ਸੋਸ਼ਲ ਮੀਡੀਆ ਦੀ ਲਤ: ਲਾਈਕ ਤੇ ਕੁਮੈਂਟ ਨਾਲ ਦਿਮਾਗ 'ਚ ਵਧਦਾ ਹੈ 'ਡੋਪਾਮਿਨ', ਅੱਲ੍ਹੜ ਉਮਰ ਦੇ ਬੱਚਿਆਂ ਲਈ ਬਣ ਰਿਹਾ ਵੱਡਾ ਖ਼ਤਰਾ
ਇਸ ਫ਼ੈਸਲੇ ਤੋਂ ਬਾਅਦ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ ਸਖ਼ਤ ਨਿਯਮ ਬਣਾਉਣ ਦੀ ਮੰਗ ਤੇਜ਼ ਹੋ ਗਈ ਹੈ। ਆਸਟ੍ਰੇਲੀਆ, ਫਰਾਂਸ ਤੇ ਸਪੇਨ ਵਰਗੇ ਦੇਸ਼ਾਂ ਨੇ ਬੱਚਿਆਂ ਲਈ ਉਮਰ ਹੱਦ ਤੈਅ ਕਰ ਦਿੱਤੀ ਹੈ, ਜਦਕਿ ਕੈਨੇਡਾ ’ਚ ਹਾਲੇ ਅਜਿਹੇ ਕਾਨੂੰਨ ਨਹੀਂ ਹਨ। ਨਿਊਰੋਸਾਇੰਸ ਦੇ ਵਿਗਿਆਨੀਆਂ ਨੇ ਇਸ ਬੁਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਦੇ ਇੰਟਰਨੈੱਟ ਮੀਡੀਆ ਦਾ ਆਦੀ ਬਣਨ ਦਾ ਖ਼ਤਰਾ ਜ਼ਿਆਦਾ ਕਿਉਂ ਹੈ।
Publish Date: Tue, 07 Apr 2026 09:50 AM (IST)
Updated Date: Tue, 07 Apr 2026 09:53 AM (IST)
ਟੋਰਾਂਟੋ, ਦਿ ਕਨਵਰਸੇਸ਼ਨ : ਲਾਸ ਏਂਜਲਸ ਦੀ ਇਕ ਅਦਾਲਤ ਨੇ ਹਾਲ ਹੀ ਵਿਚ ਫ਼ੈਸਲਾ ਦਿੱਤਾ ਹੈ ਕਿ ਇੰਟਰਨੈੱਟ ਮੀਡੀਆ ਕੰਪਨੀ ਮੈਟਾ ਤੇ ਵੀਡੀਓ ਪਲੇਟਫਾਰਮ ਯੂਟਿਊਬ ਦੇ ਅਜਿਹੇ ਡਿਜ਼ਾਈਨ ਫੀਚਰਜ਼ ਨੇ ਇਕ ਅੱਲ੍ਹੜ ਯੂਜ਼ਰ ਨੂੰ ਨੁਕਸਾਨ ਪਹੁੰਚਾਇਆ, ਜੋ ਲਤ ਲੱਗਣ ਵਾਲੇ ਸਾਬਿਤ ਹੋਏ। ਅਦਾਲਤ ਅਨੁਸਾਰ, ਇਸ ਨਾਲ ਸਰੀਰ ਨੂੰ ਲੈ ਕੇ ਬੇਸਬਰੀ, ਤਣਾਅ ਤੇ ਆਤਮਹੱਤਿਆ ਵਰਗੇ ਵਿਚਾਰ ਪੈਦਾ ਹੋਏ। ਮਾਹਿਰ ਇਸ ਨੂੰ ਇੰਟਰਨੈੱਟ ਮੀਡੀਆ ਦਾ ਬਿਗ ਟੋਬੈਕੋ ਮੋਮੈਂਟ ਮੰਨ ਰਹੇ ਹਨ ਕਿਉਂਕਿ ਬੱਚਿਆਂ ਤੇ ਅੱਲ੍ਹੜਾਂ ਦਾ ਮਾਸੂਮ ਮਨ ਤੇਜ਼ੀ ਨਾਲ ਇਸਦੇ ਪ੍ਰਭਾਵ ’ਚ ਆ ਰਿਹਾ ਹੈ।
