ਸਰੀਰ 'ਚ ਫੈਟ ਦਾ ਸੰਤੁਲਨ ਵਿਗੜਨ ਨਾਲ ਦਿਮਾਗ ਦੀਆਂ ਨਸਾਂ ਹੋ ਜਾਂਦੀਆਂ ਹਨ ਕਮਜ਼ੋਰ, ਵੱਧ ਸਕਦੈ ਪਾਰਕਿੰਸਨ ਦਾ ਖ਼ਤਰਾ
ਵਿਗਿਆਨ ਨੇ ਪਾਰਕਿੰਸਨ'ਸ ਬਿਮਾਰੀ ਦੇ ਕਾਰਨਾਂ ਨੂੰ ਸਮਝਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਇੱਕ ਤਾਜ਼ਾ ਅਧਿਐਨ ਨੇ ਇਹ ਹੈਰਾਨ ਕਰਨ ਵਾਲੀ ਖੋਜ ਕੀਤੀ ਹੈ ਕਿ ਸਾਡੇ ਸਰੀਰ ਦੇ ਲਿਪਿਡ ਸਿਸਟਮ ਵਿੱਚ ਖਰਾਬੀ ਇਸ ਗੰਭੀਰ ਬਿਮਾਰੀ ਦੇ ਜੋਖਮ ਨੂੰ ਵਧਾ ਸਕਦੀ ਹੈ।
Publish Date: Tue, 10 Feb 2026 09:38 AM (IST)
Updated Date: Tue, 10 Feb 2026 09:43 AM (IST)
ਵਾਸ਼ਿੰਗਟਨ (ਪੀਟੀਆਈ) : ਪਾਰਕਿੰਸਨ ਰੋਗ ਨੂੰ ਲੈ ਕੇ ਨਵਾਂ ਅਧਿਐਨ ਕੀਤਾ ਗਿਆ ਹੈ, ਜਿਸ ਤੋਂ ਇਹ ਪਤਾ ਚੱਲਿਆ ਹੈ ਕਿ ਲਿਪਿਡ ਤੰਤਰ ਵਿਚ ਵਿਘਨ ਨਾਲ ਇਸ ਰੋਗ ਦਾ ਖ਼ਤਰਾ ਵੱਧ ਸਕਦਾ ਹੈ। ਲਿਪਿਡ ਵਸਾ ਵਾਲਾ ਕੰਪਾਊਂਡ ਹੈ, ਜਿਸ ਵਿਚ ਤਵਾਜ਼ਨ ਵਿਗੜ ਜਾਵੇ ਤਾਂ ਦਿਲ ਦੇ ਰੋਗ ਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਖੋਜ ਟੀਮ ਦੀ ਅਗਵਾਈ ਅਮਰੀਕਾ ਦੇ ਬੇਲਰ ਕਾਲਜ ਆਫ਼ ਮੈਡੀਸਿਨ ਅਤੇ ਡੰਕਨ ਨਿਊਰੋਲਾਜੀਕਲ ਰਿਸਰਚ ਇੰਸਟੀਟਿਊਟ ਦੀ ਖੋਜੀ ਟੀਮ ਨੇ ਕੀਤੀ। ਇਨ੍ਹਾਂ ਨੇ ਐੱਸਪੀਟੀਐੱਸਐੱਸਬੀ ਨਾਂ ਦੇ ਸਧਾਰਨ ਪਾਰਕਿੰਸਨ ਜੋਖਮ ਜੀਨ 'ਤੇ ਧਿਆਨ ਕੇਂਦਰਤ ਕੀਤਾ। ਇਹ ਸਫਿੰਗੋਲਿਪਿਡਜ਼ ਦੇ ਉਤਪਾਦਨ ਦੇ ਪਹਿਲੇ ਪੜਾਅ ਨੂੰ ਵੀ ਕਾਬੂ ਕਰਦਾ ਹੈ, ਜੋ ਸੈੱਲਾਂ ਦੇ ਵਾਧੇ ਤੇ ਮੌਤ ਵਿਚ ਸ਼ਾਮਲ ਹੁੰਦੇ ਹਨ।
ਉਨ੍ਹਾਂ ਨੇ ਜੀਨ ਐੱਸਪੀਟੀਐੱਸਐੱਸਬੀ ਦੇ ਰੂਪ ਆਰਐੱਸ 1450522 ਦਾ ਅਧਿਐਨ ਕੀਤਾ, ਜੋ ਨਿਊਰੋਡੀਜਨਰੇਟਿਵ ਸਥਿਤੀ ਦੇ ਵਿਕਸਤ ਹੋਣ ਦੇ ਵੱਧਦੇ ਜੋਖਮ ਨਾਲ ਜੁੜਿਆ ਹੋਇਆ ਹੈ। ਖੋਜ ਦਲ ਨੇ ਕਿਹਾ ਕਿ ਜਦੋਂ 'ਆਰਐੱਸ1450522' ਰੂਪ ਨੂੰ ਧਾਰਨ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਉਨ੍ਹਾਂ ਵਿਅਕਤੀਆਂ ਨਾਲ ਕੀਤੀ ਗਈ ਜੋ ਇਸ ਨੂੰ ਧਾਰਨ ਨਹੀਂ ਕਰਦੇ ਤਾਂ ਇਹ ਦਿਮਾਗ਼ ਐੱਸਪੀਟੀਐੱਸਐੱਸਬੀ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਂਦਾ ਹੈ, ਖ਼ਾਸਕਰ ਨਿਊਰਾਨਜ਼ ਵਿਚ ਅਤੇ ਖ਼ੂਨ ਵਿਚ ਸਫਿੰਗੋਲਿਪਿਡਜ਼ ਦੇ ਪੱਧਰ ਨੂੰ ਵੀ ਵਧਾਉਂਦਾ ਹੈ। ਖੋਜ ਟੀਮ ਨੇ 149 ਲੋਕਾਂ ਦੇ ਖ਼ੂਨ ਦੇ ਨਮੂਨਿਆਂ ਵਿਚ ਮੈਟਾਬੋਲਾਈਟਜ਼ ਦਾ ਵਿਸ਼ਲੇਸ਼ਣ ਕੀਤਾ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਪਾਰਕਿੰਸਨ ਦੀ ਸੰਵੇਦਨਸ਼ੀਲਤਾ ਜੀਨ ਲਿਪਿਡ ਮੈਟਾਬੋਲਿਜ਼ਮ ਉੱਤੇ ਅਸਰ ਪਾਉਂਦੀ ਹੈ। ਇਸ ਅਧਿਐਨ ਦੇ ਨਤੀਜਿਆਂ ਨੂੰ ਹਜ਼ਾਰਾਂ ਵਿਅਕਤੀਆਂ ਦੇ ਡਾਟਾ ਸੈੱਟ ਦੀ ਵਰਤੋਂ ਕਰ ਕੇ ਮਾਨਤਾ ਦਿੱਤੀ ਗਈ—ਜੀਨ ਰੂਪ 'ਆਰਐੱਸ 1450522' ਪਾਰਕਿੰਸਨ ਦੇ ਜੋਖਮ ਨੂੰ ਵਧਾਉਂਦਾ ਹੈ, 'ਐੱਸਪੀਟੀਐੱਸਐੱਸਬੀ' ਪ੍ਰੋਟੀਨ ਦੇ ਉੱਚ ਪੱਧਰ ਤੇ ਲਿਪਿਡ ਮੈਟਾਬੋਲਿਜ਼ਮ ਵਿਚ ਬਦਲਾਅ ਲਿਆਉਂਦਾ ਹੈ।