Researchers ਦਾ ਮੰਨਣਾ ਹੈ ਕਿ ਬੁਢਾਪੇ 'ਤੇ ਹੋਣ ਵਾਲੀਆਂ ਖੋਜਾਂ ਲਈ ਮਨੁੱਖੀ ਜੀਵਨ ਦੀ ਅਨੁਵੰਸ਼ਿਕਤਾ (Heredity) ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਜੀਨਾਂ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਮਾਪਣਾ ਅਜੇ ਵੀ ਇੱਕ ਚੁਣੌਤੀ ਹੈ, ਪਰ ਇਸ ਅਧਿਐਨ ਨੇ ਸਾਫ਼ ਕਰ ਦਿੱਤਾ ਹੈ ਕਿ ਲੰਬੀ ਉਮਰ ਲਈ ਸਾਡੇ ਜੀਨ ਇੱਕ ਬਹੁਤ ਵੱਡਾ ਰੋਲ ਨਿਭਾਉਂਦੇ ਹਨ।

ਨਵੀਂ ਦਿੱਲੀ (ਏਜੰਸੀ) : ਅਸੀਂ ਸਾਰੇ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਕੀ ਕੁਝ ਨਹੀਂ ਕਰਦੇ। ਚੰਗਾ ਖਾਣ-ਪੀਣ, ਕਸਰਤ ਅਤੇ ਬਿਮਾਰੀਆਂ ਤੋਂ ਬਚਾਅ— ਸਾਡਾ ਪੂਰਾ ਧਿਆਨ ਇਨ੍ਹਾਂ ਚੀਜ਼ਾਂ 'ਤੇ ਰਹਿੰਦਾ ਹੈ। ਪਰ ਕੀ ਹੋਵੇ ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਉਮਰ ਦੀ ਡੋਰ ਦਾ ਇਕ ਵੱਡਾ ਹਿੱਸਾ ਤੁਹਾਡੇ ਹੱਥ ਵਿਚ ਨਹੀਂ, ਸਗੋਂ ਤੁਹਾਡੇ ਸਰੀਰ ਦੇ ਅੰਦਰ ਛੁਪੇ ਜੀਨਸ (Genes) ਦੇ ਹੱਥ ਵਿੱਚ ਹੈ?
ਇਕ ਨਵੇਂ ਅਤੇ ਹੈਰਾਨੀਜਨਕ ਅਧਿਐਨ ਨੇ ਇਹ ਖੁਲਾਸਾ ਕੀਤਾ ਹੈ ਕਿ ਅਸੀਂ ਕਿੰਨੇ ਸਾਲ ਜੀਵਾਂਗੇ, ਇਹ ਸਾਡੀ ਜੀਵਨ ਸ਼ੈਲੀ ਨਾਲੋਂ ਸਾਡੇ ਜੈਨੇਟਿਕਸ (Genetics) 'ਤੇ ਜ਼ਿਆਦਾ ਨਿਰਭਰ ਕਰਦਾ ਹੈ। ਵਿਗਿਆਨ ਦਾ ਇਹ ਨਵਾਂ ਦਾਅਵਾ ਪੁਰਾਣੀਆਂ ਸਾਰੀਆਂ ਮਾਨਤਾਵਾਂ ਨੂੰ ਬਦਲਣ ਵਾਲਾ ਹੈ।
ਇਜ਼ਰਾਈਲ ਦੇ 'ਵੇਇਜ਼ਮੈਨ ਇੰਸਟੀਚਿਊਟ ਆਫ ਸਾਇੰਸ' ਅਤੇ ਸਵੀਡਨ ਦੇ 'ਕੈਰੋਲਿੰਸਕਾ ਇੰਸਟੀਚਿਊਟ' ਦੇ ਖੋਜਕਰਤਾਵਾਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਅਨੁਸਾਰ ਕਿਸੇ ਵੀ ਵਿਅਕਤੀ ਦੇ ਜੀਵਨ ਕਾਲ ਦਾ ਲਗਪਗ 50 ਫੀਸਦੀ ਹਿੱਸਾ ਉਸਦੇ ਜੈਨੇਟਿਕਸ ਦੁਆਰਾ ਨਿਰਧਾਰਤ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਮਰ ਦੇ ਮਾਮਲੇ ਵਿੱਚ ਅੱਧਾ ਯੋਗਦਾਨ ਉਨ੍ਹਾਂ ਜੀਨਾਂ ਦਾ ਹੁੰਦਾ ਹੈ, ਜੋ ਸਾਨੂੰ ਆਪਣੇ ਮਾਪਿਆਂ ਤੋਂ ਵਿਰਾਸਤ ਵਿੱਚ ਮਿਲਦੇ ਹਨ।
