'ਜਰਨਲ ਆਫ ਮੈਡੀਕਲ ਇੰਟਰਨੈਟ ਰਿਸਰਚ' ਵਿੱਚ ਛਪੀ ਇੱਕ ਵੱਡੀ ਖੋਜ ਨੇ ਇੱਕ ਬਹੁਤ ਹੀ ਚਿੰਤਾਜਨਕ ਖ਼ਤਰੇ ਵੱਲ ਇਸ਼ਾਰਾ ਕੀਤਾ ਹੈ। ਇਸ ਅਧਿਐਨ ਮੁਤਾਬਕ, ਸਮਾਰਟਫੋਨ ਨਾਲ ਚਿਪਕੇ ਰਹਿਣ ਵਾਲੇ ਨੌਜਵਾਨਾਂ ਵਿੱਚ 'ਈਟਿੰਗ ਡਿਸਆਰਡਰ' (ਖਾਣ-ਪੀਣ ਦੇ ਵਿਗਾੜ) ਦੇ ਲੱਛਣ ਤੇਜ਼ੀ ਨਾਲ ਵਧ ਰਹੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਸਾਰੇ ਅਕਸਰ ਇਹੀ ਮੰਨਦੇ ਹਾਂ ਕਿ ਮੋਬਾਈਲ ਫੋਨ ਦੀ ਲੋੜ ਤੋਂ ਵੱਧ ਵਰਤੋਂ ਸਿਰਫ਼ ਸਾਡੀਆਂ ਅੱਖਾਂ ਨੂੰ ਥਕਾਉਂਦੀ ਹੈ ਜਾਂ ਨੀਂਦ ਖ਼ਰਾਬ ਕਰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ?
ਹਾਲ ਹੀ ਵਿੱਚ 'ਜਰਨਲ ਆਫ ਮੈਡੀਕਲ ਇੰਟਰਨੈਟ ਰਿਸਰਚ' ਵਿੱਚ ਛਪੀ ਇੱਕ ਵੱਡੀ ਖੋਜ ਨੇ ਇੱਕ ਬਹੁਤ ਹੀ ਚਿੰਤਾਜਨਕ ਖ਼ਤਰੇ ਵੱਲ ਇਸ਼ਾਰਾ ਕੀਤਾ ਹੈ। ਇਸ ਅਧਿਐਨ ਮੁਤਾਬਕ, ਸਮਾਰਟਫੋਨ ਨਾਲ ਚਿਪਕੇ ਰਹਿਣ ਵਾਲੇ ਨੌਜਵਾਨਾਂ ਵਿੱਚ 'ਈਟਿੰਗ ਡਿਸਆਰਡਰ' (ਖਾਣ-ਪੀਣ ਦੇ ਵਿਗਾੜ) ਦੇ ਲੱਛਣ ਤੇਜ਼ੀ ਨਾਲ ਵਧ ਰਹੇ ਹਨ।
ਕਿੰਗਜ਼ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਆਪਣੀ ਸਟੱਡੀ 'ਚ ਪਾਇਆ ਹੈ ਕਿ ਜੋ ਲੋਕ ਦਿਨ ਦੇ ਕਈ ਘੰਟੇ ਫੋਨ ਦੀ ਸਕ੍ਰੀਨ 'ਤੇ ਬਿਤਾਉਂਦੇ ਹਨ, ਉਹ ਮਾਨਸਿਕ ਤੌਰ 'ਤੇ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਅਜਿਹੇ ਨੌਜਵਾਨਾਂ 'ਚ ਆਪਣੇ ਹੀ ਸਰੀਰ ਨੂੰ ਲੈ ਕੇ ਅਸੰਤੁਸ਼ਟੀ ਪੈਦਾ ਹੋਣ ਲੱਗਦੀ ਹੈ। ਇਸ ਦੇ ਨਤੀਜੇ ਵਜੋਂ ਉਹ ਅਕਸਰ ਤਣਾਅ ਵਿੱਚ ਆ ਕੇ ਲੋੜ ਤੋਂ ਵੱਧ ਖਾਣ ਲੱਗਦੇ ਹਨ ਅਤੇ ਆਪਣੇ ਖਾਣ-ਪੀਣ 'ਤੇ ਉਨ੍ਹਾਂ ਦਾ ਕੰਟਰੋਲ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।
ਹਾਲਾਂਕਿ, ਮਾਹਿਰਾਂ ਨੇ ਸਾਫ਼ ਕੀਤਾ ਹੈ ਕਿ ਸਮਾਰਟਫੋਨ ਸਿੱਧੇ ਤੌਰ 'ਤੇ ਇਸ ਬਿਮਾਰੀ ਦੀ ਵਜ੍ਹਾ ਨਹੀਂ ਹੈ, ਪਰ ਇਹ ਇਸ ਨੂੰ ਉਕਸਾਉਣ ਵਾਲਾ ਬਹੁਤ ਵੱਡਾ 'ਜੋਖ਼ਮ ਕਾਰਕ' (Risk Factor) ਜ਼ਰੂਰ ਬਣ ਗਿਆ ਹੈ।
