- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦ ਦਿਮਾਗ ਦਾ ਉਹ ਹਿੱਸਾ ਯਾਦਾਂ ਨੂੰ ਪੱਕਾ ਕਰ ਰਿਹਾ ਹੁੰਦਾ ਹੈ ਅਤੇ ਸਿੱਖਣ ਦੀ ਸਮਰੱਥਾ ਨੂੰ ਬਹਾਲ ਕਰ ਰਿਹਾ ਹੁੰਦਾ ਹੈ, ਤਦ ਦਿਮਾਗ ਦੇ ਬਾਕੀ ਹਿੱਸੇ ਜਾਗਰੂਕ ਅਤੇ ਆਸ-ਪਾਸ ਦੇ ਮਾਹੌਲ ਨਾਲ ਜੁੜੇ ਰਹਿੰਦੇ ਹਨ।’’ ਉਨ੍ਹਾਂ ਕਿਹਾ, ‘‘ਡਾਲਫਿਨ ਵੀ ਕੁਝ ਅਜਿਹਾ ਹੀ ਕਰਦੀਆਂ ਹਨ।

ਪੀਟੀਆਈ: ਖੋਜਕਰਤਾਵਾਂ ਨੇ ਜਾਗਦੇ ਹੋਏ ਚੂਹਿਆਂ ਵਿਚ ਅਜਿਹੇ ਨਿਊਰਲ ਕੁਨੈਕਸ਼ਨ ਨੂੰ ਸਰਗਰਮ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਨਾਲ ਨੀਂਦ ਦੀ ਕਮੀ ਦੇ ਅਸਰ ਨੂੰ ਘੱਟ ਕਰਨ ਅਤੇ ਨੀਂਦ ਤੋਂ ਸਰੀਰ ਅਤੇ ਦਿਮਾਗ ਨੂੰ ਮਿਲਣ ਵਾਲੇ ਫ਼ਾਇਦਿਆਂ ਦੇ ਅਹਿਮ ਪਹਿਲੂਆਂ ਨੂੰ ਸਮਝਣ ਵਿਚ ਮਦਦ ਮਿਲੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਵਿਸਕਾਂਸਿਨ -ਮੈਡੀਸਨ ਵਿਚ ਸਾਈਕਿਆਟਰੀ ਦੀ ਪ੍ਰੋਫੈਸਰ ਚਿਆਰਾ ਸਿਰੇਲੀ ਨੇ ਕਿਹਾ, ‘‘ਅਸਲ ਵਿਚ ਅਸੀਂ ਦਿਮਾਗ ਦੇ ਇਕ ਖ਼ਾਸ ਹਿੱਸੇ ਵਿਚ ਨੀਂਦ ਲਿਆਉਣ ਦਾ ਕੰਮ ਕਰ ਰਹੇ ਹਾਂ। ਜਦ ਦਿਮਾਗ ਦਾ ਉਹ ਹਿੱਸਾ ਯਾਦਾਂ ਨੂੰ ਪੱਕਾ ਕਰ ਰਿਹਾ ਹੁੰਦਾ ਹੈ ਅਤੇ ਸਿੱਖਣ ਦੀ ਸਮਰੱਥਾ ਨੂੰ ਬਹਾਲ ਕਰ ਰਿਹਾ ਹੁੰਦਾ ਹੈ, ਤਦ ਦਿਮਾਗ ਦੇ ਬਾਕੀ ਹਿੱਸੇ ਜਾਗਰੂਕ ਅਤੇ ਆਸ-ਪਾਸ ਦੇ ਮਾਹੌਲ ਨਾਲ ਜੁੜੇ ਰਹਿੰਦੇ ਹਨ।’’ ਉਨ੍ਹਾਂ ਕਿਹਾ, ‘‘ਡਾਲਫਿਨ ਵੀ ਕੁਝ ਅਜਿਹਾ ਹੀ ਕਰਦੀਆਂ ਹਨ। ਉਹ ਇਕ ਵਾਰ ਵਿਚ ਦਿਮਾਗ ਦੇ ਸਿਰਫ਼ ਇਕ ਹਿੱਸੇ ਤੋਂ ਸੌਂਦੀਆਂ ਹਨ।’’ ਇਹ ਖੋਜ ਨੇਚਰ ਨਿਊਰੋਸਾਇੰਸ ਜਰਨਲ ਵਿਚ ਪ੍ਰਕਾਸ਼ਿਤ ਹੋਈ। ਵਿਗਿਆਨੀਆਂ ਨੇ ਨੀਂਦ ਦੀ ਕਮੀ ਵਾਲੇ ਚੂਹਿਆਂ ਦੇ ਦਿਮਾਗ ਦੇ ਇਕ ਹਿੱਸੇ ਵਿਚ 30 ਮਿੰਟ ਤੱਕ ਰੁਕ-ਰੁਕ ਕੇ (ਆਨ-ਐਂਡ-ਆਫ) ਐਕਟੀਵਿਟੀ ਪੈਦਾ ਕਰਨ ਲਈ ਲਾਈਟ ਪਲਸਿੰਗ ਇੰਪਲਾਂਟ ਅਤੇ ਜੈਨੇਟਿਕ ਤਬਦੀਲੀਆਂ ਦਾ ਇਸਤੇਮਾਲ ਕੀਤਾ। ਇਹ ਐਕਟੀਵਿਟੀ ਨਾਨ-ਰੈਪਿਡ ਆਈ ਮੂਵਮੈਂਟ (ਐੱਨਆਰਈਐੱਮ) ਨੀਂਦ ਦੌਰਾਨ ਹੋਣ ਵਾਲੇ ਪੈਟਰਨ ਵਰਗੀ ਹੀ ਸੀ। ਬਾਲਗ ਮਨੁੱਖਾਂ ਦੀ ਨੀਂਦ ਦਾ ਲਗਪਗ 80 ਪ੍ਰਤੀਸ਼ਤ ਹਿੱਸਾ ਐੱਨਆਰਈਐੱਮ ਨੀਂਦ ਦਾ ਹੁੰਦਾ ਹੈ। ਇਹ ਨੀਂਦ ਦੇ ਚੱਕਰ ਦਾ ਉਹ ਆਰਾਮਦੇਹ ਪੜਾਅ ਹੈ ਜਦ ਦਿਮਾਗ ਦੀ ਗਤੀਵਿਧੀ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਮੱਠੀ ਹੋ ਜਾਂਦੀ ਹੈ। ਨੀਂਦ ਦੇ ਚੱਕਰ ਦਾ ਐੱਨਆਰਈਐੱਮ ਗੇੜ ਯਾਦਦਾਸ਼ਤ ਨੂੰ ਪੱਕਾ ਕਰਨ (ਮੈਮੋਰੀ ਕੰਸੋਲੀਡੇਸ਼ਨ) ਨਾਲ ਵੀ ਜੁੜਿਆ ਹੈ ਜਿਸ ਵਿਚ ਨਵੀਂ ਅਤੇ ਅਸਥਾਈ ਜਾਣਕਾਰੀ ਨੂੰ ਸਥਾਈ ਤੇ ਲੰਬੇ ਸਮੇਂ ਤੱਕ ਰਹਿਣ ਵਾਲੀਆਂ ਯਾਦਾਂ ਵਿਚ ਬਦਲਿਆ ਜਾਂਦਾ ਹੈ। ਯਾਦਾਂ ਬਣਾਉਣ ਵਾਲੇ ਨਿਊਰਾਨਜ਼ ਵਿਚਲੇ ਕੁਨੈਕਸ਼ਨ ਦੀ ਜਾਂਚ ਕੀਤੀ ਜਾਂਦੀ ਹੈ। ਐੱਨਆਰਈਐੱਮ ਗੇੜ ਦੌਰਾਨ, ਦਿਮਾਗ ਲੰਬੇ ਸਮੇਂ ਤੱਕ ਜਾਣਕਾਰੀ ਸਟੋਰ ਕਰਨ ਲਈ ਜ਼ਰੂਰੀ ਕੁਨੈਕਸ਼ਨ ਨੂੰ ਸੁਰੱਖਿਅਤ ਰੱਖਦਾ ਹੈ, ਘੱਟ ਜ਼ਰੂਰੀ ਕੁਨੈਕਸ਼ਨ ਨੂੰ ਹਟਾ ਦਿੰਦਾ ਹੈ ਅਤੇ ਨਵੇਂ ਕੁਨੈਕਸ਼ਨ ਲਈ ਜਗ੍ਹਾ ਬਣਾਉਂਦਾ ਹੈ।