ਇਨਫਲੂਏਂਜਾ ਯਾਨੀ ਫਲੂ ਇਕ ਤਰ੍ਹਾਂ ਦਾ ਵਾਇਰਸ ਇਨਫੈਕਸ਼ਨ ਹੈ, ਜਿਸ ਨਾਲ ਮਰੀਜ਼ ਦਾ ਸਾਹ ਤੰਤਰ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।
ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਇਨਫਲੂਏਂਜਾ ਯਾਨੀ ਫਲੂ ਇਕ ਤਰ੍ਹਾਂ ਦਾ ਵਾਇਰਸ ਇਨਫੈਕਸ਼ਨ ਹੈ, ਜਿਸ ਨਾਲ ਮਰੀਜ਼ ਦਾ ਸਾਹ ਤੰਤਰ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਬੱਚਿਆਂ ਦੇ ਨਾਲ-ਨਾਲ ਬਾਲਗ ਖ਼ਾਸ ਕਰ ਗਰਭਵਤੀ ਔਰਤਾਂ ਤੇ ਕਮਜ਼ੋਰ ਪ੍ਰਤੀਰੱਖਿਆ ਤੰਤਰ ਵਾਲੇ ਲੋਕਾਂ 'ਚ ਫਲੂ ਦੇ ਵਾਇਰਸ ਨਾਲ ਸੰਕ੍ਰਮਿਤ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਰਹਿੰਦਾ ਹੈ। ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਆਸਾਨ ਤੇ ਅਸਰਕਾਰਕ ਤਰੀਕਾ ਹੈ 'ਟੀਕਾ'। ਮੌਸਮੀ ਫਲੂ ਤੋਂ ਬਚਣ ਲਈ ਹਰ ਸਾਲ ਟੀਕਾ ਲਗਵਾਉਣਾ ਪੈਂਦਾ ਹੈ। ਹਾਲੀਆ ਹੀ 'ਚ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਦੋਂ ਟੀਕਾ ਲਗਵਾਉਣ ਤੋਂ ਬਾਅਦ ਵੀ ਵਿਅਕਤੀ ਸੰਕ੍ਰਮਿਤ ਹੋ ਗਿਆ। ਇਸ ਕਾਰਨ ਕਈ ਲੋਕ ਮੰਨਣ ਲੱਗੇ ਸਨ ਕਿ ਫਲੂ ਦੇ ਟੀਕੇ ਬੇਅਸਰ ਹੋ ਰਹੇ ਹਨ। ਹਾਲਾਂਕਿ, ਵਿਗਿਆਨੀ ਇਸ ਤੋਂ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਲੂ ਦਾ ਟੀਕਾ ਬੇਅਸਰ ਨਹੀਂ ਹੈ। ਹਾਂ, ਸਹੀ ਤੇ ਇਕ ਨਿਸ਼ਚਿਤ ਸਮੇਂ 'ਤੇ ਟੀਕਾ ਨਾ ਲਗਵਾਉਣ ਨਾਲ ਉਸ ਦਾ ਅਸਰ ਘੱਟ ਜ਼ਰੂਰ ਹੋ ਜਾਂਦਾ ਹੈ।
ਸਭ ਤੋਂ ਪਹਿਲਾਂ ਇਮਿਊਨਾਈਜ਼ੇਸ਼ਨ ਪ੍ਰੈਕਟਿਸ ਐਡਵਾਈਜ਼ਰੀ ਕਮੇਟੀ ਨੇ ਫਲੂ ਟੀਕੇ ਦੇ ਅਸਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। ਉਸ ਦਾ ਕਹਿਣਾ ਸੀ ਕਿ 65 ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਫਲੂ ਦੇ ਸੀਜ਼ਨ ਤੋਂ ਬਹੁਤ ਪਹਿਲਾਂ ਟੀਕਾ ਨਹੀਂ ਲਗਵਾਉਣਾ ਚਾਹੀਦਾ, ਕਿਉਂਕਿ ਕੁਝ ਮਹੀਨਿਆਂ 'ਚ ਹੀ ਟੀਕੇ ਕਾਰਨ ਸਰੀਰ 'ਚ ਬਣੀ ਐਂਟੀਬਾਡੀ ਘਟਣ ਲਗਦੀ ਹੈ। ਇਸ ਤੋਂ ਬਾਅਦ ਹੋਏ ਕਈ ਸ਼ੋਧਾਂ 'ਚ ਹੀ ਇਹੀ ਗੱਲ ਸਾਹਮਣੇ ਆਈ ਹੈ। ਯੂਰਪ 'ਚ ਹੋਏ ਇਕ ਸ਼ੋਧ ਮੁਤਾਬਕ, ਟੀਕਾ ਲੱਗਣ ਦੇ ਇਕ ਦੋ ਮਹੀਨਿਆਂ ਬਾਅਦ ਤੋਂ ਹੀ ਉਸ ਦਾ ਅਸਰ ਘੱਟ ਹੋਣ ਲਗਦਾ ਹੈ। 2011-12 'ਚ ਫਲੂ ਦਾ ਟੀਕਾ ਲਗਵਾਉਣ ਵਾਲੇ ਲੋਕਾਂ 'ਤੇ ਸ਼ੋਧ ਤੋਂ ਬਾਅਦ ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਦਾਅਵਾ ਹੈ ਕਿ ਹਰ ਮਹੀਨੇ ਟੀਕੇ ਦਾ ਅਸਰ ਛੇ ਤੋਂ 11 ਫ਼ੀਸਦੀ ਤਕ ਘੱਟ ਹੁੰਦਾ ਹੈ। ਅਜਿਹੇ 'ਚ ਟੀਕਾ ਲਗਵਾਉਣ ਦਾ ਸਮਾਂ ਸਭ ਤੋਂ ਅਹਿਮ ਹੋ ਜਾਂਦਾ ਹੈ।
ਕਦੋਂ ਲੱਗਣਾ ਚਾਹੀਦਾ ਹੈ ਟੀਕਾ?
ਸੀਜ਼ਨਲ ਫਲੂ ਤੋਂ ਬਚਣ ਲਈ ਟੀਕਾ ਨਿਸ਼ਚਤ ਸਮੇਂ 'ਤੇ ਹੀ ਲਗਾਇਆ ਜਾਣਾ ਜ਼ਰੂਰੀ ਹੈ। ਅਜਿਹਾ ਕਰਨ 'ਤੇ ਹੀ ਇਨਫੈਕਸ਼ਨ ਵੇਲੇ ਵਿਅਕਤੀ ਸੁਰੱਖਿਅਤ ਰਹਿ ਸਕਦਾ ਹੈ। ਵਿਗਿਆਨੀਆਂ ਮੁਤਾਬਕ, ਫਲੂ ਸਰਦੀ ਦੇ ਮੌਸਮ 'ਚ ਜ਼ਿਆਦਾ ਫੈਲਦਾ ਹੈ। ਇਸ ਲਈ ਨਾ ਤਾਂ ਗਰਮੀ ਵੇਲੇ ਟੀਕਾ ਲਗਾਉਣਾ ਚਾਹੀਦਾ ਹੈ ਤੇ ਨਾ ਹੀ ਸਰਦੀ ਸ਼ੁਰੂ ਹੋਣ ਤੋਂ ਬਾਅਦ। ਜ਼ਿਆਦਾਤਰ ਲੋਕਾਂ ਲਈ ਟੀਕਾ ਲਗਵਾਉਣ ਦਾ ਸਭ ਤੋਂ ਸਹੀ ਸਮਾਂ ਅਕਤੂਬਰ ਮਹੀਨਾ ਹੋ ਸਕਦਾ ਹੈ।
ਕਿਸ ਤਰ੍ਹਾਂ ਕੰਮ ਕਰਦਾ ਹੈ ਟੀਕਾ
ਟੀਕਾ ਲੱਗਣ ਦੇ ਕਰੀਬ ਦੋ ਹਫ਼ਤੇ ਬਾਅਦ ਸਰੀਰ ਐਂਟੀਬਾਡੀ ਤਿਆਰ ਕਰਨਾ ਸ਼ੁਰੂ ਕਰਦਾ ਹੈ। ਇਹ ਐਂਟੀਬਾਡੀ ਉਨ੍ਹਾਂ ਸਾਰੇ ਵਾਇਰਸ ਤੋਂ ਸਰੀਰ ਦੀ ਰੱਖਿਆ ਕਰਦੇ ਹਨ, ਜੋ ਟੀਕੇ 'ਚ ਮੌਜੂਦ ਸਨ। ਕਿਉਂਕਿ ਫਲੂ ਦੇ ਵਾਇਰਸ 'ਚ ਲਗਾਤਾਰ ਬਦਲਾਅ ਹੁੰਦਾ ਰਹਿੰਦਾ ਹੈ। ਇਸ ਲਈ ਹਰੇਕ ਦੋ ਸਾਲ 'ਚ ਫਲੂ ਦੇ ਨਵੇਂ ਟੀਕੇ ਤਿਆਰ ਕੀਤੇ ਜਾਂਦੇ ਹਨ।