- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Indian Journal of Medical Research ਵਿਚ ਪ੍ਰਕਾਸ਼ਿਤ ਇਕ ਤਾਜ਼ਾ ਰਿਪੋਰਟ ਅਨੁਸਾਰ, ਇਹ ਜਾਨਲੇਵਾ ਬਿਮਾਰੀ ਹੁਣ ਆਪਣਾ ਰੂਪ ਬਦਲ ਰਹੀ ਹੈ। ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਇਸ ਦਾ ਸ਼ਿਕਾਰ ਹੁਣ ਸਿਰਫ਼ ਮਰਦ ਜਾਂ ਸਿਗਰਟ ਪੀਣ ਵਾਲੇ ਲੋਕ ਹੀ ਨਹੀਂ, ਸਗੋਂ ਔਰਤਾਂ ਤੇ ਨਾਨ-ਸਮੋਕਰਜ਼ (ਸਿਗਰਟਨੋਸ਼ੀ ਨਾ ਕਰਨ ਵਾਲੇ) ਵੀ ਤੇਜ਼ੀ ਨਾਲ ਹੋ ਰਹੇ ਹਨ।

ਕੀ ਤੁਸੀਂ ਸੋਚਦੇ ਹੋ ਕਿ ਸਿਗਰਟ ਜਾਂ ਤੰਬਾਕੂ ਤੋਂ ਦੂਰ ਰਹਿਣ ਨਾਲ ਫੇਫੜਿਆਂ ਦਾ ਕੈਂਸਰ (Lung Cancer) ਤੁਹਾਨੂੰ ਨਹੀਂ ਹੋ ਸਕਦਾ? ਜੇਕਰ ਅਜਿਹਾ ਹੈ ਤਾਂ ਇਹ ਖ਼ਬਰ ਤੁਹਾਡੀ ਚਿੰਤਾ ਵਧਾ ਸਕਦੀ ਹੈ। ਇਕ ਨਵੇਂ ਅਤੇ ਹੈਰਾਨ ਕਰਨ ਵਾਲੇ ਅਧਿਐਨ ਨੇ ਭਾਰਤ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਰਿਪੋਰਟ ਮੁਤਾਬਕ ਸਾਲ 2030 ਤਕ ਦੇਸ਼ ਵਿਚ ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ 'ਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ।
ਇੰਡੀਅਨ ਜਰਨਲ ਆਫ ਮੈਡੀਕਲ ਰਿਸਰਚ ਵਿਚ ਪ੍ਰਕਾਸ਼ਿਤ ਇਕ ਤਾਜ਼ਾ ਰਿਪੋਰਟ ਅਨੁਸਾਰ, ਇਹ ਜਾਨਲੇਵਾ ਬਿਮਾਰੀ ਹੁਣ ਆਪਣਾ ਰੂਪ ਬਦਲ ਰਹੀ ਹੈ। ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਇਸ ਦਾ ਸ਼ਿਕਾਰ ਹੁਣ ਸਿਰਫ਼ ਮਰਦ ਜਾਂ ਸਿਗਰਟ ਪੀਣ ਵਾਲੇ ਲੋਕ ਹੀ ਨਹੀਂ, ਸਗੋਂ ਔਰਤਾਂ ਤੇ ਨਾਨ-ਸਮੋਕਰਜ਼ (ਸਿਗਰਟਨੋਸ਼ੀ ਨਾ ਕਰਨ ਵਾਲੇ) ਵੀ ਤੇਜ਼ੀ ਨਾਲ ਹੋ ਰਹੇ ਹਨ।
