ਖੋਜ ਵਿੱਚ ਪਾਇਆ ਗਿਆ ਕਿ AI ਦੀ ਮਦਦ ਲੈਣ ਨਾਲ ਰੇਡੀਓਲੋਜਿਸਟਾਂ ਦਾ ਸਕ੍ਰੀਨ ਰੀਡਿੰਗ ਦਾ ਕੰਮ 44 ਫੀਸਦੀ ਤੱਕ ਘੱਟ ਗਿਆ। ਲੁੰਡ ਯੂਨੀਵਰਸਿਟੀ ਦੀ ਡਾ. ਕ੍ਰਿਸਟੀਨਾ ਲੈਂਗ ਨੇ ਦੱਸਿਆ ਕਿ AI ਦੀ ਮਦਦ ਨਾਲ ਕੈਂਸਰ ਦੇ ਖ਼ਤਰਨਾਕ ਰੂਪਾਂ ਨੂੰ ਵੀ ਸ਼ੁਰੂਆਤੀ ਪੜਾਅ ਵਿੱਚ ਫੜਨ ਵਿੱਚ ਮਦਦ ਮਿਲਦੀ ਹੈ।

ਨਵੀਂ ਦਿੱਲੀ (ਏਜੰਸੀ) : ਮੈਡੀਕਲ ਜਗਤ 'ਚ ਤਕਨਾਲੋਜੀ ਨੇ ਇਕ ਹੋਰ ਵੱਡੀ ਪੁਲਾਂਘ ਪੁੱਟੀ ਹੈ। ਸਵੀਡਨ 'ਚ ਹੋਏ ਇਕ ਵਿਆਪਕ ਅਧਿਐਨ ਤੋਂ ਇਹ ਸਾਬਤ ਹੋਇਆ ਹੈ ਕਿ ਛਾਤੀ ਦੇ ਕੈਂਸਰ (Breast Cancer) ਦੀ ਸਕ੍ਰੀਨਿੰਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨਾ ਸਿਰਫ਼ ਸੁਰੱਖਿਅਤ ਹੈ, ਸਗੋਂ ਇਹ ਰਵਾਇਤੀ ਤਰੀਕਿਆਂ ਨਾਲੋਂ ਕਿਤੇ ਵੱਧ ਪ੍ਰਭਾਵਸ਼ਾਲੀ ਵੀ ਹੈ।
'ਦਿ ਲੈਨਸੇਟ' (The Lancet) ਪੱਤਰਿਕਾ 'ਚ ਪ੍ਰਕਾਸ਼ਿਤ 2023 ਦੇ ਨਤੀਜਿਆਂ ਨੇ ਦੁਨੀਆ ਭਰ ਦੇ ਡਾਕਟਰਾਂ ਅਤੇ ਖੋਜਕਰਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਓ ਜਾਣਦੇ ਹਾਂ ਕਿ ਇਸ ਖੋਜ ਵਿੱਚ ਕੀ ਖਾਸ ਮਿਲਿਆ ਅਤੇ ਇਹ ਭਵਿੱਖ ਲਈ ਕਿਉਂ ਮਹੱਤਵਪੂਰਨ ਹੈ।
ਸਵੀਡਨ ਦੇ ਰਾਸ਼ਟਰੀ ਬ੍ਰੈਸਟ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਕੀਤੇ ਗਏ ਇਸ ਅਧਿਐਨ 'ਚ ਪਾਇਆ ਗਿਆ ਕਿ AI-ਸਮਰਥਿਤ ਮੈਮੋਗ੍ਰਾਫੀ, ਆਮ ਮੈਮੋਗ੍ਰਾਫੀ ਦੇ ਮੁਕਾਬਲੇ ਜ਼ਿਆਦਾ ਸਹੀ ਨਤੀਜੇ ਦਿੰਦੀ ਹੈ। ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ AI ਦੀ ਵਰਤੋਂ ਨਾਲ ਸਟੈਂਡਰਡ ਸਕ੍ਰੀਨਿੰਗ ਦੇ ਮੁਕਾਬਲੇ 20 ਫੀਸਦੀ ਵੱਧ ਕੈਂਸਰ ਦੇ ਮਾਮਲਿਆਂ ਦਾ ਪਤਾ ਲੱਗਿਆ।
ਇਹ ਅਧਿਐਨ ਅਪ੍ਰੈਲ 2021 ਤੋਂ ਦਸੰਬਰ 2022 ਦੇ ਵਿਚਕਾਰ ਕੀਤਾ ਗਿਆ ਸੀ, ਜਿਸ ਵਿੱਚ 1,05,900 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਇਨ੍ਹਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਸੀ - ਇੱਕ ਦੀ ਜਾਂਚ AI ਦੀ ਮਦਦ ਨਾਲ ਹੋਈ ਅਤੇ ਦੂਜੇ ਦੀ ਰਵਾਇਤੀ 'ਡਬਲ ਰੀਡਿੰਗ' (ਦੋ ਰੇਡੀਓਲੋਜਿਸਟਾਂ ਦੁਆਰਾ) ਰਾਹੀਂ।
