- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਸ਼ਲਾਘਾਯੋਗ ਕਦਮ ਹੈ, ਜੋ ਡੇਂਗੂ ਵਰਗੀਆਂ ਜਾਨਲੇਵਾ ਬਿਮਾਰੀਆਂ ਨਾਲ ਲੜਨ ਲਈ ਸਮਾਜਿਕ ਭਾਗੀਦਾਰੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਹ ਮੁਹਿੰਮ ਹਰ ਹਫ਼ਤੇ, ਖ਼ਾਸ ਕਰਕੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਤੇ ਡੇਂਗੂ ਮੱਛਰਾਂ ਦੇ ਪ੍ਰਜਣਨ ਸਥਾਨਾਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਦੀ ਹੈ।

ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਸ਼ਲਾਘਾਯੋਗ ਕਦਮ ਹੈ, ਜੋ ਡੇਂਗੂ ਵਰਗੀਆਂ ਜਾਨਲੇਵਾ ਬਿਮਾਰੀਆਂ ਨਾਲ ਲੜਨ ਲਈ ਸਮਾਜਿਕ ਭਾਗੀਦਾਰੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਹ ਮੁਹਿੰਮ ਹਰ ਹਫ਼ਤੇ, ਖ਼ਾਸ ਕਰਕੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਤੇ ਡੇਂਗੂ ਮੱਛਰਾਂ ਦੇ ਪ੍ਰਜਣਨ ਸਥਾਨਾਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹ ਸਿਰਫ਼ ਸਰਕਾਰੀ ਪ੍ਰੋਗਰਾਮ ਨਹੀਂ ਸਗੋਂ ਸਮੂਹਿਕ ਜ਼ਿੰਮੇਵਾਰੀ ਦਾ ਸੱਦਾ ਹੈ, ਜਿਸ ਵਿਚ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡੇਂਗੂ ਅਜਿਹੀ ਬਿਮਾਰੀ ਹੈ, ਜਿਸ ਦਾ ਫੈਲਾਅ ਰੋਕਣ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਇਹ ਮੁਹਿੰਮ ਇਸੇ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਜੇ ਹਰ ਵਿਅਕਤੀ ਆਪਣੀ ਥੋੜ੍ਹੀ ਜਿਹੀ ਜ਼ਿੰਮੇਵਾਰੀ ਸਮਝ ਲਵੇ ਤੇ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖੇ, ਤਾਂ ਡੇਂਗੂ ਦੇ ਮਾਮਲਿਆਂ ਵਿਚ ਕਾਫ਼ੀ ਕਮੀ ਲਿਆਂਦੀ ਜਾ ਸਕਦੀ ਹੈ। ਇਸ ਮੁਹਿੰਮ ਦੇ ਬਹੁਤ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਸਾਲਾਂ ਦੇ ਮੁਕਾਬਲੇ ਡੇਂਗੂ ਦੇ ਕੇਸਾਂ ’ਚ ਵੱਡੀ ਕਮੀ ਸਾਹਮਣੇ ਆਈ ਹੈ।
ਮੁਹਿੰਮ ਦਾ ਉਦੇਸ਼
‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਦਾ ਮੁੱਖ ਉਦੇਸ਼ ਡੇਂਗੂ ਦੇ ਪ੍ਰਸਾਰ ਨੂੰ ਰੋਕਣਾ ਤੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤਹਿਤ ਹਰ ਸ਼ੁੱਕਰਵਾਰ ਨੂੰ ਲੋਕਾਂ ਨੂੰ ਆਪਣੇ ਘਰਾਂ, ਦਫ਼ਤਰਾਂ, ਸਕੂਲਾਂ ਤੇ ਹੋਰ ਜਨਤਕ ਥਾਵਾਂ ’ਤੇ ਪਾਣੀ ਦੇ ਭੰਡਾਰਨ ਵਾਲੀਆਂ ਥਾਵਾਂ ਦੀ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਨ੍ਹਾਂ ਥਾਵਾਂ ਵਿਚ ਕੂਲਰ, ਗਮਲੇ, ਟਾਇਰ, ਟੁੱਟੇ ਬਰਤਨ ਅਤੇ ਕੋਈ ਵੀ ਅਜਿਹਾ ਸਥਾਨ ਸ਼ਾਮਿਲ ਹੈ, ਜਿੱਥੇ ਪਾਣੀ ਇਕੱਠਾ ਹੋ ਸਕਦਾ ਹੈ ਅਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਲਈ ਪ੍ਰਜਨਣ ਸਥਾਨ ਬਣ ਸਕਦਾ ਹੈ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਤੇ ਡੇਂਗੂ ਦੀ ਰੋਕਥਾਮ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦੇ ਹਨ। ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ’ਚ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਹ ਨਿਰੰਤਰ ਪ੍ਰਕਿਰਿਆ ਹੈ, ਜੋ ਮੌਨਸੂਨ ਦੇ ਮੌਸਮ ਵਿਚ ਹੋਰ ਵੀ ਤੇਜ਼ ਹੋ ਜਾਂਦੀ ਹੈ ਕਿਉਂਕਿ ਇਸ ਸਮੇਂ ਡੇਂਗੂ ਦੇ ਮਾਮਲੇ ਵਧਣ ਦੀ ਸੰਭਾਵਨਾ ਹੁੰਦੀ ਹੈ।
ਜਾਨਲੇਵਾ ਬਿਮਾਰੀ
ਡੇਂਗੂ ਮੱਛਰ ਤੋਂ ਪੈਦਾ ਹੋਣ ਵਾਲੀ ਵਾਇਰਲ ਬਿਮਾਰੀ ਹੈ, ਜੋ ਏਡੀਜ਼ ਏਜਿਪਟੀ (Aedes aegypti) ਨਾਮਕ ਮਾਦਾ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਆਮ ਤੌਰ ’ਤੇ ਦਿਨ ਵੇਲੇ ਕੱਟਦੇ ਹਨ ਅਤੇ ਸਾਫ਼ ਪਾਣੀ ’ਚ ਪੈਦਾ ਹੁੰਦੇ ਹਨ।
ਲੱਛਣ
ਡੇਂਗੂ ਦੇ ਲੱਛਣ ਆਮ ਤੌਰ ’ਤੇ ਮੱਛਰ ਦੇ ਕੱਟਣ ਤੋਂ 4-10 ਦਿਨਾਂ ਬਾਅਦ ਦਿਖਾਈ ਦਿੰਦੇ ਹਨ। ਇਨ੍ਹਾਂ ਵਿਚ ਸ਼ਾਮਿਲ ਹਨ:
- ਤੇਜ਼ ਬੁਖ਼ਾਰ (104°F ਜਾਂ 40°C ਤਕ): ਇਹ ਡੇਂਗੂ ਦਾ ਸਭ ਤੋਂ ਆਮ ਲੱਛਣ ਹੈ।
- ਗੰਭੀਰ ਸਿਰ ਦਰਦ : ਖ਼ਾਸ ਕਰਕੇ ਅੱਖਾਂ ਦੇ ਪਿੱਛੇ ਦਰਦ।
