ਗਰਭਵਤੀ ਔਰਤਾਂ ਲਈ ਵੱਡੀ ਖ਼ਬਰ: ਪ੍ਰੈਗਨੈਂਸੀ ’ਚ ਵਿਟਾਮਿਨ ਬੀ-12 ਸਪਲੀਮੈਂਟ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ’ਚ ਹੋ ਸਕਦੈ ਮਦਦਗਾਰ
ਅਧਿਐਨ ’ਚ ਕਿਹਾ ਗਿਆ ਹੈ ਕਿ ਜਿਸ ਆਬਾਦੀ ’ਚ ਜਾਨਵਰਾਂ ਤੋਂ ਮਿਲਣ ਵਾਲੇ ਖ਼ੁਰਾਕੀ ਪਦਾਰਥਾਂ ਦੀ ਉਪਲੱਬਧਤਾ ਸੀਮਤ ਹੁੰਦੀ ਹੈ, ਉਨ੍ਹਾਂ ’ਚ ਵਿਟਾਮਿਨ ਬੀ-12 ਦੀ ਕਮੀ ਆਮ ਹੈ। ਇਸ ਕਮੀ ਦਾ ਸਬੰਧ ਬੱਚਿਆਂ ਦੇ ਤੰਤਰਿਕਾ ਵਿਕਾਸ ’ਚ ਦੇਰੀ ਤੇ ਪ੍ਰੈਗਨੈਂਸੀ ਦੌਰਾਨ ਹੋਣ ਵਾਲੇ ਪ੍ਰਤੀਕੂਲ ਨਤੀਜਿਆਂ ’ਚ ਪਾਇਆ ਗਿਆ ਹੈ।
Publish Date: Sun, 29 Mar 2026 08:17 AM (IST)
Updated Date: Sun, 29 Mar 2026 08:20 AM (IST)
ਨਵੀਂ ਦਿੱਲੀ (ਪੀਟੀਆਈ) : ਇਕ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਪ੍ਰੈਗਨੈਂਸੀ ਦੌਰਾਨ ਵਿਟਾਮਿਨ ਬੀ-12 ਸਪਲੀਮੈਂਟੇਸ਼ਨ ਲੈਣ ਨਾਲ ਬੱਚੇ ਦੇ ਸ਼ੁਰੂਆਤੀ ਦਿਮਾਗ਼ੀ ਵਿਕਾਸ ਨੂੰ ਲਾਹਾ ਮਿਲ ਸਕਦਾ ਹੈ। ਇਹ ਅਧਿਐਨ ਜਰਨਲ ਬੀਐੱਮਜੀ ਪੈਡੀਓਟ੍ਰਿਕਸ ਓਪਲ ’ਚ ਪ੍ਰਕਾਸ਼ਿਤ ਹੋਇਆ ਹੈ। ਦਿੱਲੀ ’ਚ ਸੀਤਾਰਾਮ ਭਾਰਤੀ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਦੇ ਡਿਪਟੀ ਮੈਡੀਕਲ ਡਾਇਰੈਕਟਰ ਡਾ. ਜਿਤੇਂਦਰ ਨਾਗਪਾਲ ਅਨੁਸਾਰ, ਇਸ ਅਧਿਐਨ ਦੇ ਸਿੱਟਿਆਂ ਨਾਲ ਇਸ ਗੱਲ ਦਾ ਪੱਕਾ ਸਬੂਤ ਮਿਲਦਾ ਹੈ ਕਿ ਸ਼ਾਕਾਹਾਰੀ ਖ਼ੁਰਾਕ ਲੈਣ ਵਾਲੀਆਂ ਔਰਤਾਂ ’ਚ ਪ੍ਰੈਗਨੈਂਸੀ ਦੌਰਾਨ ਵਿਟਾਮਿਨ ਬੀ-12 ਦਾ ਸੇਵਨ ਵਧਾਉਣ ਨਾਲ ਬੱਚਿਆਂ ਦੇ ਦਿਮਾਗ਼ੀ ਵਿਕਾਸ ਨੂੰ ਲਾਹਾ ਮਿਲ ਸਕਦਾ ਹੈ। ਨਾਲ ਹੀ ਮਹਿਲਾ ’ਚ ਵਿਟਾਮਿਨ ਬੀ-12 ਦੀ ਕਮੀ ਨਾਲ ਵੀ ਨਜਿੱਠਿਆ ਜਾ ਸਕਦਾ ਹੈ।
ਅਧਿਐਨ ’ਚ ਕਿਹਾ ਗਿਆ ਹੈ ਕਿ ਜਿਸ ਆਬਾਦੀ ’ਚ ਜਾਨਵਰਾਂ ਤੋਂ ਮਿਲਣ ਵਾਲੇ ਖ਼ੁਰਾਕੀ ਪਦਾਰਥਾਂ ਦੀ ਉਪਲੱਬਧਤਾ ਸੀਮਤ ਹੁੰਦੀ ਹੈ, ਉਨ੍ਹਾਂ ’ਚ ਵਿਟਾਮਿਨ ਬੀ-12 ਦੀ ਕਮੀ ਆਮ ਹੈ। ਇਸ ਕਮੀ ਦਾ ਸਬੰਧ ਬੱਚਿਆਂ ਦੇ ਤੰਤਰਿਕਾ ਵਿਕਾਸ ’ਚ ਦੇਰੀ ਤੇ ਪ੍ਰੈਗਨੈਂਸੀ ਦੌਰਾਨ ਹੋਣ ਵਾਲੇ ਪ੍ਰਤੀਕੂਲ ਨਤੀਜਿਆਂ ’ਚ ਪਾਇਆ ਗਿਆ ਹੈ। ਅਧਿਐਨ ਅਨੁਸਾਰ, ਬੱਚਿਆਂ ਦੇ ਤੰਤਰਿਕ ਵਿਕਾਸ ਨੂੰ ਬਿਹਤਰ ਬਣਾਉਣ ਲਈ ਗਰਭਵਤੀ ਔਰਤਾਂ ਨੂੰ ਵਿਟਾਮਿਨ ਬੀ-12 ਸਪਲੀਮੈਂਟ ਦੇਣ ਦੇ ਫਾਇਦਿਆਂ ਨਾਲ ਜੁੜੇ ਸਬੂਤ ਹਾਲੇ ਵੀ ਰਲੇ-ਮਿਲੇ ਹਨ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਹੇਠਲੇ ਤੇ ਮੱਧ ਆਮਦਨ ਵਾਲੇ ਦੇਸ਼ਾਂ ’ਚ, ਜਿਥੇ ਇਸ ਵਿਟਾਮਿਨ ਦੀ ਕਮੀ ਵੱਡੇ ਪੱਧਰ ’ਤੇ ਪਾਈ ਜਾਂਦੀ ਹੈ। ਡਾ. ਨਾਗਪਾਲ ਨੇ ਦੱਸਿਆ ਕਿ ਦੱਖਣੀ ਏਸ਼ੀਆ ’ਚ ਔਰਤਾਂ ਦਾ ਇਕ ਵੱਡਾ ਹਿੱਸਾ ਵਿਟਾਮਿਨ ਬੀ-12 ਦੀ ਕਮੀ ਨਾਲ ਪ੍ਰਭਾਵਿਤ ਹੈ। ਇਹ ਵਿਸ਼ੇਸ਼ ਤੌਰ ’ਤੇ ਉਨ੍ਹਾਂ ਲੋਕਾਂ ’ਚ ਹੁੰਦਾ ਹੈ, ਜੋ ਮਾਸਾਹਾਰੀ ਖਾਣਾ ਨਹੀਂ ਖਾਂਦੇ। ਉਹ ਮੁੱਖ ਤੌਰ ’ਤੇ ਸ਼ਾਕਾਹਾਰੀ ਹਨ।