ਇਸ ਫ਼ੈਸਲੇ ਤੋਂ ਬਾਅਦ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ ਸਖ਼ਤ ਨਿਯਮ ਬਣਾਉਣ ਦੀ ਮੰਗ ਤੇਜ਼ ਹੋ ਗਈ ਹੈ। ਆਸਟ੍ਰੇਲੀਆ, ਫਰਾਂਸ ਤੇ ਸਪੇਨ ਵਰਗੇ ਦੇਸ਼ਾਂ ਨੇ ਬੱਚਿਆਂ ਲਈ ਉਮਰ ਹੱਦ ਤੈਅ ਕਰ ਦਿੱਤੀ ਹੈ, ਜਦਕਿ ਕੈਨੇਡਾ ’ਚ ਹਾਲੇ ਅਜਿਹੇ ਕਾਨੂੰਨ ਨਹੀਂ ਹਨ। ਨਿਊਰੋਸਾਇੰਸ ਦੇ ਵਿਗਿਆਨੀਆਂ ਨੇ ਇਸ ਬੁਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਦੇ ਇੰਟਰਨੈੱਟ ਮੀਡੀਆ ਦਾ ਆਦੀ ਬਣਨ ਦਾ ਖ਼ਤਰਾ ਜ਼ਿਆਦਾ ਕਿਉਂ ਹੈ।
ਨਿਊਰੋਸਾਇੰਸ ਦੇ ਵਿਗਿਆਨੀਆਂ ਅਨੁਸਾਰ, ਅੱਲ੍ਹੜਾਂ ਦੇ ਦਿਮਾਗ਼ ਦਾ ਉਹ ਹਿੱਸਾ, ਜੋ ਖ਼ੁਸ਼ੀ ਤੇ ਇਨਾਮ ਮਹਿਸੂਸ ਕਰਦਾ ਹੈ, ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਇੰਟਰਨੈੱਟ ਮੀਡੀਆ ’ਤੇ ਮਿਲਣ ਵਾਲੇ ਲਾਈਕ, ਕੁਮੈਂਟ ਤੇ ਪ੍ਰਤੀਕਿਰਿਆਵਾਂ ਦਿਮਾਗ਼ ’ਚ ਡੋਪਾਮਿਨ ਹਾਰਮੋਨ ਵਧਾਉਂਦੀਆਂ ਹਨ, ਜਿਸ ਨਾਲ ਵਾਰ-ਵਾਰ ਉਹੀ ਤਜਰਬਾ ਮਹਿਸੂਸ ਕਰਨ ਦੀ ਇੱਛਾ ਵਧਦੀ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਲ੍ਹੜ ਜਲਦੀ ਹੀ ਇਸਦੇ ਪ੍ਰਭਾਵ ’ਚ ਆ ਜਾਂਦੇ ਹਨ।