- ਮਾਸਪੇਸ਼ੀਆਂ ਤੇ ਜੋੜਾਂ ਵਿਚ ਦਰਦ : ਇਸ ਲਈ ਇਸ ਨੂੰ ਹੱਡੀਆਂ ਤੋੜ ਬੁਖ਼ਾਰ ਵੀ ਕਿਹਾ ਜਾਂਦਾ ਹੈ।
- ਚਮੜੀ ’ਤੇ ਧੱਫੜ : ਬੁਖ਼ਾਰ ਸ਼ੁਰੂ ਹੋਣ ਤੋਂ 2-5 ਦਿਨਾਂ ਬਾਅਦ ਲਾਲ ਰੰਗ ਦੇ ਧੱਫੜ ਹੋ ਸਕਦੇ ਹਨ।
- ਉਲਟੀਆਂ : ਭੁੱਖ ਨਾ ਲੱਗਣਾ ਵੀ ਆਮ ਹੈ।
- ਗ੍ਰੰਥੀਆਂ ’ਚ ਸੋਜ਼ : ਲਿੰਫ ਨੋਡਸ ’ਚ ਸੋਜ਼ ਹੋ ਸਕਦੀ ਹੈ।
- ਥਕਾਵਟ ਤੇ ਕਮਜ਼ੋਰੀ: ਸਰੀਰ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਗੰਭੀਰ ਡੇਂਗੂ ਦੇ ਲੱਛਣਾਂ ਵਿਚ ਪੇਟ ’ਚ ਤੇਜ਼ ਦਰਦ, ਲਗਾਤਾਰ ਉਲਟੀਆਂ, ਤੇਜ਼ੀ ਨਾਲ ਸਾਹ ਲੈਣਾ, ਮਸੂੜਿਆਂ ਜਾਂ ਨੱਕ ਵਿੱਚੋਂ ਖ਼ੂਨ ਵਗਣਾ, ਚਮੜੀ ਦੇ ਹੇਠਾਂ ਖ਼ੂਨ ਦੇ ਧੱਬੇ, ਬੇਚੈਨੀ ਅਤੇ ਸੁਸਤੀ ਸ਼ਾਮਿਲ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਇਲਾਜ
ਡੇਂਗੂ ਲਈ ਕੋਈ ਖ਼ਾਸ ਐਂਟੀਵਾਇਰਲ ਦਵਾਈ ਮੁਹੱਈਆ ਨਹੀਂ ਹੈ। ਇਲਾਜ ਮੁੱਖ ਤੌਰ ’ਤੇ ਲੱਛਣਾਂ ਤੋਂ ਰਾਹਤ ਪ੍ਰਦਾਨ ਕਰਨ ’ਤੇ ਕੇਂਦਰਿਤ ਹੁੰਦਾ ਹੈ। ਇਸ ’ਚ ਸ਼ਾਮਿਲ ਹਨ:
ਆਰਾਮ : ਸੰਕ੍ਰਮਿਤ ਵਿਅਕਤੀ ਨੂੰ ਪੂਰਾ ਆਰਾਮ ਕਰਨਾ ਚਾਹੀਦਾ ਹੈ।
ਤਰਲ ਪਦਾਰਥਾਂ ਦਾ ਸੇਵਨ: ਡੀਹਾਈਡ੍ਰੇਸ਼ਨ ਤੋਂ ਬਚਣ ਲਈ ਪਾਣੀ, ਨਾਰੀਅਲ ਪਾਣੀ, ਫਲਾਂ ਦਾ ਰਸ ਅਤੇ ਓਆਰਐੱਸ ਵਰਗੇ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ।
ਬੁਖ਼ਾਰ ਤੇ ਦਰਦ ਲਈ ਦਵਾਈਆਂ : ਕਦੇ ਵੀ ਡਾਕਟਰ ਦੀ ਸਲਾਹ ਤੋਂ ਬਗ਼ੈਰ ਦਵਾਈ ਨਾ ਲਈ ਜਾਵੇ। ਪੈਰਾਸੀਟਾਮੋਲ ਬੁਖ਼ਾਰ ਤੇ ਦਰਦ ਘਟਾਉਣ ਲਈ ਵਰਤੀ ਜਾ ਸਕਦੀ ਹੈ। ਐਸਪਰੀਨ ਜਾਂ ਆਈਬੂਪ੍ਰੋਫੇਨ ਵਰਗੀਆਂ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਖ਼ੂਨ ਵਗਣ ਦਾ ਖ਼ਤਰਾ ਵਧਾ ਸਕਦੀਆਂ ਹਨ।
ਪ੍ਰਭਾਵਸ਼ਾਲੀ ਹੱਲ
ਡੇਂਗੂ ਲਈ ਕੋਈ ਖ਼ਾਸ ਦਵਾਈ ਨਹੀਂ ਹੈ, ਇਸ ਲਈ ਇਸ ਦੀ ਰੋਕਥਾਮ ਹੀ ਸਭ ਤੋਂ ਵਧੀਆ ਹੱਲ ਹੈ। ਰੋਕਥਾਮ ਦੇ ਮੁੱਖ ਉਪਾਅ ਹੇਠ ਲਿਖੇ ਅਨੁਸਾਰ ਹਨ:
- ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨਾ।
