ਇਕੱਲਾਪਣ ਸਿਰਫ਼ ਮਨ ਦੀ ਹਾਲਤ ਨਹੀਂ, ਇਸ ਦਾ ਸਿਹਤ ਉੱਤੇ ਵੀ ਗੰਭੀਰ ਪ੍ਰਭਾਵ ਪੈਂਦਾ ਹੈ। ਲੰਬੇ ਸਮੇਂ ਤਕ ਇਕੱਲਾਪਣ ਮਹਿਸੂਸ ਕਰਨ ਨਾਲ ਤਣਾਅ, ਚਿੰਤਾ ਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕੁਝ ਅੰਕੜਿਆਂ ਮੁਤਾਬਿਕ ਇਕੱਲਾਪਨ ਰੋਜ਼ਾਨਾ 15 ਸਿਗਰਟਾਂ ਪੀਣ ਤੋਂ ਵੀ ਵੱਧ ਨੁਕਸਾਨਦੇਹ ਹੈI

ਅੱਜ ਦੇ ਦੌਰ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਇਤਿਹਾਸ ਦੇ ਸਭ ਤੋਂ ਵੱਧ ਜੁੜੇ ਹੋਏ ਦੌਰ ਵਿਚ ਰਹਿ ਰਹੇ ਹਾਂ ਪਰ ਸਭ ਤੋਂ ਵੱਧ ਇਕੱਲੇ ਹਾਂI ਦੁਨੀਆ ਵਿਚ ਅੱਠ ਅਰਬ ਤੋਂ ਵੱਧ ਤੇ ਸਾਡੇ ਆਪਣੇ ਦੇਸ਼ ’ਚ 140 ਕਰੋੜ ਤੋਂ ਵੱਧ ਲੋਕ ਰਹਿੰਦੇ ਹਨI ਸੋਸ਼ਲ ਮੀਡੀਆ ’ਤੇ ਸਾਡੇ ਨਾਲ ਹਜ਼ਾਰਾਂ ਲੋਕ ਜੁੜੇ ਹੁੰਦੇ ਹਨ ਪਰ ਜਦੋਂ ਸਾਡਾ ਮਨ ਕਿਸੇ ਬੋਝ ਹੇਠ ਦੱਬਿਆ ਹੋਵੇ ਤੇ ਸਾਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਪਵੇ, ਉਦੋਂ ਮੋਬਾਈਲ ’ਚ ਅਜਿਹਾ ਇਕ ਵੀ ਨਾਂ ਨਹੀਂ ਲੱਭਦਾ, ਜਿਸ ਨੂੰ ਬੇਝਿਜਕ ਫ਼ੋਨ ਕਰ ਕੇ ਅਸੀਂ ਆਪਣਾ ਦਰਦ ਸੁਣਾ ਸਕੀਏI ਇਹ ਇਕੱਲਾਪਣ ਅੱਜ ਦੀ ਪੀੜ੍ਹੀ ਦੀ ਅਜਿਹੀ ਖ਼ਾਮੋਸ਼ ਮਹਾਮਾਰੀ ਬਣ ਚੁੱਕਿਆ ਹੈ, ਜਿਸ ਦਾ ਕੋਈ ਇਲਾਜ ਫਿਲਹਾਲ ਨਜ਼ਰ ਨਹੀਂ ਆ ਰਿਹਾI
ਸਿਹਤ ’ਤੇ ਪ੍ਰਭਾਵ
