਜਿਸ ਨੂੰ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਜਾਂ ਡਾਇਬੀਟੀਜ਼ ਵਰਗੀਆਂ ਸਥਿਤੀਆਂ ਵਾਂਗ ਲੰਬੇ ਸਮੇਂ ਤੱਕ ਇਲਾਜ ਦੀ ਲੋੜ ਹੁੰਦੀ ਹੈ। ਹਾਲਾਂਕਿ, ਮਰੀਜ਼ ਇਨ੍ਹਾਂ ਦਵਾਈਆਂ ਨੂੰ ਜ਼ਿਆਦਾ ਕੀਮਤ ਅਤੇ ਸਾਈਡ ਇਫੈਕਟਸ (ਮਾੜੇ ਪ੍ਰਭਾਵਾਂ) ਵਰਗੇ ਕਾਰਨਾਂ ਕਰਕੇ ਛੱਡ ਦਿੰਦੇ ਹਨ। ਦਵਾਈ ਬੰਦ ਕਰਦੇ ਹੀ ਭਾਰ ਦਾ ਵਾਪਸ ਵਧਣਾ ਇਹ ਸਾਬਤ ਕਰਦਾ ਹੈ ਕਿ ਇਸ ਦੇ ਲਈ ਲਗਾਤਾਰ ਦੇਖਭਾਲ ਜ਼ਰੂਰੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਮੋਟਾਪਾ ਇਕ ਅਜਿਹੀ ਸਮੱਸਿਆ ਹੈ, ਜਿਸ ਨੂੰ ਸਿਰਫ਼ ਦਵਾਈ ਨਾਲ ਨਹੀਂ, ਸਗੋਂ ਹੈਲਦੀ ਡਾਈਟ (ਸਿਹਤਮੰਦ ਖੁਰਾਕ) ਅਤੇ ਕਸਰਤ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਡਾਕਟਰ ਵੀ ਸਲਾਹ ਦਿੰਦੇ ਹਨ ਕਿ ਕਿਸੇ ਵੀ ਇਲਾਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜੀਵਨਸ਼ੈਲੀ (ਲਾਈਫਸਟਾਈਲ) ਅਤੇ ਇਸ ਨੂੰ ਬਣਾਈ ਰੱਖਣ (ਮੇਨਟੇਨੈਂਸ) ਦੇ ਤਰੀਕਿਆਂ 'ਤੇ ਚਰਚਾ ਕਰਨਾ ਜ਼ਰੂਰੀ ਹੈ।
Source : University of Oxford