ਸਮਾਂ ਅਜਿਹੀ ਚੀਜ਼ ਹੈ, ਜਿਸ ਨੂੰ ਨਾ ਕੋਈ ਖ਼ਰੀਦ ਸਕਦਾ ਹੈ ਤੇ ਨਾ ਕੋਈ ਵਾਪਸ ਲਿਆ ਸਕਦਾ ਹੈ। ਇਹ ਹੌਲੀ-ਹੌਲੀ ਵਹਿੰਦੀ ਨਦੀ ਵਾਂਗ ਹੈ, ਜੋ ਇਕ ਵਾਰ ਬਹਿ ਗਈ, ਉਹ ਮੁੜ ਨਹੀਂ ਆਉਂਦੀ। ਇਸ ਲਈ ਕਹਿੰਦੇ ਹਨ, ‘ਸਮਾਂ ਸੋਨੇ ਤੋਂ ਵੀ ਕੀਮਤੀ ਹੈ, ਇਸ ਨੂੰ ਵਿਅਰਥ ਨਾ ਗਵਾਓ।’ ਅਸੀਂ ਅਕਸਰ ਕਹਿੰਦੇ ਹਾਂ ਕਿ ਕੱਲ੍ਹ ਤੋਂ ਕਰਾਂਗੇ ਪਰ ਉਹ ਕੱਲ੍ਹ ਕਦੇ ਨਹੀਂ ਆਉਂਦਾ।

ਸਮਾਂ ਅਜਿਹੀ ਚੀਜ਼ ਹੈ, ਜਿਸ ਨੂੰ ਨਾ ਕੋਈ ਖ਼ਰੀਦ ਸਕਦਾ ਹੈ ਤੇ ਨਾ ਕੋਈ ਵਾਪਸ ਲਿਆ ਸਕਦਾ ਹੈ। ਇਹ ਹੌਲੀ-ਹੌਲੀ ਵਹਿੰਦੀ ਨਦੀ ਵਾਂਗ ਹੈ, ਜੋ ਇਕ ਵਾਰ ਬਹਿ ਗਈ, ਉਹ ਮੁੜ ਨਹੀਂ ਆਉਂਦੀ। ਇਸ ਲਈ ਕਹਿੰਦੇ ਹਨ, ‘ਸਮਾਂ ਸੋਨੇ ਤੋਂ ਵੀ ਕੀਮਤੀ ਹੈ, ਇਸ ਨੂੰ ਵਿਅਰਥ ਨਾ ਗਵਾਓ।’ ਅਸੀਂ ਅਕਸਰ ਕਹਿੰਦੇ ਹਾਂ ਕਿ ਕੱਲ੍ਹ ਤੋਂ ਕਰਾਂਗੇ ਪਰ ਉਹ ਕੱਲ੍ਹ ਕਦੇ ਨਹੀਂ ਆਉਂਦਾ। ਜੀਵਨ ’ਚ ਸਫਲ ਉਹ ਨਹੀਂ ਹੁੰਦਾ, ਜਿਸ ਕੋਲ ਸਭ ਕੁਝ ਹੈ ਸਗੋਂ ਉਹ ਹੁੰਦਾ ਹੈ, ਜੋ ਆਪਣੇ ਸਮੇਂ ਦੀ ਕਦਰ ਕਰਦਾ ਹੈ। ਜੋ ਵਿਦਿਆਰਥੀ ਅੱਜ ਦਾ ਸਮਾਂ ਮਿਹਨਤ ਵਿਚ ਲਗਾਉਂਦਾ ਹੈ, ਉਹੀ ਕੱਲ੍ਹ ਚਮਕਦਾ ਤਾਰਾ ਬਣਦਾ ਹੈ ਪਰ ਜੋ ਸਮਾਂ ਵਿਅਰਥ ਗੁਆਉਂਦਾ ਹੈ, ਉਹ ਪਿੱਛੋਂ ਸਿਰਫ਼ ਪਛਤਾਉਂਦਾ ਹੈ।
ਸਮਾਂ ਕਿਸੇ ਲਈ ਨਹੀਂ ਰੁਕਦਾ। ਸੂਰਜ ਹਰ ਰੋਜ਼ ਸਵੇਰ ਉੱਗਦਾ ਹੈ ਪਰ ਉਸ ਦੀ ਰੋਸ਼ਨੀ ਦਾ ਲਾਭ ਸਿਰਫ਼ ਉਹੀ ਲੈਂਦਾ ਹੈ, ਜੋ ਜਾਗਦਾ ਹੈ। ਇਸੇ ਤਰ੍ਹਾਂ ਮੌਕਾ ਹਰ ਕਿਸੇ ਦੇ ਜੀਵਨ ’ਚ ਆਉਂਦਾ ਹੈ ਪਰ ਸਫਲਤਾ ਸਿਰਫ਼ ਉਸ ਦੇ ਹਿੱਸੇ ਆਉਂਦੀ ਹੈ, ਜੋ ਸਮੇਂ ਦੀ ਕਦਰ ਕਰਦਾ ਹੈ। ਜੀਵਨ ’ਚ ਸਾਨੂੰ ਹਰ ਪਲ ਦਾ ਮਤਲਬ ਸਮਝਣਾ ਚਾਹੀਦਾ ਹੈ। ਇਕ ਮਿੰਟ ਦੀ ਦੇਰੀ ਕਈ ਵਾਰ ਸਾਡੀ ਸਾਰੀ ਮੰਜ਼ਿਲ ਖੋਹ ਸਕਦੀ ਹੈ। ਇਕ ਵਿਦਿਆਰਥੀ ਲਈ ਸਮਾਂ ਉਸ ਦੀ ਪੜ੍ਹਾਈ ਹੈ, ਇਕ ਕਿਸਾਨ ਲਈ ਸਮਾਂ ਉਸ ਦੀ ਫ਼ਸਲ ਹੈ ਅਤੇ ਇਕ ਇਨਸਾਨ ਲਈ ਸਮਾਂ ਉਸ ਦੀ ਜ਼ਿੰਦਗੀ ਦਾ ਅਸਲੀ ਮਾਪ ਹੈ। ਜਿਵੇਂ ਸੋਨਾ ਪਾਏ ਜਾਣ ’ਤੇ ਚਮਕਦਾ ਹੈ, ਉਸੇ ਤਰ੍ਹਾਂ ਸਮਾਂ ਸਹੀ ਤਰ੍ਹਾਂ ਵਰਤਿਆ ਜਾਵੇ ਤਾਂ ਹੀ ਸਾਡਾ ਜੀਵਨ ਚਮਕਦਾ ਹੈ।
ਸਮਾਂ ਗਵਾਉਣਾ ਅਸਲ ’ਚ ਆਪਣੇ ਸੁਪਨਿਆਂ ਨੂੰ ਗਵਾਉਣਾ ਹੈ। ਇਸ ਲਈ ਸਮੇਂ ਦੀ ਕਦਰ ਕਰੋ ਕਿਉਂਕਿ ਇਹੀ ਤੁਹਾਡਾ ਸਭ ਤੋਂ ਵੱਡਾ ਸਾਥੀ ਹੈ। ਹਰ ਪਲ ਨੂੰ ਜੀਓ, ਹਰ ਮੌਕੇ ਨੂੰ ਫੜੋ। ਅੱਜ ਜੋ ਕਰੋਗੇ, ਕੱਲ੍ਹ ਉਹੀ ਤੁਹਾਡੀ ਪਛਾਣ ਬਣੇਗਾ। ਸਮਾਂ ਬੋਲਦਾ ਨਹੀਂ ਪਰ ਸਿਖਾਉਂਦਾ ਬਹੁਤ ਕੁਝ ਹੈ। ਉਹ ਕਹਿੰਦਾ ਹੈ, ‘ਜੋ ਮੈਨੂੰ ਗਵਾ ਲੈਂਦਾ ਹੈ, ਮੈਂ ਉਸ ਨੂੰ ਦੁਬਾਰਾ ਮੌਕਾ ਨਹੀਂ ਦਿੰਦਾ।’ ਆਓ ਮਿਲ ਕੇ ਇਹ ਵਚਨ ਕਰੀਏ ਕਿ ਅਸੀਂ ਆਪਣੇ ਹਰ ਪਲ ਨੂੰ ਕੀਮਤੀ ਬਣਾਵਾਂਗੇ। ਆਲਸ ਤੋਂ ਦੂਰ ਰਹਾਂਗੇ ਤੇ ਮਿਹਨਤ ਨੂੰ ਆਪਣਾ ਮੰਤਰ ਬਣਾਵਾਂਗੇ ਕਿਉਂਕਿ ਜਿਹੜਾ ਸਮੇਂ ਦੀ ਕਦਰ ਕਰਦਾ ਹੈ, ਉਹੀ ਜ਼ਿੰਦਗੀ ਵਿਚ ਜਿੱਤ ਹਾਸਿਲ ਕਰਦਾ ਹੈ।
ਸਮਾਂ ਵਗਦਾ ਪਾਣੀ ਹੈ, ਰੁਕਦਾ ਕਦੇ ਨਹੀਂ,
ਜੋ ਗਵਾ ਲੈਂਦਾ ਇਸ ਨੂੰ, ਮੁੜ ਮਿਲਦਾ ਕਦੇ ਨਹੀਂ।
ਅੱਜ ਦੀ ਮਿਹਨਤ ਕੱਲ੍ਹ ਦਾ ਮਾਣ ਬਣੇ,
ਸਮੇਂ ਨਾਲ ਚੱਲੋ, ਜੀਵਨ ਮਹਾਨ ਬਣੇ।
- ਵਿਵੇਕ ਸ਼ਰਮਾ