ਹਸਪਤਾਲਾਂ 'ਚ ਵੈਂਟੀਲੇਟਰ ਆਪਰੇਟ ਕਰਨ ਦਾ ਕੰਮ ਐਨੇਸਥੀਸੀਆ ਮਾਹਿਰ ਜਾਂ ਤਕਨੀਸ਼ੀਅਨ ਹੀ ਕਰਦੇ ਹਨ ਪਰ ਹਾਈ ਡਿਪੈਂਡੈਂਸੀ ਯੂਨਿਟ 'ਚ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਸੀਮਤ ਸਟਾਫ ਕਾਰਨ ਜ਼ਿਆਦਾਤਰ ਥਾਵਾਂ 'ਤੇ ਵਾਰਡ ਬੁਆਏ ਜਾਂ ਅਟੈਂਡੈਂਟ ਹੀ ਮਰੀਜ਼ ਦੀ ਆਕਸੀਜਨ ਦੀ ਮਾਤਰਾ ਤੈਅ ਕਰ ਰਹੇ ਹਨ।

ਜੇਐੱਨਐੱਨ, ਜਲੰਧਰ : ਦੇਸ਼ ਭਰ 'ਚ ਕੋਰੋਨਾ ਮਰੀਜ਼ ਹਸਪਤਾਲਾਂ ਤੋਂ ਇਲਾਵਾ ਘਰਾਂ 'ਚ ਵੀ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ ਮਰੀਜ਼ਾਂ ਲਈ ਆਕਸੀਜਨ ਦਾ ਮੁਹੱਈਆ ਹੋਣਾ ਤਾਂ ਜ਼ਰੂਰੀ ਹੈ ਹੀ ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਆਕਸੀਜਨ ਕਦੋਂ, ਕਿਵੇਂ ਅਤੇ ਕਿੰਨੀ ਮਾਤਰਾ 'ਚ ਦਿੱਤੀ ਜਾਵੇ। ਜੇ ਇਸ 'ਚ ਥੋੜ੍ਹੀ ਜਿਹੀ ਵੀ ਕੋਤਾਹੀ ਹੋਵੇਗੀ ਤਾਂ ਆਕਸੀਜਨ ਮੁਹੱਈਆ ਹੋਣ ਦੇ ਬਾਵਜੂਦ ਮਰੀਜ਼ ਦੀ ਜਾਨ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਵੈਂਟੀਲੇਟਰ 'ਤੇ ਹੋਣ ਦੇ ਬਾਵਜੂਦ ਵੱਡੀ ਗਿਣਤੀ 'ਚ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਜਿਨ੍ਹਾਂ ਲੋਕਾਂ ਨੇ ਘਰ 'ਚ ਹੀ ਮਰੀਜ਼ ਨੂੰ ਆਕਸੀਜਨ ਦੇਣ ਦਾ ਪ੍ਰਬੰਧ ਕੀਤਾ ਹੈ, ਉਨ੍ਹਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਹਸਪਤਾਲਾਂ 'ਚ ਵੈਂਟੀਲੇਟਰ ਆਪਰੇਟ ਕਰਨ ਦਾ ਕੰਮ ਐਨੇਸਥੀਸੀਆ ਮਾਹਿਰ ਜਾਂ ਤਕਨੀਸ਼ੀਅਨ ਹੀ ਕਰਦੇ ਹਨ ਪਰ ਹਾਈ ਡਿਪੈਂਡੈਂਸੀ ਯੂਨਿਟ 'ਚ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਸੀਮਤ ਸਟਾਫ ਕਾਰਨ ਜ਼ਿਆਦਾਤਰ ਥਾਵਾਂ 'ਤੇ ਵਾਰਡ ਬੁਆਏ ਜਾਂ ਅਟੈਂਡੈਂਟ ਹੀ ਮਰੀਜ਼ ਦੀ ਆਕਸੀਜਨ ਦੀ ਮਾਤਰਾ ਤੈਅ ਕਰ ਰਹੇ ਹਨ। ਉਹ ਆਕਸੀਜਨ ਤਾਂ ਲਗਾਤਾਰ ਦਿੰਦੇ ਰਹਿੰਦੇ ਹਨ ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਆਕਸੀਜਨ ਦੀ ਮਾਤਰਾ ਅਤੇ ਪ੍ਰੈਸ਼ਰ ਤੈਅ ਕਰਨ 'ਚ ਭੁੱਲ ਕਰ ਜਾਂਦੇ ਹਨ। ਜ਼ਿਆਦਾ ਪ੍ਰੈਸ਼ਰ ਨਾਲ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ ਅਤੇ ਹੌਲੀ-ਹੌਲੀ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ। ਕਈ ਵਾਰ ਮੌਤ ਵੀ ਹੋ ਜਾਂਦੀ ਹੈ।
ਇਸ ਗੱਲ ਨੂੰ ਡਾਕਟਰ ਵੀ ਮੰਨਦੇ ਹਨ ਕਿ ਵਾਰਡ ਬੁਆਏ ਤੇ ਸਟਾਫ ਦੇ ਬਾਕੀ ਲੋਕ ਆਕਸੀਜਨ ਦੇਣ ਦੇ ਸਹੀ ਤਰੀਕੇ ਦੀ ਪੂਰੀ ਜਾਣਕਾਰੀ ਨਹੀਂ ਰੱਖਦੇ। ਹਸਪਤਾਲਾਂ 'ਚ ਆਈਸੀਯੂ ਦੇ ਕੰਮ 'ਚ ਸਮਰਥ ਲੋਕਾਂ ਦੀ ਕਮੀ ਹੈ। ਜਾਗਰਣ ਨੇ ਇਸ ਵਿਸ਼ੇ 'ਤੇ ਵੱਡੇ ਹਸਪਤਾਲਾਂ ਦੇ ਮਾਹਿਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਕਸੀਜਨ ਦੇਣ ਦੀ ਪ੍ਰਕਿਰਿਆ ਦੀ ਜਾਣਕਾਰੀ ਵਿਸਥਾਰ ਨਾਲ ਦੱਸੀ ਤਾਂ ਕਿ ਸਟਾਫ ਦੇ ਨਾਲ-ਨਾਲ ਮਰੀਜ਼ਾਂ ਦੇ ਅਟੈਂਡੈਂਟ ਵੀ ਜਾਗਰੂਕ ਹੋ ਸਕਣ।
ਗ਼ਲਤ ਤਰੀਕੇ ਨਾਲ ਨੁਕਸਾਨ
ਜਲੰਧਰ ਦੇ ਸੇਵਾਮੁਕਤ ਐਨੇਸਥੀਸੀਆ ਮਾਹਿਰ ਡਾ. ਅਵਨੀਸ਼ ਭਗਤ ਅਤੇ ਕਿਸ਼ੋਰੀ ਰਾਮ ਹਸਪਤਾਲ, ਬਠਿੰਡਾ ਦੇ ਡਾ. ਵਿਤੁਲ ਗੁਪਤਾ ਮੁਤਾਬਕ ਜ਼ਿਆਦਾ ਪ੍ਰੈਸ਼ਰ ਨਾਲ ਆਕਸੀਜਨ ਦੇਣਾ ਜਾਂ ਬੇਵਜ੍ਹਾ ਆਕਸੀਜਨ ਦੇਣਾ ਮਰੀਜ਼ ਲਈ ਖ਼ਤਰਨਾਕ ਹੋ ਸਕਦਾ ਹੈ। ਆਕਸੀਜਨ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰ ਦਿੰਦੀ ਹੈ ਜਿਸ ਕਾਰਨ ਫੇਫੜਿਆਂ ਦੀ ਕਾਰਜਪ੍ਰਣਾਲੀ 'ਤੇ ਅਸਰ ਪੈਂਦਾ ਹੈ ਤੇ ਸਰੀਰ ਦੇ ਅੰਗਾਂ ਨੂੰ ਤਾਜ਼ਾ ਆਕਸੀਜਨ ਨਾ ਮਿਲਣ ਨਾਲ ਇਹ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਕਿਉਂ ਪੈਂਦੀ ਹੈ ਜ਼ਰੂਰਤ
-ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ, ਪਟਿਆਲਾ ਦੇ ਵਾਈਸ ਪਿ੍ੰਸੀਪਲ ਡਾ. ਆਰਪੀਐੱਸ ਸੀਬੀਆ ਮੁਤਾਬਕ ਕੋਰੋਨਾ ਇਨਫੈਕਸ਼ਨ ਕਾਰਨ ਮਰੀਜ਼ ਦੇ ਫੇਫੜਿਆਂ ਦਾ ਇਕ ਹਿੱਸਾ ਸਖ਼ਤ ਹੋ ਜਾਂਦਾ ਹੈ, ਜਿਸ ਨੂੰ ਫਾਈਬ੍ਰੋਸਿਸ ਕਹਿੰਦੇ ਹਨ।
-ਫਾਈਬ੍ਰੋਸਿਸ 'ਚ ਫੇਫੜੇ ਢੁੱਕਵੀਂ ਆਕਸੀਜਨ ਨਹੀਂ ਖਿੱਚ ਪਾਉਂਦੇ। ਨਾ ਹੀ ਸਰੀਰ ਦੇ ਅੰਦਰ ਮੌਜੂਦ ਕਾਰਬਨ ਡਾਇਓਅਕਸਾਈਡ ਬਾਹਰ ਨਿਕਲ ਪਾਉਂਦੀ ਹੈ। ਮਰੀਜ਼ ਨੂੰ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ।
-ਜਿਵੇਂ ਹੀ ਕੰਟਰੋਲ ਪ੍ਰੈਸ਼ਰ ਨਾਲ ਆਕਸੀਜਨ ਦਿੱਤੀ ਜਾਂਦੀ ਹੈ ਤਾਂ ਸਰੀਰ ਤੋਂ ਕਾਰਬਨ ਡਾਇਓ-ਆਕਸਾਈਡ ਬਾਹਰ ਨਿਕਲਣ ਲੱਗਦੀ ਹੈ ਅਤੇ ਮਰੀਜ਼ ਨੂੰ ਸਾਹ ਆਉਣ ਲੱਗਦਾ ਹੈ।
ਕਦੋਂ ਦੇਣੀ ਚਾਹੀਦੀ ਹੈ ਆਕਸੀਜਨ
-ਫੋਰਟਿਸ ਹਸਪਤਾਲ, ਲੁਧਿਆਣਾ ਦੇ ਕ੍ਰਿਟੀਕਲ ਕੇਅਰ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ. ਵਿਨੇ ਸਿੰਘਲ ਕਹਿੰਦੇ ਹਨ ਕਿ ਮਰੀਜ਼ ਦਾ ਆਕਸੀਜਨ ਸੈਚੁਰੇਸ਼ਨ ਲੈਵਲ ਦੇਖਿਆ ਜਾਂਦਾ ਹੈ। ਜੇਕਰ ਇਹ ਲੈਵਲ 80 ਫ਼ੀਸਦੀ ਤੋਂ ਹੇਠਾਂ ਹੈ ਤਾਂ ਆਕਸੀਜਨ ਦਿੱਤੀ ਜਾਂਦੀ ਹੈ।