ਇਕੱਲਾਪਣ ਸਿਰਫ਼ ਮਨ ਦੀ ਹਾਲਤ ਨਹੀਂ, ਇਸ ਦਾ ਸਿਹਤ ਉੱਤੇ ਵੀ ਗੰਭੀਰ ਪ੍ਰਭਾਵ ਪੈਂਦਾ ਹੈ। ਲੰਬੇ ਸਮੇਂ ਤਕ ਇਕੱਲਾਪਣ ਮਹਿਸੂਸ ਕਰਨ ਨਾਲ ਤਣਾਅ, ਚਿੰਤਾ ਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕੁਝ ਅੰਕੜਿਆਂ ਮੁਤਾਬਿਕ ਇਕੱਲਾਪਨ ਰੋਜ਼ਾਨਾ 15 ਸਿਗਰਟਾਂ ਪੀਣ ਤੋਂ ਵੀ ਵੱਧ ਨੁਕਸਾਨਦੇਹ ਹੈI ਇਸ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਾ ਖ਼ਤਰਾ 26 ਫ਼ੀਸਦੀ ਤਕ ਵੱਧ ਜਾਂਦਾ ਹੈI ਦਿਲ ਦੀ ਬਿਮਾਰੀ ਦਾ ਖ਼ਤਰਾ 29 ਫ਼ੀਸਦੀ ਅਤੇ ਸਟ੍ਰੋਕ ਦਾ ਖ਼ਤਰਾ 32 ਫ਼ੀਸਦੀ ਤਕ ਵਧ ਜਾਂਦਾ ਹੈ। ਇਕੱਲੇ ਰਹਿਣ ਵਾਲੇ ਲੋਕਾਂ ਵਿਚ ਡਿਪਰੈਸ਼ਨ ਹੋਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ। ਅਧਿਐਨਾਂ ਅਨੁਸਾਰ ਹਮੇਸ਼ਾ ਇਕੱਲਾ ਮਹਿਸੂਸ ਕਰਨ ਵਾਲਿਆਂ ’ਚ ਡਿਪਰੈਸ਼ਨ ਦਾ ਖ਼ਤਰਾ 50 ਫ਼ੀਸਦੀ ਤੋਂ ਵੱਧ ਪਾਇਆ ਗਿਆ ਹੈ। ਬਜ਼ੁਰਗਾਂ ’ਚ ਇਕੱਲਾਪਣ ਡਿਮੈਂਸ਼ੀਆ (ਯਾਦਦਾਸ਼ਤ ਜਾਣ ਦੀ ਬਿਮਾਰੀ) ਦੇ ਖ਼ਤਰੇ ਨੂੰ 50 ਫ਼ੀਸਦੀ ਤਕ ਵਧਾ ਸਕਦਾ ਹੈ।
ਸੋਸ਼ਲ ਮੀਡੀਆ ਦੇ ਹੋ ਚੁੱਕੇ ਆਦੀ
ਸੋਸ਼ਲ ਮੀਡੀਆ ਨੇ ਇਕੱਲੇਪਣ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਅਸੀਂ ਸੋਸ਼ਲ ਹੋਣ ਦੇ ਚੱਕਰ ’ਚ ਸਮਾਜਿਕ ਹੋਣਾ ਭੁੱਲ ਗਏ ਹਾਂ। ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਦੂਜਿਆਂ ਦੀਆਂ ‘ਪਰਫੈਕਟ’ ਜ਼ਿੰਦਗੀਆਂ ਦੇਖ ਕੇ ਨੌਜਵਾਨਾਂ ’ਚ ਇਹ ਅਹਿਸਾਸ ਵੱਧ ਰਿਹਾ ਹੈ ਕਿ ਉਨ੍ਹਾਂ ਦੀ ਆਪਣੀ ਜ਼ਿੰਦਗੀ ਨੀਰਸ ਹੋ ਰਹੀ ਹੈ। ਇਸ ਨੂੰ ਫੋਮੋ ਕਿਹਾ ਜਾਂਦਾ ਹੈ। ਸਾਡੇ ਕੋਲ ਹਜ਼ਾਰਾਂ ਡਿਜੀਟਲ ਮਿੱਤਰ ਤਾਂ ਹਨ ਪਰ ਅਸਲ ਜ਼ਿੰਦਗੀ ’ਚ ਇੱਕ ਵੀ ਨਹੀਂ। ਸੋਸ਼ਲ ਮੀਡੀਆ ਦੀ ਵਰਤੋਂ ਅਕਸਰ ਅਸਲ ਮਨੁੱਖੀ ਸੰਪਰਕ ਦੀ ਥਾਂ ਲੈ ਲੈਂਦੀ ਹੈ, ਜੋ ਮਨੁੱਖੀ ਸੁਭਾਅ ਲਈ ਘਾਤਕ ਹੈ।
