ਸਰ੍ਹੋਂ ਦਾ ਤੇਲ ਸਿਰਫ਼ ਤੇਲ ਨਹੀਂ, ਸਗੋਂ ਸਵਾਦ ਅਤੇ ਸਿਹਤ ਦਾ ਉਹ ਜਾਦੂਈ ਸੁਮੇਲ ਹੈ, ਜੋ ਬੇਸੁਆਦ ਖਾਣੇ ਤੇ ਥੱਕੇ ਹੋਏ ਸਰੀਰ, ਦੋਵਾਂ 'ਚ ਤੁਰੰਤ ਜਾਨ ਫੂਕ ਦਿੰਦਾ ਹੈ। ਸਰ੍ਹੋਂ ਦੇ ਇਨ੍ਹਾਂ ਫਾਇਦਿਆਂ ਬਾਰੇ ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਵਿੱਚ ਦੱਸਣ ਜਾ ਰਹੇ ਹਾਂ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਰਸੋਈ 'ਚ ਤੜਕੇ ਦੀ ਛਣਛਣਾਹਟ ਤੋਂ ਲੈ ਕੇ ਸਰਦੀਆਂ ਦੀ ਨਿੱਘੀ ਧੁੱਪ ਤਕ, ਸਰ੍ਹੋਂ ਦਾ ਤੇਲ ਸਦੀਆਂ ਤੋਂ ਹਰ ਭਾਰਤੀ ਘਰ ਦਾ ਹਿੱਸਾ ਰਿਹਾ ਹੈ। ਇਹ ਸਿਰਫ਼ ਇਕ ਤੇਲ ਨਹੀਂ, ਸਗੋਂ ਸਵਾਦ ਅਤੇ ਸਿਹਤ ਦਾ ਉਹ ਜਾਦੂਈ ਸੁਮੇਲ ਹੈ, ਜੋ ਬੇਸੁਆਦ ਖਾਣੇ ਤੇ ਥੱਕੇ ਹੋਏ ਸਰੀਰ, ਦੋਵਾਂ 'ਚ ਤੁਰੰਤ ਜਾਨ ਫੂਕ ਦਿੰਦਾ ਹੈ। ਸਰ੍ਹੋਂ ਦੇ ਇਨ੍ਹਾਂ ਫਾਇਦਿਆਂ ਬਾਰੇ ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਵਿੱਚ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਸਰ੍ਹੋਂ ਦਾ ਤੇਲ ਵਰਤਣ ਦੇ ਕੁਝ ਬੇਮਿਸਾਲ ਫਾਇਦੇ:
ਸਰ੍ਹੋਂ ਦਾ ਤੇਲ ਦਿਲ ਦੀ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ (MUFA) ਮੌਜੂਦ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ। ਇਸ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।
ਇਸ ਦੇ ਨਾਲ ਹੀ, ਇਹ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ (HDL) ਨੂੰ ਵਧਾਉਂਦਾ ਹੈ ਅਤੇ ਮਾੜੇ ਕੋਲੇਸਟ੍ਰੋਲ (LDL) ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਹਾਲਾਂਕਿ, ਦਿਲ ਦੀ ਸਿਹਤ 'ਤੇ ਸਰ੍ਹੋਂ ਦੇ ਤੇਲ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸਮਝਣ ਲਈ ਅਜੇ ਹੋਰ ਖੋਜ ਦੀ ਲੋੜ ਹੈ।
