ਸਾਵਧਾਨ! ਪ੍ਰੀ-ਵਰਕਆਊਟ ਸਪਲੀਮੈਂਟਸ ਖੋਹ ਰਹੇ ਹਨ ਨੌਜਵਾਨਾਂ ਦੀ ਨੀਂਦ; ਨਵੀਂ ਖੋਜ ਵਿੱਚ ਹੋਇਆ ਵੱਡਾ ਖੁਲਾਸਾ
ਅਧਿਐਨ ਮੁਤਾਬਕ, 16 ਤੋਂ 30 ਸਾਲ ਦੀ ਉਮਰ ਦੇ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਸਾਲ ’ਚ ਪ੍ਰੀ-ਵਰਕਆਊਟ ਸਪਲੀਮੈਂਟਸ ਦਾ ਇਸਤੇਮਾਲ ਕੀਤਾ ਸੀ, ਉਨ੍ਹਾਂ ’ਚ ਇਨ੍ਹਾਂ ਉਤਪਾਦਾਂ ਦਾ ਇਸਤੇਮਾਲ ਨਾ ਕਰਨ ਵਾਲਿਆਂ ਦੀ ਤੁਲਨਾ ’ਚ ਹਰ ਰਾਤ ਪੰਜ ਘੰਟੇ ਜਾਂ ਉਸ ਤੋਂ ਘੱਟ ਸੌਣ ਦੀ ਸੰਭਾਵਨਾ ਦੁੱਗਣੀ ਤੋਂ ਜ਼ਿਆਦਾ ਸੀ।
Publish Date: Fri, 13 Mar 2026 11:13 AM (IST)
Updated Date: Fri, 13 Mar 2026 11:16 AM (IST)
ਨਵੀਂ ਦਿੱਲੀ, ਏਐੱਨਆਈ। ਨੌਜਵਾਨਾਂ ’ਚ ਫਿਟਨੈੱਸ ਨੂੰ ਲੈ ਕੇ ਚੱਲ ਰਿਹਾ ਹਰਮਨਪਿਆਰਾ ਚਲਨ ਉਨ੍ਹਾਂ ਦੀ ਨੀਂਦ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾ ਰਿਹਾ ਹੈ। ਟੋਰਾਂਟੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਵਲੋਂ ਕੀਤੇ ਗਏ ਅਧਿਐਨ ’ਚ ਪਾਇਆ ਗਿਆ ਹੈ ਕਿ ਜਿਹੜੇ ਅੱਲ੍ਹੜ ਤੇ ਨੌਜਵਾਨ ਪ੍ਰੀ-ਵਰਕਆਊਟ ਸਪਲੀਮੈਂਟਸ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ’ਚ ਨੀਂਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਧਿਐਨ ਕੈਨੇਡੀਅਨ ਸਟਡੀ ਆਫ ਐਡੋਲਸੈਂਟ ਬਿਹੇਵੀਅਰਸ ਦੇ ਅੰਕੜਿਆਂ ’ਤੇ ਆਧਾਰਤ ਹੈ ਤੇ ਊਰਜਾ ਵਧਾਉਣ ਵਾਲੇ ਫਿਟਨੈੱਸ ਉਤਪਾਦਾਂ ਦੀ ਵਧਦੀ ਲੋਕਪ੍ਰਿਅਤਾ ਨਾਲ ਜੁੜੇ ਸੰਭਾਵਿਤ ਸਿਹਤ ਖਤਰੇ ਨੂੰ ਉਜਾਗਰ ਕਰਦਾ ਹੈ।
ਅਧਿਐਨ ਮੁਤਾਬਕ, 16 ਤੋਂ 30 ਸਾਲ ਦੀ ਉਮਰ ਦੇ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਸਾਲ ’ਚ ਪ੍ਰੀ-ਵਰਕਆਊਟ ਸਪਲੀਮੈਂਟਸ ਦਾ ਇਸਤੇਮਾਲ ਕੀਤਾ ਸੀ, ਉਨ੍ਹਾਂ ’ਚ ਇਨ੍ਹਾਂ ਉਤਪਾਦਾਂ ਦਾ ਇਸਤੇਮਾਲ ਨਾ ਕਰਨ ਵਾਲਿਆਂ ਦੀ ਤੁਲਨਾ ’ਚ ਹਰ ਰਾਤ ਪੰਜ ਘੰਟੇ ਜਾਂ ਉਸ ਤੋਂ ਘੱਟ ਸੌਣ ਦੀ ਸੰਭਾਵਨਾ ਦੁੱਗਣੀ ਤੋਂ ਜ਼ਿਆਦਾ ਸੀ।
ਸਿਹਤ ਮਾਹਿਰ ਆਮਤੌਰ ’ਤੇ ਇਸ ਉਮਰ ਵਰਗ ਦੇ ਲੋਕਾਂ ਲਈ ਹਰ ਰਾਤ ਨੂੰ ਅੱਠ ਘੰਟੇ ਦੀ ਨੀਂਦ ਦੀ ਸਲਾਹ ਦਿੰਦੇ ਹਨ। ਸਾਇੰਸ ਡੇਲੀ ਦੇ ਮੁਤਾਬਕ, ਬੈਂਗ, ਜੈਕ3ਡੀ ਤੇ ਸੀ4 ਵਰਗੇ ਵਿਆਪਕ ਰੂਪ ਨਾਲ ਇਸਤੇਮਾਲ ਕੀਤੇ ਜਾਣ ਵਾਲੇ ਪ੍ਰੀ-ਵਰਕਆਊਟ ਸਪਲੀਮੈਂਟਸ ਨੂੰ ਆਮਤੌਰ ’ਤੇ ਕਸਰਤ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਤੇ ਊਰਜਾ ਪੱਧਰ ਵਧਾਉਣ ਲਈ ਵੇਚਿਆ ਜਾਂਦਾ ਹੈ। ਹਾਲਾਂਕਿ, ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ’ਚੋਂ ਕਈ ਉਤਪਾਦਾਂ ’ਚ ਮੌਜੂਦ ਉੱਤੇਜਕ ਤੱਤਾਂ ਨਾਲ ਭਰਪੂਰ ਫਾਰਮੂਲੇ ਨੀਂਦ ਦੇ ਪੈਟਰਨ ’ਚ ਰੁਕਾਵਟ ਪਾ ਸਕਦੇ ਹਨ।
ਟੋਰਾਂਟੋ ਯੂਨੀਵਰਸਿਟੀ ਦੇ ਫੈਕਟਰ-ਇਨਵੇਂਟੈਸ਼ ਫੈਕਲਟੀ ਆਫ ਸੋਸ਼ਲ ਵਰਕ ਦੇ ਸਹਾਇਕ ਪ੍ਰੋਫੈਸਰ ਤੇ ਅਧਿਐਨ ਦੇ ਪ੍ਰਮੁੱਖ ਲੇਖਕ ਕਾਇਲ ਟੀ ਗੈਨਸਨ ਨੇ ਕਿਹਾ ਕਿ ਪ੍ਰੀ-ਵਰਕਆਊਟ ਸਪਲੀਮੈਂਟਸ, ਜਿਨ੍ਹਾਂ ’ਚ ਅਕਸਰ ਕੈਫੀਨ ਤੇ ਉੱਤੇਜਕ ਤੱਤਾਂ ਦੀ ਉੱਚ ਮਾਤਰਾ ਹੁੰਦੀ ਹੈ, ਕਸਰਤ ਦੇ ਸਮੇਂ ਬਿਹਤਰ ਊਰਜਾ ਪਾਉਣ ਵਾਲੇ ਚਾਹਵਾਨ ਅੱਲ੍ਹੜਾਂ ਤੇ ਨੌਜਵਾਨਾਂ ’ਚ ਤੇਜ਼ੀ ਨਾਲ ਹਰਮਨਪਿਆਰੇ ਹੋ ਰਹੇ ਹਨ। ਗੈਨਸਨ ਨੇ ਕਿਹਾ ਕਿ ਹਾਲਾਂਕਿ, ਅਧਿਐਨ ਦੇ ਸਿੱਟੇ ਇਨ੍ਹਾਂ ਸਪਲੀਮੈਂਟਸ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਦੀ ਸਿਹਤ ਲਈ ਸੰਭਾਵਿਤ ਖਤਰਿਆਂ ਵੱਲ ਇਸ਼ਾਰਾ ਕਰਦੇ ਹਨ।