- ਆਪਣੇ ਘਰ ਤੇ ਆਲੇ-ਦੁਆਲੇ ਪਾਣੀ ਜਮ੍ਹਾ ਨਾ ਹੋਣ ਦਿਉ।
- ਕੂਲਰਾਂ ਦਾ ਪਾਣੀ ਹਫ਼ਤੇ ’ਚ ਇਕ ਵਾਰ ਬਦਲੋ ਤੇ ਉਨ੍ਹਾਂ ਨੂੰ ਸਾਫ਼ ਕਰੋ।
- ਪਾਣੀ ਦੀਆਂ ਟੈਂਕੀਆਂ ਨੂੰ ਢਕ ਕੇ ਰੱਖੋ।
- ਗਮਲਿਆਂ ਦੀਆਂ ਟਰੇਆਂ ਵਿੱਚੋਂ ਪਾਣੀ ਕੱਢ ਦਿਉ ਤੇ ਉਨ੍ਹਾਂ ਨੂੰ ਸੁਕਾਓ।
- ਟੁੱਟੇ ਹੋਏ ਬਰਤਨ, ਟਾਇਰ ਜਾਂ ਕਿਸੇ ਵੀ ਅਜਿਹੀ ਚੀਜ਼ ਨੂੰ ਹਟਾਓ, ਜਿੱਥੇ ਪਾਣੀ ਇਕੱਠਾ ਹੋ ਸਕਦਾ ਹੈ।
- ਬਾਰਿਸ਼ ਦੇ ਪਾਣੀ ਨੂੰ ਇਕੱਠਾ ਹੋਣ ਤੋਂ ਰੋਕੋ।
- ਪੰਛੀਆਂ ਦੇ ਪਾਣੀ ਵਾਲੇ ਬਰਤਨਾਂ ਨੂੰ ਰੋਜ਼ਾਨਾ ਸਾਫ਼ ਕਰੋ।
ਮੱਛਰਾਂ ਦੇ ਕੱਟਣ ਤੋਂ ਬਚਾਅ
ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨੋ, ਖ਼ਾਸ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ।
- ਮੱਛਰ ਭਜਾਉਣ ਵਾਲੀਆਂ ਕ੍ਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।
- ਸੌਂਦੇ ਸਮੇਂ ਮੱਛਰਦਾਨੀ ਦਾ ਪ੍ਰਯੋਗ ਕਰੋ।
- ਘਰਾਂ ਵਿਚ ਮੱਛਰ ਭਜਾਉਣ ਵਾਲੀਆਂ ਮਸ਼ੀਨਾਂ ਜਾਂ ਕੋਇਲਾਂ ਦੀ ਵਰਤੋਂ ਕਰੋ।
- ਖਿੜਕੀਆਂ ਤੇ ਦਰਵਾਜ਼ਿਆਂ ’ਤੇ ਜਾਲੀਆਂ ਲਗਵਾਓ।
ਸਮਾਜਿਕ ਜ਼ਿੰਮੇਵਾਰੀ
ਡੇਂਗੂ ਨਾਲ ਲੜਾਈ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਜੇ ਅਸੀਂ ਸਾਰੇ ਇਕਜੁੱਟ ਹੋ ਕੇ ਕੰਮ ਕਰੀਏ ਅਤੇ ਸਫ਼ਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ, ਤਾਂ ਅਸੀਂ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਆਪਣੇ ਸਮਾਜ ਵਿੱਚੋਂ ਖ਼ਤਮ ਕਰ ਸਕਦੇ ਹਾਂ। ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਆਓ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਸਵੱਛ ਅਤੇ ਸਿਹਤਮੰਦ ਪੰਜਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ। ਇਹ ਸਿਰਫ਼ ਇਕ ਮੁਹਿੰਮ ਨਹੀਂ ਸਗੋਂ ਸਾਡੇ ਸਾਰਿਆਂ ਦੇ ਬਿਹਤਰ ਭਵਿੱਖ ਲਈ ਸਮਾਜਿਕ ਪ੍ਰਤੀਬੱਧਤਾ ਹੈ।
- ਨਰਿੰਦਰ ਪਾਲ ਸਿੰਘ