-94 ਤੋਂ ਜ਼ਿਆਦਾ ਆਕਸੀਜਨ ਸੈਚੁਰੇਸ਼ਨ ਲੈਵਲ ਠੀਕ ਮੰਨਿਆ ਜਾਂਦਾ ਹੈ ਪਰ ਕਈ ਵਾਰ ਵਾਰਡ ਬੁਆਏ ਜਾਂ ਅਟੈਂਡੈਂਟ ਘਬਰਾ ਕੇ 94 ਤੋਂ ਜ਼ਿਆਦਾ ਲੈਵਲ ਹੋਣ 'ਤੇ ਵੀ ਆਕਸੀਜਨ ਲਗਾ ਦਿੰਦੇ ਹਨ। ਇਹ ਠੀਕ ਨਹੀਂ ਹੈ।
ਕਿਵੇਂ ਦੇਣੀ ਹੈ ਆਕਸੀਜਨ
-ਅੰਮਿ੍ਤਸਰ ਦੇ ਪ੍ਰੀਤ ਹਸਪਤਾਲ ਦੇ ਸਰਜਨ ਡਾ. ਜੇਐੱਸ ਗਰੋਵਰ ਕਹਿੰਦੇ ਹਨ ਕਿ ਜੇਕਰ ਸੈਚੁਰੇਸ਼ਨ ਲੈਵਲ 80 ਫ਼ੀਸਦੀ ਤੋਂ ਹੇਠਾਂ ਚਲਾ ਗਿਆ ਹੈ ਤਾਂ ਸਭ ਤੋਂ ਪਹਿਲਾਂ ਇਸ ਨੂੰ 90 ਫ਼ੀਸਦੀ ਤਕ ਲਿਆਉਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸੈਚੁਰੇਸ਼ਨ ਲੈਵਲ ਨੂੰ ਸਿੱਧੇ 95-100 ਫ਼ੀਸਦੀ 'ਤੇ ਲੈ ਆਈਏ।
-ਆਕਸੀਜਨ ਦੇਣ ਦੇ ਬਹੁਤ ਸਾਰੇ ਮਾਧਿਅਮ ਹਨ। ਪਹਿਲਾ ਨੱਕ ਵਿਚ ਛੋਟੀ ਪਾਈਪ ਪਾ ਕੇ, ਦੂਜਾ ਮਾਸਕ ਪਾ ਕੇ, ਤੀਜਾ ਹਾਈ ਫਲੋ ਨੇਜ਼ਲ ਰਾਹੀਂ ਆਕਸੀਜਨ ਦੇ ਕੇ। ਜੇਕਰ ਇਸ ਨਾਲ ਵੀ ਮਰੀਜ਼ ਦੀ ਹਾਲਤ ਨਾ ਸੁਧਰੇ ਤਾਂ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ।
ਕਿੰਨੀ ਮਾਤਰਾ 'ਚ ਆਕਸੀਜਨ ਦੇਈਏ
ਜਲੰਧਰ ਦੇ ਵੇਦਾਂਤਾ ਹਸਪਤਾਲ ਦੇ ਪਲਮੋਨਰੀ (ਛਾਤੀ ਰੋਗ) ਮਾਹਿਰ ਡਾ. ਅਰੁਣ ਵਾਲੀਆ ਨੇ ਦੱਸਿਆ ਕਿ ਜਦੋਂ ਮਰੀਜ਼ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਦੇ ਹਾਂ ਤਾਂ ਮੋਨੀਟਰ ਰਾਹੀਂ ਦੇਖਿਆ ਜਾਂਦਾ ਹੈ ਕਿ ਕਿੰਨਾ ਪ੍ਰਰੈਸ਼ਰ ਦੇਣਾ ਹੈ ਅਤੇ ਇਕ ਮਿੰਟ ਵਿਚ ਕਿੰਨੀ ਆਕਸਜੀਨ ਦੇਣੀ ਹੈ।
-ਆਮ ਤੌਰ 'ਤੇ ਮਰੀਜ਼ ਨੂੰ ਓਨੀ ਹੀ ਆਕਸਜੀਨ ਦਿੱਤੀ ਜਾਂਦੀ ਹੈ ਜਿਸ ਨਾਲ ਖ਼ੂਨ ਵਿਚ ਆਕਸਜੀਨ ਦੀ ਮਾਤਰਾ 90 ਫ਼ੀਸਦੀ ਤਕ ਆ ਜਾਵੇ। ਵੈਂਟੀਲੇਟਰ 'ਤੇ ਘੱਟੋ-ਘੱਟ 21 ਫ਼ੀਸਦੀ ਦਿੰਦੇ ਹਨ। ਹਾਲਾਂਕਿ, ਇਹ ਮਰੀਜ਼ ਦੀ ਹਾਲਤ 'ਤੇ ਨਿਰਭਰ ਕਰਦਾ ਹੈ।