ਮਾਹਿਰ ਅੱਲ੍ਹੜ ਦਿਮਾਗ਼ ਦੀ ਨਿਰਮਾਣ ਅਧੀਨ ਹਾਈਵੇ ਨਾਲ ਬਰਾਬਰੀ ਕਰਦੇ ਹਨ। ਲਿੰਬਿਕ ਸਿਸਟਮ ਭਾਵਨਾਵਾਂ ਨੂੰ ਤੇਜ਼ੀ ਨਾਲ ਸੰਚਾਲਿਤ ਕਰਦਾ ਹੈ, ਜਦਕਿ ਪ੍ਰੀ-ਫਰੰਟਲ ਕੋਰਟੈਕਸ, ਜੋ ਫ਼ੈਸਲੇ ਤੇ ਆਤਮ-ਕੰਟਰੋਲ ਦਾ ਕੇਂਦਰ ਹੈ, ਹੁਣ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਇਸੇ ਕਾਰਨ ਅੱਲ੍ਹੜ ਨਕਾਰਾਤਮਕ ਟਿੱਪਣੀਆਂ ਤੇ ਸਮਾਜਿਕ ਦਬਾਅ ਤੋਂ ਵੱਧ ਪ੍ਰਬਾਵਿਤ ਹੁੰਦੇ ਹਨ। ਦੂਜਿਆਂ ਦੀ ਅਖੌਤੀ ਪਰਫੈਕਟ ਜ਼ਿੰਦਗੀ ਦੇਖ ਕੇ ਉਨ੍ਹਾਂ ’ਚ ਬਰਾਬਰੀ, ਗ਼ੈਰ-ਸੁਰੱਖਿਆ ਤੇ ਪਿੱਛੇ ਰਹਿ ਜਾਣ ਦਾ ਡਰ ਵਧਦਾ ਹੈ। ਲਗਾਤਾਰ ਲਾਈਕ ਤੇ ਕੁਮੈਂਟ ’ਤੇ ਨਜ਼ਰ ਰੱਖਣ ਨਾਲ ਤਣਾਅ ਵਧਦਾ ਹੈ, ਖ਼ਾਸ ਕਰਕੇ ਅੱਲ੍ਹੜ ਲੜਕੀਆਂ ’ਚ ਕਿਉਂਕਿ ਜਵਾਨੀ ’ਚ ਉਨ੍ਹਾਂ ਦਾ ਦਿਮਾਗ਼ ਸਮਾਜਿਕ ਸੰਕੇਤਾਂ ਪ੍ਰਤੀ ਵੱਧ ਸੰਵੇਦਨਸ਼ੀਲ ਹੁੰਦਾ ਹੈ।
ਅਧਿਐਨ ਦੱਸਦੇ ਹਨ ਕਿ ਇੰਟਰਨੈੱਟ ਮੀਡੀਆ ’ਤੇ ਬਿਤਾਇਆ ਜਾਣ ਵਾਲਾ ਜ਼ਿਆਦਾਤਰ ਸਮਾਂ ਅਸਲ ਸੰਵਾਦ ’ਚ ਨਹੀਂ, ਬਲਕਿ ਸਕਰੋਲਿੰਗ ਤੇ ਵੀਡੀਓ ਦੇਖਣ ’ਚ ਜਾਂਦਾ ਹੈ। ਇੰਸਟਾਗ੍ਰਾਮ ’ਤੇ ਸਿਰਫ ਸੱਤ ਫ਼ੀਸਦੀ ਤੇ ਫੇਸਬੁੱਕ ’ਤੇ 17 ਫ਼ੀਸਦੀ ਸਮਾਂ ਹੀ ਦੋਸਤਾਂ ਨਾਲ ਸਿੱਧੇ ਜੁੜਨ’ਚ ਖ਼ਰਚ ਹੁੰਦਾ ਹੈ। ਇਸ ਨਾਲ ਜੁੜਾਅ ਦਾ ਭਰਮ ਤਾਂ ਪੈਦਾ ਹੁੰਦਾ ਹੈ ਪਰ ਅੰਦਰ ਇਕੱਲਾਪਣ ਵਧਦਾ ਹੈ। ਜ਼ਿਆਦਾ ਵਰਤੋਂ ਨਾਲ ਨੀਂਦ ਘੱਟ ਆਉਂਦੀ ਹੈ, ਮੋਟਾਪਾ ਵਧਦਾ ਹੈ ਤੇ ਮਾਨਸਿਕ ਤਣਾਅ ਡੂੰਘਾ ਹੁੰਦਾ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਲਈ ਉਮਰ ਹੱਦ, ਜ਼ਿੰਮੇਵਾਰ ਪਲੇਟਫਾਰਮ ਡਿਜ਼ਾਈਨ ਤੇ ਡਿਜੀਟਲ ਸਿੱਖਿਆ ਹੁਣ ਜ਼ਰੂਰੀ ਹੋ ਗਈ ਹੈ।