ਬਦਲਦਾ ਪਰਿਵਾਰਕ ਢਾਂਚਾ
ਸੰਯੁਕਤ ਪਰਿਵਾਰਾਂ ਦਾ ਟੁੱਟਣਾ ਤੇ ਛੋਟੇ ਪਰਿਵਾਰਾਂ ਦਾ ਵਧਣਾ ਵੀ ਇਕੱਲੇਪਣ ਦਾ ਵੱਡਾ ਕਾਰਨ ਹੈ। ਅੱਜ ਦੇ ਪਰਿਵਾਰਾਂ ’ਚ ਹਰ ਜੀਅ ਦਾ ਆਪਣਾ ਕਮਰਾ ਹੈ ਅਤੇ ਹਰ ਕਮਰੇ ’ਚ ਆਪਣਾ ਟੈਲੀਵਿਜ਼ਨ ਤੇ ਮੋਬਾਈਲ। ਬੱਚੇ ਸਕੂਲ ਅਤੇ ਕੋਚਿੰਗ ਦੀ ਭੱਜ-ਦੌੜ ਵਿਚ ਹਨ, ਜਦੋਂਕਿ ਮਾਪੇ ਕਰੀਅਰ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ। ਨੌਕਰੀਆਂ ਜਾਂ ਪੜ੍ਹਾਈ ਲਈ ਲੋਕ ਆਪਣੇ ਪਿੰਡਾਂ ਤੇ ਪਰਿਵਾਰਾਂ ਤੋਂ ਦੂਰ ਰਹਿਣ ਲੱਗ ਪਏ ਹਨI ਇਸ ਸਭ ਦੇ ਵਿਚਕਾਰ ਸਭ ਤੋਂ ਵੱਧ ਨੁਕਸਾਨ ਬਜ਼ੁਰਗਾਂ ਦਾ ਹੋ ਰਿਹਾ ਹੈ, ਜਿਨ੍ਹਾਂ ਨੇ ਸਾਰੀ ਉਮਰ ਪਰਿਵਾਰ ਨੂੰ ਇਕੱਠਾ ਰੱਖਿਆ, ਅੱਜ ਉਹ ਘਰ ਦੇ ਕਿਸੇ ਕੋਨੇ ਵਿਚ ਬੈਠੇ ਉਡੀਕ ਕਰ ਰਹੇ ਹਨ ਕਿ ਕੋਈ ਆ ਕੇ ਉਨ੍ਹਾਂ ਨਾਲ ਦੋ ਗੱਲਾਂ ਕਰੇ। ਪਰਿਵਾਰ ’ਚ ਰਹਿ ਕੇ ਵੀ ਇਕੱਲੇ ਹੋਣਾ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ।
ਬੱਚਿਆਂ ’ਤੇ ਭਾਵਨਾਤਮਿਕ ਵਿਕਾਸ ’ਤੇ ਅਸਰ
ਇਕੱਲੇਪਣ ਦਾ ਪ੍ਰਭਾਵ ਸਿਰਫ਼ ਬਜ਼ੁਰਗਾਂ ਜਾਂ ਵੱਡਿਆਂ ਤਕ ਹੀ ਸੀਮਤ ਨਹੀਂ ਹੈ ਸਗੋਂ ਬੱਚਿਆਂ ਤੇ ਨੌਜਵਾਨਾਂ ਉੱਤੇ ਵੀ ਇਸ ਦਾ ਅਸਰ ਹੈ। 