Weight Loss ਦਵਾਈਆਂ ਦੇ ਸੇਵਨ ਨਾਲ ਭਾਰ ਘਟੇ ਜਾਂ ਨਾ, ਸਰੀਰ 'ਚ ਜ਼ਰੂਰੀ ਪੋਸ਼ਕ ਤੱਤਾਂ ਦੀ ਭਾਰੀ ਕਮੀ ਹੋਣ ਦਾ ਖ਼ਤਰਾ: ਵੱਡਾ ਖੁਲਾਸਾ
ਅਧਿਐਨ ’ਚ ਕਿਹਾ ਗਿਆ ਹੈ ਕਿ ਓਜੈਂਪਿਕ, ਵੇਗੋਵੀ ਤੇ ਮੌਨਜਾਰੋ ਵਰਗੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ ਮੁੱਖ ਤੌਰ ’ਤੇ ਭੁੱਖ ਘੱਟ ਕਰ ਕੇ ਕੰਮ ਕਰਦੀਆਂ ਹਨ। ਇਹ ਸਰੀਰ ਵੱਲੋਂ ਪਹਿਲਾਂ ਤੋਂ ਪੈਦਾ ਇਕ ਹਾਰਮੋਨ, ਗਲੂਕਾਗਾਨ-ਲਾਈਕ ਪੈਪਟਾਈਡ-1 (ਜੀਐੱਲਪੀ-1) ਦੀ ਨਕਲ ਕਰਦੀਆਂ ਹਨ, ਜੋ ਭੁੱਖ ਤੇ ਤ੍ਰਿਪਤੀ ਦੀ ਭਾਵਨਾ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ।
Publish Date: Sat, 11 Apr 2026 09:08 AM (IST)
Updated Date: Sat, 11 Apr 2026 09:10 AM (IST)
ਦਿ ਕਵਰਸੇਸ਼ਨ : ਭਾਰ ਘਟਾਉਣ ਲਈ ਲੋਕ ਕੀ-ਕੀ ਨਹੀਂ ਕਰਦੇ। ਸਵੇਰੇ ਟਹਿਲਣ ਤੋਂ ਲੈ ਕੇ ਜੌਗਿੰਗ ਤੱਕ ਸਾਰੇ ਉਪਾਅ ਕਰਦੇ ਹਨ। ਜੇ ਇਸ ਨਾਲ ਵੀ ਕੰਮ ਨਹੀਂ ਬਣਦਾ ਤਾਂ ਭਾਰ ਘਟਾਉਣ ਵਾਲੀਆਂ ਦਵਾਈਆਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਦਵਾਈ ਲੈਣ ਵਾਲਿਆਂ ਲਈ ਇਹ ਜਾਣਕਾਰੀ ਬੇਹੱਦ ਕੰਮ ਦੀ ਹੈ। ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਭਾਰ ਘਟਾਉਣ ਵਾਲੀਆਂ ਦਵਾਈਆਂ ਜ਼ਰੂਰੀ ਪੋਸ਼ਕ ਤੱਤ ਹਾਸਲ ਕਰਨ ’ਚ ਮੁਸ਼ਕਲਾਂ ਪੈਦਾ ਕਰਦੀਆਂ ਹਨ।
ਅਧਿਐਨ ’ਚ ਕਿਹਾ ਗਿਆ ਹੈ ਕਿ ਓਜੈਂਪਿਕ, ਵੇਗੋਵੀ ਤੇ ਮੌਨਜਾਰੋ ਵਰਗੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ ਮੁੱਖ ਤੌਰ ’ਤੇ ਭੁੱਖ ਘੱਟ ਕਰ ਕੇ ਕੰਮ ਕਰਦੀਆਂ ਹਨ। ਇਹ ਸਰੀਰ ਵੱਲੋਂ ਪਹਿਲਾਂ ਤੋਂ ਪੈਦਾ ਇਕ ਹਾਰਮੋਨ, ਗਲੂਕਾਗਾਨ-ਲਾਈਕ ਪੈਪਟਾਈਡ-1 (ਜੀਐੱਲਪੀ-1) ਦੀ ਨਕਲ ਕਰਦੀਆਂ ਹਨ, ਜੋ ਭੁੱਖ ਤੇ ਤ੍ਰਿਪਤੀ ਦੀ ਭਾਵਨਾ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਲੋਕਾਂ ਨੂੰ ਜਲਦੀ ਢਿੱਡ ਭਰਿਆ ਮਹਿਸੂਸ ਕਰਵਾਉਣ ਤੇ ਲੰਬੇ ਸਮੇਂ ਤੱਕ ਢਿੱਡ ਭਰਿਆ ਰੱਖਣ ’ਚ ਮਦਦ ਕਰਦੀਆਂ ਹਨ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੀਐੱਲਪੀ-1 ਦਵਾਈਆਂ ਲੈਣ ਵਾਲੇ ਲੋਕ ਆਪਣੇ ਐਨਰਜੀ ਇਨਟੇਕ ਨੂੰ 16 ਫ਼ੀਸਦੀ ਤੋਂ 40 ਫ਼ੀਸਦੀ ਤੱਕ ਘੱਟ ਕਰ ਦਿੰਦੇ ਹਨ ਪਰ ਜਦੋਂ ਖਾਣੇ ਦਾ ਸੇਵਨ ਘੱਟ ਹੋ ਜਾਂਦਾ ਹੈ, ਉਦੋਂ ਵੀ ਸਰੀਰ ਨੂੰ ਸੈੱਲਾਂ, ਮਾਸਪੇਸ਼ੀਆਂ ਤੇ ਅੰਗਾਂ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਜ਼ਰੂਰੀ ਵਿਟਾਮਿਨ, ਖਣਿਜ ਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ। ਜੇ ਇਹ ਪੋਸ਼ਕ ਤੱਤ ਖਾਣੇ ’ਚ ਸ਼ਾਮਲ ਨਹੀਂ ਕੀਤੇ ਜਾਂਦੇ ਤਾਂ ਇਸਦੀ ਘਾਟ ਹੋ ਸਕਦੀ ਹੈ।
ਖੋਜੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਖਾਣਾ ਖਾਣ ’ਤੇ ਆਮ ਤੌਰ ’ਤੇ ਵਿਟਾਮਿਨ ਤੇ ਖਣਿਜ ਲੋੜਾਂ ਨੂੰ ਪੂਰਾ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ। ਪੂਰਾ ਹਫਤਾ ਵਿਲੱਖਣ ਖ਼ੁਰਾਕ ਲੈਣ ਨਾਲ ਪੋਸ਼ਣ ਸਬੰਧੀ ਕਮੀਆਂ ਨੂੰ ਪੂਰਾ ਕਰਨ ’ਚ ਮਦਦ ਮਿਲਦੀ ਹੈ, ਭਾਵੇਂ ਖਾਧੇ ਗਏ ਕੁਝ ਖਾਣੇ ’ਚ ਪੋਸ਼ਕ ਤੱਤਾਂ ਦੀ ਘਾਟ ਹੋਵੇ ਪਰ ਜਦੋਂ ਖਾਣੇ ਦੀ ਮਾਤਰਾ ਘੱਟ ਹੋ ਜਾਂਦੀ ਹੈ ਤਾਂ ਇਹ ਸੁਰੱਖਿਆ ਕਵਚ ਗ਼ਾਇਬ ਹੋ ਜਾਂਦਾ ਹੈ। ਇਸ ਲਈ ਜੇ ਤੁਸੀਂ ਦਵਾਈਆਂ ਖਾ ਰਹੇ ਹੋ ਤੇ ਭੁੱਖ ਘੱਟ ਲੱਗਦੀ ਹੈ ਤਾਂ ਜੋ ਵੀ ਖਾਓ ਉਸਦੀ ਚੋਣ ਬੇਹੱਦ ਸੋਚ-ਸਮਝ ਕੇ ਕਰੋ, ਜਿਸ ਨਾਲ ਪੋਸ਼ਕ ਤੱਤਾਂ ਦੀ ਘਾਟ ਨਾ ਹੋਵੇ।