ਵਿਟਾਮਿਨ B12 ਦੀ ਕਮੀ ਨਾਲ ਰੁਕ ਸਕਦੈ ਬੱਚੇ ਦਾ ਦਿਮਾਗੀ ਵਿਕਾਸ: PGI ਦੀ ਖੋਜ 'ਚ ਵੱਡਾ ਖੁਲਾਸਾ
ਅਧਿਐਨ ਵਿੱਚ ਨਿੱਕੇ ਬੱਚਿਆਂ ਦੇ ਦਿਮਾਗੀ ਵਿਕਾਸ ਵਿੱਚ ਵਿਟਾਮਿਨ B12 ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਹੈ। ਮਸ਼ਹੂਰ ਜਰਨਲ 'ਪੀਡੀਆਟ੍ਰਿਕ ਨਿਊਰੋਲੋਜੀ' ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ B12 ਦੀ ਕਮੀ ਨਾਲ ਜੂਝ ਰਹੇ 141 ਬੱਚਿਆਂ ਦਾ ਮੁਲਾਂਕਣ ਕੀਤਾ ਗਿਆ।
Publish Date: Sat, 28 Feb 2026 11:20 AM (IST)
Updated Date: Sat, 28 Feb 2026 11:21 AM (IST)
ਮੋਹਿਤ ਪਾਂਡੇ, ਚੰਡੀਗੜ੍ਹ: ਬੱਚੇ ਦੀ ਸੁਸਤੀ ਅਤੇ ਵਿਕਾਸ ਵਿੱਚ ਦੇਰੀ 'ਤੇ ਮਾਪਿਆਂ ਦਾ ਸਾਵਧਾਨ ਹੋਣਾ ਜ਼ਰੂਰੀ ਹੈ। ਵਿਟਾਮਿਨ B12 ਦੀ ਕਮੀ ਨਾਲ ਬੱਚੇ ਦਾ ਦਿਮਾਗੀ ਵਿਕਾਸ ਰੁਕ ਸਕਦਾ ਹੈ। ਇਹ ਗੱਲ ਚੰਡੀਗੜ੍ਹ ਪੀ.ਜੀ.ਆਈ. ਦੇ ਖੋਜੀਆਂ ਦੇ ਇੱਕ ਅਧਿਐਨ ਵਿੱਚ ਸਾਬਿਤ ਹੋਈ ਹੈ।
ਅਧਿਐਨ ਵਿੱਚ ਨਿੱਕੇ ਬੱਚਿਆਂ ਦੇ ਦਿਮਾਗੀ ਵਿਕਾਸ ਵਿੱਚ ਵਿਟਾਮਿਨ B12 ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਹੈ। ਮਸ਼ਹੂਰ ਜਰਨਲ 'ਪੀਡੀਆਟ੍ਰਿਕ ਨਿਊਰੋਲੋਜੀ' ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ B12 ਦੀ ਕਮੀ ਨਾਲ ਜੂਝ ਰਹੇ 141 ਬੱਚਿਆਂ ਦਾ ਮੁਲਾਂਕਣ ਕੀਤਾ ਗਿਆ।
MRI ਅਤੇ ਮਿਆਰੀ ਵਿਕਾਸ ਟੈਸਟਾਂ ਰਾਹੀਂ ਇਹ ਪਾਇਆ ਗਿਆ ਕਿ ਵਿਟਾਮਿਨ B12 ਦੀ ਕਮੀ ਸਿੱਧੇ ਤੌਰ 'ਤੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਖੋਜ ਅਨੁਸਾਰ, ਪ੍ਰਭਾਵਿਤ ਬੱਚਿਆਂ ਵਿੱਚ ਸੁਸਤੀ, ਵਿਕਾਸ ਵਿੱਚ ਦੇਰੀ, ਮਾਈਲਸਟੋਨ (ਸਰੀਰਕ ਪੜਾਅ) ਦਾ ਰੁਕਣਾ, ਐਨੀਮੀਆ (ਖ਼ੂਨ ਦੀ ਕਮੀ) ਅਤੇ ਕੁਝ ਮਾਮਲਿਆਂ ਵਿੱਚ ਚਮੜੀ ਦਾ ਕਾਲਾ ਪੈਣਾ ਤੇ ਵਾਲਾਂ ਦਾ ਹਲਕਾ ਹੋਣਾ ਦੇਖਿਆ ਗਿਆ।
ਕਰੀਬ 60 ਫੀਸਦੀ ਬੱਚਿਆਂ ਵਿੱਚ ਦਿਮਾਗ ਦੇ ਆਕਾਰ ਵਿੱਚ ਕਮੀ ਪਾਈ ਗਈ। ਇਲਾਜ ਤੋਂ ਬਾਅਦ ਬੱਚਿਆਂ ਵਿੱਚ ਚੌਕਸੀ ਅਤੇ ਵਿਕਾਸ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ, ਜਿਸ ਤੋਂ ਸਪੱਸ਼ਟ ਹੈ ਕਿ ਸਮੇਂ ਸਿਰ ਦਖ਼ਲ ਦੇਣ ਨਾਲ ਨੁਕਸਾਨ ਦੀ ਭਰਪਾਈ ਸੰਭਵ ਹੈ।
ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸ਼ਾਕਾਹਾਰੀ ਮਾਵਾਂ ਅਤੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਕੇਵਲ ਦੁੱਧ ਚੰਘਾਉਣ(breastfeeding) ਵਾਲੀਆਂ ਮਾਵਾਂ ਵਿੱਚ B12 ਦੀ ਕਮੀ ਦਾ ਜੋਖਮ ਵੱਧ ਰਹਿੰਦਾ ਹੈ। ਵਿਟਾਮਿਨ B12 ਦੀ ਇੱਕ ਸਧਾਰਨ ਗੋਲੀ ਇਸ ਗੰਭੀਰ ਸਮੱਸਿਆ ਤੋਂ ਬਚਾਅ ਕਰ ਸਕਦੀ ਹੈ।
ਜੇਕਰ ਇਹ ਲੱਛਣ ਦਿਖਣ ਤਾਂ ਤੁਰੰਤ ਡਾਕਟਰ ਨੂੰ ਦਿਖਾਓ:
ਨਜ਼ਰ ਦੀ ਸਮੱਸਿਆ: ਦੇਖਣ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ ਜਾਂ ਨਜ਼ਰ ਕਮਜ਼ੋਰ ਹੋ ਸਕਦੀ ਹੈ।
ਮਾਨਸਿਕ ਬਦਲਾਅ: ਯਾਦਦਾਸ਼ਤ ਦੀ ਕਮੀ, ਡਿਪਰੈਸ਼ਨ ਅਤੇ ਵਿਵਹਾਰ ਵਿੱਚ ਬਦਲਾਅ।
ਸਰੀਰਕ ਕਮਜ਼ੋਰੀ: ਹੱਥਾਂ-ਪੈਰਾਂ ਦਾ ਸੁੰਨ ਹੋਣਾ, ਮਾਸਪੇਸ਼ੀਆਂ ਵਿੱਚ ਕਮਜ਼ੋਰੀ ਅਤੇ ਚੱਲਣ-ਫਿਰਨ ਵਿੱਚ ਦਿੱਕਤ।