ਇਹ ਨਵੀਂ ਖੋਜ ਇਸ ਲਈ ਖਾਸ ਹੈ ਕਿਉਂਕਿ ਇਹ ਪੁਰਾਣੇ ਅੰਕੜਿਆਂ ਨੂੰ ਚੁਣੌਤੀ ਦਿੰਦੀ ਹੈ। ਪਹਿਲਾਂ ਦੇ ਅਧਿਐਨਾਂ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਜੀਵਨ ਕਾਲ ਵਿੱਚ ਜੈਨੇਟਿਕਸ ਦਾ ਯੋਗਦਾਨ ਸਿਰਫ 15 ਤੋਂ 33 ਫੀਸਦੀ ਹੁੰਦਾ ਹੈ (ਆਮ ਤੌਰ 'ਤੇ 20-25% ਮੰਨਿਆ ਜਾਂਦਾ ਸੀ)। ਪਰ ਨਵੀਂ ਖੋਜ ਨੇ ਸਾਬਤ ਕੀਤਾ ਹੈ ਕਿ ਜੈਨੇਟਿਕਸ ਦੀ ਭੂਮਿਕਾ ਪਹਿਲਾਂ ਦੇ ਅਨੁਮਾਨਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ।
ਇਸ ਸਿੱਟੇ ਤਕ ਪਹੁੰਚਣ ਲਈ ਖੋਜਕਰਤਾਵਾਂ ਨੇ ਇਕ ਵਿਸ਼ੇਸ਼ 'ਗਣਿਤਿਕ ਮਾਡਲ' (Mathematical Model) ਦੀ ਵਰਤੋਂ ਕੀਤੀ। ਇਹ ਖੋਜ ਵੱਕਾਰੀ 'ਸਾਇੰਸ' (Science) ਮੈਗਜ਼ੀਨ 'ਚ ਪ੍ਰਕਾਸ਼ਿਤ ਹੋਈ ਹੈ। ਇਸ ਮਾਡਲ ਨੇ ਮੌਤ ਦੇ ਬਾਹਰੀ ਕਾਰਨਾਂ (ਜਿਵੇਂ ਕਿ ਹਾਦਸੇ ਅਤੇ ਇਨਫੈਕਸ਼ਨ) ਨੂੰ ਗਣਨਾ ਤੋਂ ਬਾਹਰ ਰੱਖਿਆ। ਇਸੇ ਕਾਰਨ ਵਿਗਿਆਨੀ ਜੀਨਾਂ ਦੇ ਅਸਲ ਪ੍ਰਭਾਵ ਨੂੰ ਇੰਨੀ ਸਹੀ ਤਰ੍ਹਾਂ ਮਾਪਣ ਵਿੱਚ ਸਫਲ ਰਹੇ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਬੁਢਾਪੇ 'ਤੇ ਹੋਣ ਵਾਲੀਆਂ ਖੋਜਾਂ ਲਈ ਮਨੁੱਖੀ ਜੀਵਨ ਦੀ ਅਨੁਵੰਸ਼ਿਕਤਾ (Heredity) ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਜੀਨਾਂ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਮਾਪਣਾ ਅਜੇ ਵੀ ਇੱਕ ਚੁਣੌਤੀ ਹੈ, ਪਰ ਇਸ ਅਧਿਐਨ ਨੇ ਸਾਫ਼ ਕਰ ਦਿੱਤਾ ਹੈ ਕਿ ਲੰਬੀ ਉਮਰ ਲਈ ਸਾਡੇ ਜੀਨ ਇੱਕ ਬਹੁਤ ਵੱਡਾ ਰੋਲ ਨਿਭਾਉਂਦੇ ਹਨ।