ਇਸ ਤਕਨੀਕ ਦਾ ਇਕ ਹੋਰ ਵੱਡਾ ਫਾਇਦਾ ਡਾਕਟਰਾਂ ਦੇ ਕੰਮ ਦੇ ਬੋਝ 'ਚ ਕਮੀ ਆਉਣਾ ਹੈ। ਖੋਜ ਵਿਚ ਪਾਇਆ ਗਿਆ ਕਿ AI ਦੀ ਮਦਦ ਲੈਣ ਨਾਲ ਰੇਡੀਓਲੋਜਿਸਟਾਂ ਦਾ ਸਕ੍ਰੀਨ ਰੀਡਿੰਗ ਦਾ ਕੰਮ 44 ਫੀਸਦੀ ਤੱਕ ਘੱਟ ਗਿਆ। ਮਸ਼ਹੂਰ ਯੂਨੀਵਰਸਿਟੀ ਦੀ ਡਾ. ਕ੍ਰਿਸਟੀਨਾ ਲੈਂਗ ਨੇ ਦੱਸਿਆ ਕਿ AI ਦੀ ਮਦਦ ਨਾਲ ਕੈਂਸਰ ਦੇ ਖ਼ਤਰਨਾਕ ਰੂਪਾਂ ਨੂੰ ਵੀ ਸ਼ੁਰੂਆਤੀ ਪੜਾਅ ਵਿੱਚ ਫੜਨ ਵਿੱਚ ਮਦਦ ਮਿਲਦੀ ਹੈ।
'ਇੰਟਰਵਲ ਕੈਂਸਰ' ਉਹ ਕੈਂਸਰ ਹੈ ਜੋ ਦੋ ਤੈਅ ਸਕ੍ਰੀਨਿੰਗ ਟੈਸਟਾਂ ਦੇ ਵਿਚਕਾਰਲੇ ਸਮੇਂ 'ਚ ਸਾਹਮਣੇ ਆਉਂਦਾ ਹੈ।
AI ਗਰੁੱਪ: ਪ੍ਰਤੀ 1,000 ਔਰਤਾਂ ;ਚ 1.55 ਇੰਟਰਵਲ ਕੈਂਸਰ ਮਿਲੇ।
ਸਟੈਂਡਰਡ ਗਰੁੱਪ: ਪ੍ਰਤੀ 1,000 ਔਰਤਾਂ ਵਿੱਚ 1.76 ਇੰਟਰਵਲ ਕੈਂਸਰ ਮਿਲੇ।
ਇਸ ਦਾ ਮਤਲਬ ਹੈ ਕਿ AI ਦੀ ਵਰਤੋਂ ਨਾਲ ਇੰਟਰਵਲ ਕੈਂਸਰ ਦੇ ਨਿਦਾਨ ਵਿੱਚ 12 ਫੀਸਦੀ ਦੀ ਕਮੀ ਆਈ। ਇਸ ਦੇ ਨਾਲ ਹੀ, ਦੋਵਾਂ ਗਰੁੱਪਾਂ ਵਿੱਚ 'ਫਾਲਸ ਪੋਜ਼ੀਟਿਵ' (ਗਲਤ ਰਿਪੋਰਟ) ਦੀ ਦਰ ਲਗਪਗ ਬਰਾਬਰ ਰਹੀ।
ਹਾਲਾਂਕਿ ਸਵੀਡਨ ਦੇ ਨਤੀਜੇ ਉਤਸ਼ਾਹਜਨਕ ਹਨ, ਪਰ ਭਾਰਤ ਦੇ ਸੰਦਰਭ ਵਿੱਚ ਚੁਣੌਤੀਆਂ ਵੱਖਰੀਆਂ ਹਨ:
ਬੁਨਿਆਦੀ ਢਾਂਚਾ: ਭਾਰਤ ਵਿੱਚ ਸਵੀਡਨ ਵਾਂਗ ਰਾਸ਼ਟਰੀ ਪੱਧਰ 'ਤੇ ਕੋਈ ਸੰਗਠਿਤ ਸਕ੍ਰੀਨਿੰਗ ਸਿਸਟਮ ਨਹੀਂ ਹੈ।
ਗੁਣਵੱਤਾ ਵਿੱਚ ਫਰਕ: ਵੱਡੇ ਸ਼ਹਿਰਾਂ ਅਤੇ ਪੇਂਡੂ ਹਸਪਤਾਲਾਂ ਦੀਆਂ ਮਸ਼ੀਨਾਂ ਅਤੇ ਇਮੇਜ ਕੁਆਲਿਟੀ ਵਿੱਚ ਬਹੁਤ ਅੰਤਰ ਹੈ।
ਡੇਟਾ ਦੀ ਕਮੀ: ਭਾਰਤ 'ਚ ਮਜ਼ਬੂਤ 'ਕੈਂਸਰ ਰਜਿਸਟਰੀ ਸਿਸਟਮ' ਅਤੇ ਫਾਲੋ-ਅਪ ਦੀ ਕਮੀ ਹੈ, ਜਿਸ ਤੋਂ ਬਿਨਾਂ ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਕੀ AI ਤੋਂ ਕੋਈ ਕੇਸ ਛੁੱਟ ਰਿਹਾ ਹੈ।
AI-ਸਮਰਥਿਤ ਮੈਮੋਗ੍ਰਾਫੀ ਭਵਿੱਖ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਇਹ ਨਾ ਸਿਰਫ਼ ਜ਼ਿਆਦਾ ਕੇਸ ਫੜ ਸਕਦੀ ਹੈ ਸਗੋਂ ਡਾਕਟਰਾਂ ਦਾ ਬੋਝ ਵੀ ਘਟਾ ਸਕਦੀ ਹੈ, ਪਰ ਇਸਨੂੰ ਹਰ ਦੇਸ਼ ਦੀ ਸਿਹਤ ਪ੍ਰਣਾਲੀ ਅਨੁਸਾਰ ਢਾਲਣਾ ਇੱਕ ਵੱਡੀ ਚੁਣੌਤੀ ਹੋਵੇਗੀ।