2021 ਦੇ ਗਲੋਬਲ ਸਰਵੇਖਣ ਅਨੁਸਾਰ ਭਾਰਤ ਇਕੱਲੇਪਣ ਤੋਂ ਪ੍ਰਭਾਵਿਤ ਹੋਣ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼ ਹੈI ਇਸ ਰਿਪੋਰਟ ਅਨੁਸਾਰ ਭਾਰਤੀ ਸ਼ਹਿਰਾਂ ’ਚ 43 ਫ਼ੀਸਦੀ ਲੋਕ ਇਕੱਲਤਾ ਮਹਿਸੂਸ ਕਰਦੇ ਹਨ। ਚਿੰਤਾ ਦੀ ਗੱਲ ਇਹ ਹੈ ਕਿ 13 ਤੋਂ 15 ਸਾਲ ਦੀ ਉਮਰ ਦੇ 25 ਫ਼ੀਸਦੀ ਬੱਚੇ ਇਕੱਲੇਪਣ ਦਾ ਅਨੁਭਵ ਕਰ ਰਹੇ ਹਨ। ਇਸ ਦਾ ਕਾਰਨ ਮਾਪਿਆਂ ਦਾ ਕੰਮਾਂ ’ਚ ਜ਼ਿਆਦਾ ਰੁੱਝੇ ਹੋਣਾ ਹੈI ਉਹ ਬੱਚਿਆਂ ਨਾਲ ਘੱਟ ਸਮਾਂ ਬਿਤਾਉਂਦੇ ਹਨ ਤੇ ਬਹੁਤ ਸਾਰੇ ਬੱਚੇ ਜ਼ਿਆਦਾ ਸਮਾਂ ਮੋਬਾਈਲ, ਟੈਬਲੈੱਟ ਜਾਂ ਟੀਵੀ ਦੇਖ ਕੇ ਗੁਜ਼ਾਰਦੇ ਹਨ। ਇੱਥੋਂ ਤਕ ਕਿ ਬਹੁਤ ਛੋਟੇ ਬੱਚੇ ਅੱਜ-ਕੱਲ੍ਹ ਉਦੋਂ ਤਕ ਰੋਟੀ ਨਹੀਂ ਖਾਂਦੇ, ਜਦੋਂ ਤਕ ਉਨ੍ਹਾਂ ਦੇ ਹੱਥ ਵਿਚ ਮੋਬਾਈਲ ਨਾ ਦਿੱਤਾ ਜਾਵੇI ਇਸ ਨਾਲ ਬਚਪਨ ਤੋਂ ਹੀ ਉਨ੍ਹਾਂ ’ਚ ਸਮਾਜਿਕ ਦੂਰੀ ਵੱਧ ਰਹੀ ਹੈI ਮਨੋਵਿਗਿਆਨਕ ਵਿਦਵਾਨਾਂ ਅਨੁਸਾਰ ਬਚਪਨ ਵਿਚ ਇਕੱਲਾਪਣ ਮਹਿਸੂਸ ਕਰਨ ਨਾਲ ਬੱਚਿਆਂ ’ਚ ਆਤਮ-ਵਿਸ਼ਵਾਸ ਘਟ ਸਕਦਾ ਹੈ ਤੇ ਉਨ੍ਹਾਂ ਦੇ ਭਾਵਨਾਤਮਿਕ ਵਿਕਾਸ ਉੱਤੇ ਵੀ ਅਸਰ ਪੈ ਸਕਦਾ ਹੈ।
ਵਿਦਿਆਰਥੀਆਂ ’ਚ ਘਟ ਜਾਂਦਾ ਉਤਸ਼ਾਹ
ਇਕੱਲੇਪਣ ਦਾ ਪ੍ਰਭਾਵ ਨੌਜਵਾਨ ਪੀੜ੍ਹੀ ’ਤੇ ਵੀ ਦਿਸਦਾ ਹੈ। ਕਈ ਨੌਜਵਾਨ ਪੜ੍ਹਾਈ ਦੇ ਦਬਾਅ, ਕਰੀਅਰ ਦੀ ਚਿੰਤਾ ਤੇ ਸਮਾਜਿਕ ਤਣਾਅ ਕਰਕੇ ਖ਼ੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ। ਇਸ ਨਾਲ ਉਨ੍ਹਾਂ ਦਾ ਪੜ੍ਹਾਈ ਵਿਚ ਧਿਆਨ ਘਟਣ ਲੱਗਦਾ ਹੈ। ਲਗਾਤਾਰ ਇਕੱਲਾਪਣ ਜਾਂ ਤਣਾਅ ਕਾਰਨ ਵਿਦਿਆਰਥੀਆਂ ਵਿਚ ਉਤਸ਼ਾਹ ਘਟ ਜਾਂਦਾ ਹੈ ਤੇ ਕਈ ਵਾਰ ਉਹ ਪੜ੍ਹਾਈ ਤੋਂ ਦੂਰ ਹੋਣ ਲੱਗਦੇ ਹਨ। ਇਸ ਦਾ ਪ੍ਰਭਾਵ ਉਨ੍ਹਾਂ ਦੇ ਅਕਾਦਮਿਕ ਪ੍ਰਦਰਸ਼ਨ ਤੇ ਭਵਿੱਖੀ ਵਿਕਾਸ ਉੱਤੇ ਵੀ ਪੈ ਸਕਦਾ ਹੈ।
ਹਰ ਸਾਲ ਨੌਂ ਲੱਖ ਦੇ ਕਰੀਬ ਹੋ ਰਹੀਆਂ ਮੌਤਾਂ
ਸਾਲ 2025 ਦੇ ਸਰਵੇਖਣ ਦੀ ਰਿਪੋਰਟ ਅਨੁਸਾਰ 2014 ਤੋਂ 2023 ਦੇ ਵਿਚਕਾਰ ਦੁਨੀਆ ਭਰ ਵਿਚ ਲਗਪਗ ਹਰ ਛੇ ’ਚੋਂ ਇਕ ਵਿਅਕਤੀ ਇਕੱਲੇਪਣ ਨਾਲ ਜੂਝ ਰਿਹਾ ਹੈ ਤੇ ਇਸ ਨਾਲ ਹਰ ਸਾਲ ਕਰੀਬ 9 ਲੱਖ ਮੌਤਾਂ ਹੋ ਰਹੀਆਂ ਹਨI ਜਪਾਨ ਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੇ ਲੋਕ ਇੰਨੇ ਇਕੱਲੇ ਹੋ ਚੁੱਕੇ ਹਨ ਕਿ ਜੇ ਉਨ੍ਹਾਂ ਦੀ ਮੌਤ ਹੋ ਵੀ ਜਾਵੇ ਤਾਂ ਕਈ ਦਿਨਾਂ ਤਕ ਬਾਹਰ ਦੇ ਕਿਸੇ ਵਿਅਕਤੀ ਨੂੰ ਪਤਾ ਨਹੀਂ ਲੱਗਦਾI ਉਥੋਂ ਦੀਆਂ ਖ਼ਬਰਾਂ ਅਨੁਸਾਰ ਪਿਛਲੇ ਵਰ੍ਹੇ 76,000 ਲੋਕਾਂ ਦੀ ਘਰ ਵਿਚ ਇਕੱਲੇ ਰਹਿੰਦਿਆਂ ਮੌਤ ਹੋ ਗਈ, ਜਦੋਂਕਿ 4,000 ਲੋਕ ਅਜਿਹੇ ਸਨ, ਜਿਨ੍ਹਾਂ ਦੀ ਮੌਤ ਤੋਂ ਕਰੀਬ 1 ਮਹੀਨੇ ਬਾਅਦ ਬਾਹਰ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂI ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ ਕਿ ਜਪਾਨ ਵਿਚ ਬਜ਼ੁਰਗ ਲੋਕ ਜਾਣਬੁੱਝ ਕੇ ਅਪਰਾਧ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਸਜ਼ਾ ਮਿਲੇ ਤੇ ਜੇਲ੍ਹ ਵਿਚ ਰਹਿ ਕੇ ਉਹ ਦੂਜੇ ਲੋਕਾਂ ਨਾਲ ਗੱਲਬਾਤ ਕਰ ਸਕਣ, ਜਿਸ ਨਾਲ ਉਨ੍ਹਾਂ ਦਾ ਇਕੱਲਾਪਣ ਦੂਰ ਹੋ ਜਾਵੇI
