ਕੈਂਸਰ ਦੇ ਮਰੀਜ਼ਾਂ ਲਈ ਜਾਗੀ ਉਮੀਦ ਦੀ ਨਵੀਂ ਕਿਰਨ: ਵਿਗਿਆਨੀਆਂ ਨੇ ਸਟੈਮ ਸੈੱਲਾਂ ਤੋਂ ਤਿਆਰ ਕੀਤੇ 'ਹੈਲਪਰ ਟੀ ਸੈੱਲ'
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸਟੈਮ ਸੈੱਲਾਂ ਤੋਂ 'ਸਹਾਇਕ ਟੀ ਸੈੱਲ' ਵਿਕਸਤ ਕਰਨ ਲਈ ਇੱਕ ਬੇਮਿਸਾਲ ਤਰੀਕਾ ਖੋਜਿਆ ਹੈ।
Publish Date: Tue, 31 Mar 2026 11:28 AM (IST)
Updated Date: Tue, 31 Mar 2026 11:31 AM (IST)
ਵਾਸ਼ਿੰਗਟਨ (ਏਐੱਨਆਈ) : ਵਿਗਿਆਨੀਆਂ ਨੇ ਸਟੈਮ ਸੈੱਲ ਨਾਲ ਹੈਲਪਰ ਟੀ ਸੈੱਲ ਨੂੰ ਵਿਕਸਿਤ ਕਰਨ ਦੀ ਇਕ ਤਰੀਕਾ ਲੱਭਿਆ ਹੈ, ਜਿਸ ਨਾਲ ਪ੍ਰਤੀਰੋਧ-ਆਧਾਰਿਤ ਕੈਂਸਰ ਦੇ ਇਲਾਜ ’ਚ ਵੱਡੀ ਚੁਣੌਤੀ ਦਾ ਹੱਲ ਹੋ ਗਿਆ ਹੈ। ਹੈਲਪਰ ਟੀ ਸੈੱਲ ਪ੍ਰਤੀਰੋਧ ਪ੍ਰਣਾਲੀ ਦੇ ਬਰਾਬਰ ਤੌਰ ’ਤੇ ਕੰਮ ਕਰਦੀ ਹੈ, ਜੋ ਹੋਰਨਾਂ ਪ੍ਰਤੀਰੋਧਕ ਸੈੱਲਾਂ ਨੂੰ ਲੰਬੇ ਸਮੇਂ ਤੱਕ ਤੇ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਲੜਨ ’ਚ ਮਦਦ ਕਰਦੀ ਹੈ। ਟੀਮ ਨੇ ਇਹ ਪਤਾ ਲਗਾਇਆ ਕਿ ਟੀ ਸੈੱਲ ਦੇ ਨਿਰਮਾਣ ਨੂੰ ਨਿਰਧਾਰਿਤ ਕਰਨ ਵਾਲੇ ਅਹਿਮ ਸੰਕੇਤ ਨੂੰ ਸਟੀਕ ਤੌਰ ’ਤੇ ਕਿਵੇਂ ਕੰਟਰੋਲ ਕੀਤਾ ਜਾਵੇ। ਇਹ ਤਰੱਕੀ ਸਸਤੀ, ਤੇਜ਼ ਤੇ ਆਸਾਨੀ ਨਾਲ ਮੁਹੱਈਆ ਹੋਣ ਵਾਲੀ ਤਿਆਰ ਸੈੱਲ ਥੈਰੇਪੀ ਦਾ ਮਾਰਗ ਮਜ਼ਬੂਤ ਕਰ ਸਕਦੀ ਹੈ।
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਪਹਿਲੀ ਵਾਰ ਸਟੈਮ ਸੈੱਲ ਤੋਂ ਹੈਲਪਰ ਟੀ ਸੈੱਲ ਦੇ ਤੌਰ ’ਤੇ ਜਾਣੇ ਜਾਣ ਵਾਲੇ ਇਕ ਅਹਿਮ ਤਰ੍ਹਾਂ ਦੇ ਮਨੁੱਖੀ ਪ੍ਰਤੀਰੋਧ ਸੈੱਲ ਦਾ ਲਗਾਤਾਰ ਉਤਪਾਦਨ ਕਰਨ ਦਾ ਤਰੀਕਾ ਦਿਖਾਇਆ ਹੈ। ਇਹ ਖੋਜ ਹਾਲ ਹੀ ਵਿਚ ਸੈੱਲ ਸਟੈਮ ਸੈੱਲ ਮੈਗ਼ਜ਼ੀਨ ’ਚ ਪ੍ਰਕਾਸ਼ਿਤ ਕੀਤੀ ਗਈ। ਇਸ ਖੋਜ ਨੇ ਸੈੱਲ ਥੈਰੇਪੀ ਦੇ ਵਿਕਾਸ, ਸਮਰੱਥਾ ਤੇ ਵੱਡੇ ਪੱਧਰ ’ਤੇ ਉਤਪਾਦਨ ’ਚ ਆ ਰਹੀ ਵੱਡੀ ਰੁਕਾਵਟ ਨੂੰ ਦੂਰ ਕਰ ਦਿੱਤਾ ਹੈ। ਇਸ ਸਮੱਸਿਆ ਨੂੰ ਹੱਲ ਕਰ ਕੇ, ਇਹ ਖੋਜ ਕੈਂਸਰ, ਇਨਫੈਕਸ਼ਨ ਵਾਲੀਆਂ ਬਿਮਾਰੀਆਂ, ਆਟੋਇਮਿਊਨ ਬਿਮਾਰੀਆਂ ਤੇ ਹੋਰਨਾਂ ਬਿਮਾਰੀਆਂ ਲਈ ਆਸਾਨੀ ਨਾਲ ਮੁਹੱਈਆ ਇਲਾਜਾਂ ਨੂੰ ਵੱਧ ਸੌਖਾ ਤੇ ਪ੍ਰਭਾਵਸ਼ਾਲੀ ਬਣਾਉਣ ’ਚ ਮਦਦ ਕਰ ਸਕਦਾ ਹੈ।