ਕੀ ਅੱਖਾਂ ਦੀ ਜਾਂਚ ਤੋਂ ਕਈ ਸਾਲ ਪਹਿਲਾਂ ਹੀ ਲੱਗ ਸਕੇਗਾ ਅਲਜ਼ਾਈਮਰ ਦਾ ਪਤਾ? ਵਿਗਿਆਨੀਆਂ ਨੇ ਜਗਾਈ ਉਮੀਦ
ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਰੈਟਿਨਲ ਜਾਂਚ ਦਿਮਾਗ ਨੂੰ ਨੁਕਸਾਨ ਹੋਣ ਤੋਂ ਬਹੁਤ ਪਹਿਲਾਂ ਅਲਜ਼ਾਈਮਰ ਦਾ ਪਤਾ ਲਗਾ ਸਕਦੀ ਹੈ।
Publish Date: Sat, 21 Feb 2026 01:33 PM (IST)
Updated Date: Sat, 21 Feb 2026 01:36 PM (IST)
ਪੀਟੀਆਈ, ਨਵੀਂ ਦਿੱਲੀ : ਅਲਜ਼ਾਇਮਰ ਨੂੰ ਲੈ ਕੇ ਕੀਤੀ ਗਈ ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਰੈਟਿਨਾ ਦੇ ਬਾਹਰੀ ਖੇਤਰ (ਪੈਰੀਫੇਰਲ ਰੈਟਿਨਾ) ਦੀ ਜਾਂਚ ਨਾਲ ਸਾਡੇ ਦਿਮਾਗ ਨੂੰ ਨੁਕਸਾਨ ਪਹੁੰਚਣ ਤੋਂ ਕਾਫ਼ੀ ਪਹਿਲਾਂ ਇਸ ਬਿਮਾਰੀ ਦੇ ਲੱਛਣ ਦਾ ਪਤਾ ਲੱਗ ਸਕਦਾ ਹੈ। ਖੋਜ ’ਚ ਕਿਹਾ ਗਿਆ ਹੈ ਕਿ ਅੱਖਾਂ ਦੀ ਰੈਗੂਲਰ ਜਾਂਚ ਨਾਲ ਇਸ ਗੰਭੀਰ ਬਿਮਾਰੀ ਦਾ ਸਮਾਂ ਰਹਿੰਦੇ ਪਤਾ ਲਗਾ ਕੇ ਡਾਕਟਰ ਇਸ ਵਿਚ ਦਖ਼ਲ ਦੇ ਸਕਦੇ ਹਨ। ਅਮਰੀਕਾ ਦੇ ਹਿਊਸਟਨ ਮੈਥੋਡਿਸਟ ਹਸਪਤਾਲ ਦੇ ਖੋਜਕਰਤਾ ਸਟੀਫਨ ਵੋਂਗ ਨੇ ਕਿਹਾ ਕਿ ਅੱਖਾਂ ਦਿਮਾਗ਼ ਦੀਆਂ ਖਿੜਕੀਆਂ ਹੁੰਦੀਆਂ ਹਨ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਸੀਂ ਖਿੜਕੀ ਦੇ ਗ਼ਲਤ ਹਿੱਸੇ ਨੂੰ ਦੇਖ ਰਹੇ ਸੀ। ਜਿੱਥੇ ਜ਼ਿਆਦਾਤਰ ਅੱਖਾਂ ਦੇ ਪ੍ਰੀਖਣ ਕੇਂਦਰੀ ਰੇਟਿਨਾ ’ਤੇ ਫੋਕਸ ਹੁੰਦੇ ਹਨ, ਉੱਥੇ ਅਲਜ਼ਾਇਮਰ ਬਿਮਾਰੀ ਦੇ ਸਭ ਤੋਂ ਮਹੱਤਵਪੂਰਣ ਸ਼ੁਰੂਆਤੀ ਸੰਕੇਤ ਅੱਖ ਦੇ ਬਾਹਰੀ ਹਿੱਸੇ ’ਚ ਲੁਕੇ ਹੋਏ ਮਹਿਸੂਸ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿਮਾਗ ਦੀ ਤੰਤਰਿਕਾ ਪ੍ਰਣਾਲੀ ਨੂੰ ਨੁਕਸਾਨ ਹੋਣ ਤੋਂ ਪਹਿਲਾਂ ਹੋਣ ਵਾਲੇ ਇਨ੍ਹਾਂ ਰੈਟਿਨਾ ਬਦਲਾਵਾਂ ਦੀ ਪਛਾਣ ਕਰ ਕੇ ਡਾਕਟਰ ਨਿਯਮਤ ਅੱਖਾਂ ਦੇ ਪ੍ਰੀਖਣਾਂ ਰਾਹੀਂ ਯਾਦਦਾਸ਼ਤ ਨੂੰ ਨੁਕਸਾਨ ਸ਼ੁਰੂ ਹੋਣ ਤੋਂ ਸਾਲਾਂ ਪਹਿਲਾਂ ਹੀ ਇਸ ਬਿਮਾਰੀ ਦਾ ਪਤਾ ਲਗਾਉਣ ਤੇ ਉਸਦਾ ਇਲਾਜ ਕਰਨ ’ਚ ਸਮਰੱਥਾ ਹੋ ਸਕਦੇ ਹਨ।
ਖੋਜਕਰਤਾਵਾਂ ਨੇ ਕਿਹਾ ਕਿ ਪਿਛਲੀ ਖੋਜ ’ਚ ਪਾਇਆ ਗਿਆ ਹੈ ਕਿ ਰੇਟਿਨਾ ’ਚ ਐਮਿਲਾਈਡ ਪ੍ਰੋਟੀਨ (ਟਿਸ਼ੂ ਦੇ ਖੁਰਨ ਨਾਲ ਪੈਦਾ ਸਟਾਰਚ ਵਰਗਾ ਪਦਾਰਥ) ਦਾ ਸੰਚੈ ਦਿਮਾਗ ’ਚ ਐਮਿਲਾਇਡ ਪ੍ਰੋਟੀਨ ਦੇ ਜਮਾਅ (ਅਲਜ਼ਾਇਮਰ ਬਿਮਾਰੀ ਦਾ ਪ੍ਰਮੁੱਖ ਲੱਛਣ) ਨਾਲ ਸਬੰਧਤ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਰੇਟਿਨਾ ਕੇਂਦਰੀ ਰੋਗ ਪ੍ਰਕਿਰਿਆਵਾਂ ਨੂੰ ਦਿਖਾ ਸਕਦਾ ਹੈ। ਜਰਨਲ ਆਫ ਅਲਜ਼ਾਇਮਰ ਡਿਜ਼ੀਜ਼ ’ਚ ਪ੍ਰਕਾਸ਼ਿਤ ਇਹ ਅਧਿਐਨ ਚੂਹਿਆਂ ’ਤੇ ਕੀਤਾ ਗਿਆ ਸੀ। ਇਸ ਵਿਚ ਇਹ ਸਾਹਮਣੇ ਆਇਆ ਕਿ ਕਿਵੇਂ ਮੁਲਰ ਗਲਿਆ ਜਾਂ ਰੇਟਿਨਾ ਦੀਆਂ ਸਹਾਇਕ ਕੋਸ਼ਿਕਾਵਾਂ, ਬਿਮਾਰੀ ਦੇ ਸ਼ੁਰੂਆਤੀ ਪੜਾਵਾਂ ’ਚ ਪ੍ਰਤੀਕ੍ਰਿਆ ਕਰਦੀਆਂ ਹਨ। ਨਾਲ ਹੀ ਤੰਤਰਿਕਾ ਨੂੰ ਨੁਕਸਾਨ ਪਹੁੰਚਣ ਦੇ ਹੋਰ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਮਹੱਤਵਪੂਰਣ ਕੋਸ਼ਿਕੀ ਤੇ ਢਾਂਚਾਗਤ ਬਦਲਾਵਾਂ ਤੋਂ ਲੰਘਦੀਆਂ ਹਨ।