ਕਈ ਦੇਸ਼ਾਂ ’ਚ ਹੋ ਰਹੀ ਨਵੀਂ ਪਹਿਲ
ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ ਦੁਨੀਆ ਭਰ ’ਚ ਕਈ ਦੇਸ਼ਾਂ ਨੇ ਸਰਕਾਰੀ ਪੱਧਰ ਉੱਤੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਦਾਹਰਨ ਵਜੋਂ ਸਾਲ 2018 ਵਿਚ ਬ੍ਰਿਟੇਨ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਿਆ, ਜਿਸ ਨੇ ਇਕੱਲੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਵੱਖਰਾ ਲੋਨਲੀਨੈੱਸ ਮਨਿਸਟਰੀ (Loneliness Ministry) ਯਾਨੀ ਇਕੱਲੇਪਣ ਦਾ ਮੰਤਰਾਲਾ ਬਣਾਇਆ। ਇਹ ਮੰਤਰਾਲਾ ਦੇਖਦਾ ਹੈ ਕਿ ਲੋਕਾਂ ਦਾ ਇਕੱਲਾਪਣ ਕਿਵੇਂ ਦੂਰ ਹੋ ਸਕਦਾ ਹੈI ਇਸੇ ਤਰ੍ਹਾਂ ਜਾਪਾਨ ਨੇ ਵੀ 2021 ’ਚ ਆਪਣੇ ਦੇਸ਼ ਵਿਚ ਵੱਧ ਰਹੀਆਂ ਖ਼ੁਦਕੁਸ਼ੀਆਂ ਅਤੇ ਇਕੱਲੇਪਣ ਨੂੰ ਰੋਕਣ ਲਈ ਵਿਸ਼ੇਸ਼ ਮੰਤਰੀ ਦੀ ਨਿਯੁਕਤੀ ਕੀਤੀ। ਨੀਦਰਲੈਂਡ ਵਿਚ ਕੁਝ ਸੁਪਰਮਾਰਕੀਟਾਂ ਵਿਚ ਚੈੱਟ ਚੈੱਕਆਊਟ ਸ਼ੁਰੂ ਕੀਤੇ ਗਏ ਹਨ, ਜਿੱਥੇ ਲੋਕ ਬਿੱਲ ਭਰਦੇ ਸਮੇਂ ਕੈਸ਼ੀਅਰ ਨਾਲ ਦੋ ਪਲ ਗੱਲਾਂ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਵੇ। ਇਹ ਪਹਿਲਕਦਮੀਆਂ ਸਾਬਿਤ ਕਰਦੀਆਂ ਹਨ ਕਿ ਇਕੱਲਾਪਣ ਹੁਣ ਸਿਰਫ਼ ਨਿੱਜੀ ਸਮੱਸਿਆ ਨਹੀਂ ਸਗੋਂ ਵੱਡਾ ਸਮਾਜਿਕ ਤੇ ਸਿਆਸੀ ਮੁੱਦਾ ਬਣ ਚੁੱਕਿਆ ਹੈ।
ਕਿਵੇਂ ਦੂਰ ਹੋਵੇਗਾ ਇਕੱਲਾਪਣ?