ਸਰ੍ਹੋਂ ਦਾ ਤੇਲ ਸਕਿਨ ਤੇ ਵਾਲਾਂ ਦੋਵਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੀ ਵਰਤੋਂ ਅਕਸਰ ਦਾਦੀ-ਨਾਨੀ ਛੋਟੇ ਬੱਚਿਆਂ ਦੇ ਸਰੀਰ ਦੀ ਮਾਲਿਸ਼ ਲਈ ਕਰਦੀਆਂ ਹਨ। ਇਹ ਸਕਿਨ ਨੂੰ ਨਮੀ (Moisturize) ਦਿੰਦਾ ਹੈ ਅਤੇ ਖੁਸ਼ਕੀ ਨੂੰ ਘਟਾਉਂਦਾ ਹੈ।ਨਾਲ ਹੀ, ਇਹ ਫਟੀਆਂ ਅੱਡੀਆਂ ਨੂੰ ਠੀਕ ਕਰਨ ਦਾ ਇਕ ਵਧੀਆ ਤਰੀਕਾ ਹੈ। ਸਰ੍ਹੋਂ ਦੇ ਤੇਲ ਵਿੱਚ ਥੋੜ੍ਹੀ ਜਿਹੀ ਮੋਮ ਮਿਲਾ ਕੇ ਤੁਸੀਂ ਰੁੱਖੀਆਂ ਅਤੇ ਫਟੀਆਂ ਅੱਡੀਆਂ ਨੂੰ ਆਸਾਨੀ ਨਾਲ ਠੀਕ ਕਰ ਸਕਦੇ ਹੋ। ਇੰਨਾ ਹੀ ਨਹੀਂ, ਇਹ ਝੁਰੜੀਆਂ, ਫਾਈਨ ਲਾਈਨਜ਼ ਤੇ ਵਾਲਾਂ ਦੇ ਵਧੀਆ ਵਾਧੇ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦਾ ਕੋਈ ਸਾਈਡ ਇਫੈਕਟ ਨਾ ਹੋਵੇ, ਇਸ ਲਈ ਵਰਤੋਂ ਤੋਂ ਪਹਿਲਾਂ ਪੈਚ ਟੈਸਟ (Patch Test) ਜ਼ਰੂਰ ਕਰੋ।
ਕੀ ਤੁਸੀਂ ਜਾਣਦੇ ਹੋ ਕਿ ਖਾਣੇ 'ਚ ਵਰਤਿਆ ਜਾਣ ਵਾਲਾ ਸਰ੍ਹੋਂ ਦਾ ਤੇਲ ਕੈਂਸਰ ਦੇ ਖ਼ਤਰੇ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ? ਕੁਝ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਇਹ ਕਈ ਤਰ੍ਹਾਂ ਦੇ ਕੈਂਸਰ ਸੈੱਲਾਂ ਦੇ ਵਾਧੇ ਨੂੰ ਘਟਾਉਂਦਾ ਹੈ। ਇਕ ਅਧਿਐਨ ਦੌਰਾਨ ਪਾਇਆ ਗਿਆ ਕਿ ਮੱਕੀ ਦੇ ਤੇਲ ਜਾਂ ਫਿਸ਼ ਆਇਲ ਦੇ ਮੁਕਾਬਲੇ ਸਰ੍ਹੋਂ ਦਾ ਤੇਲ ਚੂਹਿਆਂ 'ਚ ਕੋਲਨ ਕੈਂਸਰ ਦੇ ਖ਼ਤਰੇ ਨੂੰ ਘਟਾਉਣ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਇਆ।
ਜਾਨਵਰਾਂ 'ਤੇ ਕੀਤੇ ਗਏ ਇਕ ਹੋਰ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਵਿਚ ਮੌਜੂਦ ਐਲਿਲ ਆਈਸੋਥਿਓਸਾਈਨੇਟ (Allyl Isothiocyanate) ਬਲੈਡਰ ਕੈਂਸਰ ਦੇ ਵਾਧੇ ਨੂੰ ਲਗਪਗ 35% ਤਕ ਘਟਾ ਸਕਦਾ ਹੈ। ਹਾਲਾਂਕਿ, ਇਨਸਾਨਾਂ 'ਤੇ ਇਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸਮਝਣ ਲਈ ਅਜੇ ਹੋਰ ਵਿਗਿਆਨਕ ਖੋਜ ਦੀ ਲੋੜ ਹੈ।
ਡਿਸਕਲੇਮਰ : ਲੇਖ ਵਿੱਚ ਦਿੱਤੀਆਂ ਗਈਆਂ ਸਲਾਹਾਂ ਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਸਮੱਸਿਆ ਹੋਣ 'ਤੇ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।