ਰਿਪੋਰਟ ਦੇ ਅਨੁਸਾਰ, ਭਾਰਤ ਦਾ ਉੱਤਰ-ਪੂਰਬੀ ਖੇਤਰ ਇਸ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਆਈਜ਼ੋਲ 'ਚ ਕੈਂਸਰ ਦਾ ਬੋਝ ਸਭ ਤੋਂ ਵੱਧ ਪਾਇਆ ਗਿਆ ਹੈ। ਉੱਤਰ-ਪੂਰਬ ਵਿੱਚ ਔਰਤਾਂ ਵਿੱਚ ਕੈਂਸਰ ਦੀ ਦਰ ਮਰਦਾਂ ਦੇ ਲਗਪਗ ਬਰਾਬਰ ਪਹੁੰਚ ਗਈ ਹੈ, ਜੋ ਕਿ ਇੱਕ ਅਸਧਾਰਨ ਪੈਟਰਨ ਹੈ। ਇੱਥੇ ਤੰਬਾਕੂ ਦੀ ਵਰਤੋਂ ਬਹੁਤ ਜ਼ਿਆਦਾ ਹੈ—ਮਰਦਾਂ 'ਚ 68% ਤੇ ਔਰਤਾਂ 'ਚ 54%, ਜੋ ਇਸ ਬਿਮਾਰੀ ਦਾ ਮੁੱਖ ਕਾਰਨ ਹੈ।
ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਹੁਣ ਅਜਿਹੇ ਮਾਮਲੇ ਵਧ ਰਹੇ ਹਨ ਜਿੱਥੇ ਸਿਗਰਟਨੋਸ਼ੀ ਨਾ ਕਰਨ ਵਾਲੀਆਂ ਔਰਤਾਂ ਵੀ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਦੇ ਮੁੱਖ ਕਾਰਨ ਹਨ:
ਘਰ ਦੇ ਅੰਦਰੂਨੀ ਹਿੱਸੇ ਦਾ ਹਵਾ ਪ੍ਰਦੂਸ਼ਣ।
ਖਾਣਾ ਪਕਾਉਣ ਲਈ ਬਾਇਓਮਾਸ ਬਾਲਣ (ਲੱਕੜ, ਪਾਥੀਆਂ ਆਦਿ) ਦੀ ਵਰਤੋਂ।
ਸੈਕੰਡ ਹੈਂਡ ਸਮੋਕ (ਦੂਜਿਆਂ ਦੇ ਧੂੰਏਂ ਦੇ ਸੰਪਰਕ 'ਚ ਆਉਣਾ)।
ਕੰਮ ਵਾਲੀਆਂ ਥਾਵਾਂ 'ਤੇ ਪ੍ਰਦੂਸ਼ਣ।
ਦੇਸ਼ ਭਰ ਵਿਚ ਟਿਊਮਰ ਦੀ ਕਿਸਮ 'ਚ ਵੀ ਬਦਲਾਅ ਦੇਖਿਆ ਗਿਆ ਹੈ। ਹੁਣ 'ਸਕੁਏਮਸ-ਸੈੱਲ ਕਾਰਸੀਨੋਮਾ' (ਜੋ ਅਕਸਰ ਧੂਮਰਪਾਨ ਨਾਲ ਜੁੜਿਆ ਹੁੰਦਾ ਹੈ) ਦੀ ਜਗ੍ਹਾ 'ਐਡੇਨੋਕਾਰਸੀਨੋਮਾ' ਨੇ ਲੈ ਲਈ ਹੈ। ਬੈਂਗਲੁਰੂ 'ਚ ਔਰਤਾਂ 'ਚ ਫੇਫੜਿਆਂ ਦੇ ਕੈਂਸਰ ਦੇ ਅੱਧੇ ਤੋਂ ਵੱਧ ਮਾਮਲੇ ਹੁਣ ਐਡੇਨੋਕਾਰਸੀਨੋਮਾ ਦੇ ਹਨ। ਰਾਜਧਾਨੀ ਦਿੱਲੀ 'ਚ 'ਲਾਰਜ-ਸੈੱਲ ਕਾਰਸੀਨੋਮਾ' ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਦੱਖਣ ਭਾਰਤ ਦੇ ਕੁਝ ਜ਼ਿਲ੍ਹਿਆਂ (ਜਿਵੇਂ ਕੰਨੂਰ, ਕਾਸਰਗੋਡ ਅਤੇ ਕੋਲਮ) 'ਚ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਘੱਟ ਹੋਣ ਦੇ ਬਾਵਜੂਦ ਮਰਦਾਂ 'ਚ ਕੈਂਸਰ ਦੀ ਦਰ ਉੱਚੀ ਹੈ। ਇਹ ਇਸ਼ਾਰਾ ਕਰਦਾ ਹੈ ਕਿ ਤੰਬਾਕੂ ਤੋਂ ਇਲਾਵਾ ਹੋਰ ਕਾਰਕ ਵੀ ਸਰਗਰਮ ਹਨ। ਦੱਖਣ ਵਿੱਚ ਔਰਤਾਂ 'ਚ ਸਭ ਤੋਂ ਵੱਧ ਮਾਮਲੇ ਹੈਦਰਾਬਾਦ ਅਤੇ ਬੈਂਗਲੁਰੂ ਵਿੱਚ ਦਰਜ ਕੀਤੇ ਗਏ ਹਨ। ਉੱਤਰ ਭਾਰਤ 'ਚ ਸ੍ਰੀਨਗਰ 'ਚ ਮਰਦਾਂ 'ਚ ਕੈਂਸਰ ਦੀ ਦਰ ਉੱਚੀ ਪਾਈ ਗਈ, ਜਦੋਂਕਿ ਸ੍ਰੀਨਗਰ ਤੇ ਪੁਲਵਾਮਾ ਵਿੱਚ ਨਸ਼ੀਲੇ ਪਦਾਰਥਾਂ ਦੀ ਘੱਟ ਵਰਤੋਂ ਦੇ ਬਾਵਜੂਦ ਔਰਤਾਂ 'ਚ ਵੀ ਮਾਮਲੇ ਵਧੇ ਹਨ।
ਅੰਕੜੇ ਦੱਸਦੇ ਹਨ ਕਿ ਕੁਝ ਖੇਤਰਾਂ ਵਿੱਚ ਔਰਤਾਂ 'ਚ ਕੈਂਸਰ ਦੇ ਮਾਮਲੇ 6.7% ਸਾਲਾਨਾ ਦੀ ਦਰ ਨਾਲ ਵੱਧ ਰਹੇ ਹਨ ਜਦਕਿ ਮਰਦਾਂ 'ਚ ਇਹ ਵਾਧਾ 4.3% ਹੈ। ਕਿਉਂਕਿ ਦੇਸ਼ ਭਰ ਵਿਚ ਔਰਤਾਂ 'ਚ ਤੰਬਾਕੂ ਦੀ ਵਰਤੋਂ 10% ਤੋਂ ਵੀ ਘੱਟ ਹੈ, ਖੋਜਕਰਤਾ ਇਸ ਲਈ ਖਰਾਬ ਹਵਾ ਅਤੇ ਘਰੇਲੂ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਮੰਨ ਰਹੇ ਹਨ।
ਅਨੁਮਾਨ ਹੈ ਕਿ 2030 ਤੱਕ ਕੇਰਲ ਦੇ ਕੁਝ ਹਿੱਸਿਆਂ ਵਿੱਚ ਮਰਦਾਂ ਵਿੱਚ ਫੇਫੜਿਆਂ ਦੇ ਕੈਂਸਰ ਦੀ ਦਰ ਪ੍ਰਤੀ ਲੱਖ ਆਬਾਦੀ ਪਿੱਛੇ 33 ਤੋਂ ਵੱਧ ਹੋ ਸਕਦੀ ਹੈ। ਬੈਂਗਲੁਰੂ ਵਰਗੇ ਸ਼ਹਿਰਾਂ 'ਚ ਔਰਤਾਂ ਲਈ ਇਹ ਦਰ 8 ਪ੍ਰਤੀ ਲੱਖ ਤੱਕ ਵਧ ਸਕਦੀ ਹੈ। ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕਈ ਖੇਤਰਾਂ ਵਿੱਚ ਮੌਤਾਂ ਦੀ ਰਿਪੋਰਟਿੰਗ ਸਹੀ ਤਰੀਕੇ ਨਾਲ ਨਹੀਂ ਹੋ ਰਹੀ, ਜਿਸ ਕਾਰਨ ਇਸ ਬਿਮਾਰੀ ਨਾਲ ਹੋਣ ਵਾਲੀ ਅਸਲ ਤਬਾਹੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਰਿਹਾ ਹੈ।
Source: Indian Journal of Medical Research