ਇਸ ਖ਼ਾਮੋਸ਼ ਮਹਾਮਾਰੀ ਦਾ ਇਲਾਜ ਕਿਸੇ ਹਸਪਤਾਲ ਜਾਂ ਦਵਾਈ ਵਿਚ ਨਹੀਂ ਸਗੋਂ ਸਾਡੇ ਆਪਣੇ ਵਤੀਰੇ ਤੇ ਨਿੱਕੇ-ਨਿੱਕੇ ਯਤਨਾਂ ਵਿਚ ਛੁਪਿਆ ਹੋਇਆ ਹੈ। ਸਾਨੂੰ ‘ਡਿਜੀਟਲ ਕੁਨੈਕਸ਼ਨ’ ਦੀ ਥਾਂ ‘ਦਿਲ ਦੇ ਕਨੈਕਸ਼ਨ’ ਨੂੰ ਤਰਜੀਹ ਦੇਣੀ ਪਵੇਗੀ। ਦਿਨ ਭਰ ’ਚ ਕੁਝ ਸਮਾਂ ਅਜਿਹਾ ਨਿਸ਼ਚਿਤ ਕਰੋ, ਜਦੋਂ ਮੋਬਾਈਲ ਫੋਨ ਇਕ ਪਾਸੇ ਹੋਵੇ ਅਤੇ ਪਰਿਵਾਰ ਦੇ ਜੀਅ ਇਕ-ਦੂਜੇ ਨਾਲ ਇਕੱਠਿਆਂ ਬੈਠ ਕੇ ਗੱਲਾਂ ਕਰਨ। ਆਪਣੇ ਬੱਚਿਆਂ ਨੂੰ ਸਕ੍ਰੀਨ ਦੀ ਬਜਾਏ ‘ਸੀਨ’ (ਕੁਦਰਤ ਅਤੇ ਖੇਡਾਂ) ਨਾਲ ਜੋੜੋ ਅਤੇ ਬਜ਼ੁਰਗਾਂ ਕੋਲ ਬੈਠ ਕੇ ਉਨ੍ਹਾਂ ਦੇ ਤਜਰਬਿਆਂ ਦੀਆਂ ਕਹਾਣੀਆਂ ਸੁਣੋ। ਕਿਸੇ ਪੁਰਾਣੇ ਦੋਸਤ ਨੂੰ ਮੈਸੇਜ ਕਰਨ ਦੀ ਥਾਂ ਸਿੱਧਾ ਫੋਨ ਮਿਲਾਓ ਜਾਂ ਮਿਲਣ ਜਾਓ। ਜੇ ਅਸੀਂ ਇਕ-ਦੂਜੇ ਲਈ ਉਪਲੱਬਧ ਹੋਣਾ ਸਿੱਖ ਲਈਏ, ਤਾਂ ਸ਼ਾਇਦ ਕਿਸੇ ਨੂੰ ਵੀ ਜੇਲ੍ਹ ਜਾਣ ਜਾਂ ਸੁਪਰਮਾਰਕੀਟ ਦੀਆਂ ਕਤਾਰਾਂ ਵਿਚ ਗੱਲਾਂ ਲੱਭਣ ਦੀ ਲੋੜ ਨਹੀਂ ਪਵੇਗੀ। ਆਓ, ਅੱਜ ਤੋਂ ਹੀ ਆਪਣੇ ਆਲੇ-ਦੁਆਲੇ ਅਜਿਹਾ ਨਿੱਘਾ ਸਮਾਜ ਸਿਰਜੀਏ, ਜਿੱਥੇ ਕੋਈ ਵੀ ਇਨਸਾਨ ਭੀੜ ਵਿਚ ਇਕੱਲਾ ਮਹਿਸੂਸ ਨਾ ਕਰੇ।
- ਹਰਜਸਪ੍ਰੀਤ ਕੌਰ