- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਲੰਡਰ ਦੇ ਪੰਨੇ ਜਿਵੇਂ ਹੀ ਮਈ ਦੇ ਆਖ਼ਰੀ ਹਫ਼ਤੇ ਵੱਲ ਵਧਦੇ ਹਨ, ਪੁਰਾਣੀਆਂ ਯਾਦਾਂ ਦੀ ਇਕ ਮਹਿਕ ਜ਼ਿਹਨ ’ਚ ਤੈਰਨ ਲੱਗਦੀ ਹੈ। ਜੂਨ ਮਹੀਨੇ ਦੀਆਂ ਉਹ ਗਰਮੀਆਂ ਦੀਆਂ ਛੁੱਟੀਆਂ, ਜਿਨ੍ਹਾਂ ਦਾ ਇੰਤਜ਼ਾਰ ਸਕੂਲ ਦੀ ਘੰਟੀ ਤੋਂ ਵੀ ਵੱਧ ਬੇਸਬਰੀ ਨਾਲ ਹੁੰਦਾ ਸੀ। ਛੁੱਟੀਆਂ ਦਾ ਅਜੇ ਰਸਮੀ ਐਲਾਨ ਵੀ ਨਹੀਂ ਸੀ ਹੁੰਦਾ ਕਿ ਦਿਲ ਨਾਨਕੇ ਪਿੰਡ ਦੀਆਂ ਗਲੀਆਂ ’ਚ ਫੇਰੇ ਪਾਉਣ ਲੱਗਦਾ ਸੀ।

ਕੈਲੰਡਰ ਦੇ ਪੰਨੇ ਜਿਵੇਂ ਹੀ ਮਈ ਦੇ ਆਖ਼ਰੀ ਹਫ਼ਤੇ ਵੱਲ ਵਧਦੇ ਹਨ, ਪੁਰਾਣੀਆਂ ਯਾਦਾਂ ਦੀ ਇਕ ਮਹਿਕ ਜ਼ਿਹਨ ’ਚ ਤੈਰਨ ਲੱਗਦੀ ਹੈ। ਜੂਨ ਮਹੀਨੇ ਦੀਆਂ ਉਹ ਗਰਮੀਆਂ ਦੀਆਂ ਛੁੱਟੀਆਂ, ਜਿਨ੍ਹਾਂ ਦਾ ਇੰਤਜ਼ਾਰ ਸਕੂਲ ਦੀ ਘੰਟੀ ਤੋਂ ਵੀ ਵੱਧ ਬੇਸਬਰੀ ਨਾਲ ਹੁੰਦਾ ਸੀ। ਛੁੱਟੀਆਂ ਦਾ ਅਜੇ ਰਸਮੀ ਐਲਾਨ ਵੀ ਨਹੀਂ ਸੀ ਹੁੰਦਾ ਕਿ ਦਿਲ ਨਾਨਕੇ ਪਿੰਡ ਦੀਆਂ ਗਲੀਆਂ ’ਚ ਫੇਰੇ ਪਾਉਣ ਲੱਗਦਾ ਸੀ। ਇਹ ਸਿਰਫ਼ ਇਕ ਸਫ਼ਰ ਨਹੀਂ ਸੀ ਸਗੋਂ ਰਿਸ਼ਤਿਆਂ ਦੇ ਉਸ ਨਿੱਘ ਵੱਲ ਵਧਣਾ ਸੀ, ਜਿੱਥੇ ਬਚਪਨ ਬਿਨਾਂ ਕਿਸੇ ਫ਼ਿਕਰ ਦੇ ਖੁੱਲ੍ਹ ਕੇ ਸਾਹ ਲੈਂਦਾ ਸੀ। ਉਹ ਵੀ ਕੀ ਦਿਨ ਸਨ, ਜਿੰਨਾ ਚਾਅ ਖ਼ੁਦ ਨੂੰ ਨਾਨਕੇ ਜਾਣ ਦਾ ਹੁੰਦਾ ਸੀ, ਉਸ ਤੋਂ ਕਿਤੇ ਵੱਧ ਚਾਅ ਉੱਥੇ ਬੈਠੇ ਨਾਨਾ-ਨਾਨੀ ਤੇ ਮਾਮੇ-ਮਾਮੀਆਂ ਨੂੰ ਹੁੰਦਾ ਸੀ। ਬੱਸ ਅੱਡੇ ’ਤੇ ਲੈਣ ਆਏ ਮਾਮੇ ਦਾ ਚਿਹਰਾ ਦੇਖ ਕੇ ਲੱਗਦਾ ਸੀ, ਜਿਵੇਂ ਉਨ੍ਹਾਂ ਨੂੰ ਜਹਾਨ ਦੀ ਕੋਈ ਦੌਲਤ ਮਿਲ ਗਈ ਹੋਵੇ। ਨਾਨੀ ਦੇ ਹੱਥਾਂ ਦੀ ਪੋਹਲੀ ਵਰਗੀ ਛੋਹ ਤੇ ਨਾਨੇ ਦੀਆਂ ਮੁੱਛਾਂ ਦੇ ਓਹਲੇ ਲੁਕੀ ਉਹ ਮੁਸਕਰਾਹਟ, ਜੋ ਸਾਨੂੰ ਦੇਖ ਕੇ ਹੋਰ ਗੂੜ੍ਹੀ ਹੋ ਜਾਂਦੀ ਸੀ, ਅੱਜ ਦੇ ਮਸ਼ੀਨੀ ਯੁੱਗ ’ਚ ਲੱਭਿਆਂ ਵੀ ਨਹੀਂ ਲੱਭਦੀ।
ਉਦੋਂ ਨਾਨਕੇ ਪਿੰਡ ਦੀਆਂ ਉਹ ਲੂਆਂ ਤੇ ਗਰਮ ਹਵਾਵਾਂ ਵੀ ਪਹਾੜਾਂ ਦੀਆਂ ਠੰਢੀਆਂ ਹਵਾਵਾਂ ਵਰਗਾ ਠਾਰ ਦਿੰਦੀਆਂ ਸਨ ਕਿਉਂਕਿ ਉਨ੍ਹਾਂ ਹਵਾਵਾਂ ’ਚ ਆਪਣਿਆਂ ਦੇ ਪਿਆਰ ਦੀ ਖ਼ੁਸ਼ਬੂ ਮਿਲੀ ਹੁੰਦੀ ਸੀ। ਸਿਖ਼ਰ ਦੁਪਹਿਰੇ ਜਦੋਂ ਸੂਰਜ ਅੱਗ ਵਰ੍ਹਾਉਂਦਾ ਸੀ, ਉਦੋਂ ਸਾਡੀ ਟੋਲੀ ਖੇਤਾਂ ਵੱਲ ਦੌੜਦੀ ਸੀ। ਮੋਟਰ ਦੇ ਚਵੱਚੇ ਦੇ ਉਸ ਠੰਢੇ-ਠਾਰ ਪਾਣੀ ’ਚ ਮਾਰੀਆਂ ਚੁੱਭੀਆਂ ਅੱਜ ਵੀ ਜਦੋਂ ਚੇਤੇ ਆਉਂਦੀਆਂ ਹਨ, ਤਾਂ ਤਪਦੇ ਹੋਏ ਦਿਲ ਨੂੰ ਠੰਢ ਪੈ ਜਾਂਦੀ ਹੈ। ਨਿੰਮ ਦੀ ਛਾਂ ਹੇਠਾਂ ਡੱਠੇ ਮੰਜੇ, ਖ਼ਰਬੂਜ਼ਿਆਂ ਦੀ ਮਹਿਕ, ਘੜੇ ਦਾ ਕੋਰਾ ਪਾਣੀ ਤੇ ਨਾਨੀ ਦੇ ਹੱਥਾਂ ਦੀਆਂ ਪੱਕੀਆਂ ਖੰਡ ਵਾਲੀਆਂ ਰੋਟੀਆਂ, ਇਹ ਸਭ ਸਿਰਫ਼ ਖਾਣ-ਪੀਣ ਦੀਆਂ ਚੀਜ਼ਾਂ ਨਹੀਂ ਸਨ, ਇਹ ਰਿਸ਼ਤਿਆਂ ਦਾ ਉਹ ਅੰਮ੍ਰਿਤ ਸੀ, ਜੋ ਸਾਡੀ ਰੂਹ ਨੂੰ ਤ੍ਰਿਪਤ ਕਰਦਾ ਸੀ।