ਇਹ ਅਧਿਐਨ ਕਾਫ਼ੀ ਵੱਡੇ ਪੱਧਰ 'ਤੇ ਕੀਤਾ ਗਿਆ ਸੀ, ਜਿਸ ਵਿੱਚ 52 ਹਜ਼ਾਰ ਤੋਂ ਵੀ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਅੰਕੜਿਆਂ ਤੋਂ ਪਤਾ ਲੱਗਾ ਕਿ ਜੋ ਲੋਕ ਰੋਜ਼ਾਨਾ 7 ਘੰਟੇ ਤੋਂ ਵੱਧ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿਚ ਈਟਿੰਗ ਡਿਸਆਰਡਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਨ੍ਹਾਂ ਲੋਕਾਂ ਵਿੱਚ ਭਾਵਨਾਵਾਂ ਵਿੱਚ ਵਹਿ ਕੇ ਬਹੁਤ ਜ਼ਿਆਦਾ ਖਾਣਾ, ਖਾਣੇ 'ਤੇ ਕਾਬੂ ਨਾ ਰੱਖ ਪਾਉਣਾ ਅਤੇ ਖਾਣੇ ਦੀ ਲਤ ਵਰਗੀਆਂ ਗੰਭੀਰ ਸਮੱਸਿਆਵਾਂ ਬਹੁਤ ਆਮ ਪਾਈਆਂ ਗਈਆਂ।
ਖੋਜਕਰਤਾਵਾਂ ਨੇ ਇਸ ਦੇ ਪਿੱਛੇ ਦੀ ਮੁੱਖ ਵਜ੍ਹਾ ਸੋਸ਼ਲ ਮੀਡੀਆ ਨੂੰ ਦੱਸਿਆ ਹੈ। ਜਦੋਂ ਨੌਜਵਾਨ ਇੰਟਰਨੈਟ 'ਤੇ ਵਾਰ-ਵਾਰ ਦੂਜਿਆਂ ਦੀਆਂ 'ਪਰਫੈਕਟ' ਜਾਂ ਆਦਰਸ਼ ਸਰੀਰ ਵਾਲੀਆਂ ਤਸਵੀਰਾਂ ਦੇਖਦੇ ਹਨ ਤਾਂ ਉਹ ਅਣਜਾਣੇ 'ਚ ਹੀ ਆਪਣੇ ਸਰੀਰ ਦੀ ਤੁਲਨਾ ਉਨ੍ਹਾਂ ਤਸਵੀਰਾਂ ਨਾਲ ਕਰਨ ਲੱਗਦੇ ਹਨ। ਇਹ ਬੇਵਜ੍ਹਾ ਦੀ ਤੁਲਨਾ ਉਨ੍ਹਾਂ ਦੇ ਮਨ ਵਿੱਚ ਆਪਣੇ ਸਰੀਰ ਪ੍ਰਤੀ ਹੀਣ ਭਾਵਨਾ ਅਤੇ ਭਾਰੀ ਮਾਨਸਿਕ ਤਣਾਅ ਪੈਦਾ ਕਰਦੀ ਹੈ। ਹੌਲੀ-ਹੌਲੀ ਇਹੀ ਤਣਾਅ ਉਨ੍ਹਾਂ ਦੀ ਡਾਇਟ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ 'ਚ ਬਦਲ ਜਾਂਦਾ ਹੈ।
ਸਟੱਡੀ 'ਚ ਇਹ ਗੱਲ ਵੀ ਸਾਹਮਣੇ ਆਈ ਕਿ ਇਸ ਪੂਰੀ ਸਮੱਸਿਆ ਦਾ ਸਭ ਤੋਂ ਖ਼ਤਰਨਾਕ ਪ੍ਰਭਾਵ ਟੀਨੇਜ (ਕਿਸ਼ੋਰ) ਬੱਚਿਆਂ 'ਤੇ ਪੈ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਉਮਰ ਜੀਵਨ ਦਾ ਉਹ ਅਹਿਮ ਪੜਾਅ ਹੈ, ਜਦੋਂ ਇਕ ਇਨਸਾਨ ਆਪਣੀ ਖ਼ੁਦ ਦੀ ਪਛਾਣ ਅਤੇ ਆਪਣੀ ਸੈਲਫ-ਇਮੇਜ ਬਣਾ ਰਿਹਾ ਹੁੰਦਾ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਲਗਾਤਾਰ ਫੋਨ ਦੀ ਵਰਤੋਂ ਅਤੇ ਦੂਜਿਆਂ ਨਾਲ ਤੁਲਨਾ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਸਿਹਤ ਲਈ ਇੱਕ ਵੱਡਾ ਖ਼ਤਰਾ ਬਣ ਰਹੀ ਹੈ।