ਸਮੇਂ ਦੇ ਪਹੀਏ ਨੇ ਅਜਿਹੀ ਕਰਵਟ ਲਈ ਕਿ ਬਹੁਤ ਕੁਝ ਬਦਲ ਗਿਆ ਜਾਂ ਇੰਜ ਕਹਿ ਲਓ ਕਿ ਸਭ ਕੁਝ ਗਵਾਚ ਗਿਆ। ਅੱਜ ਜਦੋਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਹਨ ਤਾਂ ਘਰਾਂ ਵਿੱਚ ਨਾਨਕੇ ਜਾਣ ਦੀ ਬਜਾਏ ਕਿਸੇ ਮਸ਼ਹੂਰ ਹਿੱਲ ਸਟੇਸ਼ਨ ਜਾਂ ਵਿਦੇਸ਼ੀ ਟੂਰ ਦੇ ਪੈਕੇਜ ਬੁੱਕ ਹੋ ਰਹੇ ਹੁੰਦੇ ਹਨ। ਅੱਜ ਦੇ ਬੱਚਿਆਂ ਨੂੰ ਪਿੰਡ ਦੀ ਮਿੱਟੀ, ਮੋਟਰ ਦਾ ਪਾਣੀ ਜਾਂ ਪਿੱਪਲ ਦੀਆਂ ਪੀਂਘਾਂ ਆਕਰਸ਼ਿਤ ਨਹੀਂ ਕਰਦੀਆਂ। ਉਨ੍ਹਾਂ ਨੂੰ ਪਹਾੜਾਂ ਦੀ ਬਨਾਉਟੀ ਠੰਢਕ ਤੇ ਸ਼ਹਿਰੀ ਚਕਾਚੌਂਧ ਦਾ ਚਾਅ ਚੜ੍ਹਿਆ ਰਹਿੰਦਾ ਹੈ।
ਹੁਣ ਦੇ ਬੱਚੇ ਗਰਮੀਆਂ ਦੀਆਂ ਛੁੱਟੀਆਂ ਵਿਚ ਨਾਨੀ ਦੀਆਂ ਬਾਤਾਂ ਸੁਣਨ ਦੀ ਬਜਾਏ ਮੋਬਾਈਲ ਦੀਆਂ ਸਕ੍ਰੀਨਾਂ ’ਤੇ ਉਂਗਲਾਂ ਘੁਮਾਉਂਦੇ ਹਨ। ਰਿਸ਼ਤਿਆਂ ਦੀ ਥਾਂ ਹੁਣ ਗੈਜੇਟਸ ਨੇ ਲੈ ਲਈ ਹੈ। ਪਿੰਡਾਂ ’ਚ ਜਿੱਥੇ ਕਦੇ ਰੌਣਕਾਂ ਹੁੰਦੀਆਂ ਸਨ, ਉੱਥੇ ਹੁਣ ਬਜ਼ੁਰਗ ਇਕੱਲੇ ਬੈਠੇ ਵੀਡੀਓ ਕਾਲ ਰਾਹੀਂ ਆਪਣੇ ਦੋਹਤੇ-ਦੋਹਤੀਆਂ ਦਾ ਮੂੰਹ ਦੇਖਣ ਲਈ ਤਰਸਦੇ ਹਨ। ਡਿਜੀਟਲ ਹੁੰਦਿਆਂ ਇਸ ਸੰਸਾਰ ਵਿਚ ਅਸੀਂ ਭਾਵਨਾਤਮਕ ਤੌਰ ’ਤੇ ਕਿੰਨੇ ਕੰਗਾਲ ਹੋ ਗਏ ਹਾਂ, ਇਸ ਦਾ ਅਹਿਸਾਸ ਸ਼ਾਇਦ ਸਾਨੂੰ ਹੁਣ ਨਹੀਂ ਹੋ ਰਿਹਾ। ਇਸ ਬਦਲਾਅ ਨੇ ਸਾਡੇ ਤੋਂ ਸਾਡੀ ਸਾਦਗੀ ਤੇ ਰਿਸ਼ਤਿਆਂ ਦੀ ਸਾਂਝ ਖੋਹ ਲਈ ਹੈ। ਅਸੀਂ ਅੱਜ ਦੀ ਪੀੜ੍ਹੀ ਨੂੰ ਸੁੱਖ-ਸਹੂਲਤਾਂ ਤਾਂ ਬਹੁਤ ਦੇ ਦਿੱਤੀਆਂ, ਸਵੀਮਿੰਗ ਪੂਲ, ਏਅਰ ਕੰਡੀਸ਼ਨਰ ਕਮਰੇ ਅਤੇ ਮਹਿੰਗੇ ਰਿਜ਼ੋਰਟਸ ਪਰ ਉਹ ਨਿੱਘ ਨਹੀਂ ਦੇ ਸਕੇ, ਜੋ ਨਾਨਕੇ ਪਿੰਡ ਦੇ ਕੱਚੇ ਕੋਠਿਆਂ ਜਾਂ ਕੋਠੇ ’ਤੇ ਵਿਛੇ ਬਿਸਤਰਿਆਂ ’ਚ ਤਾਰਿਆਂ ਦੀ ਛਾਂ ਹੇਠਾਂ ਮਿਲਦਾ ਸੀ।
ਪੁਰਾਣਾ ਦੌਰ ਨਾਨਕੇ ਪਿੰਡ ਦੀਆਂ ਮੋਟਰਾਂ ਦੇ ਚਵੱਚਿਆਂ ਦੇ ਕੁਦਰਤੀ ਤੇ ਠੰਢੇ ਪਾਣੀ ਆਧੁਨਿਕ ਦੌਰ ਦੇ ਹਿੱਲ ਸਟੇਸ਼ਨ ਸੱਭਿਆਚਾਰ ਦੇ ਭੇਟ ਚੜ੍ਹ ਗਏ ਤੇ ਇਸ ਦੀ ਥਾਂ ਹੋਟਲਾਂ ਦੇ ਬਨਾਉਟੀ ਸਵੀਮਿੰਗ ਪੂਲਾਂ ਨੇ ਲੈ ਲਈ ਹੈ। ਨਾਨੀ ਦੀਆਂ ਬਾਤਾਂ ਅਤੇ ਰਿਸ਼ਤਿਆਂ ਦੀ ਨਿੱਘ ਦੀ ਥਾਂ ਮੋਬਾਈਲ ਸਕ੍ਰੀਨ ਅਤੇ ਸੋਸ਼ਲ ਮੀਡੀਆ ਨੇ ਲੈ ਲਈ, ਸਾਂਝਾ ਪਰਿਵਾਰ ਤੇ ਖੁੱਲ੍ਹੇ ਵਿਹੜੇ ਦੀ ਥਾਂ ਪੈਕੇਜ ਟੂਰ ਤੇ ਬੰਦ ਕਮਰੇ ਰਹਿ ਗਏ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ ਨੂੰ ਤਾਂ ਠਾਰ ਸਕਦੀਆਂ ਹਨ ਪਰ ਮਨ ਨੂੰ ਠਾਰਨ ਲਈ ਅੱਜ ਵੀ ਰਿਸ਼ਤਿਆਂ ਦੇ ਉਸੇ ਪੁਰਾਣੇ ਨਿੱਘ ਦੀ ਲੋੜ ਹੈ। ਜੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਇਸ ਅਨਮੋਲ ਖ਼ਜ਼ਾਨੇ ਤੋਂ ਵਾਂਝਾ ਰੱਖਿਆ ਤਾਂ ਉਹ ਕਦੇ ਵੀ ਆਪਣੇਪਣ ਦੇ ਅਸਲ ਮਾਅਨੇ ਨਹੀਂ ਸਮਝ ਸਕਣਗੇ। ਲੋੜ ਹੈ ਅੱਜ ਫਿਰ ਤੋਂ ਉਸ ਪੁਰਾਣੇ ਪਿੰਡ ਵੱਲ ਪਰਤਣ ਦੀ ਤਾਂ ਜੋ ਰਿਸ਼ਤਿਆਂ ਦੀ ਇਹ ਮਹਿਕ ਕਦੇ ਮਨਫ਼ੀ ਨਾ ਹੋਵੇ।
- ਨਵਦੀਪ ਢੀਂਗਰਾ